ਰਸੂਲਾਂ 11

11
ਪਤਰਸ ਦਾ ਆਪਣੇ ਕੰਮਾਂ ਬਾਰੇ ਬਿਆਨ ਕਰਨਾ
1ਰਸੂਲਾਂ ਅਤੇ ਹੋਰ ਵਿਸ਼ਵਾਸੀਆਂ ਨੇ ਜਿਹੜੇ ਯਹੂਦਿਯਾ ਸੂਬੇ ਦੇ ਵੱਖ-ਵੱਖ ਕਸਬਿਆਂ ਵਿੱਚ ਰਹਿੰਦੇ ਸਨ ਅਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਕੁਝ ਗ਼ੈਰ-ਯਹੂਦੀ ਲੋਕਾਂ ਨੇ ਪਰਮੇਸ਼ਵਰ ਦੇ ਬਚਨ ਤੇ ਵਿਸ਼ਵਾਸ ਕਰ ਲਿਆ ਹੈ। 2ਇਸ ਲਈ ਜਦੋਂ ਪਤਰਸ ਯੇਰੂਸ਼ਲੇਮ ਵਾਪਸ ਆਇਆ, ਤਾਂ ਸੁੰਨਤ ਕੀਤੇ ਹੋਏ ਵਿਸ਼ਵਾਸੀ ਉਸ ਦੀ ਆਲੋਚਨਾ ਕਰਨ ਲੱਗੇ। 3ਅਤੇ ਕਿਹਾ, “ਕਿ ਤੂੰ ਬੇਸੁੰਨਤੀਆਂ#11:3 ਅਣ-ਸੁੰਨਤ ਗ਼ੈਰ-ਯਹੂਦੀ ਕੋਲ ਜਾ ਕੇ ਉਨ੍ਹਾਂ ਨਾਲ ਖਾਧਾ!”
4ਇਸ ਲਈ ਪਤਰਸ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਕੁਰਨੇਲਿਯੁਸ ਬਾਰੇ ਕੀ ਹੋਇਆ ਸੀ: 5“ਉਸ ਨੇ ਕਿਹਾ, ਮੈਂ ਯਾਪਾ ਸ਼ਹਿਰ ਵਿੱਚ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ ਅਤੇ ਛੱਤ ਦੇ ਉੱਪਰ ਮੈਂ ਇੱਕ ਦਰਸ਼ਨ ਦੇਖਿਆ, ਕਿ ਕੋਈ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਮੇਰੇ ਕੋਲ ਹੇਠਾਂ ਉਤਾਰਿਆ ਗਿਆ। ਜਿੱਥੇ ਮੈਂ ਬੈਠਾ ਹੋਇਆ ਸੀ, ਅਤੇ ਜਿਸ ਦੀਆਂ ਚਾਰ ਨੁੱਕਰਾਂ ਸਨ। 6ਮੈਂ ਉਸ ਵਿੱਚ ਦੇਖਿਆ ਅਤੇ ਧਰਤੀ ਦੇ ਚਾਰ-ਪੈਰਾਂ ਵਾਲੇ ਜੰਗਲੀ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਵੇਖੇ। 7ਫੇਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਕਹਿੰਦੀ ਸੀ, ‘ਹੇ ਪਤਰਸ ਉੱਠ, ਮਾਰ ਅਤੇ ਖਾ।’
8“ਮੈਂ ਜਵਾਬ ਦਿੱਤਾ, ‘ਕਦੇ ਵੀ ਨਹੀਂ ਪ੍ਰਭੂ ਜੀ! ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਜਾਂ ਅਪਵਿੱਤਰ ਚੀਜ਼ ਨਹੀਂ ਗਈ।’
9“ਅਕਾਸ਼ ਵਿੱਚੋਂ ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, ‘ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।’ ” 10ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫੇਰ ਉਹ ਵੱਡੀ ਚਾਦਰ ਮੁੜ ਕੇ ਅਕਾਸ਼ ਵੱਲ ਖਿੱਚੀ ਗਈ।
11“ਉਸੇ ਵਕਤ ਹੀ, ਉਹ ਤਿੰਨ ਆਦਮੀ, ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਕੈਸਰਿਆ ਤੋਂ ਭੇਜਿਆ ਸੀ, ਉਸ ਘਰ ਦੇ ਸਾਹਮਣੇ ਆ ਰੁਕੇ ਜਿੱਥੇ ਮੈਂ ਰਹਿ ਰਿਹਾ ਸੀ। 12ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੈਨੂੰ ਉਨ੍ਹਾਂ ਨਾਲ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਉਹ ਯਹੂਦੀ ਨਾ ਹੋਣ। ਯਾਪਾ ਦੇ ਇਹ ਛੇ ਭਾਈਬੰਦ ਵਿਸ਼ਵਾਸੀ ਮੇਰੇ ਨਾਲ ਕੈਸਰਿਆ ਗਏ ਅਤੇ ਫ਼ਿਰ ਅਸੀਂ ਉਸ ਗ਼ੈਰ-ਯਹੂਦੀ ਆਦਮੀ ਦੇ ਘਰ ਗਏ। 13ਕੁਰਨੇਲਿਯੁਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਪਵਿੱਤਰ ਸਵਰਗਦੂਤ ਪ੍ਰਗਟ ਹੁੰਦਾ ਵੇਖਿਆ ਅਤੇ ਜਿਸ ਨੇ ਕਿਹਾ, ‘ਯਾਪਾ ਵਿੱਚ ਸ਼ਿਮਓਨ ਜਿਹੜਾ ਪਤਰਸ ਕਹਾਉਂਦਾ ਹੈ, ਆਪਣੇ ਘਰ ਲਿਆਉਣ ਲਈ ਸੱਦਾ ਭੇਜ। 14ਉਹ ਤੁਹਾਡੇ ਲਈ ਇੱਕ ਬਚਨ ਲੈ ਕੇ ਆਵੇਗਾ, ਜਿਸ ਦੇ ਜ਼ਰੀਏ ਤੂੰ ਅਤੇ ਤੇਰਾ ਸਾਰਾ ਪਰਿਵਾਰ ਬਚਾਇਆ ਜਾਵੇਗਾ।’
15“ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਪਵਿੱਤਰ ਆਤਮਾ ਉਨ੍ਹਾਂ ਉੱਤੇ ਉਤਰਿਆ ਜਿਵੇਂ ਉਹ ਸ਼ੁਰੂ ਵਿੱਚ ਸਾਡੇ ਤੇ ਆਇਆ ਸੀ। 16ਫਿਰ ਮੈਨੂੰ ਉਹ ਬਚਨ ਯਾਦ ਆਇਆ ਜੋ ਪ੍ਰਭੂ ਨੇ ਕਿਹਾ ਸੀ: ‘ਕਿ ਯੋਹਨ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17ਪਰਮੇਸ਼ਵਰ ਨੇ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ਉਹੀ ਪਵਿੱਤਰ ਆਤਮਾ ਦਿੱਤਾ ਜੋ ਉਸ ਨੇ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਦਿੱਤਾ, ਮੈਂ ਪਰਮੇਸ਼ਵਰ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਉਸ ਨੇ ਗਲਤ ਕੀਤਾ ਹੈ ਜਦੋਂ ਉਸ ਨੇ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੱਤਾ?”
18ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਾ ਹੋਇਆ ਅਤੇ ਉਨ੍ਹਾਂ ਨੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਕਿਹਾ, “ਤਾਂ ਫਿਰ ਪਰਾਈਆਂ ਕੌਮਾਂ ਨੂੰ ਵੀ ਪਰਮੇਸ਼ਵਰ ਨੇ ਤੋਬਾ ਕਰਨ ਦੀ ਦਾਤ ਬਖਸ਼ੀ ਜਿਹੜੀ ਜ਼ਿੰਦਗੀ ਵੱਲ ਨੂੰ ਲੈ ਜਾਂਦੀ ਹੈ।”
ਅੰਤਾਕਿਆ ਵਿੱਚ ਕਲੀਸਿਆ
19ਉਪਰੰਤ ਉਹ ਲੋਕ ਜਿਹੜੇ ਉਸ ਬਿਪਤਾ ਤੋਂ ਜਦ ਸਟੀਫਨ ਮਾਰਿਆ ਗਿਆ ਸੀ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ ਪ੍ਰਾਂਤ, ਸਾਈਪ੍ਰਸ ਟਾਪੂ ਅਤੇ ਅੰਤਾਕਿਆ ਸ਼ਹਿਰ ਤੱਕ ਫਿਰਦਿਆਂ ਹੋਇਆ ਯਹੂਦੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ। 20ਪਰ ਉਨ੍ਹਾਂ ਵਿੱਚੋਂ ਕੁਝ ਸਾਈਪ੍ਰਸ ਅਤੇ ਕੁਰੇਨੀਆਂ ਦੇ ਆਦਮੀ ਅੰਤਾਕਿਆ ਗਏ ਅਤੇ ਯੂਨਾਨੀਆਂ ਨਾਲ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਭੂ ਯਿਸ਼ੂ ਬਾਰੇ ਖੁਸ਼ਖ਼ਬਰੀ ਸੁਣਾਈ। 21ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ, ਅਤੇ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਯਿਸ਼ੂ ਨੂੰ ਸਵੀਕਾਰ ਕੀਤਾ।
22ਇਸ ਦੀ ਖ਼ਬਰ ਯੇਰੂਸ਼ਲੇਮ ਦੀ ਕਲੀਸਿਆ ਤੱਕ ਪਹੁੰਚੀ ਅਤੇ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਆ ਭੇਜਿਆ। 23ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਵਿਸ਼ਵਾਸ ਕਰਨ ਵਾਲਿਆਂ ਉੱਤੇ ਬੜੀ ਵੱਡੀ ਕਿਰਪਾ ਕੀਤੀ। ਇਸ ਲਈ ਉਹ ਬਹੁਤ ਖੁਸ਼ ਸੀ, ਅਤੇ ਉਸ ਨੇ ਲਗਾਤਾਰ ਸਾਰੇ ਵਿਸ਼ਵਾਸੀਆਂ ਨੂੰ ਪ੍ਰਭੂ ਯਿਸ਼ੂ ਉੱਤੇ ਦਿਲ ਤੋਂ ਵਿਸ਼ਵਾਸ ਰੱਖਣ ਲਈ ਉਤਸ਼ਾਹਿਤ ਕੀਤਾ। 24ਉਹ ਇੱਕ ਚੰਗਾ ਆਦਮੀ ਸੀ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸ਼ੂ ਦੇ ਉੱਤੇ ਵਿਸ਼ਵਾਸ ਕੀਤਾ।
25ਫਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26ਸੌਲੁਸ ਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸ ਨੂੰ ਅੰਤਾਕਿਯਾ ਦੇ ਸ਼ਹਿਰ ਲੈ ਗਿਆ, ਉਹ ਦੋਵੇਂ ਉੱਥੇ ਇੱਕ ਸਾਲ ਤੱਕ ਉਸ ਕਲੀਸਿਆ ਵਿੱਚ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਇਹ ਅੰਤਾਕਿਆ ਸ਼ਹਿਰ ਵਿੱਚ ਸੀ ਜਿੱਥੇ ਮਸੀਹ ਯਿਸ਼ੂ ਦੇ ਚੇਲਿਆਂ ਨੂੰ ਪਹਿਲਾਂ ਈਸਾਈ ਕਿਹਾ ਜਾਂਦਾ ਸੀ।
27ਜਦੋਂ ਬਰਨਬਾਸ ਅਤੇ ਸੌਲੁਸ ਅੰਤਾਕਿਆ ਵਿੱਚ ਸਨ, ਅਤੇ ਕੁਝ ਨਿਹਚਾਵਾਨ ਜੋ ਨਬੀ ਸਨ ਉਹ ਯੇਰੂਸ਼ਲੇਮ ਤੋਂ ਉੱਥੇ ਪਹੁੰਚੇ। 28ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ। 29ਜਦੋਂ ਉੱਥੋਂ ਦੇ ਚੇਲਿਆਂ ਨੇ ਆਗਬੁਸ ਦੀ ਗੱਲ ਸੁਣੀ, ਤਾਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ ਫੈਸਲਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। 30ਉਨ੍ਹਾਂ ਨੇ ਉਹ ਪੈਸੇ ਇਕੱਠੇ ਕੀਤੇ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥੀਂ ਯੇਰੂਸ਼ਲੇਮ ਦੀ ਕਲੀਸਿਆ ਦੇ ਆਗੂਆਂ ਨੂੰ ਭੇਜ ਦਿੱਤੇ।

ទើបបានជ្រើសរើសហើយ៖

ਰਸੂਲਾਂ 11: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល