ਮਾਰਕਸ 10
10
ਤਲਾਕ
1ਫਿਰ ਯਿਸ਼ੂ ਕਫ਼ਰਨਹੂਮ ਜਗ੍ਹਾ ਨੂੰ ਛੱਡ ਕੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਪਾਰ ਚਲੇ ਗਏ। ਫਿਰ ਲੋਕਾਂ ਦੀ ਇੱਕ ਭੀੜ ਉਸ ਕੋਲ ਆਈ ਅਤੇ ਜਿਵੇਂ ਉਸ ਦਾ ਆਪਣਾ ਦਸਤੂਰ ਸੀ, ਉਸ ਨੇ ਲੋਕਾਂ ਨੂੰ ਉਪਦੇਸ਼ ਦਿੱਤਾ।
2ਕੁਝ ਫ਼ਰੀਸੀ ਆਏ ਅਤੇ ਉਸਨੂੰ ਇਹ ਪੁੱਛ ਕੇ ਪਰਖਿਆ, “ਕੀ ਬਿਵਸਥਾ ਅਨੁਸਾਰ ਮਨੁੱਖ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਜਾਇਜ਼ ਹੈ?”
3ਯਿਸ਼ੂ ਨੇ ਜਵਾਬ ਦਿੱਤਾ, “ਮੋਸ਼ੇਹ ਨੇ ਤੁਹਾਨੂੰ ਕੀ ਆਦੇਸ਼ ਦਿੱਤਾ ਹੈ?”
4ਉਹਨਾਂ ਨੇ ਕਿਹਾ, “ਮੋਸ਼ੇਹ ਨੇ ਇੱਕ ਆਦਮੀ ਨੂੰ ਤਲਾਕ-ਨਾਮਾ ਲਿਖਣ ਅਤੇ ਆਪਣੀ ਪਤਨੀ ਨੂੰ ਤਿਆਗ ਦੇਣ ਦੀ ਆਗਿਆ ਦਿੱਤੀ।”#10:4 ਬਿਵ 24:1
5ਯਿਸ਼ੂ ਨੇ ਜਵਾਬ ਦਿੱਤਾ, “ਕਿਉਂਕਿ ਮੋਸ਼ੇਹ ਨੇ ਤੁਹਾਡੇ ਦਿਲ ਕਠੋਰ ਹੋਣ ਕਰਕੇ ਤੁਹਾਨੂੰ ਇਹ ਹੁਕਮ ਲਿਖੇ ਸਨ। 6ਪਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ,’#10:6 ਉਤ 1:27; ਉਤ 5:2 ਕਰਕੇ ਬਣਾਇਆ। 7‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ, 8ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ।’#10:8 ਉਤ 2:24 9ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।”
10ਜਦੋਂ ਉਹ ਦੁਬਾਰਾ ਘਰ ਵਿੱਚ ਸਨ, ਤਾਂ ਚੇਲਿਆਂ ਨੇ ਯਿਸ਼ੂ ਨੂੰ ਉਸ ਬਾਰੇ ਪੁੱਛਿਆ। 11ਯਿਸ਼ੂ ਨੇ ਜਵਾਬ ਦਿੱਤਾ, “ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਉਸਦੇ ਵਿਰੁੱਧ ਵਿਭਚਾਰ ਕਰਦਾ ਹੈ। 12ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵੀ ਵਿਭਚਾਰ ਕਰਦੀ ਹੈ।”
ਛੋਟੇ ਬੱਚੇ ਅਤੇ ਯਿਸ਼ੂ
13ਕੁੱਝ ਲੋਕ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਹਨਾਂ ਉੱਪਰ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਵੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। 14ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਹੋਏ ਅਤੇ ਉਹ ਨੇ ਚੇਲਿਆਂ ਨੂੰ ਆਖਿਆ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 15ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਂਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਂਗਾ।” 16ਅਤੇ ਉਸ ਨੇ ਬੱਚਿਆਂ ਨੂੰ ਆਪਣੀ ਬਾਹਾਂ ਵਿੱਚ ਫੜ ਲਿਆ, ਉਹਨਾਂ ਉੱਤੇ ਆਪਣੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ।
ਅਮੀਰ ਅਤੇ ਪਰਮੇਸ਼ਵਰ ਦਾ ਰਾਜ
17ਜਦੋਂ ਯਿਸ਼ੂ ਆਪਣੀ ਯਾਤਰਾ ਲਈ ਨਿਕਲ ਪਏ, ਤਾਂ ਇੱਕ ਆਦਮੀ ਉਹਨਾਂ ਵੱਲ ਭੱਜਾ ਆਇਆ ਅਤੇ ਉਸ ਦੇ ਅੱਗੇ ਗੋਡੇ ਟਿਕਾਏ। ਉਸਨੇ ਪੁੱਛਿਆ, “ਹੇ ਉੱਤਮ ਗੁਰੂ ਜੀ, ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?”
18ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਮੈਨੂੰ ਉੱਤਮ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਉੱਤਮ ਨਹੀਂ ਹੈ। 19ਤੁਸੀਂ ਇਨ੍ਹਾਂ ਹੁਕਮਾਂਂ ਨੂੰ ਜਾਣਦੇ ਹੋ: ‘ਕਿ ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਧੋਖਾ ਨਾ ਦੇ, ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰਨਾ।’ ”#10:19 ਕੂਚ 20:12-16; ਬਿਵ 5:16-20
20ਉਸਨੇ ਕਿਹਾ, “ਗੁਰੂ ਜੀ, ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।”
21ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਯਿਸ਼ੂ ਦਾ ਦਿਲ ਪਿਆਰ ਨਾਲ ਭਰ ਗਿਆ। ਯਿਸ਼ੂ ਨੇ ਕਿਹਾ, “ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ, ਜਾ ਅਤੇ ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।”
22ਇਹ ਸੁਣ ਕੇ ਉਸ ਆਦਮੀ ਦਾ ਮੂੰਹ ਢਿੱਲਾ ਹੋ ਗਿਆ। ਉਹ ਉਦਾਸ ਹੋ ਕੇ ਚੱਲਿਆ ਗਿਆ, ਕਿਉਂਕਿ ਉਹ ਇੱਕ ਵੱਡਾ ਧਨਵਾਨ ਸੀ।
23ਯਿਸ਼ੂ ਨੇ ਆਸੇ-ਪਾਸੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ!”
24ਯਿਸ਼ੂ ਦੇ ਸ਼ਬਦ ਸੁਣ ਕੇ ਚੇਲੇ ਹੈਰਾਨ ਰਹਿ ਗਏ। ਪਰ ਯਿਸ਼ੂ ਨੇ ਫੇਰ ਕਿਹਾ, “ਹੇ ਬਾਲਕੋ, ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।”
26ਚੇਲੇ ਹੋਰ ਵੀ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਤਾਂ ਕੌਣ ਬਚਾਇਆ ਜਾ ਸਕਦਾ ਹੈ?”
27ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, “ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਨਹੀਂ; ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।”
28ਤਦ ਪਤਰਸ ਬੋਲਿਆ, “ਅਸੀਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਹੋ ਤੁਰੇ ਹਾਂ!”
29ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਮੇਰੇ ਲਈ ਅਤੇ ਖੁਸ਼ਖ਼ਬਰੀ ਦੀ ਖ਼ਾਤਰ ਆਪਣੇ ਪਰਿਵਾਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਜਾਇਦਾਦ ਨੂੰ ਛੱਡ ਦਿੱਤਾ ਹੋਵੇ 30ਅਤੇ ਉਹ ਸੌ ਗੁਣਾ ਪ੍ਰਾਪਤ ਨਾ ਕਰੇ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ। 31ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਆਖਰੀ ਪਹਿਲੇ ਹੋਣਗੇ।”
ਯਿਸ਼ੂ ਨੇ ਤੀਜੀ ਵਾਰ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ
32ਉਹ ਯੇਰੂਸ਼ਲੇਮ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ। 33“ਵੇਖੋ ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ,” ਉਸਨੇ ਕਿਹਾ, “ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ, 34ਉਹ ਉਸਦਾ ਮਜ਼ਾਕ ਉਡਾਉਣਗੇ ਅਤੇ ਉਹ ਉਸ ਉੱਤੇ ਥੁੱਕਣਗੇ, ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ ਫਿਰ ਉਹ ਤਿੰਨ ਦਿਨਾਂ ਬਾਅਦ ਜੀ ਉੱਠੇਗਾ।”
ਯਾਕੋਬ ਅਤੇ ਯੋਹਨ ਦੀ ਬੇਨਤੀ
35ਤਦ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਯੋਹਨ ਉਸ ਕੋਲ ਆਏ। ਉਹਨਾਂ ਨੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਜੋ ਕੁਝ ਅਸੀਂ ਮੰਗਦੇ ਹਾਂ ਓਹ ਕਰੋ।”
36ਯਿਸ਼ੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”
37ਉਹਨਾਂ ਨੇ ਉੱਤਰ ਦਿੱਤਾ, “ਸਾਡੀ ਇਹ ਇੱਛਾ ਹੈ ਕਿ ਤੇਰੀ ਮਹਿਮਾ ਦੇ ਸਮੇਂ, ਇੱਕ ਤੁਹਾਡੇ ਸੱਜੇ ਅਤੇ ਦੂਸਰਾ ਤੁਹਾਡੇ ਖੱਬੇ ਹੱਥ ਬੈਠੇ।”
38ਯਿਸ਼ੂ ਨੇ ਉਸਨੂੰ ਜਵਾਬ ਦਿੱਤਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ?”
