ਰਸੂਲਾਂ 13
13
1ਅੰਤਾਕਿਆ ਸ਼ਹਿਰ ਦੀ ਕਲੀਸਿਆ ਦੇ ਲੋਕਾਂ ਵਿੱਚ ਨਬੀ ਅਤੇ ਉਪਦੇਸ਼ਕ ਸਨ: ਜਿਵੇਂ ਬਰਨਬਾਸ, ਸ਼ਿਮਓਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੀਆਂ ਦਾ ਇੱਕ ਮਨੁੱਖ, ਮਨਏਨ (ਜਿਸ ਦਾ ਰਾਜਾ ਹੇਰੋਦੇਸ ਦੇ ਨਾਲ ਪਾਲਣ-ਪੋਸ਼ਣ ਹੋਇਆਂ ਸੀ) ਅਤੇ ਸੌਲੁਸ। 2ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, “ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।” 3ਇਸ ਲਈ ਜਦੋਂ ਉਨ੍ਹਾਂ ਨੇ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ, ਤਾਂ ਫਿਰ ਬਰਨਬਾਸ ਅਤੇ ਸੌਲੁਸ ਨੇ ਆਪਣੇ ਹੱਥ ਉਨ੍ਹਾਂ ਤੇ ਰੱਖੇ ਅਤੇ ਉਨ੍ਹਾਂ ਨੂੰ ਭੇਜ ਦਿੱਤਾ।
ਸਾਈਪ੍ਰਸ ਵਿੱਚ
4ਉਹ ਦੋਨੋਂ, ਪਵਿੱਤਰ ਆਤਮਾ ਦੀ ਅਗਵਾਈ ਹੇਠ, ਸਿਲੂਸੀਆ ਸ਼ਹਿਰ ਗਏ ਅਤੇ ਉੱਥੋਂ ਉਹ ਸਾਈਪ੍ਰਸ ਵੱਲ ਚਲੇ ਗਏ। 5ਅਤੇ ਜਦੋਂ ਉਹ ਸਲਾਮੀਜ਼ ਸ਼ਹਿਰ ਵਿੱਚ ਪਹੁੰਚੇ, ਉੱਥੇ ਉਨ੍ਹਾਂ ਨੇ ਯਹੂਦੀ ਪ੍ਰਾਰਥਨਾ ਸਥਾਨਾਂ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕੀਤਾ। ਯੋਹਨ ਮਰਕੁਸ ਉਨ੍ਹਾਂ ਦੇ ਨਾਲ ਗਿਆ ਅਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ।
6ਉਹ ਪੂਰੇ ਟਾਪੂ ਵਿੱਚੋਂ ਲੰਘੇ ਜਦ ਤੱਕ ਉਹ ਪਾਫ਼ੁਸ ਸ਼ਹਿਰ ਨਾ ਆਏ। ਉੱਥੇ ਉਨ੍ਹਾਂ ਨੂੰ ਇੱਕ ਯਹੂਦੀ ਜਾਦੂ-ਟੂਣਾ ਕਰਨ ਵਾਲਾ ਅਤੇ ਝੂਠਾ ਨਬੀ ਮਿਲਿਆਂ ਜਿਸ ਦਾ ਨਾਮ ਬਾਰ-ਯਿਸ਼ੂ ਸੀ, 7ਉਹ ਅਕਸਰ ਟਾਪੂ ਦੇ ਹਾਕਮ ਸਰਗੀਅਸ ਪੌਲੁਸ ਦੇ ਸੰਗ ਜਾਂਦਾ ਸੀ, ਜੋ ਇੱਕ ਬੁੱਧੀਮਾਨ ਆਦਮੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੋਲ ਆਉਣ ਲਈ ਸੁਨੇਹਾ ਭੇਜਿਆ, ਕਿਉਂਕਿ ਉਹ ਪਰਮੇਸ਼ਵਰ ਦਾ ਬਚਨ ਸੁਣਨਾ ਚਾਹੁੰਦਾ ਸੀ। 8ਪਰ ਐਲਿਮਾਸ ਜਾਦੂਗਰ (ਇਸ ਲਈ ਉਸ ਦੇ ਨਾਮ ਦਾ ਅਰਥ ਜਾਦੂਗਰ ਹੈ) ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਰ-ਬਾਰ ਹਾਕਮ ਨੂੰ ਵਿਸ਼ਵਾਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। 9ਤਦ ਸੌਲੁਸ, ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ,#13:9 ਸੌਲੁਸ ਇਬਰਾਨੀ ਨਾਮ ਅਤੇ ਰੋਮਨ ਵਿੱਚ ਪੌਲੁਸ ਨਾਮ ਸੀ। ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਸ ਨੇ ਜਾਦੂਗਰ ਵੱਲ ਸਿੱਧਾ ਵੇਖਿਆ ਅਤੇ ਕਿਹਾ, 10“ਤੂੰ ਦੁਸ਼ਟ ਦਾ ਬੱਚਾ ਹੈ ਅਤੇ ਤੂੰ ਉਸ ਹਰ ਚੰਗੀ ਚੀਜ਼ ਦਾ ਵਿਰੋਧ ਕਰਦਾ ਹੈ! ਤੂੰ ਹਮੇਸ਼ਾ ਲੋਕਾਂ ਨਾਲ ਝੂਠ ਬੋਲਦਾ ਅਤੇ ਬਹੁਤਿਆਂ ਦਾ ਮਾੜਾ ਕਰਦਾ। ਕੀ ਤੂੰ ਪ੍ਰਭੂ ਦੀ ਸੱਚਾਈ ਨੂੰ ਬਦਲਣਾ ਅਤੇ ਉਸ ਦੀ ਸੱਚਾਈ ਬਾਰੇ ਝੂਠ ਬੋਲਣਾ ਕਦੋਂ ਬੰਦ ਕਰੇਗਾ? 11ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।”
ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੇ ਲੋਕ ਵਾਂਗ ਟੋਲਦਾ ਸੀ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ। 12ਜਦੋਂ ਹਾਕਮ ਨੇ ਵੇਖਿਆ ਕਿ ਐਲਿਮਾਸ ਨਾਲ ਕੀ ਹੋਇਆ, ਤਾਂ ਉਸ ਨੇ ਵਿਸ਼ਵਾਸ ਕੀਤਾ, ਤਾਂ ਉਹ ਪ੍ਰਭੂ ਦੇ ਬਾਰੇ ਬਚਨ ਸੁਣ ਕੇ ਹੈਰਾਨ ਰਹਿ ਗਿਆ।
ਪਿਸਿਦਿਯਾ ਦੇ ਅੰਤਾਕਿਆ ਵਿੱਚ
13ਪਾਫ਼ੁਸ ਤੋਂ, ਪੌਲੁਸ ਅਤੇ ਉਸ ਦੇ ਸਾਥੀ ਪੈਮਫੀਲੀਆ ਪ੍ਰਾਂਤ ਦੇ ਪਰਗਾ ਸ਼ਹਿਰ ਲਈ ਰਵਾਨਾ ਹੋਏ, ਜਿੱਥੇ ਯੋਹਨ ਮਰਕੁਸ ਉਨ੍ਹਾਂ ਨੂੰ ਛੱਡ ਕੇ ਯੇਰੂਸ਼ਲੇਮ ਵਿੱਚ ਆਪਣੇ ਘਰ ਵਾਪਸ ਚਲਾ ਗਿਆ। 14ਪਰਗਾ ਤੋਂ ਉਹ ਪਿਸਿਦਿਯਾ ਪ੍ਰਾਂਤ ਦੇ ਅੰਤਾਕਿਆ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ#13:14 ਪ੍ਰਾਰਥਨਾ ਸਥਾਨ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਜਾ ਕੇ ਬੈਠ ਗਏ। 15ਬਿਵਸਥਾ ਅਤੇ ਨਬੀਆਂ ਦੀ ਲਿਖਤ ਪੜ੍ਹਨ ਤੋਂ ਬਾਅਦ, ਹੈਕਲ ਦੇ ਆਗੂਆਂ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜਿਆ, “ਭਾਈਉ, ਅਗਰ ਤੁਹਾਡੇ ਕੋਲ ਲੋਕਾਂ ਲਈ ਕੋਈ ਉਪਦੇਸ਼ ਹੈ, ਤਾਂ ਕਿਰਪਾ ਕਰਕੇ ਸੁਣਾਓ।”
16ਪੌਲੁਸ ਨੇ ਖੜੇ ਹੋ ਕੇ, ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਕਿਹਾ: “ਹੇ ਇਸਰਾਏਲੀਓ ਅਤੇ ਤੁਸੀਂ ਗ਼ੈਰ-ਯਹੂਦੀਓ ਜੋ ਪਰਮੇਸ਼ਵਰ ਦੀ ਬੰਦਗੀ ਕਰਦੇ ਹੋ, ਮੇਰੀ ਗੱਲ ਸੁਣੋ!” 17ਇਸਰਾਏਲ ਦੇ ਲੋਕਾਂ ਦੇ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨੂੰ ਚੁਣਿਆ; ਉਸ ਨੇ ਮਿਸਰ ਵਿੱਚ ਰਹਿਣ ਦੇ ਦੌਰਾਨ ਲੋਕਾਂ ਨੂੰ ਖੁਸ਼ਹਾਲ ਬਣਾਇਆ; ਉਸ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਉਸੇ ਦੇਸ਼ ਵਿੱਚੋਂ ਬਾਹਰ ਕੱਢ ਲਿਆਂਦਾ; 18ਮੋਸ਼ੇਹ ਨੇ ਚਾਲੀ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੇ ਚਾਲ-ਚਲਣ#13:18 ਕੁਝ ਲਿਖਤ ਵਿੱਚ ਉਸ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਨੂੰ ਸਹਿਣ ਕੀਤਾ; 19ਅਤੇ ਉਸ ਨੇ ਕਨਾਨ ਦੇਸ ਦੇ ਸੱਤ ਕੌਮਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦੇ ਦਿੱਤੀ। 20ਇਸ ਸਭ ਨੂੰ ਲਗਭਗ 450 ਸਾਲ ਲੱਗ ਗਏ।
“ਇਸ ਤੋਂ ਬਾਅਦ, ਪਰਮੇਸ਼ਵਰ ਨੇ ਨਬੀ ਸਮੂਏਲ ਦੇ ਸਮੇਂ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ। 21ਤਦ ਇਸਰਾਏਲ ਦੇ ਲੋਕਾਂ ਨੇ ਸਮੂਏਲ ਦੁਆਰਾ ਪਰਮੇਸ਼ਵਰ ਕੋਲੋ ਇੱਕ ਪਾਤਸ਼ਾਹ ਦੀ ਮੰਗ ਕੀਤੀ, ਅਤੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਬਿਨਯਾਮੀਨ ਦੀ ਗੋਤ ਦੇ ਕਿਸ਼ ਦਾ ਪੁੱਤਰ ਸੌਲੁਸ ਰਾਜਾ ਹੋਣ ਲਈ ਦਿੱਤਾ, ਜਿਸ ਨੇ ਚਾਲੀ ਸਾਲ ਰਾਜ ਕੀਤਾ। 22ਫੇਰ ਸ਼ਾਊਲ ਨੂੰ ਹਟਾਉਣ ਤੋਂ ਬਾਅਦ, ਦਾਵੀਦ ਨੂੰ ਉਨ੍ਹਾਂ ਦਾ ਪਾਤਸ਼ਾਹ ਹੋਣ ਲਈ ਖੜ੍ਹਾ ਕੀਤਾ। ਜਿਸ ਦੇ ਹੱਕ ਵਿੱਚ ਪਰਮੇਸ਼ਵਰ ਨੇ ਗਵਾਹੀ ਦੇ ਕੇ ਆਖਿਆ: ‘ਕਿ ਮੈਂ ਯੱਸੀ ਦੇ ਪੁੱਤਰ ਦਾਵੀਦ ਨੂੰ ਲੱਭਿਆ, ਇੱਕ ਮਨੁੱਖ ਜੋ ਮੇਰੇ ਮਨ ਨੂੰ ਭਾਉਂਦਾ; ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ।’
23“ਇਸ ਮਨੁੱਖ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਯਿਸ਼ੂ ਭੇਜਿਆ, ਜਿਵੇਂ ਉਸ ਨੇ ਵਾਇਦਾ ਕੀਤਾ ਸੀ। 24ਯਿਸ਼ੂ ਦੇ ਆਉਣ ਤੋਂ ਪਹਿਲਾਂ, ਯੋਹਨ ਨੇ ਤੋਬਾ ਦਾ ਪ੍ਰਚਾਰ ਕੀਤਾ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ। 25ਜਦੋਂ ਯੋਹਨ ਆਪਣਾ ਕੰਮ ਪੂਰਾ ਕਰ ਰਿਹਾ ਸੀ, ਉਸ ਨੇ ਲੋਕਾਂ ਨੂੰ ਕਿਹਾ: ‘ਤੁਸੀਂ ਕੀ ਮੰਨਦੇ ਹੋ ਕਿ ਮੈਂ ਕੌਣ ਹਾਂ? ਮੈਂ ਉਹ ਨਹੀਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਪਰ ਮੇਰੇ ਤੋਂ ਬਾਅਦ ਇੱਕ ਅਜਿਹਾ ਆ ਰਿਹਾ ਹੈ ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’
