ਰਸੂਲਾਂ 14

14
ਇਕੋਨਿਯੁਮ ਸ਼ਹਿਰ ਵਿੱਚ ਪੌਲੁਸ ਅਤੇ ਬਰਨਬਾਸ
1ਇਕੋਨਿਯਮ ਸ਼ਹਿਰ ਵਿਖੇ ਪੌਲੁਸ ਅਤੇ ਬਰਨਬਾਸ ਹਮੇਸ਼ਾ ਦੀ ਤਰ੍ਹਾਂ ਯਹੂਦੀਆਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਗਏ। ਉੱਥੇ ਉਹ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲੇ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ। 2ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਹੋਰ ਗ਼ੈਰ-ਯਹੂਦੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਭਰਾਵਾਂ ਦੇ ਮਨਾਂ ਵਿਰੁੱਧ ਜ਼ਹਿਰ ਘੋਲਿਆ। 3ਇਸ ਲਈ ਪੌਲੁਸ ਅਤੇ ਬਰਨਬਾਸ ਨੇ ਉੱਥੇ ਕਾਫ਼ੀ ਸਮਾਂ ਬਿਤਾਇਆ, ਪ੍ਰਭੂ ਲਈ ਦਲੇਰੀ ਨਾਲ ਬੋਲਦੇ ਰਹੇ, ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ। 4ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ; ਕੁਝ ਲੋਕ ਯਹੂਦੀਆਂ ਦਾ ਸਾਥ ਦਿੰਦੇ ਸਨ, ਅਤੇ ਕੁਝ ਲੋਕ ਰਸੂਲਾਂ ਦੇ ਨਾਲ ਸਨ। 5ਜਦੋਂ ਗ਼ੈਰ-ਯਹੂਦੀਆਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਆਗੂਆਂ ਦੇ ਨਾਲ ਪੌਲੁਸ ਅਤੇ ਬਰਨਬਾਸ ਦੀ ਬੇਇੱਜ਼ਤੀ ਅਤੇ ਉਨ੍ਹਾਂ ਨੂੰ ਪੱਥਰ ਮਾਰਨ ਦੀ ਸਾਜਿਸ਼ ਬਣਾਈ ਸੀ। 6ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਹ ਲੀਕਾਓਨੀਆ ਖੇਤਰ ਦੇ ਸ਼ਹਿਰਾਂ ਲੁਸਤ੍ਰਾ ਅਤੇ ਦਰਬੇ ਅਤੇ ਆਸ-ਪਾਸ ਦੇ ਦੇਸ਼ ਨੂੰ ਚੱਲੇ ਗਏ। 7ਜਿੱਥੇ ਉਹ ਲਗਾਤਾਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
ਲੁਸਤ੍ਰਾ ਅਤੇ ਦਰਬੇ ਵਿੱਚ
8ਲੁਸਤ੍ਰਾ ਸ਼ਹਿਰ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਜੋ ਲੰਗੜਾ ਸੀ। ਉਹ ਜਨਮ ਤੋਂ ਹੀ ਇਸ ਤਰ੍ਹਾਂ ਸੀ ਅਤੇ ਉਸ ਨੇ ਕਦੇ ਤੁਰ ਕੇ ਨਹੀਂ ਸੀ ਵੇਖਿਆ। 9ਉਸ ਨੇ ਸੁਣਿਆ ਜਿਵੇਂ ਪੌਲੁਸ ਪ੍ਰਭੂ ਯਿਸ਼ੂ ਬਾਰੇ ਬੋਲ ਰਿਹਾ ਸੀ। ਪੌਲੁਸ ਨੇ ਉਸ ਵੱਲ ਸਿੱਧਾ ਵੇਖਿਆ, ਉਸ ਨੇ ਵੇਖਿਆ ਕਿ ਉਸ ਨੂੰ ਚੰਗਾ ਹੋਣ ਦਾ ਵਿਸ਼ਵਾਸ ਹੈ। 10ਪੌਲੁਸ ਨੇ ਉਸ ਨੂੰ ਬੁਲਾਇਆ ਤੇ ਕਿਹਾ, “ਆਪਣੇ ਪੈਰਾਂ ਉੱਤੇ ਖੜਾ ਹੋ ਜਾ!” ਉਸੇ ਵੇਲੇ, ਉਹ ਆਦਮੀ ਕੁੱਦਣ ਅਤੇ ਤੁਰਨ ਲੱਗ ਪਿਆ।
11ਜਦੋਂ ਭੀੜ ਨੇ ਪੌਲੁਸ ਦੇ ਕੰਮ ਨੂੰ ਵੇਖਿਆ, ਤਾਂ ਉਹ ਲੀਕਾਓਨੀਆ ਭਾਸ਼ਾ ਵਿੱਚ ਉੱਚੀ ਬੋਲੇ, “ਦੇਵਤੇ ਮਨੁੱਖਾਂ ਦੇ ਰੂਪ ਵਿੱਚ ਸਾਡੇ ਕੋਲ ਆਏ ਹਨ।” 12ਉਹਨਾਂ ਨੇ ਬਰਨਬਾਸ ਨੂੰ ਜ਼ੀਅਸ ਬੁਲਾਇਆ, ਅਤੇ ਪੌਲੁਸ ਨੂੰ ਉਨ੍ਹਾਂ ਨੇ ਹਰਮੇਸ ਬੁਲਾਇਆ ਕਿਉਂਕਿ ਉਹ ਮੁੱਖ ਪ੍ਰਚਾਰਕ ਸੀ। 13ਜ਼ੀਅਸ ਦਾ ਮੰਦਰ ਬਿਲਕੁਲ ਸ਼ਹਿਰ ਦੇ ਬਾਹਰ ਸੀ ਅਤੇ ਉਸ ਦਾ ਪੁਜਾਰੀ ਸ਼ਹਿਰ ਦੇ ਦਰਵਾਜ਼ੇ ਦੇ ਕੋਲ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਆਇਆ ਕਿਉਂਕਿ ਉਸ ਦੇ ਨਾਲ ਭੀੜ ਉਨ੍ਹਾਂ ਦੇ ਲਈ ਬਲੀ ਚੜ੍ਹਾਉਣਾ ਚਾਉਂਦੀ ਸੀ।
14ਪਰ ਜਦੋਂ ਰਸੂਲ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਵਿਰੋਧ ਵਿੱਚ ਆਪਣੇ ਕੱਪੜੇ ਪਾੜੇ ਅਤੇ ਭੀੜ ਵਿੱਚੋਂ ਭੱਜ ਨਿਕਲੇ, ਅਤੇ ਚੀਕਦੇ ਹੋਏ ਬੋਲੇ: 15“ਦੋਸਤੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਅਸੀਂ ਵੀ ਕੇਵਲ ਤੁਹਾਡੇ ਵਾਂਗ ਮਨੁੱਖ ਹਾਂ। ਅਸੀਂ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ, ਤੁਹਾਨੂੰ ਇਹ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਵਰ ਵੱਲ ਮੁੜ੍ਹਨ ਲਈ ਆਖ ਰਹੇ ਹਾਂ, ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ। 16ਪਿਛਲੇ ਸਮਿਆਂ ਵਿੱਚ, ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਮਰਜ਼ੀ ਦੇ ਰਾਹ ਤੇ ਚੱਲਣ ਦਿੱਤਾ। 17ਫਿਰ ਵੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਬਿਨਾਂ ਕਿਸੇ ਗਵਾਹੀ ਦੇ ਨਹੀਂ ਛੱਡਿਆ: ਉਸ ਨੇ ਤੁਹਾਨੂੰ ਅਕਾਸ਼ ਤੋਂ ਬਾਰਸ਼ ਅਤੇ ਹਰ ਮੌਸਮ ਵਿੱਚ ਫਸਲਾਂ ਦੇ ਕੇ ਦਯਾ ਕੀਤੀ ਹੈ; ਉਹ ਤੁਹਾਨੂੰ ਬਹੁਤ ਸਾਰਾ ਭੋਜਨ ਦਿੰਦਾ ਹੈ ਅਤੇ ਤੁਹਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।” 18ਇਨ੍ਹਾਂ ਸ਼ਬਦਾਂ ਦੇ ਨਾਲ ਵੀ ਭੀੜ ਨੂੰ ਬਲੀ ਚੜ੍ਹਾਉਣ ਤੋਂ ਰੋਕਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆਈ।