39ਉਹਨਾਂ ਨੇ ਜਵਾਬ ਦਿੱਤਾ, “ਅਸੀਂ ਕਰ ਸਕਦੇ ਹਾਂ।”
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹ ਪਿਆਲਾ ਪੀਓਗੇ ਜੋ ਮੈਂ ਪੀਣਾ ਹੈ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਂਗੇ। 40ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਉਹ ਤਿਆਰ ਕੀਤੀ ਗਈ ਹੈ।”
41ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੋਬ ਅਤੇ ਯੋਹਨ ਉੱਤੇ ਗੁੱਸੇ ਹੋਏ। 42ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਜਿਹਨਾਂ ਨੂੰ ਗ਼ੈਰ-ਯਹੂਦੀਆਂ ਦੇ ਅਧਿਕਾਰੀ ਸਮਝਿਆ ਜਾਂਦਾ ਹੈ ਜੋ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਉੱਚ ਅਧਿਕਾਰੀ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ। 43ਤੁਹਾਡੇ ਵਿੱਚ ਅਜਿਹਾ ਨਾ ਹੋਵੇ। ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, 44ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ, ਉਸਨੂੰ ਸਾਰਿਆਂ ਦਾ ਦਾਸ ਬਣਨਾ ਚਾਹੀਦਾ ਹੈ। 45ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਅੰਨ੍ਹੇ ਬਾਰਤਿਮਈ ਨੇ ਆਪਣੀ ਨਜ਼ਰ ਪਾਈ
46ਫੇਰ ਉਹ ਯੇਰੀਖ਼ੋ ਸ਼ਹਿਰ ਵਿੱਚ ਆਏ। ਜਦੋਂ ਯਿਸ਼ੂ ਅਤੇ ਉਸ ਦੇ ਚੇਲੇ ਇੱਕ ਬਹੁਤ ਵੱਡੀ ਭੀੜ ਦੇ ਨਾਲ ਸ਼ਹਿਰ ਵਿੱਚੋਂ ਬਾਹਰ ਆ ਰਹੇ ਸਨ ਤਾਂ ਇੱਕ ਅੰਨ੍ਹਾ ਆਦਮੀ ਬਾਰਤਿਮਈ, ਜਿਸ ਦੇ ਨਾਮ ਅਰਥ ਹੈ, “ਤਿਮਾਉ ਦਾ ਪੁੱਤਰ,” ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 47ਜਦੋਂ ਉਸਨੇ ਸੁਣਿਆ ਕਿ ਇਹ ਯਿਸ਼ੂ ਨਾਜ਼ਰੇਥ ਹੈ, ਤਾਂ ਉੱਚੀ ਆਵਾਜ਼ ਨਾਲ ਕਹਿਣ ਲੱਗਾ, “ਹੇ ਦਾਵੀਦ ਦੇ ਪੁੱਤਰ, ਹੇ ਯਿਸ਼ੂ ਨਾਸਰੀ ਮੇਰੇ ਉੱਤੇ ਕਿਰਪਾ ਕਰ!”
48ਕਈਆਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਬੋਲਿਆ, “ਹੇ ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!”
49ਯਿਸ਼ੂ ਰੁਕ ਗਿਆ ਅਤੇ ਕਿਹਾ, “ਉਸਨੂੰ ਮੇਰੇ ਕੋਲ ਲਿਆਓ।”
ਤਾਂ ਉਹਨਾਂ ਨੇ ਉਸ ਅੰਨ੍ਹੇ ਆਦਮੀ ਨੂੰ ਕਿਹਾ, “ਹੌਸਲਾ ਰੱਖ! ਉੱਠ! ਉਹ ਤੈਨੂੰ ਬੁਲਾਉਂਦਾ ਹੈ।” 50ਤਾਂ ਉਹ ਆਪਣਾ ਚੋਲਾ ਇੱਕ ਪਾਸੇ ਸੁੱਟਦਿਆਂ ਆਪਣੇ ਪੈਰਾਂ ਤੇ ਛਾਲ ਮਾਰ ਕੇ ਯਿਸ਼ੂ ਕੋਲ ਆਇਆ।
51ਯਿਸ਼ੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ?”
ਅੰਨ੍ਹੇ ਆਦਮੀ ਨੇ ਜਵਾਬ ਦਿੱਤਾ, “ਪ੍ਰਭੂ ਜੀ, ਮੈਂ ਵੇਖਣਾ ਚਾਹੁੰਦਾ ਹਾਂ।”
52ਯਿਸ਼ੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ।” ਉਸੇ ਵੇਲੇ ਉਹ ਵੇਖਣ ਲੱਗਾ ਅਤੇ ਰਾਹ ਵਿੱਚ ਯਿਸ਼ੂ ਦੇ ਮਗਰ ਤੁਰ ਪਿਆ।
ទើបបានជ្រើសរើសហើយ៖
ਮਾਰਕਸ 10: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.