ਰਸੂਲਾਂ 15
15
ਯੇਰੂਸ਼ਲੇਮ ਵਿਖੇ ਸਭਾ
1ਉਸ ਤੋਂ ਬਾਅਦ ਕੁਝ ਲੋਕ ਯਹੂਦਿਯਾ ਪ੍ਰਾਂਤ ਤੋਂ ਅੰਤਾਕਿਆ ਵਿੱਚ ਆਏ ਅਤੇ ਉਹ ਵਿਸ਼ਵਾਸੀਆਂ ਨੂੰ ਇਹ ਸਿੱਖਿਆ ਦੇ ਰਹੇ ਸਨ: “ਕਿ ਜਦੋਂ ਤੱਕ ਤੁਸੀਂ ਸੁੰਨਤ ਨਹੀਂ ਕਰਾਉਦੇ, ਮੋਸ਼ੇਹ ਦੁਆਰਾ ਸਿਖਾਏ ਗਏ ਰਿਵਾਜ ਅਨੁਸਾਰ, ਉਦੋਂ ਤੱਕ ਤੁਸੀਂ ਬਚਾਏ ਨਹੀਂ ਜਾ ਸਕਦੇ।” 2ਇਸ ਤੇ ਪੌਲੁਸ ਅਤੇ ਬਰਨਬਾਸ ਉਨ੍ਹਾਂ ਨਾਲ ਤਿੱਖੇ ਵਾਦ-ਵਿਵਾਦ ਅਤੇ ਬਹਿਸ ਕਰਨ ਲੱਗੇ। ਤਦੇ ਹੀ ਪੌਲੁਸ ਅਤੇ ਬਰਨਬਾਸ ਨਿਯੁਕਤ ਕੀਤੇ ਗਏ, ਕੁਝ ਹੋਰ ਵਿਸ਼ਵਾਸੀਆਂ ਸਮੇਤ, ਯੇਰੂਸ਼ਲੇਮ ਜਾਣ ਲਈ ਭਾਈ ਰਸੂਲਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰ ਸਕਣ। 3ਕਲੀਸਿਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਤੇ ਭੇਜਿਆ, ਅਤੇ ਜਦੋਂ ਉਹ ਫ਼ੈਨੀਕੇ ਅਤੇ ਸਾਮਰਿਯਾ ਪ੍ਰਾਂਤ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਰਾਈਆਂ ਕੌਮਾਂ ਦੇ ਲੋਕ ਵਿਸ਼ਵਾਸ ਵਿੱਚ ਆ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਵਿਸ਼ਵਾਸੀਆਂ ਨੂੰ ਬਹੁਤ ਖੁਸ਼ੀ ਹੋਈ। 4ਜਦੋਂ ਉਹ ਯੇਰੂਸ਼ਲੇਮ ਆਏ, ਤਾਂ ਉਨ੍ਹਾਂ ਦਾ ਕਲੀਸਿਆ, ਰਸੂਲਾਂ ਅਤੇ ਬਜ਼ੁਰਗਾਂ ਨੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ।
5ਫ਼ਰੀਸੀਆਂ ਦੀ ਸਭਾ ਨਾਲ ਸੰਬੰਧਿਤ ਕੁਝ ਨਿਹਚਾਵਾਨ ਖੜੇ ਹੋ ਗਏ ਅਤੇ ਕਹਿਣ ਲੱਗੇ, “ਗ਼ੈਰ-ਯਹੂਦੀਆਂ ਦੀ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੋਸ਼ੇਹ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਹੈ।”
6ਤਦ ਰਸੂਲ ਅਤੇ ਹੋਰ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਮਸਲੇ ਬਾਰੇ ਗੱਲ ਕਰਨ। 7ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਪਤਰਸ ਉੱਠਿਆ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ: “ਭਾਈਉ, ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਵਿਚਕਾਰ ਮੈਨੂੰ ਚੁਣਿਆ ਸੀ ਤਾਂ ਜੋ ਗ਼ੈਰ-ਯਹੂਦੀ ਮੇਰੇ ਬੁੱਲ੍ਹਾਂ ਤੋਂ ਖੁਸ਼ਖ਼ਬਰੀ ਦਾ ਸੰਦੇਸ਼ ਸੁਣ ਸਕਣ ਅਤੇ ਵਿਸ਼ਵਾਸ ਕਰਨ। 