ਰਸੂਲਾਂ 12

12
ਜੇਲ੍ਹ ਤੋਂ ਪਤਰਸ ਦਾ ਚਮਤਕਾਰੀ ਬਚ ਨਿਕਲਣਾ
1ਉਸ ਸਮੇਂ ਰਾਜਾ ਹੇਰੋਦੇਸ ਅਗ੍ਰਿੱਪਾ ਨੇ ਯੇਰੂਸ਼ਲੇਮ ਵਿੱਚ ਕਲੀਸਿਆ ਦੇ ਕੁਝ ਵਿਸ਼ਵਾਸੀਆ ਨੂੰ ਸਤਾਉਣਾ ਸ਼ੁਰੂ ਕੀਤਾ। 2ਉਸ ਨੇ ਯੋਹਨ ਦੇ ਛੋਟੇ ਭਰਾ ਯਾਕੋਬ ਨੂੰ ਤਲਵਾਰ ਨਾਲ ਮਰਵਾ ਦਿੱਤਾ। 3ਜਦੋਂ ਹੇਰੋਦੇਸ ਨੇ ਦੇਖਿਆ ਕਿ ਉਸ ਨੇ ਅਜਿਹਾ ਕਰਕੇ ਯਹੂਦੀ ਆਗੂਆਂ ਨੂੰ ਖੁਸ਼ ਕੀਤਾ ਹੈ, ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਉਹ ਪਤਰਸ ਨੂੰ ਵੀ ਗ੍ਰਿਫ਼ਤਾਰ ਕਰ ਲਿਆਉਣ ਤਾਂ ਜੋ ਉਹ ਉਸ ਨੂੰ ਵੀ ਜਾਨੋਂ ਮਾਰ ਦੇਵੇ। ਇਹ ਤਿਉਹਾਰ ਦੇ ਸਮੇਂ ਹੋਇਆ ਜਦੋਂ ਯਹੂਦੀ ਲੋਕ ਬਿਨਾਂ ਖਮੀਰ ਤੋਂ ਰੋਟੀ ਖਾਧੇ ਸਨ। 4ਇਸ ਲਈ ਉਨ੍ਹਾਂ ਨੇ ਪਤਰਸ ਨੂੰ ਫੜ੍ਹ ਕੇ ਜੇਲ੍ਹ ਵਿੱਚ ਪਾ ਦਿੱਤਾ ਅਤੇ ਚਾਰ-ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਦੇ ਹਵਾਲੇ ਕੀਤਾ ਕਿ ਉਹ ਦੀ ਚੌਕਸੀ ਕਰਨ, ਅਤੇ ਉਹ ਨੂੰ ਪਸਾਹ ਦੇ ਤਿਉਹਾਰ ਤੋਂ ਬਾਅਦ ਲੋਕਾਂ ਦੇ ਅੱਗੇ ਕੱਢ ਲਿਆਉਣ ਦੀ ਯੋਜਨਾ ਬਣਾਈ।
5ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਕਲੀਸਿਆ ਦਿਲੋਂ ਉਸ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਰਹੀ ਸੀ।
6ਜਦੋਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋ ਸੰਗਲਾਂ ਨਾਲ ਬੰਨ੍ਹਿਆ ਹੋਇਆ ਦੋ ਸਿਪਾਹੀਆਂ ਦੇ ਵਿੱਚਕਾਰ ਸੁੱਤਾ ਪਿਆ ਸੀ, ਅਤੇ ਪਹਿਰਾ ਦੇਣ ਵਾਲੇ ਜੇਲ੍ਹ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ। 7ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਪ੍ਰਗਟ ਹੋਇਆ ਅਤੇ ਜੇਲ੍ਹ ਦੀ ਕੋਠੜੀ ਵਿੱਚ ਇੱਕ ਚਾਨਣ ਚਮਕਿਆ। ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰ ਕੇ ਉਹ ਨੂੰ ਜਗਾਇਆ। ਉਸ ਨੇ ਕਿਹਾ, “ਜਲਦੀ, ਉੱਠ!” ਅਤੇ ਜੰਜ਼ੀਰਾਂ ਪਤਰਸ ਦੀਆਂ ਗੁੱਟਾਂ ਤੋਂ ਡਿੱਗ ਪਈਆਂ।
8ਤਦ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣੇ ਕੱਪੜੇ ਅਤੇ ਜੁੱਤੀ ਪਾ।” ਅਤੇ ਪਤਰਸ ਨੇ ਉਸੇ ਤਰ੍ਹਾਂ ਹੀ ਕੀਤਾ। ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੇ ਲੱਕ ਦੁਆਲੇ ਬੰਨ੍ਹ ਅਤੇ ਮੇਰੇ ਮਗਰ ਚੱਲ।” 9ਪਤਰਸ ਜੇਲ੍ਹ ਦੇ ਬਾਹਰ ਵੀ ਉਸ ਦੇ ਪਿੱਛੇ-ਪਿੱਛੇ ਚਲਦਾ ਰਿਹਾ, ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਭ ਜੋ ਸਵਰਗਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ, ਪਰ ਉਸ ਨੇ ਸੋਚਿਆ ਕਿ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ। 10ਪਤਰਸ ਅਤੇ ਸਵਰਗਦੂਤ ਸਿਪਾਹੀਆਂ ਦੇ ਕੋਲੋ ਲੰਘ ਗਏ, ਜਿਹੜੇ ਦੋ ਦਰਵਾਜ਼ਿਆਂ ਦੀ ਰਾਖੀ ਕਰ ਰਹੇ ਸਨ, ਪਰ ਸਿਪਾਹੀਆਂ ਨੇ ਉਨ੍ਹਾਂ ਨੂੰ ਨਹੀਂ ਵੇਖਿਆ। ਫਿਰ ਉਹ ਇੱਕ ਲੋਹੇ ਦੇ ਫ਼ਾਟਕ ਕੋਲ ਆਏ ਜਿਹੜਾ ਸ਼ਹਿਰ ਵਿੱਚ ਦਾਖਲ ਹੋਣ ਨੂੰ ਜਾਦਾਂ ਸੀ। ਦਰਵਾਜ਼ਾ ਆਪਣੇ ਆਪ ਹੀ ਉਨ੍ਹਾਂ ਲਈ ਖੁੱਲ੍ਹ ਗਿਆ, ਅਤੇ ਪਤਰਸ ਅਤੇ ਸਵਰਗਦੂਤ ਜੇਲ੍ਹ ਵਿੱਚੋਂ ਬਾਹਰ ਆ ਗਏ। ਜਦੋਂ ਉਹ ਇੱਕ ਗਲੀ ਦੇ ਰਸਤੇ ਵਿੱਚ ਤੁਰੇ ਜਾਂਦੇ ਸਨ, ਤਾਂ ਵੇਖੋ ਅਚਾਨਕ ਉਹ ਸਵਰਗਦੂਤ ਛੱਡ ਕੇ ਚਲਾ ਗਿਆ।
11ਤਦ ਪਤਰਸ ਆਪਣੇ ਆਪ ਵਿੱਚ ਆਇਆ ਅਤੇ ਕਹਿਣ ਲੱਗਾ, “ਹੁਣ ਮੈਨੂੰ ਬਿਨਾਂ ਸ਼ੱਕ ਪਤਾ ਹੈ ਕਿ ਪ੍ਰਭੂ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਹੇਰੋਦੇਸ ਦੀ ਪਕੜ ਤੋਂ ਅਤੇ ਸਭ ਕੁਝ ਜੋ ਯਹੂਦੀ ਲੋਕਾਂ ਦੀ ਉਮੀਦ ਸੀ ਜੋ ਵਾਪਰੇਗਾ, ਇਹਨਾਂ ਸਭਨਾਂ ਤੋਂ ਮੈਨੂੰ ਬਚਾਇਆ ਹੈ।”
12ਜਦੋਂ ਪਤਰਸ ਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸ ਨੂੰ ਛੁਡਾਇਆ ਹੈ, ਤਾਂ ਉਹ ਯੋਹਨ ਦੀ ਮਾਂ ਮਰਿਯਮ ਦੇ ਘਰ ਚਲਾ ਗਿਆ। ਜਿਸ ਦਾ ਦੂਸਰਾ ਨਾਮ ਮਾਰਕਸ ਸੀ, ਅਤੇ ਬਹੁਤ ਸਾਰੇ ਵਿਸ਼ਵਾਸੀ ਉੱਥੇ ਇਕੱਠੇ ਹੋਏ ਸਨ, ਅਤੇ ਉਹ ਪ੍ਰਾਰਥਨਾ ਕਰ ਰਹੇ ਸਨ ਕਿ ਪਰਮੇਸ਼ਵਰ ਕਿਸੇ ਤਰ੍ਹਾਂ ਪਤਰਸ ਦੀ ਸਹਾਇਤਾ ਕਰੇ। 13ਜਦੋਂ ਪਤਰਸ ਨੇ ਬਾਹਰਲੇ ਦਰਵਾਜ਼ੇ ਤੇ ਦਸਤਕ ਦਿੱਤੀ, ਤਾਂ ਰੋਦੇ ਨਾਮ ਦੀ ਇੱਕ ਨੌਕਰ ਲੜਕੀ ਇਹ ਪਤਾ ਕਰਨ ਲਈ ਆਈ ਕਿ ਦਰਵਾਜ਼ੇ ਦੇ ਬਾਹਰ ਕੌਣ ਸੀ। 14ਅਤੇ ਪਤਰਸ ਦੀ ਆਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ, “ਕਿ ਪਤਰਸ ਬਾਹਰਲੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੈ!”
15ਉਨ੍ਹਾਂ ਨੇ ਉਸ ਨੂੰ ਕਿਹਾ, “ਤੇਰੀ ਮੱਤ ਵੱਜ ਗਈ ਹੈ।” ਫਿਰ ਵੀ ਉਹ ਵਾਰ-ਵਾਰ ਉਸ ਗੱਲ ਤੇ ਜ਼ੋਰ ਦਿੰਦੀ ਰਹੀ ਕਿ ਉਹ ਪਤਰਸ ਹੈ, ਫਿਰ ਉਨ੍ਹਾਂ ਨੇ ਕਿਹਾ, “ਕਿ ਉਹ ਦਾ ਸਵਰਗਦੂਤ ਹੋ ਸਕਦਾ।”
16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। 17ਪਤਰਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਭੂ ਨੇ ਮੈਨੂੰ ਉਸ ਜੇਲ੍ਹ ਵਿੱਚੋਂ ਬਾਹਰ ਕੱਢ ਲਿਆਂਦਾ ਹੈ। ਉਸ ਨੇ ਕਿਹਾ, “ਕਿ ਯਾਕੋਬ ਅਤੇ ਹੋਰ ਭਾਈਬੰਦ ਵਿਸ਼ਵਾਸੀਆ ਨੂੰ ਵੀ ਇਸ ਬਾਰੇ ਦੱਸੋ,” ਅਤੇ ਫਿਰ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।
18ਅਗਲੀ ਸਵੇਰ ਉਹ ਸਿਪਾਹੀ ਜੋ ਪਤਰਸ ਦੀ ਰਾਖੀ ਕਰ ਰਹੇ ਸਨ, ਬਹੁਤ ਜ਼ਿਆਦਾ ਘਬਰਾ ਗਏ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਪਤਰਸ ਕਿੱਥੇ ਗਿਆ? 19ਜਦੋਂ ਹੇਰੋਦੇਸ ਨੇ ਉਸ ਦੀ ਪੂਰੀ ਤਰਾ ਛਾਣ-ਬੀਣ ਕੀਤੀ ਪਰ ਉਹ ਉਸ ਨੂੰ ਨਾ ਮਿਲਿਆ, ਤਾਂ ਉਸ ਨੇ ਪਹਿਰੇਦਾਰਾਂ ਦੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ ਗਿਆ। ਫ਼ਿਰ ਹੇਰੋਦੇਸ ਯਹੂਦਿਯਾ ਪ੍ਰਾਂਤ ਤੋਂ ਕੈਸਰਿਆ ਸ਼ਹਿਰ ਵੱਲ ਨੂੰ ਚਲਾ ਗਿਆ ਅਤੇ ਉੱਥੇ ਕੁਝ ਸਮੇਂ ਲਈ ਠਹਿਰਿਆ।
ਹੇਰੋਦੇਸ ਦੀ ਮੌਤ
ਅਤੇ ਇਸ ਤੋਂ ਬਾਅਦ ਹੇਰੋਦੇਸ ਯਹੂਦਿਯਾ ਸੂਬੇ ਤੋਂ ਕੈਸਰਿਆ ਨੂੰ ਗਿਆ ਜਿੱਥੇ ਉਹ ਕੁਝ ਸਮੇਂ ਲਈ ਠਹਿਰਿਆ। 20ਉਨ੍ਹਾਂ ਦਿਨਾਂ ਵਿੱਚ ਹੇਰੋਦੇਸ ਸੋਰ ਅਤੇ ਸਿਦੋਨ ਸ਼ਹਿਰ ਦੇ ਲੋਕਾਂ ਨਾਲ ਝਗੜਾ ਕਰ ਰਿਹਾ ਸੀ ਜਿਹੜੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਸਨ। ਤਦ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜੇ ਦਾ ਭਰੋਸੇਯੋਗ ਨਿੱਜੀ ਨੌਕਰ ਬਲਾਸਤੁਸ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ, ਕਿਉਂਕਿ ਉਹ ਆਪਣੀ ਭੋਜਨ ਦੀ ਪੂਰਤੀ ਲਈ ਰਾਜੇ ਦੇ ਦੇਸ਼ ਤੇ ਨਿਰਭਰ ਹੁੰਦੇ ਸਨ।
21ਨਿਰਧਾਰਤ ਦਿਨ ਉੱਤੇ, ਹੇਰੋਦੇਸ, ਆਪਣੇ ਸ਼ਾਹੀ ਕੱਪੜੇ ਪਾ ਕੇ, ਸਿੰਘਾਸਣ ਉੱਤੇ ਬੈਠ ਗਿਆ ਅਤੇ ਲੋਕਾਂ ਨੂੰ ਸੰਬੋਧਨ ਕਰਨ ਲੱਗਾ। 22ਲੋਕ ਉੱਚੀ ਰੌਲਾ ਪਾਉਂਦੇ ਰਹੇ, “ਇਹ ਕਿਸੇ ਦੇਵਤੇ ਦੀ ਆਵਾਜ਼ ਹੈ, ਕਿਸੇ ਮਨੁੱਖ ਦੀ ਨਹੀਂ।” 23ਉਸੇ ਸਮੇਂ, ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਹ ਕੀੜੇ-ਮਕੌੜੇ ਖਾਣ ਲੱਗਾ ਅਤੇ ਮਰ ਗਿਆ ਕਿਉਂਕਿ ਹੇਰੋਦੇਸ ਨੇ ਪਰਮੇਸ਼ਵਰ ਦੀ ਵਡਿਆਈ ਨਹੀਂ ਕੀਤੀ ਸੀ।
24ਪਰ ਪਰਮੇਸ਼ਵਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।
ਬਰਨਬਾਸ ਅਤੇ ਸੌਲੁਸ ਦਾ ਭੇਜਿਆ ਜਾਣਾ
25ਜਦੋਂ ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਦਾ ਕੰਮ ਪੂਰਾ ਕਰ ਚੁੱਕੇ, ਤਾਂ ਉਨ੍ਹਾਂ ਨੇ ਯੇਰੂਸ਼ਲੇਮ ਛੱਡ ਦਿੱਤਾ ਅਤੇ ਉਨ੍ਹਾਂ ਦੇ ਨਾਲ ਯੋਹਨ ਨੇ ਵੀ ਜਿਸ ਨੂੰ ਮਾਰਕਸ ਵੀ ਕਿਹਾ ਜਾਦਾਂ ਹੈ।

ទើបបានជ្រើសរើសហើយ៖

ਰਸੂਲਾਂ 12: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល