ਰੋਮਿਆਂ 1
1
1ਇਹ ਪੱਤਰ ਪੌਲੁਸ ਦੇ ਵੱਲੋਂ, ਜੋ ਮਸੀਹ ਯਿਸ਼ੂ ਦਾ ਦਾਸ, ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ਵਰ ਦੇ ਦੁਆਰਾ ਉਸ ਦੀ ਖੁਸ਼ਖ਼ਬਰੀ ਲਈ ਵੱਖਰਾ ਕੀਤਾ ਗਿਆ। 2ਖੁਸ਼ਖ਼ਬਰੀ ਜਿਸ ਦਾ ਪਰਮੇਸ਼ਵਰ ਨੇ ਪਹਿਲਾਂ ਹੀ ਨਬੀਆਂ ਦੁਆਰਾ ਪਵਿੱਤਰ ਪੋਥੀਆਂ ਵਿੱਚ ਵਾਅਦਾ ਕੀਤਾ ਸੀ।#1:2 ਮੱਤੀ 21:42; 22:29; 26:54; ਯੋਹ 5:39; 2 ਤਿਮੋ 3:15 3ਇਹ ਖੁਸ਼ਖ਼ਬਰੀ ਉਸ ਦੇ ਪੁੱਤਰ ਦੇ ਬਾਰੇ ਜੋ ਸਰੀਰਕ ਤੌਰ ਤੇ ਦਾਵੀਦ ਦੀ ਵੰਸ਼ ਤੋਂ ਪੈਦਾ ਹੋਇਆ। 4ਅਤੇ ਜਦੋਂ ਉਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ, ਅਤੇ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਨਿਯੁਕਤ ਕੀਤਾ ਗਿਆ ਸੀ। ਉਹ ਯਿਸ਼ੂ ਮਸੀਹ ਹੈ ਅਤੇ ਸਾਡਾ ਪ੍ਰਭੂ ਹੈ। 5ਪਰਮੇਸ਼ਵਰ ਨੇ ਉਸ ਦੇ ਰਾਹੀਂ ਸਾਨੂੰ ਕਿਰਪਾ ਅਤੇ ਰਸੂਲ ਦੀ ਪਦਵੀ ਦਿੱਤੀ ਤਾਂ ਜੋ ਸਾਰੀਆਂ ਪਰਾਈਆਂ ਕੌਮਾਂ ਨੂੰ ਉਸ ਆਗਿਆਕਾਰੀ ਵੱਲ ਬੁਲਾਉਣ ਲਈ ਆਇਆ ਜੋ ਉਸ ਦੇ ਨਾਮ ਦੀ ਖਾਤਿਰ ਵਿਸ਼ਵਾਸ ਦੁਆਰਾ ਆਉਂਦੀ ਹੈ। 6ਅਤੇ ਤੁਸੀਂ ਵੀ ਉਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਹੋ ਜੋ ਯਿਸ਼ੂ ਮਸੀਹ ਦੇ ਹੋਣ ਲਈ ਸੱਦੇ ਗਏ ਹੋ।
7ਰੋਮ ਦੇ ਉਹਨਾਂ ਸਾਰਿਆਂ ਲੋਕਾਂ ਲਈ ਜਿਹੜੇ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਹੋਣ ਲਈ ਬੁਲਾਏ ਗਏ ਹਨ:
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਪੌਲੁਸ ਦੀ ਰੋਮ ਵਿੱਚ ਜਾਣ ਦੀ ਚਾਹਤ
8ਸਭ ਤੋਂ ਪਹਿਲਾਂ, ਮੈਂ ਤੁਹਾਡੇ ਸਾਰਿਆਂ ਲਈ ਯਿਸ਼ੂ ਮਸੀਹ ਦੇ ਰਾਹੀਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੀ ਨਿਹਚਾ ਦੀ ਗੱਲ ਸਾਰੇ ਸੰਸਾਰ ਵਿੱਚ ਕੀਤੀ ਜਾਂਦੀ ਹੈ। 9ਪਰਮੇਸ਼ਵਰ, ਜਿਸ ਦੇ ਪੁੱਤਰ ਦੀ ਖੁਸ਼ਖ਼ਬਰੀ ਦਾ ਮੈਂ ਪੂਰੇ ਦਿਲ ਨਾਲ ਪ੍ਰਚਾਰ ਕਰ ਰਿਹਾ ਹਾਂ, ਮੇਰਾ ਗਵਾਹ ਹੈ ਕਿ ਮੈਂ ਤੁਹਾਨੂੰ ਹਰ ਵੇਲੇ ਯਾਦ ਕਰਦਾ ਹਾਂ, 10ਮੇਰੀਆਂ ਪ੍ਰਾਰਥਨਾਵਾਂ ਵਿੱਚ ਹਰ ਸਮੇਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹੁਣ ਪਰਮੇਸ਼ਵਰ ਦੀ ਮਰਜ਼ੀ ਅਨੁਸਾਰ ਮੇਰੇ ਲਈ ਤੁਹਾਡੇ ਕੋਲ ਆਉਣ ਦਾ ਰਾਹ ਖੁੱਲ੍ਹ ਜਾਵੇ।
11ਮੈਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਨੂੰ ਕੁਝ ਮਜ਼ਬੂਤ ਕਰਨ ਲਈ ਕੁਝ ਆਤਮਿਕ ਦਾਨ ਦੇ ਸਕਾਂ। 12ਇਹ ਇਸ ਲਈ ਹੈ ਤਾਂ ਜੋ ਕਿ ਤੁਸੀਂ ਅਤੇ ਮੈਂ ਇੱਕ-ਦੂਜੇ ਦੀ ਨਿਹਚਾ ਦੁਆਰਾ ਉਤਸ਼ਾਹਿਤ ਹੋ ਸਕੀਏ। 13ਭਰਾਵੋ ਅਤੇ ਭੈਣੋ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ, ਕਿ ਮੈਂ ਤੁਹਾਡੇ ਕੋਲ ਆਉਣ ਦੀ ਕਈ ਵਾਰ ਯੋਜਨਾ ਬਣਾਈ ਸੀ (ਪਰ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਤੋਂ ਰੁਕਿਆ ਰਿਹਾ) ਤਾਂ ਜੋ ਮੈਂ ਤੁਹਾਡੇ ਵਿੱਚ ਇੱਕ ਫ਼ਲ ਪ੍ਰਾਪਤ ਕਰ ਸਕਾਂ, ਜਿਵੇਂ ਮੈਂ ਪਰਾਈਆਂ ਕੌਮਾਂ ਵਿੱਚ ਪ੍ਰਾਪਤ ਕੀਤਾ ਹੈ।
14ਮੈਂ ਯੂਨਾਨੀਆਂ ਅਤੇ ਗ਼ੈਰ-ਯੂਨਾਨੀਆਂ, ਬੁੱਧੀਮਾਨਾਂ ਅਤੇ ਮੂਰਖਾਂ ਦੋਵਾਂ ਲਈ ਜ਼ਿੰਮੇਵਾਰ ਹਾਂ। 15ਇਹੀ ਕਾਰਣ ਹੈ ਕਿ ਮੈਂ ਤੁਹਾਡੇ ਲਈ ਵੀ ਜਿਹੜੇ ਰੋਮ ਵਿੱਚ ਰਹਿੰਦੇ ਹਨ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਚਾਹਵਾਨ ਹਾਂ।
16ਮੈਂ ਖੁਸ਼ਖ਼ਬਰੀ ਤੋਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਇਹ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਵਿਸ਼ਵਾਸ ਕਰਨ ਵਾਲੇ ਹਰੇਕ ਨੂੰ ਮੁਕਤੀ ਦਿੰਦੀ ਹੈ: ਪਹਿਲਾਂ ਯਹੂਦੀ ਨੂੰ ਅਤੇ ਫਿਰ ਗ਼ੈਰ-ਯਹੂਦੀ ਨੂੰ। 17ਕਿਉਂ ਜੋ ਖੁਸ਼ਖ਼ਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਕੀਤੀ ਗਈ ਹੈ। ਧਾਰਮਿਕਤਾ ਜੋ ਨਿਹਚਾ ਨਾਲ ਸ਼ੁਰੂ ਤੋਂ ਅੰਤ ਤੱਕ ਹੈ, ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।#1:17 ਇਬ 2:4; ਗਲਾ 3:11; ਇਬ 10:38”
ਪਾਪੀ ਮਨੁੱਖਤਾ ਦੇ ਵਿਰੁੱਧ ਪਰਮੇਸ਼ਵਰ ਦਾ ਕ੍ਰੋਧ
18ਸਵਰਗ ਤੋਂ ਉਹਨਾਂ ਲੋਕਾਂ ਦੀਆਂ ਸਾਰੀਆਂ ਕੁਧਰਮੀਆਂ ਅਤੇ ਬੁਰਾਈਆਂ ਵਿਰੁੱਧ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਕੀਤਾ ਜਾ ਰਿਹਾ ਹੈ, ਜੋ ਆਪਣੀ ਬੁਰਾਈ ਨਾਲ ਸੱਚ ਨੂੰ ਦਬਾਉਂਦੇ ਹਨ। 19ਕਿਉਂਕਿ ਜੋ ਕੁਝ ਪਰਮੇਸ਼ਵਰ ਦੇ ਬਾਰੇ ਜਾਣਿਆ ਜਾ ਸਕਦਾ ਹੈ ਉਹ ਸਪੱਸ਼ਟ ਹੈ ਕਿਉਂਕਿ ਪਰਮੇਸ਼ਵਰ ਨੇ ਆਪ ਉਹਨਾਂ ਨੂੰ ਇਹ ਸਪੱਸ਼ਟ ਕੀਤਾ ਹੈ। 20ਜਦੋਂ ਤੋਂ ਇਹ ਸੰਸਾਰ ਬਣਾਇਆ ਗਿਆ ਹੈ, ਲੋਕਾਂ ਨੇ ਧਰਤੀ ਅਤੇ ਅਕਾਸ਼ ਨੂੰ ਵੇਖਿਆ ਹੈ। ਹਰ ਚੀਜ਼ ਦੁਆਰਾ ਜੋ ਪਰਮੇਸ਼ਵਰ ਨੇ ਬਣਾਇਆ ਹੈ, ਉਹ ਉਸਦੇ ਅਦਿੱਖ ਗੁਣਾਂ ਅਤੇ ਉਸਦੀ ਸਦੀਪਕ ਸ਼ਕਤੀ ਅਤੇ ਪਰਮੇਸ਼ਵਰੀ ਸੁਭਾਉ ਨੂੰ ਸਪੱਸ਼ਟ ਤੌਰ ਤੇ ਵੇਖ ਸਕਦੇ ਹਨ। ਇਸ ਲਈ ਉਹਨਾਂ ਕੋਲ ਪਰਮੇਸ਼ਵਰ ਨੂੰ ਨਾ ਜਾਣਨ ਦਾ ਕੋਈ ਬਹਾਨਾ ਨਹੀਂ ਹੈ।
21ਭਾਵੇਂ ਉਹ ਸਭ ਪਰਮੇਸ਼ਵਰ ਨੂੰ ਜਾਣਦੇ ਸਨ, ਉਹਨਾਂ ਨੇ ਨਾ ਤਾਂ ਉਸ ਨੂੰ ਪਰਮੇਸ਼ਵਰ ਹੋਣ ਦੀ ਮਹਿਮਾ ਦਿੱਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਪਰ ਉਹਨਾਂ ਦੀ ਸੋਚ ਵਿਅਰਥ ਹੋ ਗਈ ਅਤੇ ਉਹਨਾਂ ਦੇ ਮੂਰਖ ਦਿਲ ਹਨੇਰਾ ਹੋ ਗਏ। 22ਹਾਲਾਂਕਿ ਉਹਨਾਂ ਨੇ ਬੁੱਧੀਮਾਨ ਹੋਣ ਦਾ ਦਾਅਵਾ ਕੀਤਾ, ਉਹ ਮੂਰਖ ਬਣ ਗਏ। 23ਅਤੇ ਮਹਾਨ ਅਤੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨ ਦੀ ਬਜਾਏ ਉਹਨਾਂ ਨਾਸ਼ ਹੋਣ ਵਾਲੇ ਮਨੁੱਖਾਂ ਦੀਆਂ ਬਣਾਈਆਂ ਮੂਰਤੀਆਂ ਅਤੇ ਪੰਛੀਆਂ ਅਤੇ ਜਾਨਵਰਾਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਨੂੰ ਮਹਿਮਾ ਦਿੱਤੀ।#1:23 ਬਿਵ 4:15-19; ਜ਼ਬੂ 106:20
24ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦਿਲ ਦੀਆਂ ਪਾਪੀ ਇੱਛਾਵਾਂ ਦੇ ਹਵਾਲੇ ਕਰ ਦਿੱਤਾ ਤਾਂ ਜੋ ਉਹ ਆਪੋ ਵਿੱਚ ਸ਼ਰਮਨਾਕ ਕੰਮ ਕਰਕੇ ਆਪਣੇ ਸਰੀਰਾਂ ਨੂੰ ਅਸ਼ੁੱਧ ਕਰਨ। 25ਉਹਨਾਂ ਨੇ ਝੂਠ ਲਈ ਪਰਮੇਸ਼ਵਰ ਦੀ ਸੱਚਾਈ ਨੂੰ ਬਦਲ ਦਿੱਤਾ, ਅਤੇ ਉਹਨਾਂ ਨੇ ਸ਼੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ, ਨਾ ਕਿ ਸ਼੍ਰਿਸ਼ਟੀਕਰਤਾ ਦੀ, ਜੋ ਸਦਾ ਵਡਿਆਈ ਦੇ ਯੋਗ ਹੈ, ਆਮੀਨ।#1:25 ਯਿਰ 13:25; 16:19
26ਇਸ ਕਰਕੇ, ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰਮਨਾਕ ਕਰਨ ਵਾਲੀਆਂ ਇੱਛਾਵਾਂ ਦੇ ਹਵਾਲੇ ਕਰ ਦਿੱਤਾ। ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਭੋਗ ਦੀ ਥਾਂ ਗੈਰ ਕੁਦਰਤੀ ਸੰਭੋਗ ਕਰਨ ਲੱਗੀਆਂ। 27ਇਸੇ ਤਰ੍ਹਾਂ ਆਦਮੀਆਂ ਨੇ ਵੀ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਤਿਆਗ ਦਿੱਤਾ ਅਤੇ ਇੱਕ-ਦੂਜੇ ਨਾਲ ਕਾਮਨਾਵਾਂ ਵਿੱਚ ਜਲਨ ਲੱਗੇ। ਆਦਮੀਆਂ ਨੇ ਦੂਸਰੇ ਆਦਮੀਆਂ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਇਸ ਕਰਕੇ ਆਦਮੀਆਂ ਨੇ ਇਸ ਸ਼ਰਮਨਾਕ ਕੰਮ ਕਾਰਨ ਬਣਦੀ ਸਜ਼ਾ ਪਾਈ।#1:27 ਲੇਵਿ 18:22; 20:13
28ਇਸ ਤੋਂ ਇਲਾਵਾ, ਜਿਵੇਂ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਲੈਣਾ ਲਾਭਦਾਇਕ ਨਹੀਂ ਸਮਝਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਵਿਗੜੇ ਮਨ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਅਜਿਹਾ ਕਰਨ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। 29ਉਹ ਹਰ ਕਿਸਮ ਦੀ ਬਦੀ, ਬੁਰਾਈ, ਲਾਲਚ ਅਤੇ ਭ੍ਰਿਸ਼ਟ ਸੋਚਾਂ ਨਾਲ ਭਰੇ ਹੋਏ ਹਨ। ਉਹ ਈਰਖਾ, ਕਤਲ, ਝਗੜੇ, ਧੋਖੇ ਅਤੇ ਦੁਸ਼ਮਣੀ ਨਾਲ ਭਰੇ ਹੋਏ ਹਨ। ਉਹ ਫੋਕੀਆਂ ਗੱਲਾਂ ਕਰਦੇ ਹਨ। 30ਉਹ ਬਦਨਾਮੀ ਕਰਨ ਵਾਲੇ, ਪਰਮੇਸ਼ਵਰ ਨੂੰ ਨਫ਼ਰਤ ਕਰਨ ਵਾਲੇ, ਜ਼ਾਲਮ, ਘਮੰਡੀ ਅਤੇ ਹੰਕਾਰੀ; ਉਹ ਬੁਰਾਈਆਂ ਕਰਨ ਦੇ ਨਵੇਂ-ਨਵੇਂ ਤਰੀਕਿਆਂ ਨੂੰ ਲੱਭਦੇ ਹਨ; ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ। 31ਉਹਨਾਂ ਕੋਲ ਨਾ ਸਮਝ ਹੈ, ਨਾ ਵਫ਼ਾਦਾਰੀ, ਨਾ ਪਿਆਰ, ਨਾ ਦਯਾ। 32ਹਾਲਾਂਕਿ ਉਹ ਪਰਮੇਸ਼ਵਰ ਦੇ ਧਰਮੀ ਆਦੇਸ਼ ਨੂੰ ਜਾਣਦੇ ਹਨ ਕਿ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਉਹ ਮੌਤ ਦੇ ਯੋਗ ਹਨ, ਉਹ ਅਜਿਹੇ ਕੰਮ ਨਾ ਸਿਰਫ ਖ਼ੁਦ ਕਰਦੇ ਹਨ, ਸਗੋਂ ਉਨ੍ਹਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਵੀ ਪੂਰਾ ਸਹਿਯੋਗ ਦਿੰਦੇ ਹਨ।
ទើបបានជ្រើសរើសហើយ៖
ਰੋਮਿਆਂ 1: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.