8ਪਰਮੇਸ਼ਵਰ, ਜਿਹੜਾ ਦਿਲਾਂ ਨੂੰ ਜਾਣਦਾ ਹੈ, ਅਤੇ ਉਸ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਕੇ ਦਿਖਾਇਆ ਕਿ ਉਸ ਨੇ ਉਨ੍ਹਾਂ ਨੂੰ ਸਵੀਕਾਰ ਕੀਤਾ, ਜਿਵੇਂ ਉਸ ਨੇ ਸਾਡੇ ਨਾਲ ਵੀ ਕੀਤਾ। 9ਪਰਮੇਸ਼ਵਰ ਨੇ ਸਾਡੇ ਅਤੇ ਉਨ੍ਹਾਂ ਵਿੱਚਕਾਰ ਕੋਈ ਭੇਦ ਨਹੀਂ ਕੀਤਾ, ਕਿਉਂਕਿ ਉਸ ਨੇ ਨਿਹਚਾ ਨਾਲ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ। 10ਹੁਣ ਫਿਰ, ਤੁਸੀਂ ਗ਼ੈਰ-ਯਹੂਦੀਆਂ ਦੀ ਗਰਦਨ ਨੂੰ ਅਜਿਹਾ ਜੂਲਾ ਪਾ ਕੇ ਕਿਉਂ ਪਰਮੇਸ਼ਵਰ ਨੂੰ ਪਰਖਣ ਦੀ ਕੋਸ਼ਿਸ਼ ਕਰਦੇ ਹੋ ਜਿਸ ਨੂੰ ਨਾ ਸਾਡੇ ਪੂਰਵਜ ਨਾ ਅਸੀਂ ਚੁੱਕ ਸਕੇ? 11ਨਹੀਂ! ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਦੇ ਦੁਆਰਾ ਹੀ ਅਸੀਂ ਬਚਾਏ ਗਏ ਹਾਂ, ਜਿਵੇਂ ਕਿ ਉਹ ਵੀ ਬਚਾਏ ਗਏ ਹਨ।”
12ਜਦੋਂ ਉਨ੍ਹਾਂ ਨੇ ਬਰਨਬਾਸ ਅਤੇ ਪੌਲੁਸ ਨੂੰ ਇਹ ਦੱਸਦਿਆਂ ਸੁਣਿਆ ਤੇ ਸਾਰੇ ਲੋਕ ਚੁੱਪ ਹੋ ਗਏ ਤਾਂ ਉਨ੍ਹਾਂ ਨੇ ਨਿਸ਼ਾਨ ਅਤੇ ਅਚੰਭਿਆਂ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤੇ ਸਨ। 13ਜਦੋਂ ਉਹ ਬੋਲ ਹਟੇ, ਫਿਰ ਯਾਕੋਬ ਬੋਲਿਆ, “ਹੇ ਭਾਈਉ, ਹੁਣ ਮੇਰੀ ਸੁਣੋ। 14ਸ਼ਿਮਓਨ ਪਤਰਸ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਗ਼ੈਰ-ਯਹੂਦੀਆਂ ਉੱਤੇ ਨਿਗਾਹ ਕੀਤੀ ਤਾਂ ਜੋ ਉਨ੍ਹਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ। 15ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ,” ਜਿਵੇਂ ਲਿਖਿਆ ਹੈ:
16ਪਰਮੇਸ਼ਵਰ ਕਹਿੰਦਾ ਹੈ, “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ
ਅਤੇ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ।
ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ,
