ਰੋਮਿਆਂ 2
2
ਪਾਪ ਦੇ ਲਈ ਪਰਮੇਸ਼ਵਰ ਦਾ ਨਿਆਂ
1ਇਸ ਲਈ, ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਜੋ ਤੁਸੀਂ ਕਿਸੇ ਹੋਰ ਉੱਤੇ ਦੋਸ਼ ਲਾਉਂਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਦੂਸਰੇ ਤੇ ਦੋਸ਼ ਲਾਉਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹੋ, ਕਿਉਂਕਿ ਤੁਸੀਂ ਜੋ ਦੋਸ਼ ਲਾਉਂਦੇ ਹੋ ਉਹੀ ਗੱਲਾਂ ਨੂੰ ਕਰਦੇ ਹੋ। 2ਹੁਣ ਅਸੀਂ ਜਾਣਦੇ ਹਾਂ ਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਦੇ ਵਿਰੁੱਧ ਪਰਮੇਸ਼ਵਰ ਦਾ ਨਿਆਂ ਸੱਚਾਈ ਦੇ ਅਧਾਰ ਉੱਤੇ ਆਉਂਦਾ ਹੈ। 3ਇਸ ਲਈ ਜਦੋਂ ਤੁਸੀਂ, ਇੱਕ ਇਨਸਾਨ ਹੁੰਦੇ ਹੋਏ ਉਹਨਾਂ ਉੱਤੇ ਦੋਸ਼ ਲਓ ਅਤੇ ਫਿਰ ਵੀ ਇਹੋ ਕੰਮ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਤੋਂ ਬਚ ਜਾਓਗੇ? 4ਜਾਂ ਕੀ ਤੁਸੀਂ ਪਰਮੇਸ਼ਵਰ ਦੀ ਦਯਾ, ਧੀਰਜ ਅਤੇ ਸਬਰ ਦੀ ਦੌਲਤ ਦਾ ਅਪਮਾਨ ਕਰਦੇ ਹੋ, ਇਹ ਨਹੀਂ ਸਮਝਦੇ ਹੋ ਕਿ ਪਰਮੇਸ਼ਵਰ ਦੀ ਦਇਆ ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ?
5ਪਰ ਤੁਸੀਂ ਆਪਣੀ ਕਠੋਰਤਾਈ ਅਤੇ ਆਪਣੇ ਅਪਸ਼ਚਾਤਾਪੀ ਦਿਲ ਦੇ ਕਾਰਨ, ਉਸ ਦਿਨ ਦੇ ਲਈ ਤੁਸੀਂ ਪਰਮੇਸ਼ਵਰ ਦੇ ਕ੍ਰੋਧ ਨੂੰ ਆਪਣੇ ਵਿਰੁੱਧ ਸੰਭਾਲ ਰਿਹੇ ਹੋ ਜਿਸ ਦਿਨ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਹ ਦਾ ਧਰਮੀ ਨਿਆਂ ਵੀ ਪ੍ਰਗਟ ਹੋਵੇਗਾ। 6“ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫ਼ਲ ਦੇਣਗੇ।#2:6 ਜ਼ਬੂ 62:12; ਕਹਾ 23:12” 7ਉਹਨਾਂ ਲੋਕਾਂ ਲਈ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਸਤਿਕਾਰ ਅਤੇ ਅਮਰਤਾ ਦੀ ਭਾਲ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦੇਣਗੇ। 8ਪਰ ਉਹਨਾਂ ਦੇ ਲਈ ਪਰਮੇਸ਼ਵਰ ਦਾ ਗੁੱਸਾ ਅਤੇ ਕ੍ਰੋਧ ਹੋਵੇਗਾ ਜੋ ਮਤਲਬੀ ਹਨ ਅਤੇ ਜੋ ਸੱਚ ਨੂੰ ਨਹੀਂ ਮੰਨਦੇ ਸਗੋਂ ਬੁਰਾਈ ਦੀ ਪਾਲਣਾ ਕਰਦੇ ਹਨ। 9ਹਰ ਇੱਕ ਮਨੁੱਖ ਲਈ ਕਸ਼ਟ ਅਤੇ ਬਿਪਤਾ ਹੋਵੇਗੀ: ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਲਈ ਅਤੇ ਫਿਰ ਗ਼ੈਰ-ਯਹੂਦੀ ਲਈ। 10ਪਰ ਹਰ ਉਹ ਵਿਅਕਤੀ ਲਈ ਜੋ ਭਲਾਈ ਕਰਦਾ ਹੈ ਉਹ ਮਹਿਮਾ, ਸਤਿਕਾਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ: ਪਹਿਲਾਂ ਯਹੂਦੀ ਲਈ, ਫਿਰ ਗ਼ੈਰ-ਯਹੂਦੀ ਲਈ। 11ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ।#2:11 ਬਿਵ 10:17; 2 ਇਤਿ 19:7
12ਹਰ ਕੋਈ ਜੋ ਬਿਵਸਥਾ ਤੋਂ ਬਿਨ੍ਹਾ ਪਾਪ ਕਰਦਾ ਹੈ, ਉਹ ਵੀ ਬਿਵਸਥਾ ਤੋਂ ਬਿਨ੍ਹਾ ਹੀ ਨਾਸ਼ ਹੋ ਜਾਵੇਗਾ, ਅਤੇ ਹਰ ਉਹ ਵਿਅਕਤੀ ਜੋ ਬਿਵਸਥਾ ਦੇ ਅਧੀਨ ਪਾਪ ਕਰਦਾ ਹੈ, ਬਿਵਸਥਾ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ। 13ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ। 14ਜਦ ਕਿ ਪਰਾਈਆਂ ਕੌਮਾਂ ਕੋਲ ਬਿਵਸਥਾ ਨਹੀਂ ਹੈ, ਪਰ ਉਹ ਕੁਦਰਤੀ ਤੌਰ ਤੇ ਉਹ ਕੰਮ ਕਰਦੇ ਹਨ ਜੋ ਬਿਵਸਥਾ ਵਿੱਚ ਹਨ, ਭਾਵੇਂ ਉਹਨਾਂ ਕੋਲ ਬਿਵਸਥਾ ਨਹੀਂ ਹੈ ਉਹ ਆਪਣੇ ਆਪ ਵਿੱਚ ਇੱਕ ਬਿਵਸਥਾ ਹਨ। 15ਇਸ ਦੇ ਦੁਆਰਾ ਇਹ ਪ੍ਰਗਟ ਹੁੰਦਾ ਹੈ ਕਿ ਬਿਵਸਥਾ ਉਹਨਾਂ ਦੇ ਦਿਲਾਂ ਤੇ ਲਿਖੀ ਹੋਈ ਹੈ, ਉਹਨਾਂ ਦੇ ਜ਼ਮੀਰ ਵੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦੇ ਵਿਚਾਰ ਕਈ ਵਾਰ ਉਹਨਾਂ ਨੂੰ ਆਪੋ ਵਿੱਚ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ। 16ਇਹ ਉਸ ਦਿਨ ਹੋਵੇਗਾ ਜਦੋਂ ਪਰਮੇਸ਼ਵਰ ਮੇਰੀ ਖੁਸ਼ਖ਼ਬਰੀ ਅਨੁਸਾਰ ਯਿਸ਼ੂ ਮਸੀਹ ਦੇ ਰਾਹੀਂ ਲੋਕਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।
ਯਹੂਦੀ ਅਤੇ ਬਿਵਸਥਾ
17ਹੁਣ ਜੇ ਤੁਸੀਂ ਆਪਣੇ ਆਪ ਨੂੰ ਯਹੂਦੀ ਕਹਿੰਦੇ; ਅਤੇ ਜੇ ਤੁਸੀਂ ਬਿਵਸਥਾ ਤੇ ਭਰੋਸਾ ਅਤੇ ਪਰਮੇਸ਼ਵਰ ਤੇ ਘਮੰਡ ਕਰਦੇ ਹੋ; 18ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਅਤੇ ਚੰਗੀਆਂ ਗੱਲਾਂ ਨੂੰ ਜਾਣਦੇ ਹੋ ਕਿਉਂਕਿ ਤੁਹਾਨੂੰ ਇਹ ਦੀ ਸਿੱਖਿਆ ਬਿਵਸਥਾ ਦੁਆਰਾ ਮਿਲੀ ਹੈ; 19ਅਗਰ ਤੁਹਾਨੂੰ ਯਕੀਨ ਹੈ ਕਿ ਤੁਸੀਂ ਅੰਨ੍ਹਿਆਂ ਲਈ ਮਾਰਗ ਦਰਸ਼ਕ ਹੋ ਅਤੇ ਹਨੇਰੇ ਵਿੱਚ ਗੁੰਮ ਚੁੱਕੇ ਲੋਕਾਂ ਲਈ ਚਾਨਣ ਹੋ। 20ਤੁਸੀਂ ਸੋਚਦੇ ਹੋ ਕਿ ਤੁਸੀਂ ਅਣਜਾਣ ਲੋਕਾਂ ਨੂੰ ਸਿਖਾ ਸਕਦੇ ਹੋ ਅਤੇ ਬੱਚਿਆਂ ਨੂੰ ਪਰਮੇਸ਼ਵਰ ਦੇ ਮਾਰਗ ਦੱਸ ਸਕਦੇ ਹੋ। ਕਿਉਂਕਿ ਤੁਸੀਂ ਨਿਸ਼ਚਤ ਹੋ ਕਿ ਪਰਮੇਸ਼ਵਰ ਦੀ ਬਿਵਸਥਾ ਤੁਹਾਨੂੰ ਪੂਰਾ ਗਿਆਨ ਅਤੇ ਸੱਚਾਈ ਦਿੰਦੀ ਹੈ। 21ਤੁਸੀਂ, ਫਿਰ ਜੋ ਦੂਜਿਆਂ ਨੂੰ ਸਿਖਾਉਂਦੇ ਹੋ, ਕੀ ਤੁਸੀਂ ਆਪਣੇ ਆਪ ਨੂੰ ਨਹੀਂ ਸਿਖਾਉਂਦੇ? ਤੁਸੀਂ ਜੋ ਚੋਰੀ ਦੇ ਵਿਰੁੱਧ ਪ੍ਰਚਾਰ ਕਰਦੇ ਹੋ, ਕੀ ਤੁਸੀਂ ਚੋਰੀ ਕਰਦੇ ਹੋ? 22ਤੁਸੀਂ ਜੋ ਕਹਿੰਦੇ ਹੋ ਕਿ ਲੋਕਾਂ ਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਕੀ ਤੁਸੀਂ ਵਿਭਚਾਰ ਕਰਦੇ ਹੋ? ਤੁਸੀਂ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ, ਕੀ ਤੁਸੀਂ ਮੰਦਰਾਂ ਨੂੰ ਨਹੀਂ ਲੁੱਟਦੇ ਹੋ? 23ਤੁਸੀਂ ਲੋਕ ਜੋ ਬਿਵਸਥਾ ਉੱਤੇ ਘਮੰਡ ਕਰਦੇ ਹੋ, ਪਰ ਕੀ ਤੁਸੀਂ ਬਿਵਸਥਾ ਨੂੰ ਤੋੜਦੇ ਹੋ ਅਤੇ ਪਰਮੇਸ਼ਵਰ ਦੀ ਬੇਅਦਬੀ ਕਰਦੇ ਹੋ? 24ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਪਰਾਈਆਂ ਕੌਮਾਂ ਵਿੱਚ ਤੁਹਾਡੇ ਕਾਰਣ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।#2:24 ਯਸ਼ਾ 52:5; ਹਿਜ਼ 36:20 (ਸੈਪਟੁਜਿੰਟ ਦੇਖੋ)”
25ਜੇ ਤੁਸੀਂ ਬਿਵਸਥਾ ਦੀ ਪਾਲਣਾ ਕਰਦੇ ਹੋ ਤਾਂ ਸੁੰਨਤ ਦੀ ਬਹੁਤ ਮਹੱਤਤਾ ਹੈ, ਪਰ ਜੇ ਤੁਸੀਂ ਬਿਵਸਥਾ ਨੂੰ ਤੋੜਦੇ ਹੋ, ਤਾਂ ਤੁਹਾਡੀ ਸੁੰਨਤ ਨਾ ਹੋਣ ਦੇ ਬਰਾਬਰ ਹੈ।#2:25 ਯਿਰ 4:4 26ਇਸ ਲਈ ਜੇਕਰ ਇੱਕ ਅਸੁੰਨਤ ਵਿਅਕਤੀ ਬਿਵਸਥਾ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਤਾਂ ਕੀ ਉਸ ਦਾ ਅਸੁੰਨਤ ਹੋਣਾ ਸੁੰਨਤ ਦੇ ਸਮਾਨ ਨਹੀਂ ਹੈ? 27ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?
28ਕਿਉਂਕਿ ਯਹੂਦੀ ਉਹ ਨਹੀਂ ਜੋ ਸਿਰਫ ਬਾਹਰੀ ਤੌਰ ਤੇ ਹੁੰਦਾ ਹੈ, ਅਤੇ ਨਾ ਹੀ ਸੁੰਨਤ ਉਹ ਹੈ ਜੋ ਸਿਰਫ ਬਾਹਰੀ ਅਤੇ ਸਰੀਰਕ ਹੁੰਦੀ ਹੈ। 29ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸ ਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨਾ ਨਹੀਂ ਹੈ; ਇਸ ਦੀ ਬਜਾਏ, ਇਹ ਦਿਲ ਦੀ ਤਬਦੀਲੀ ਹੈ, ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸ ਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ।
ទើបបានជ្រើសរើសហើយ៖
ਰੋਮਿਆਂ 2: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.