26“ਹੇ ਭਾਈਓ ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਸੀਂ ਵੀ ਗ਼ੈਰ-ਯਹੂਦੀ ਜਿਹੜੇ ਪਰਮੇਸ਼ਵਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਹ ਮੁਕਤੀ ਦਾ ਸੰਦੇਸ਼ ਭੇਜਿਆ ਗਿਆ ਹੈ। 27ਯੇਰੂਸ਼ਲੇਮ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਾਸਕਾਂ ਨੇ ਯਿਸ਼ੂ ਨੂੰ ਨਹੀਂ ਪਛਾਣਿਆ, ਫਿਰ ਵੀ ਉਸ ਦੀ ਨਿੰਦਾ ਕਰਦਿਆਂ ਉਨ੍ਹਾਂ ਨਬੀਆਂ ਦੇ ਬਚਨਾ ਨੂੰ ਪੂਰਾ ਕਰਦੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। 28ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ, ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਜਾਨੋਂ ਮਾਰਿਆ ਜਾਵੇ। 29ਜਦੋਂ ਉਨ੍ਹਾਂ ਨੇ ਉਹ ਸਭ ਕੁਝ ਕੀਤਾ ਜੋ ਉਸ ਦੇ ਬਾਰੇ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਸੀ, ਉਨ੍ਹਾਂ ਨੇ ਉਸ ਨੂੰ ਸਲੀਬ ਤੋਂ ਹੇਠਾਂ ਉਤਾਰਿਆ ਅਤੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ। 30ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, 31ਅਤੇ ਬਹੁਤ ਦਿਨਾਂ ਤੱਕ ਉਹ ਬਾਰ-ਬਾਰ ਆਪਣੇ ਚੇਲਿਆਂ ਨੂੰ ਵਿਖਾਈ ਦਿੰਦਾ ਰਿਹਾ ਜੋ ਗਲੀਲੀ ਸੂਬੇ ਤੋਂ ਯੇਰੂਸ਼ਲੇਮ ਵਿੱਚ ਉਸ ਦੇ ਨਾਲ ਆਏ ਸਨ। ਉਹ ਹੁਣ ਸਾਡੇ ਲੋਕਾਂ ਲਈ ਉਸ ਦੇ ਗਵਾਹ ਹਨ।”
32ਅਸੀਂ ਤੁਹਾਨੂੰ ਖੁਸ਼ਖ਼ਬਰੀ ਦੱਸਦੇ ਹਾਂ: ਜੋ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀ ਵਾਇਦਾ ਕੀਤੀ ਸੀ 33ਕਿ ਪਰਮੇਸ਼ਵਰ ਨੇ ਯਿਸ਼ੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਇਹ ਦੂਸਰੇ ਜ਼ਬੂਰ ਵਿੱਚ ਲਿਖਿਆ ਗਿਆ ਹੈ:
“ ‘ਕਿ ਤੂੰ ਮੇਰਾ ਪੁੱਤਰ ਹੈ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।’#13:33 ਜ਼ਬੂ 2:7”
34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ। ਪਰਮੇਸ਼ਵਰ ਨੇ ਇਸ ਤਰ੍ਹਾਂ ਆਖਿਆ ਹੈ,
“ਮੈਂ ਤੁਹਾਨੂੰ ਪਵਿੱਤਰ ਅਤੇ ਅਟੱਲ ਬਰਕਤਾਂ ਦੇਵਾਂਗਾ ਜਿਸ ਦਾ ਦਾਵੀਦ ਨਾਲ ਵਾਅਦਾ ਕੀਤਾ ਸੀ।”#13:34 ਯਸ਼ਾ 55:3