ਅਤੇ ਮੈਂ ਉਸ ਨੂੰ ਫਿਰ ਬਹਾਲ ਕਰਾਂਗਾ,
17ਤਾਂ ਜੋ ਬਾਕੀ ਸਾਰੇ ਲੋਕ ਪ੍ਰਭੂ ਨੂੰ ਪੁਕਾਰਦੇ ਹਨ,
ਇੱਥੋਂ ਤੱਕ ਸਾਰੇ ਗ਼ੈਰ-ਯਹੂਦੀ ਜੋ ਮੇਰੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ,
ਪ੍ਰਭੂ ਆਖਦਾ ਹੈ, ਜੋ ਇਹ ਗੱਲਾਂ ਪੂਰਾ ਕਰਦਾ ਹੈ।”#15:17 ਆਮੋ 9:11,12 (ਸੈਪਟੁਜਿੰਟ ਦੇਖੋ)
18ਦੁਨੀਆਂ ਦੇ ਮੁੱਢ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।#15:18 ਯਸ਼ਾ 45:21
19ਯਾਕੋਬ ਨੇ ਅੱਗੇ ਕਿਹਾ, “ਇਸ ਲਈ ਇਹ ਮੇਰਾ ਨਿਆਂ ਹੈ, ਕਿ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਲਈ ਮੁਸ਼ਕਲ ਪੈਦਾ ਨਹੀਂ ਕਰਨੀ ਚਾਹੀਦੀ ਜਿਹੜੇ ਪਰਮੇਸ਼ਵਰ ਵੱਲ ਮੁੜ ਰਹੇ ਹਨ। 20ਇਸ ਦੀ ਬਜਾਏ ਸਾਨੂੰ ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਜਿਨਸੀ ਅਨੈਤਿਕਤਾ, ਗਲਾ ਘੁੱਟੇ ਜਾਨਵਰਾਂ ਦੇ ਮਾਸ ਅਤੇ ਲਹੂ ਤੋਂ ਦੂਰ ਰਹਿਣਾ ਚਾਹੀਦਾ ਹੈ। 21ਕਿਉਂ ਜੋ ਮੁੱਢ ਤੋਂ ਹੀ ਹਰ ਸ਼ਹਿਰ ਵਿੱਚ ਮੋਸ਼ੇਹ ਦੀ ਬਿਵਸਥਾ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨਾਂ ਵਿੱਚ ਉਸ ਦਾ ਬਚਨ ਪੜ੍ਹਿਆ ਜਾਂਦਾ ਹੈ।”
ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਨੂੰ ਸਭਾ ਵੱਲੋ ਪੱਤਰ
22ਤਦ ਰਸੂਲਾਂ ਅਤੇ ਬਜ਼ੁਰਗਾਂ, ਅਤੇ ਸਾਰੀ ਕਲੀਸਿਆ ਨੂੰ ਇਹ ਚੰਗਾ ਲੱਗਿਆ ਕਿ ਆਪਣੇ ਵਿੱਚੋਂ ਕੁਝ ਮਨੁੱਖ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਆ ਨੂੰ ਭੇਜੀਏ। ਉਨ੍ਹਾਂ ਨੇ ਯਹੂਦਾ (ਜਿਸ ਨੂੰ ਬਰਸਬਾਸ ਕਿਹਾ ਜਾਂਦਾ ਹੈ) ਅਤੇ ਸੀਲਾਸ ਨੂੰ ਚੁਣਿਆ, ਉਹ ਮਨੁੱਖ ਜਿਹੜੇ ਵਿਸ਼ਵਾਸੀਆਂ ਵਿੱਚ ਆਗੂ ਸਨ। 23ਅਤੇ ਉਨ੍ਹਾਂ ਦੇ ਹੱਥ ਇਹ ਪੱਤਰ ਲਿਖ ਭੇਜਿਆ:
ਰਸੂਲਾਂ, ਬਜ਼ੁਰਗਾਂ, ਅਤੇ ਤੁਹਾਡੇ ਭਰਾਵਾਂ ਵਲੋਂ,
ਅੰਤਾਕਿਆ ਦੇ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਲਈ, ਸੀਰੀਆ ਅਤੇ ਕਿਲਕਿਆ ਵਿਸ਼ਵਾਸੀਆਂ ਨੂੰ:
ਨਮਸਕਾਰ।
24ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ। 25ਇਸ ਲਈ ਅਸੀਂ ਕੁਝ ਬੰਦਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਆਪਣੇ ਪਿਆਰੇ ਮਿੱਤਰ ਬਰਨਬਾਸ ਅਤੇ ਪੌਲੁਸ ਨਾਲ ਤੁਹਾਡੇ ਕੋਲ ਭੇਜਣ ਲਈ ਸਹਿਮਤ ਹੋਏ, 26ਆਦਮੀ ਜੋ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਚੁੱਕੇ ਹਨ। 27ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਤੁਹਾਡੇ ਕੋਲ ਭੇਜਣ ਲਈ ਚੁਣਿਆ ਹੈ। ਉਹ ਤੁਹਾਨੂੰ ਉਹੀ ਗੱਲਾਂ ਦੱਸਣਗੇ ਜੋ ਅਸੀਂ ਲਿਖ ਰਹੇ ਹਾਂ। 28ਇਹ ਪਵਿੱਤਰ ਆਤਮਾ ਅਤੇ ਸਾਨੂੰ ਚੰਗਾ ਲੱਗਾ ਜੋ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਬਿਨ੍ਹਾਂ ਤੁਹਾਡੇ ਉੱਤੇ ਹੋਰ ਕੁਝ ਭਾਰ ਨਾ ਪਾਈਏ: 29ਤੁਹਾਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ, ਲਹੂ ਤੋਂ, ਗਲਾ ਘੁੱਟੇ ਜਾਨਵਰਾਂ ਦੇ ਮਾਸ ਤੋਂ ਅਤੇ ਜਿਨਸੀ ਅਨੈਤਿਕਤਾ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਗੱਲਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ।
ਵਿਦਾਈ।
30ਇਸ ਲਈ ਉਨ੍ਹਾਂ ਚਾਰ ਆਦਮੀਆਂ ਨੂੰ ਭੇਜ ਦਿੱਤਾ ਗਿਆ ਅਤੇ ਉਹ ਅੰਤਾਕਿਆ ਗਏ, ਜਿੱਥੇ ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਪੱਤਰ ਦੇ ਦਿੱਤੀ। 31ਕਲੀਸਿਆ ਦੇ ਲੋਕ ਉਸ ਸੰਦੇਸ਼ ਨੂੰ ਪੜ੍ਹ ਕੇ ਉਤਸ਼ਾਹਿਤ ਅਤੇ ਖੁਸ਼ ਹੋਏ। 32ਯਹੂਦਾ ਅਤੇ ਸੀਲਾਸ, ਜੋ ਆਪ ਵੀ ਨਬੀ ਸਨ, ਉਨ੍ਹਾਂ ਨੇ ਭਰਾਵਾਂ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰਿਆਂ ਗੱਲਾਂ ਨਾਲ ਉਪਦੇਸ਼ ਦੇ ਕੇ ਵਿਸ਼ਵਾਸ ਵਿੱਚ ਤਕੜੇ ਕੀਤਾ। 33ਉੱਥੇ ਕਈ ਹਫ਼ਤੇ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਵਿਸ਼ਵਾਸੀਆਂ ਨੇ ਸ਼ਾਂਤੀ ਦੀ ਬਰਕਤ ਨਾਲ ਉਨ੍ਹਾਂ ਕੋਲ ਵਾਪਸ ਭੇਜਿਆ ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ। 34ਪਰ ਸੀਲਾਸ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ।#15:34 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਹਨ। 35ਪਰ ਪੌਲੁਸ ਅਤੇ ਬਰਨਬਾਸ ਅੰਤਾਕਿਆ ਵਿੱਚ ਹੀ ਰਹੇ, ਜਿੱਥੇ ਉਨ੍ਹਾਂ ਅਤੇ ਹੋਰ ਬਹੁਤ ਸਾਰਿਆਂ ਨੇ ਪ੍ਰਭੂ ਦੇ ਬਚਨ ਦੀ ਸਿੱਖਿਆ ਦਿੱਤੀ ਅਤੇ ਬਚਨ ਦਾ ਪ੍ਰਚਾਰ ਕੀਤਾ।
ਪੌਲੁਸ ਅਤੇ ਬਰਨਬਾਸ ਵਿਚਕਾਰ ਅਸਹਿਮਤੀ
36ਕੁਝ ਦਿਨਾਂ ਬਾਅਦ, ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਆਪਾਂ ਵਾਪਸ ਉਨ੍ਹਾਂ ਸਾਰੇ ਸ਼ਹਿਰਾਂ ਦੇ ਵਿਸ਼ਵਾਸੀਆਂ ਨੂੰ ਵੇਖਣ ਲਈ ਚੱਲੀਏ ਜਿੱਥੇ ਅਸੀਂ ਪਰਮੇਸ਼ਵਰ ਦਾ ਬਚਨ ਸੁਣਾਇਆ ਸੀ ਫਿਰ ਜਾ ਕੇ ਵਿਸ਼ਵਾਸੀਆਂ ਦੀ ਖ਼ਬਰ ਲਈਏ ਕਿ ਉਨ੍ਹਾਂ ਦਾ ਕੀ ਹਾਲ ਹੈ।” 37ਬਰਨਬਾਸ ਯੋਹਨ ਨੂੰ ਨਾਲ ਲੈ ਕੇ ਜਾਣਾ ਚਾਉਂਦਾ ਸੀ, ਜਿਸ ਨੂੰ ਮਾਰਕਸ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ, 38ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਸਮਝਦਾਰੀ ਨਹੀਂ ਸਮਝੀ, ਕਿਉਂਕਿ ਉਸ ਨੇ ਉਨ੍ਹਾਂ ਨੂੰ ਪੈਮਫੀਲੀਆ ਵਿੱਚ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਵੀ ਵਿਚਕਾਰ ਛੱਡ ਦਿੱਤਾ ਸੀ। 39ਉਹ ਇਸ ਬਾਰੇ ਇੱਕ ਦੂਸਰੇ ਨਾਲ ਸਹਿਮਤ ਨਹੀਂ ਸਨ ਇਸ ਲਈ ਉਹ ਵੱਖ ਹੋ ਗਏ। ਬਰਨਬਾਸ ਮਾਰਕਸ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਇੱਕ ਜਹਾਜ਼ ਤੇ ਚੜ੍ਹੇ ਅਤੇ ਸਾਈਪ੍ਰਸ ਟਾਪੂ ਚਲੇ ਗਏ, 40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਤੁਰ ਪਿਆ, ਵਿਸ਼ਵਾਸੀਆਂ ਨੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਕਿਰਪਾ ਵਿੱਚ ਸੌਂਪਿਆ। 41ਉਹ ਸੀਰੀਆ ਅਤੇ ਕਿਲਕਿਆ ਦੇ ਪ੍ਰਾਂਤਾਂ ਵਿੱਚ ਯਾਤਰਾ ਕਰਦਾ ਹੋਇਆ, ਉਸ ਨੇ ਕਲੀਸਿਆਵਾਂ ਨੂੰ ਮਜ਼ਬੂਤ ਕੀਤਾ।
ទើបបានជ្រើសរើសហើយ៖
ਰਸੂਲਾਂ 15: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.