ਰਸੂਲਾਂ 10
10
ਕੁਰਨੇਲਿਯੁਸ ਦੇ ਘਰ ਪਤਰਸ
1ਕੈਸਰਿਆ ਸ਼ਹਿਰ ਵਿੱਚ ਕੁਰਨੇਲਿਯੁਸ ਨਾਮ ਦਾ ਇੱਕ ਆਦਮੀ ਰਹਿੰਦਾ ਸੀ, ਉਹ ਇੱਕ ਸੂਬੇਦਾਰ ਸੀ ਜਿਸ ਨੂੰ ਇਤਾਲਵੀ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਸੀ। 2ਉਹ ਅਤੇ ਉਸ ਦਾ ਸਾਰਾ ਪਰਿਵਾਰ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ#10:2 ਇੱਥੇ, “ਪਰਮੇਸ਼ਵਰ ਤੋਂ ਡਰਨ” ਦਾ ਅਰਥ ਹੈ, “ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ” ਸੀ; ਅਤੇ ਉਸ ਨੇ ਲੋੜਵੰਦਾਂ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਅਤੇ ਨਿਯਮਿਤ ਤੌਰ ਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਸੀ। 3ਇੱਕ ਦਿਨ ਦੁਪਹਿਰ ਦੇ ਤਿੰਨ ਵਜੇ ਉਸ ਨੇ ਇੱਕ ਦਰਸ਼ਨ ਦੇਖਿਆ। ਉਸ ਨੇ ਸਪੱਸ਼ਟ ਤੌਰ ਤੇ ਪਰਮੇਸ਼ਵਰ ਦਾ ਇੱਕ ਸਵਰਗਦੂਤ ਵੇਖਿਆ, ਜੋ ਉਸ ਕੋਲ ਆਇਆ ਅਤੇ ਕਿਹਾ, “ਹੇ ਕੁਰਨੇਲਿਯੁਸ!”
4ਕੁਰਨੇਲਿਯੁਸ ਨੇ ਸਵਰਗਦੂਤ ਵੱਲ ਵੇਖਿਆ ਅਤੇ ਘਬਰਾ ਗਿਆ ਫਿਰ ਉਸ ਨੇ ਡਰ ਦੇ ਹੋਏ ਪੁੱਛਿਆ, “ਪ੍ਰਭੂ ਜੀ, ਤੁਸੀਂ ਕੀ ਚਾਹੁੰਦੇ ਹੋ?”
ਸਵਰਗਦੂਤ ਨੇ ਉੱਤਰ ਦਿੱਤਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਨੂੰ ਦਿੱਤੀਆਂ ਦਾਤਾਂ ਪਰਮੇਸ਼ਵਰ ਦੇ ਅੱਗੇ ਯਾਦਗਾਰੀ ਭੇਟ ਵਜੋਂ ਪਹੁੰਚੇ ਹਨ।” 5ਇਸ ਲਈ, ਹੁਣ ਕੁਝ ਆਦਮੀਆਂ ਨੂੰ ਯਾਪਾ ਸ਼ਹਿਰ ਜਾਣ ਲਈ ਆਦੇਸ਼ ਦੇ ਕਿ ਉਹ ਸ਼ਿਮਓਨ ਨਾਮ ਦੇ ਇੱਕ ਆਦਮੀ ਨੂੰ ਵਾਪਸ ਬੁਲਾ ਕੇ ਲਿਆਉਣ, ਜਿਹੜਾ ਪਤਰਸ ਕਹਾਉਂਦਾ ਹੈ। 6ਉਹ ਇੱਕ ਆਦਮੀ ਦੇ ਨਾਲ ਰਹਿ ਰਿਹਾ ਹੈ, ਜਿਸ ਦਾ ਨਾਮ ਵੀ ਸ਼ਿਮਓਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।
7ਜਦੋਂ ਸਵਰਗਦੂਤ ਕੁਰਨੇਲਿਯੁਸ ਨਾਲ ਗੱਲ ਕਰ ਚੁੱਕਾ, ਤਾਂ ਉਸ ਕੋਲੋ ਚੱਲਿਆ ਗਿਆ, ਤਾਂ ਕੁਰਨੇਲਿਯੁਸ ਨੇ ਆਪਣੇ ਦੋ ਘਰੇਲੂ ਨੌਕਰਾਂ ਅਤੇ ਇੱਕ ਸਿਪਾਹੀ ਨੂੰ ਬੁਲਾਇਆ ਜੋ ਉਸ ਦੀ ਸੇਵਾ ਕਰਦੇ ਸਨ, ਇੱਕ ਉਹ ਸੀ ਜੋ ਪਰਮੇਸ਼ਵਰ ਦੀ ਬੰਦਗੀ ਵੀ ਕਰਦਾ ਸੀ। 8ਉਸ ਨੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਵਾਪਰਿਆ ਸੀ ਅਤੇ ਉਨ੍ਹਾਂ ਨੂੰ ਯਾਪਾ ਭੇਜ ਦਿੱਤਾ।
ਪਤਰਸ ਦਾ ਦਰਸ਼ਨ
9ਅਗਲੇ ਦਿਨ ਦੁਪਿਹਰ ਵੇਲੇ ਜਦੋਂ ਉਹ ਯਾਤਰਾ ਕਰਦੇ ਹੋਏ ਸ਼ਹਿਰ ਵੱਲ ਜਾ ਰਹੇ ਸਨ, ਪਤਰਸ ਪ੍ਰਾਰਥਨਾ ਕਰਨ ਲਈ ਛੱਤ ਦੇ ਉੱਪਰ ਗਿਆ। 10ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਿਹਾ ਸੀ ਉਹ ਬੇਸੁਧ ਹੋ ਗਿਆ। 11ਉਸ ਨੇ ਅਕਾਸ਼ ਖੁੱਲ੍ਹਾ ਵੇਖਿਆ ਅਤੇ ਇੱਕ ਵੱਡੀ ਚਾਦਰ ਵਰਗਾ ਕੁਝ ਅਕਾਸ਼ ਤੋਂ ਧਰਤੀ ਦੀ ਵੱਲ ਉਸ ਕੋਲ ਹੇਠਾਂ ਉਤਾਰਿਆ ਗਿਆ। ਜਿਸ ਦੀਆ ਚਾਰ ਨੁੱਕਰਾਂ ਸਨ। 12ਇਸ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦੇ ਨਾਲ-ਨਾਲ ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਵੀ ਸਨ। 13ਫਿਰ ਇੱਕ ਆਵਾਜ਼ ਨੇ ਉਸ ਨੂੰ ਕਿਹਾ, “ਹੇ ਪਤਰਸ ਉੱਠ, ਮਾਰ ਅਤੇ ਖਾ!”
14ਪਤਰਸ ਨੇ ਜਵਾਬ ਦਿੱਤਾ, ਕਦੇ ਵੀ ਨਹੀਂ, ਪ੍ਰਭੂ ਜੀ! ਮੈਂ ਕਦੇ ਕੁਝ ਅਸ਼ੁੱਧ ਜਾਂ ਅਪਵਿੱਤਰ ਨਹੀਂ ਖਾਧਾ।#10:14 ਬਿਵਸਥਾ ਦੇ ਅਨੁਸਾਰ, ਯਹੂਦੀ ਧਰਮ ਵਿੱਚ ਕੁਝ ਜਾਨਵਰਾਂ ਅਤੇ ਚੀਜ਼ਾਂ ਦੀ ਮਨਾਹੀ ਸੀ। ਉਨ੍ਹਾਂ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ, ਦੇਖੋ ਲੇਵਿ 11:1-47
15ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, “ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।”
16ਇਸੇ ਤਰ੍ਹਾ ਤਿੰਨ ਵਾਰ ਹੋਇਆ, ਅਤੇ ਤੁਰੰਤ ਹੀ ਚਾਦਰ ਅਕਾਸ਼ ਵੱਲ ਵਾਪਸ ਉੱਤੇ ਚੁੱਕੀ ਗਈ।
17ਜਦੋਂ ਪਤਰਸ ਦਰਸ਼ਨ ਦਾ ਅਰਥ ਸਮਝਣ ਬਾਰੇ ਹੈਰਾਨ ਹੋ ਰਿਹਾ ਸੀ, ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਿਮਓਨ ਦਾ ਘਰ ਪੁੱਛਦੇ ਹੋਏ ਬੂਹੇ ਦੇ ਸਾਮ੍ਹਣੇ ਆ ਰੁਕੇ। 18ਉਨ੍ਹਾਂ ਨੇ ਆਵਾਜ਼ ਦੇ ਕੇ ਬੁਲਾਇਆ ਅਤੇ ਪੁੱਛਿਆ ਕਿ ਸ਼ਿਮਓਨ ਜਿਸ ਦਾ ਨਾਮ ਪਤਰਸ ਵੀ ਹੈ ਕਿ ਉਹ ਇੱਥੇ ਹੀ ਹੈ।
19ਜਦੋਂ ਪਤਰਸ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦਰਸ਼ਨ ਦਾ ਅਰਥ ਕੀ ਸੀ, ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਤਿੰਨ ਆਦਮੀ ਇੱਥੇ ਹਨ ਜੋ ਤੈਨੂੰ ਲੱਭ ਰਹੇ ਹਨ। 20ਉੱਠ, ਹੇਠਾਂ ਜਾਓ ਅਤੇ ਬਿਨਾਂ ਝਿਜਕ ਉਨ੍ਹਾਂ ਦੇ ਨਾਲ ਜਾ। ਚਿੰਤਾ ਨਾ ਕਰ, ਕਿਉਂਕਿ ਮੈਂ ਉਨ੍ਹਾਂ ਨੂੰ ਭੇਜਿਆ ਹੈ।”
21ਤਾਂ ਪਤਰਸ ਉਨ੍ਹਾਂ ਆਦਮੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਉਹ ਆਦਮੀ ਹਾਂ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਤੁਸੀਂ ਕਿਉਂ ਆਏ ਹੋ?”
22ਉਨ੍ਹਾਂ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, “ਸਾਨੂੰ ਕੁਰਨੇਲਿਯੁਸ ਸੂਬੇਦਾਰ ਨੇ ਇੱਥੇ ਭੇਜਿਆ ਹੈ। ਉਹ ਇੱਕ ਧਰਮੀ ਅਤੇ ਪਰਮੇਸ਼ਵਰ ਦਾ ਡਰ ਰੱਖਣ ਵਾਲਾ ਆਦਮੀ ਹੈ, ਜਿਸ ਦਾ ਸਾਰੇ ਯਹੂਦੀ ਲੋਕਾਂ ਦੁਆਰਾ ਸਤਿਕਾਰ ਕੀਤਾ ਜਾਂਦਾ ਹੈ। ਇੱਕ ਪਵਿੱਤਰ ਸਵਰਗਦੂਤ ਨੇ ਉਸ ਨੂੰ ਕਿਹਾ, ਕਿ ਉਹ ਤੁਹਾਨੂੰ ਉਸ ਦੇ ਘਰ ਆਉਣ ਲਈ ਬੁਲਾਵੇ ਤਾਂ ਜੋ ਉਹ ਸੁਣ ਸਕੇ ਜੋ ਤੁਸੀਂ ਆਖਣਾ ਹੈ।” 23ਤਦ ਪਤਰਸ ਨੇ ਆਦਮੀਆਂ ਨੂੰ ਉਸ ਦੇ ਮਹਿਮਾਨ ਬਣਨ ਲਈ ਘਰ ਦੇ ਅੰਦਰ ਬੁਲਾਇਆ।
ਕੁਰਨੇਲਿਯੁਸ ਦੇ ਘਰ ਪਤਰਸ ਦਾ ਆਓਣਾ,
ਅਗਲੇ ਦਿਨ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਆਦਮੀਆਂ ਨਾਲ ਚਲਾ ਗਿਆ। ਯਾਪਾ ਸ਼ਹਿਰ ਦੇ ਕਈ ਭਰਾ ਉਸ ਦੇ ਨਾਲ ਗਏ। 24ਅਗਲੇ ਦਿਨ ਉਹ ਕੈਸਰਿਆ ਪਹੁੰਚੇ। ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਨੂੰ ਵੀ ਆਪਣੇ ਘਰ ਆਉਣ ਲਈ ਬੁਲਾਇਆ ਸੀ, ਇਸ ਲਈ ਉਹ ਵੀ ਉੱਥੇ ਸਨ। 25ਜਦੋਂ ਪਤਰਸ ਘਰ ਦੇ ਅੰਦਰ ਵੜਿਆ, ਕੁਰਨੇਲਿਯੁਸ ਉਸਨੂੰ ਮਿਲਿਆ ਅਤੇ ਆਦਰ ਨਾਲ ਉਸਦੇ ਪੈਰਾਂ ਤੇ ਡਿੱਗ ਪਿਆ। 26ਪਰ ਪਤਰਸ ਨੇ ਉਸ ਨੂੰ ਉਠਾਇਆ ਅਤੇ ਕਿਹਾ, “ਉੱਠ ਖੜ੍ਹਾ ਹੋ, ਮੈਂ ਤਾਂ ਸਿਰਫ ਇੱਕ ਆਦਮੀ ਹੀ ਹਾਂ।”
27ਜਦੋਂ ਉਹ ਉਸ ਨਾਲ ਗੱਲ ਕਰ ਰਿਹਾ ਸੀ, ਤਾਂ ਪਤਰਸ ਅੰਦਰ ਗਿਆ ਅਤੇ ਉਸਨੇ ਲੋਕਾਂ ਦਾ ਇੱਕ ਵੱਡਾ ਸਮੂਹ ਵੇਖਿਆ। 28ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੋ ਕਿ ਯਹੂਦੀ ਆਦਮੀ ਨੂੰ ਕਿਸੇ ਪਰਾਈ ਕੌਮ ਵਾਲੇ ਨਾਲ ਮੇਲ-ਮਿਲਾਪ ਰੱਖਣਾ ਜਾਂ ਉਹ ਦੇ ਘਰ ਜਾਣਾ ਮਨਾ ਹੈ, ਅਤੇ ਸਾਡੇ ਕਾਨੂੰਨ ਦੇ ਵਿਰੁੱਧ ਹੈ। ਪਰ ਪਰਮੇਸ਼ਵਰ ਨੇ ਮੈਨੂੰ ਦਿਖਾਇਆ ਹੈ ਕਿ ਮੈਨੂੰ ਕਿਸੇ ਨੂੰ ਅਸ਼ੁੱਧ ਜਾਂ ਮਾੜਾ ਨਾ ਆਖਾਂ। 29ਇਸ ਲਈ ਜਦੋਂ ਮੈਨੂੰ ਬੁਲਾਇਆ ਗਿਆ, ਤਾਂ ਮੈਂ ਉਸੇ ਵੇਲੇ ਬਿਨਾਂ ਕੋਈ ਇਤਰਾਜ਼ ਦੇ ਉੱਠ ਕੇ ਚਲਾ ਆਇਆ। ਕੀ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕਿ ਤੁਸੀਂ ਮੈਨੂੰ ਕਿਉਂ ਬੁਲਾਇਆ?”
30ਕੁਰਨੇਲਿਯੁਸ ਨੇ ਜਵਾਬ ਦਿੱਤਾ, “ਤਿੰਨ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਦੁਪਹਿਰ ਦੇ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ। ਅਚਾਨਕ ਚਮਕਦੇ ਕੱਪੜਿਆਂ ਵਿੱਚ ਇੱਕ ਆਦਮੀ ਮੇਰੇ ਸਾਮ੍ਹਣੇ ਆਣ ਖਲੋਤਾ। 31ਅਤੇ ਉਸ ਨੇ ਮੈਨੂੰ ਕਿਹਾ, ‘ਹੇ ਕੁਰਨੇਲਿਯੁਸ, ਪਰਮੇਸ਼ਵਰ ਨੇ ਤੇਰੀਆਂ ਪ੍ਰਾਰਥਨਾਵਾਂ ਸੁਣੀਆਂ ਹਨ ਅਤੇ ਤੇਰੀਆਂ ਗਰੀਬਾਂ ਨੂੰ ਦਿੱਤੀਆਂ ਦਾਤਾਂ ਵੀ ਯਾਦ ਕੀਤੀਆਂ ਹਨ। 32ਇਸ ਲਈ ਕਿਸੇ ਨੂੰ ਯਾਪਾ ਵਿੱਚ ਸ਼ਿਮਓਨ ਕੋਲ ਭੇਜ ਜਿਹੜਾ ਪਤਰਸ ਕਹਾਉਂਦਾ ਹੈ। ਉਹ ਸ਼ਿਮਓਨ ਦੇ ਘਰ ਮਹਿਮਾਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।’ 33ਇਸ ਲਈ ਮੈਂ ਉਸੇ ਵੇਲੇ ਕੁਝ ਆਦਮੀਆਂ ਨੂੰ ਤੁਹਾਡੇ ਕੋਲ ਭੇਜਿਆ ਅਤੇ ਤੁਸੀਂ ਚੰਗਾ ਕੀਤਾ ਜੋ ਤੁਸੀਂ ਇੱਥੇ ਆਏ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਉਹ ਸਾਰਿਆਂ ਗੱਲਾਂ ਸੁਣਨ ਲਈ ਜਿਹੜੀਆਂ ਪ੍ਰਭੂ ਨੇ ਤੈਨੂੰ ਆਦੇਸ਼ ਕੀਤੀਆਂ ਸਾਨੂੰ ਸੁਣਾਉਣ ਲਈ।”
34ਫਿਰ ਪਤਰਸ ਨੇ ਬੋਲਣਾ ਸ਼ੁਰੂ ਕੀਤਾ: “ਮੈਨੂੰ ਹੁਣ ਅਹਿਸਾਸ ਹੋਇਆ ਕਿ ਇਹ ਕਿੰਨਾ ਸੱਚ ਹੈ, ਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦਾ ਹੈ। 35ਪਰ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਸਹੀ ਕੰਮ ਕਰਦਾ ਹੈ ਉਹ ਉਸ ਵਿਅਕਤੀ ਨੂੰ ਸਵੀਕਾਰ ਕਰਦਾ ਹੈ 36ਤੁਸੀਂ ਜਾਣਦੇ ਹੋ ਕਿ ਜਿਹੜਾ ਬਚਨ ਪਰਮੇਸ਼ਵਰ ਨੇ ਇਸਰਾਏਲ ਦੇ ਲੋਕਾਂ ਨੂੰ ਭੇਜਿਆ, ਜਦੋਂ ਯਿਸ਼ੂ ਮਸੀਹ ਦੇ ਵਸੀਲੇ ਤੋਂ ਜੋ ਸਭਨਾਂ ਦਾ ਪ੍ਰਭੂ ਹੈ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ। 37ਤੁਸੀਂ ਆਪ ਹੀ ਉਸ ਬਚਨ ਨੂੰ ਜਾਣਦੇ ਹੋ ਜਿਹੜਾ ਯੋਹਨ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਤੋਂ ਬਾਅਦ, ਗਲੀਲੀ ਪ੍ਰਾਂਤ ਤੋਂ ਲੈ ਕੇ ਸਾਰੇ ਯਹੂਦਿਯਾ ਪ੍ਰਾਂਤ ਵਿੱਚ ਫੈਲ ਗਿਆ। 38ਤੁਸੀਂ ਨਾਜ਼ਰੇਥ ਦੇ ਯਿਸ਼ੂ ਨੂੰ ਜਾਣਦੇ ਹੋ, ਕਿਵੇਂ ਪਰਮੇਸ਼ਵਰ ਨੇ ਉਹ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਦੁਸ਼ਟ ਦੇ ਜਕੜੇ ਹੋਏ ਸਨ, ਉਹਨਾਂ ਨੂੰ ਚੰਗਾ ਕਰਦਾ ਸੀ ਕਿਉਂ ਜੋ ਪਰਮੇਸ਼ਵਰ ਉਹ ਦੇ ਨਾਲ ਸੀ।
39“ਅਸੀਂ ਉਸ ਹਰ ਕੰਮ ਦੇ ਗਵਾਹ ਹਾਂ ਜੋ ਉਸ ਨੇ ਯਹੂਦੀਆਂ ਦੇ ਦੇਸ਼ ਅਤੇ ਯੇਰੂਸ਼ਲੇਮ ਵਿੱਚ ਕੀਤੇ ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਲਟਕਾਅ ਕੇ ਮਾਰ ਦਿੱਤਾ। 40ਪਰ, ਪਰਮੇਸ਼ਵਰ ਨੇ ਉਸ ਨੂੰ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਪਰਗਟ ਕੀਤਾ। 41ਸਾਰਿਆਂ ਲੋਕਾਂ ਉੱਤੇ ਨਹੀਂ, ਪਰ ਉਨ੍ਹਾਂ ਗਵਾਹਾਂ ਉੱਤੇ ਜਿਹੜੇ ਪਹਿਲਾਂ ਤੋਂ ਹੀ ਪਰਮੇਸ਼ਵਰ ਦੇ ਚੁਣੇ ਹੋਏ ਸਨ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ, ਉਸ ਦੇ ਨਾਲ ਖਾਧਾ ਪੀਤਾ। 42ਉਸ ਨੇ ਸਾਨੂੰ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਗਵਾਹੀ ਦੇਣ ਦਾ ਹੁਕਮ ਦਿੱਤਾ ਕਿ ਯਿਸ਼ੂ ਉਹੀ ਹੈ ਜਿਸ ਨੂੰ ਪਰਮੇਸ਼ਵਰ ਨੇ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਨਿਯੁਕਤ ਕੀਤਾ ਹੋਇਆ ਹੈ। 43ਸਾਰੇ ਨਬੀਆਂ ਨੇ ਯਿਸ਼ੂ ਬਾਰੇ ਗਵਾਹੀ ਦਿੱਤੀ ਕਿ ਹਰੇਕ ਜਿਹੜਾ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦੇ ਨਾਮ ਰਾਹੀਂ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਦਾ ਹੈ।”
44ਜਦੋਂ ਪਤਰਸ ਅਜੇ ਇਹ ਬਚਨ ਬੋਲ ਹੀ ਰਿਹਾ ਸੀ, ਕਿ ਪਵਿੱਤਰ ਆਤਮਾ ਉਨ੍ਹਾਂ ਸਾਰਿਆਂ ਉੱਤੇ ਉਤਰਿਆ, ਜੋ ਬਚਨ ਨੂੰ ਸੁਣਦੇ ਸਨ। 45ਸੁੰਨਤ ਕੀਤੇ ਹੋਏ ਵਿਸ਼ਵਾਸਯੋਗ ਜੋ ਪਤਰਸ ਦੇ ਨਾਲ ਆਏ ਸਨ, ਹੈਰਾਨ ਸਨ ਕਿ ਪਵਿੱਤਰ ਆਤਮਾ ਦੀ ਦਾਤ ਗ਼ੈਰ-ਯਹੂਦੀਆਂ ਉੱਤੇ ਵੀ ਵਹਾਇਆ ਗਿਆ ਹੈ। 46ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਦੇ ਅਤੇ ਪਰਮੇਸ਼ਵਰ ਦੀ ਉਸਤਤ ਕਰਦਿਆਂ ਸੁਣਿਆ।
ਫਿਰ ਪਤਰਸ ਨੇ ਘੋਸ਼ਿਤ ਕੀਤਾ, 47“ਨਿਸ਼ਚਿਤ ਤੌਰ ਤੇ ਕੋਈ ਵੀ ਉਨ੍ਹਾਂ ਨੂੰ ਪਾਣੀ ਨਾਲ ਬਪਤਿਸਮਾ ਲੈਣ ਤੋਂ ਰੋਕ ਨਹੀਂ ਸਕਦਾ, ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਹੈ, ਜਿਵੇਂ ਕਿ ਸਾਡੇ ਕੋਲ ਹੈ।” 48ਇਸ ਲਈ ਉਸ ਨੇ ਹੁਕਮ ਦਿੱਤਾ ਕਿ ਉਹ ਯਿਸ਼ੂ ਮਸੀਹ ਦੇ ਨਾਮ ਤੇ ਬਪਤਿਸਮਾ ਲੈਣ। ਤਦ ਉਨ੍ਹਾਂ ਨੇ ਪਤਰਸ ਨੂੰ ਕੁਝ ਦਿਨ ਹੋਰ ਉਨ੍ਹਾਂ ਨਾਲ ਰਹਿਣ ਲਈ ਬੇਨਤੀ ਕੀਤੀ।
ទើបបានជ្រើសរើសហើយ៖
ਰਸੂਲਾਂ 10: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.