35ਇਸ ਲਈ ਜ਼ਬੂਰਾਂ ਵਿੱਚ ਇਹ ਵੀ ਲਿਖਿਆ ਗਿਆ ਹੈ:
“ ‘ਕਿ ਤੂੰ ਨਾ ਹੀ ਆਪਣੇ ਪਵਿੱਤਰ ਦਾਸ ਨੂੰ ਸੜਨ ਦੇਵੇਂਗਾ।’#13:35 ਜ਼ਬੂ 16:10 (ਸੈਪਟੁਜਿੰਟ ਦੇਖੋ)
36“ਹੁਣ ਜਦੋਂ ਦਾਵੀਦ ਆਪਣੀ ਪੀੜ੍ਹੀ ਵਿੱਚ ਪਰਮੇਸ਼ਵਰ ਦੇ ਮਕਸਦ ਦੀ ਸੇਵਾ ਕਰ ਚੁੱਕਿਆ, ਤਾਂ ਉਹ ਚਲਾਣਾ ਕਰ ਗਿਆ; ਉਸ ਨੂੰ ਆਪਣੇ ਪਿਉ-ਦਾਦਿਆਂ ਦੇ ਕੋਲ ਦਫ਼ਨਾਇਆ ਗਿਆ ਅਤੇ ਉਸ ਦਾ ਸਰੀਰ ਸੜ ਗਿਆ। 37ਪਰ ਜਿਸ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਦਾ ਸਰੀਰ ਨਾ ਸਾੜਿਆ।
38“ਇਸ ਲਈ, ਮੇਰੇ ਦੋਸਤੋ, ਮੈਂ ਚਾਹੁੰਦਾ ਹਾਂ ਤੁਸੀਂ ਇਹ ਜਾਣੋ ਕਿ ਯਿਸ਼ੂ ਦੇ ਰਾਹੀਂ ਤੁਹਾਡੇ ਲਈ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਗਿਆ ਨਾ ਕਿ ਮੋਸ਼ੇਹ ਦੀ ਬਿਵਸਥਾ ਰਾਹੀਂ। 39ਉਸ ਦੇ ਰਾਹੀਂ ਜੋ ਕੋਈ ਵਿਸ਼ਵਾਸ ਕਰਦਾ ਹੈ ਉਹ ਹਰ ਪਾਪ ਤੋਂ ਮੁਕਤੀ ਪ੍ਰਾਪਤ ਕਰੇਗਾ, ਇੱਕ ਅਜਿਹਾ ਨਿਆਂ ਜੋ ਤੁਸੀਂ ਮੋਸ਼ੇਹ ਦੀ ਬਿਵਸਥਾ ਦੇ ਅਧੀਨ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ। 40ਸੋ ਤੁਸੀਂ ਸਾਵਧਾਨ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ:
41“ ‘ਵੇਖੋ, ਤੁਸੀਂ ਮਖੌਲ ਜਾਣਨ ਵਾਲਿਓ,
ਅਚਰਜ਼ ਮੰਨੋ ਅਤੇ ਨਸ਼ਟ ਹੋ ਜਾਓ,
ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ
ਜਿਸ ਉੱਤੇ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ,
ਭਾਵੇਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇ।’#13:41 ਹਬੱ 1:15”
42ਜਦੋਂ ਪੌਲੁਸ ਅਤੇ ਬਰਨਬਾਸ ਪ੍ਰਾਰਥਨਾ ਸਥਾਨ ਤੋਂ ਬਾਹਰ ਜਾ ਰਹੇ ਸਨ, ਫਿਰ ਲੋਕਾਂ ਨੇ ਉਨ੍ਹਾਂ ਨੂੰ ਅਗਲੇ ਸਬਤ ਦੇ ਦਿਨ ਲਈ ਇਨ੍ਹਾਂ ਗੱਲਾਂ ਬਾਰੇ ਹੋਰ ਬੋਲਣ ਲਈ ਸੱਦਾ ਦਿੱਤਾ। 43ਜਦੋਂ ਪ੍ਰਾਰਥਨਾ ਸਥਾਨ ਦੀ ਸਭਾ ਨੂੰ ਸਮਾਪਤ ਕਰ ਦਿੱਤਾ ਗਿਆ, ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤਾਂ ਨੇ ਪੌਲੁਸ ਅਤੇ ਬਰਨਬਾਸ ਦੀ ਪਾਲਣਾ ਕੀਤੀ, ਉਹ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ ਅਤੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਕਿਰਪਾ ਵਿੱਚ ਬਣੇ ਰਹਿਣ ਦੀ ਅਪੀਲ ਕੀਤੀ।
44ਅਗਲੇ ਸਬਤ ਦੇ ਦਿਨ ਤਕਰੀਬਨ ਸਾਰਾ ਸ਼ਹਿਰ ਪ੍ਰਭੂ ਦਾ ਬਚਨ ਸੁਣਨ ਲਈ ਇਕੱਠਾ ਹੋ ਗਿਆ। 45ਜਦੋਂ ਯਹੂਦੀਆਂ ਨੇ ਭੀੜ ਨੂੰ ਵੇਖਿਆ, ਤਾਂ ਉਹ ਈਰਖਾ ਨਾਲ ਭਰੇ ਹੋਏ ਸਨ। ਉਨ੍ਹਾਂ ਨੇ ਪੌਲੁਸ ਦੀਆਂ ਗੱਲਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਬਦਸਲੂਕੀ ਕੀਤੀ।
46ਫਿਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਦਲੇਰੀ ਨਾਲ ਜਵਾਬ ਦਿੱਤਾ: “ਸਾਨੂੰ ਪਹਿਲਾਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਦੱਸਣਾ ਜ਼ਰੂਰੀ ਸੀ। ਕਿਉਂਕਿ ਤੁਸੀਂ ਇਸ ਨੂੰ ਰੱਦ ਕੀਤਾ ਅਤੇ ਆਪਣੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਿਆ, ਇਸ ਲਈ ਅਸੀਂ ਹੁਣ ਗ਼ੈਰ-ਯਹੂਦੀਆਂ ਕੌਮਾਂ ਵੱਲ ਮੁੜਦੇ ਹਾਂ। 47ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ:
“ ‘ਮੈਂ ਤੈਨੂੰ#13:47 ਯੂਨਾਨੀ ਵਿੱਚ ਇੱਕ ਬਚਨ ਹੈ। ਗ਼ੈਰ-ਯਹੂਦੀਆਂ ਲਈ ਇੱਕ ਚਾਨਣ ਬਣਾਇਆ,
ਤਾਂ ਜੋ ਤੂੰ ਧਰਤੀ ਦੀਆਂ ਹੱਦਾਂ ਤੱਕ ਮੁਕਤੀ ਦਾ ਕਾਰਨ ਹੋਵੇ।’#13:47 ਯਸ਼ਾ 49:6”
48ਜਦੋਂ ਗ਼ੈਰ-ਯਹੂਦੀਆਂ ਨੇ ਇਹ ਸੁਣਿਆ, ਤਾਂ ਉਹ ਖੁਸ਼ ਹੋਏ ਅਤੇ ਉਨ੍ਹਾਂ ਨੇ ਪ੍ਰਭੂ ਦੇ ਬਚਨ ਦੀ ਵਡਿਆਈ ਕੀਤੀ; ਅਤੇ ਉਨ੍ਹਾਂ ਸਾਰਿਆਂ ਨੇ ਵਿਸ਼ਵਾਸ ਕੀਤਾ ਜਿਹੜੇ ਸਦੀਪਕ ਜੀਵਨ ਲਈ ਨਿਯੁਕਤ ਕੀਤੇ ਗਏ ਸਨ।
49ਪ੍ਰਭੂ ਦਾ ਬਚਨ ਸਾਰੇ ਖੇਤਰ ਵਿੱਚ ਫੈਲ ਗਿਆ। 50ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨੂੰ ਭੜਕਾਉਂਦੇ ਸਨ। ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ, ਅਤੇ ਉਨ੍ਹਾਂ ਨੂੰ ਆਪਣੇ ਖੇਤਰ ਚੋਂ ਬਾਹਰ ਕੱਢ ਦਿੱਤਾ। 51ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਚੇਤਾਵਨੀ ਵਜੋਂ ਆਪਣੇ ਪੈਰਾਂ ਦੀ ਧੂੜ ਝਾੜ ਦਿੱਤੀ ਅਤੇ ਇਕੋਨਿਯਮ ਸ਼ਹਿਰ ਚਲੇ ਗਏ। 52ਅੰਤਾਕਿਆ ਸ਼ਹਿਰ ਵਿੱਚ ਚੇਲੇ ਅਨੰਦ ਨਾਲ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।
ទើបបានជ្រើសរើសហើយ៖
ਰਸੂਲਾਂ 13: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.