19ਫਿਰ ਕੁਝ ਯਹੂਦੀ ਅੰਤਾਕਿਆ ਅਤੇ ਇਕੋਨਿਯਮ ਤੋਂ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਆਪਣੇ ਵੱਲ ਕਰ ਕੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਸ਼ਹਿਰੋਂ ਬਾਹਰ ਘਸੀਟ ਕੇ ਲੈ ਆਏ, ਤੇ ਸੋਚਿਆ ਕਿ ਉਹ ਮਰ ਗਿਆ ਹੈ। 20ਜਦੋਂ ਚੇਲੇ ਉਸ ਦੇ ਆਸ-ਪਾਸ ਇਕੱਠੇ ਹੋਏ, ਤਾਂ ਉਹ ਉੱਠਿਆ ਅਤੇ ਵਾਪਸ ਸ਼ਹਿਰ ਨੂੰ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਲਈ ਰਵਾਨਾ ਹੋ ਗਏ।
ਅੰਤਾਕਿਆ ਦੇ ਸੀਰੀਆ ਵਿੱਚ ਵਾਪਸੀ
21ਪੌਲੁਸ ਅਤੇ ਬਰਨਬਾਸ ਨੇ ਉਸ ਸ਼ਹਿਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਚੇਲੇ ਬਣਾਏ। ਫੇਰ ਉਹ ਲੁਸਤ੍ਰਾ, ਇਕੋਨਿਯਮ ਅਤੇ ਅੰਤਾਕਿਆ ਨੂੰ ਪਰਤੇ, 22ਚੇਲਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਪ੍ਰਤੀ ਸੱਚੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।” 23ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਲਈ ਹਰੇਕ ਕਲੀਸਿਆ ਵਿੱਚ ਆਗੂਆਂ ਨੂੰ ਨਿਯੁਕਤ ਕੀਤਾ। ਪ੍ਰਾਰਥਨਾ ਅਤੇ ਵਰਤ ਨਾਲ ਉਨ੍ਹਾਂ ਨੂੰ ਪ੍ਰਭੂ ਦੇ ਹੱਥੀਂ ਸੌਂਪ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ। 24ਪਿਸਿਦਿਯਾ ਖੇਤਰ ਵਿੱਚੋਂ ਲੰਘਣ ਤੋਂ ਬਾਅਦ, ਉਹ ਪੈਮਫੀਲੀਆ ਖੇਤਰ ਵਿੱਚ ਆਏ, 25ਅਤੇ ਜਦੋਂ ਉਹ ਪਰਗਾ ਸ਼ਹਿਰ ਵਿੱਚ ਬਚਨ ਸੁਣਾ ਚੁੱਕੇ, ਤਾਂ ਫਿਰ ਉਹ ਹੇਠਾਂ ਅਟਾਲੀਆ ਸ਼ਹਿਰ ਚਲੇ ਗਏ।
26ਅਟਾਲੀਆ ਤੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਆ ਨੂੰ ਚੱਲੇ ਆਏ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ਵਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ। 27ਉੱਥੇ ਪਹੁੰਚਣ ਤੇ, ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਉਨ੍ਹਾਂ ਸਭ ਨੂੰ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ ਅਤੇ ਕਿਵੇਂ ਉਸ ਨੇ ਗ਼ੈਰ-ਯਹੂਦੀਆਂ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ ਸੀ। 28ਅਤੇ ਉੱਥੇ ਉਹ ਕਈ ਮਹੀਨਿਆਂ ਤੱਕ ਚੇਲਿਆਂ ਦੇ ਨਾਲ ਰਹੇ।

ទើបបានជ្រើសរើសហើយ៖

ਰਸੂਲਾਂ 14: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល