ਮਾਰਕਸ 11
11
ਯਿਸ਼ੂ ਜੀ ਦਾ ਰਾਜਾ ਦੇ ਰੂਪ ਵਿੱਚ ਯੇਰੁਸ਼ੇਲੇਮ ਵਿੱਚ ਦਾਖਲ ਹੋਣਾ
1ਜਦੋਂ ਯਿਸ਼ੂ ਅਤੇ ਉਹ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਯਿਸ਼ੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 2ਉਹਨਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 3ਜੇ ਕੋਈ ਤੁਹਾਨੂੰ ਪੁੱਛੇ, ‘ਜੋ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’ ਤਾਂ ਆਖਣਾ, ‘ਜੋ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ।’ ”
4ਉਹ ਗਏ ਅਤੇ ਉਹਨਾਂ ਨੇ ਗਲੀ ਦੇ ਬਾਹਰ ਇੱਕ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਦੇ ਕੋਲ ਬੰਨ੍ਹਿਆ ਵੇਖਿਆ। ਜਿਵੇਂ ਹੀ ਉਹਨਾਂ ਨੇ ਉਸ ਨੂੰ ਖੋਲ੍ਹਿਆ, 5ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, “ਤੁਸੀਂ ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ?” 6ਉਹਨਾਂ ਨੇ ਉੱਤਰ ਦਿੱਤਾ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ, ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। 7ਜਦੋਂ ਉਹ ਗਧੀ ਦੇ ਬੱਚੇ ਨੂੰ ਯਿਸ਼ੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ, ਯਿਸ਼ੂ ਉਸ ਉੱਤੇ ਬੈਠ ਗਿਆ। 8ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਜਦ ਕਿ ਦੂਸਰੇ ਲੋਕਾਂ ਨੇ ਟਹਿਣੀਆਂ ਨੂੰ ਵਿਛਾਇਆ ਜਿਹੜੀਆਂ ਉਹਨਾਂ ਨੇ ਖੇਤਾਂ ਵਿੱਚੋਂ ਵੱਢੀਆਂ ਸਨ। 9ਜਿਹੜੇ ਅੱਗੇ-ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ,
“ਹੋਸਨਾ!”#11:9 ਹੋਸਨਾ ਇਬਰਾਨੀ ਭਾਸ਼ਾ ਦਾ ਮਤਲਬ ਸਾਨੂੰ ਬਚਾ; ਇੱਕ ਅਰਦਾਸ
“ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”#11:9 ਜ਼ਬੂ 118:25-26
10“ਮੁਬਾਰਕ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!”
“ਹੋਸਨਾ ਉੱਚੇ ਸਵਰਗ ਦੇ ਵਿੱਚ!”
11ਯਿਸ਼ੂ ਯੇਰੂਸ਼ਲੇਮ ਵਿੱਚ ਦਾਖਲ ਹੋਇਆ ਅਤੇ ਹੈਕਲ ਦੇ ਵਿਹੜੇ ਵਿੱਚ ਗਿਆ। ਉਹ ਨੇ ਆਲੇ-ਦੁਆਲੇ ਹਰ ਚੀਜ਼ ਵੱਲ ਵੇਖਿਆ, ਪਰ ਦੇਰ ਹੋਣ ਕਾਰਨ, ਉਹ ਬਾਰ੍ਹਾਂ ਚੇਲਿਆਂ ਨਾਲ ਬੈਥਨੀਆ ਚਲਾ ਗਿਆ।
ਯਿਸ਼ੂ ਦਾ ਇੱਕ ਹੰਜ਼ੀਰ ਦੇ ਦਰੱਖਤ ਨੂੰ ਸਰਾਪ ਦੇਣਾ ਅਤੇ ਹੈਕਲ ਦੀਆਂਂ ਅਦਾਲਤਾਂ ਨੂੰ ਸਾਫ਼ ਕਰਨਾ
12ਅਗਲੇ ਦਿਨ ਜਦੋਂ ਉਹ ਬੈਥਨੀਆ ਤੋਂ ਜਾ ਰਹੇ ਸਨ, ਯਿਸ਼ੂ ਨੂੰ ਭੁੱਖ ਲੱਗੀ। 13ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੇ ਫ਼ਲ ਦੇਣ ਦੀ ਰੁੱਤ ਨਹੀਂ ਸੀ। 14ਤਦ ਉਸਨੇ ਰੁੱਖ ਨੂੰ ਕਿਹਾ, “ਕੋਈ ਤੇਰਾ ਫ਼ਲ ਫੇਰ ਕਦੇ ਨਾ ਖਾਵੇ।” ਅਤੇ ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।
15ਉਹ ਯੇਰੂਸ਼ਲੇਮ ਵਿੱਚ ਆਏ, ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਉੱਥੇ ਵਪਾਰ ਕਰ ਰਹੇ ਸਨ। ਉਹ ਨੇ ਪੈਸਾ ਬਦਲਣ ਵਾਲਿਆਂ ਦੀਆਂਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂਂ ਚੌਂਕੀਆਂ ਉਲਟਾ ਦਿੱਤੀਆਂ, 16ਅਤੇ ਕਿਸੇ ਨੂੰ ਵੀ ਹੈਕਲ ਦੀਆਂਂ ਦਰਬਾਰਾਂ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਾ ਦਿੱਤੀ। 17ਅਤੇ ਜਦੋਂ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਸਨੇ ਕਿਹਾ, “ਕੀ ਇਹ ਵਚਨ ਵਿੱਚ ਨਹੀਂ ਲਿਖਿਆ: ‘ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’?#11:17 ਯਸ਼ਾ 56:7 ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”#11:17 ਯਿਰ 7:11
18ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਇਹ ਸੁਣਿਆ ਅਤੇ ਉਸਨੂੰ ਮਾਰ ਦੇਣ ਦਾ ਰਾਹ ਲੱਭਣ ਲੱਗੇ, ਉਹ ਯਿਸ਼ੂ ਤੋਂ ਡਰਦੇ ਸਨ, ਕਿਉਂਕਿ ਭੀੜ ਉਸ ਦੇ ਉਪਦੇਸ਼ਾਂ ਤੋਂ ਹੈਰਾਨ ਰਹਿ ਗਏ ਸਨ।
19ਜਦੋਂ ਸ਼ਾਮ ਹੋਈ ਤਾਂ ਯਿਸ਼ੂ ਅਤੇ ਉਸਦੇ ਚੇਲੇ ਸ਼ਹਿਰ ਤੋਂ ਬਾਹਰ ਚਲੇ ਗਏ।
20ਸਵੇਰ ਵੇਲੇ, ਜਦੋਂ ਚੇਲੇ ਚੱਲੇ ਆਉਂਦੇ ਸਨ, ਉਹਨਾਂ ਨੇ ਹੰਜ਼ੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਦਿਆਂ ਵੇਖਿਆ। 21ਪਤਰਸ ਨੂੰ ਯਾਦ ਆਇਆ ਅਤੇ ਉਸਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਵੇਖੋ! ਜਿਸ ਹੰਜ਼ੀਰ ਦੇ ਰੁੱਖ ਨੂੰ ਤੁਸੀਂ ਸਰਾਪ ਦਿੱਤਾ ਸੀ, ਉਹ ਸੁੱਕ ਗਿਆ ਹੈ।”
22ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ। 23ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਅਤੇ ਆਪਣੇ ਦਿਲ ਵਿੱਚ ਕੋਈ ਸ਼ੱਕ ਨਾ ਕਰੇ, ਪਰ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋਵੇਗਾ, ਉਹਨਾਂ ਲਈ ਅਜਿਹਾ ਹੋ ਜਾਵੇਗਾ। 24ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ, ਵਿਸ਼ਵਾਸ ਕਰੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਇਹ ਤੁਹਾਡਾ ਹੋਵੇਗਾ। 25ਅਤੇ ਜਦੋਂ ਤੁਸੀਂ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡੇ ਦਿਲ ਵਿੱਚ ਕਿਸੇ ਦੇ ਵਿਰੁੱਧ ਕੁਝ ਹੋਵੇ, ਤਾਂ ਉਹਨਾਂ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਸਵਰਗੀ ਪਿਤਾ ਤੁਹਾਡਿਆਂ ਪਾਪਾਂ ਨੂੰ ਮਾਫ਼ ਕਰੇ। 26ਪਰ ਜੇ ਤੁਸੀਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।”#11:26 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
ਯਿਸ਼ੂ ਦੇ ਅਧਿਕਾਰ ਉੱਤੇ ਪ੍ਰਸ਼ਨ
27ਉਹ ਯੇਰੂਸ਼ਲੇਮ ਵਾਪਸ ਆਏ ਅਤੇ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਘੁੰਮ ਰਿਹਾ ਸੀ ਤਾਂ ਮੁੱਖ ਜਾਜਕ, ਬਿਵਸਥਾ ਦੇ ਉਪਦੇਸ਼ਕ ਅਤੇ ਬਜ਼ੁਰਗ ਉਸ ਦੇ ਕੋਲ ਆਏ। 28ਉਹਨਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
29ਯਿਸ਼ੂ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਮੈਨੂੰ ਉੱਤਰ ਦਿਓ ਅਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30ਮੈਨੂੰ ਦੱਸੋ! ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
31ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 32ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ” ਉਹ ਲੋਕਾਂ ਤੋਂ ਡਰਦੇ ਸਨ, ਕਿਉਂਕਿ ਹਰ ਕੋਈ ਮੰਨਦਾ ਸੀ ਕਿ ਯੋਹਨ ਸੱਚ-ਮੁੱਚ ਇੱਕ ਨਬੀ ਸੀ।
33ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।”
ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਗੱਲਾਂ ਕਰ ਰਿਹਾ ਹਾਂ।”
ទើបបានជ្រើសរើសហើយ៖
ਮਾਰਕਸ 11: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.