ਉਤਪਤ 46
46
ਯਾਕੋਬ ਮਿਸਰ ਨੂੰ ਗਿਆ
1ਤਦ ਇਸਰਾਏਲ ਆਪਣਾ ਸਭ ਕੁਝ ਲੈ ਕੇ ਚੱਲਿਆ ਅਤੇ ਜਦੋਂ ਉਹ ਬੇਰਸ਼ੇਬਾ ਪਹੁੰਚਿਆ ਤਾਂ ਉਸ ਨੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਈਆਂ।
2ਅਤੇ ਪਰਮੇਸ਼ਵਰ ਨੇ ਰਾਤ ਨੂੰ ਦਰਸ਼ਨ ਵਿੱਚ ਇਸਰਾਏਲ ਨਾਲ ਗੱਲ ਕੀਤੀ ਅਤੇ ਆਖਿਆ, “ਯਾਕੋਬ! ਯਾਕੋਬ!”
ਉਸਨੇ ਜਵਾਬ ਦਿੱਤਾ, “ਮੈਂ ਹਾਜ਼ਰ ਹਾਂ।”
3ਉਸ ਨੇ ਆਖਿਆ, “ਮੈਂ ਪਰਮੇਸ਼ਵਰ, ਤੇਰੇ ਪਿਤਾ ਦਾ ਪਰਮੇਸ਼ਵਰ ਹਾਂ। ਮਿਸਰ ਨੂੰ ਜਾਣ ਤੋਂ ਨਾ ਡਰ, ਕਿਉਂਕਿ ਮੈਂ ਤੁਹਾਨੂੰ ਉੱਥੇ ਇੱਕ ਮਹਾਨ ਕੌਮ ਬਣਾਵਾਂਗਾ। 4ਮੈਂ ਤੁਹਾਡੇ ਨਾਲ ਮਿਸਰ ਨੂੰ ਜਾਵਾਂਗਾ ਅਤੇ ਤੁਹਾਨੂੰ ਉੱਥੋਂ ਜ਼ਰੂਰ ਵਾਪਸ ਲਿਆਵਾਂਗਾ ਅਤੇ ਯੋਸੇਫ਼ ਦਾ ਆਪਣਾ ਹੱਥ ਤੇਰੀਆਂ ਅੱਖਾਂ ਬੰਦ ਕਰੇਗਾ।”
5ਤਦ ਯਾਕੋਬ ਬੇਰਸ਼ੇਬਾ ਛੱਡ ਗਿਆ ਅਤੇ ਇਸਰਾਏਲ ਦੇ ਪੁੱਤਰਾਂ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਉਹਨਾਂ ਗੱਡੀਆਂ ਵਿੱਚ ਲੈ ਲਿਆ ਜੋ ਫ਼ਿਰਾਊਨ ਨੇ ਉਸ ਨੂੰ ਲਿਜਾਣ ਲਈ ਭੇਜੀਆਂ ਸਨ। 6ਇਸ ਲਈ ਯਾਕੋਬ ਅਤੇ ਉਸ ਦੀ ਸਾਰੀ ਅੰਸ ਆਪਣੇ ਪਸ਼ੂਆਂ ਨੂੰ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਕਨਾਨ ਵਿੱਚ ਹਾਸਲ ਕੀਤੀਆਂ ਸਨ, ਆਪਣੇ ਨਾਲ ਲੈ ਕੇ ਮਿਸਰ ਨੂੰ ਗਏ। 7ਯਾਕੋਬ ਆਪਣੇ ਪੁੱਤਰਾਂ ਅਤੇ ਪੋਤਿਆਂ ਅਤੇ ਆਪਣੀਆਂ ਧੀਆਂ ਅਤੇ ਪੋਤੀਆਂ ਨੂੰ ਅਰਥਾਤ ਆਪਣੀ ਸਾਰੀ ਸੰਤਾਨ ਨੂੰ ਆਪਣੇ ਨਾਲ ਮਿਸਰ ਵਿੱਚ ਲਿਆਇਆ।
8ਇਹ ਇਸਰਾਏਲ ਦੇ ਪੁੱਤਰਾਂ (ਯਾਕੋਬ ਅਤੇ ਉਸਦੇ ਉੱਤਰਾਧਿਕਾਰੀ) ਦੇ ਨਾਮ ਹਨ ਜੋ ਮਿਸਰ ਨੂੰ ਗਏ ਸਨ।
ਯਾਕੋਬ ਦਾ ਜੇਠਾ ਪੁੱਤਰ ਰਊਬੇਨ।
9ਰਊਬੇਨ ਦੇ ਪੁੱਤਰ:
ਹਨੋਕ, ਪੱਲੂ, ਹੇਜ਼ਰੋਨ ਅਤੇ ਕਰਮੀ।
10ਸ਼ਿਮਓਨ ਦੇ ਪੁੱਤਰ:
ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।
11ਲੇਵੀ ਦੇ ਪੁੱਤਰ:
ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
12ਯਹੂਦਾਹ ਦੇ ਪੁੱਤਰ:
ਏਰ, ਓਨਾਨ, ਸ਼ੇਲਾਹ, ਪੇਰੇਜ਼ ਅਤੇ ਜ਼ੇਰਾਹ (ਪਰ ਏਰ ਅਤੇ ਓਨਾਨ ਕਨਾਨ ਦੀ ਧਰਤੀ ਵਿੱਚ ਮਰ ਗਏ ਸਨ)।
ਪਰਸ ਦੇ ਪੁੱਤਰ:
ਹੇਜ਼ਰੋਨ ਅਤੇ ਹਾਮੂਲ।
13ਯਿੱਸਾਕਾਰ ਦੇ ਪੁੱਤਰ: ਤੋਲਾ, ਪੁਆਹ, ਯਸ਼ੂਬ ਅਤੇ ਸ਼ਿਮਰੋਨ।
14ਜ਼ਬੂਲੁਨ ਦੇ ਪੁੱਤਰ:
ਸੇਰੇਦ, ਏਲੋਨ ਅਤੇ ਯਹਲੇਲ।
15ਇਹ ਸਾਰੇ ਲੇਆਹ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿੱਚ ਯਾਕੋਬ ਤੋਂ ਪੈਦਾ ਹੋਏ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਇੱਕ ਬੇਟੀ ਦੀਨਾਹ ਵੀ ਸੀ। ਉਸ ਦੇ ਪੁੱਤਰਾਂ ਅਤੇ ਧੀਆਂ ਦੀ ਗਿਣਤੀ ਤੇਂਤੀ ਸੀ।
16ਗਾਦ ਦੇ ਪੁੱਤਰ:
ਸਫ਼ੋਨ, ਹੱਗੀ, ਸ਼ੂਨੀ, ਅਜ਼ਬੋਨ, ਏਰੀ, ਅਰੋਦੀ ਅਤੇ ਅਰੇਲੀ।
17ਆਸ਼ੇਰ ਦੇ ਪੁੱਤਰ:
ਇਮਨਾਹ, ਈਸ਼ਵਾਹ, ਇਸ਼ਵੀ ਅਤੇ ਬਰੀਆਹ। ਉਹਨਾਂ ਦੀ ਭੈਣ ਸੇਰਾਹ ਸੀ।
ਬਰਿਯਾਹ ਦੇ ਪੁੱਤਰ:
ਹੇਬਰ ਅਤੇ ਮਲਕੀਏਲ।
18ਇਹ ਉਹ ਬੱਚੇ ਸਨ ਜੋ ਯਾਕੋਬ ਲਈ ਜ਼ਿਲਫ਼ਾਹ ਤੋਂ ਪੈਦਾ ਹੋਏ ਸਨ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਕੁੱਲ ਮਿਲਾ ਕੇ ਸੋਲਾਂ।
19ਯਾਕੋਬ ਦੀ ਪਤਨੀ ਰਾਖ਼ੇਲ ਦੇ ਪੁੱਤਰ:
ਯੋਸੇਫ਼ ਅਤੇ ਬਿਨਯਾਮੀਨ।
20ਯੋਸੇਫ਼ ਤੋਂ ਮਿਸਰ ਦੇ ਵਿੱਚ ਊਨ ਦੇ ਜਾਜਕ ਪੋਟੀਫੇਰਾ ਦੀ ਧੀ ਆਸਨਾਥ ਨੇ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ।
21ਬਿਨਯਾਮੀਨ ਦੇ ਪੁੱਤਰ: ਬੇਲਾ, ਬੇਕਰ, ਅਸ਼ਬੇਲ, ਗੇਰਾ, ਨਅਮਾਨ, ਏਹੀ, ਰੋਸ਼, ਮੁੱਫੀਮ, ਹੁੱਪੀਮ ਅਤੇ ਅਰਦ ਸਨ।
22ਇਹ ਰਾਖ਼ੇਲ ਦੇ ਪੁੱਤਰ ਸਨ ਜੋ ਯਾਕੋਬ ਤੋਂ ਪੈਦਾ ਹੋਏ ਸਨ, ਕੁੱਲ ਮਿਲਾ ਕੇ ਚੌਦਾਂ।
23ਦਾਨ ਦਾ ਪੁੱਤਰ:
ਹੁਸ਼ੀਮ ਸੀ।
24ਨਫ਼ਤਾਲੀ ਦੇ ਪੁੱਤਰ:
ਯਹਜ਼ੀਏਲ, ਗੁਨੀ, ਯੇਜ਼ਰ ਅਤੇ ਸ਼ਿਲੇਮ।
25ਬਿਲਹਾਹ ਤੋਂ ਯਾਕੋਬ ਦੇ ਇਹ ਕੁੱਲ ਸੱਤ ਪੁੱਤਰ ਪੈਦਾ ਹੋਏ, ਜਿਨ੍ਹਾਂ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ।
26ਯਾਕੋਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ। 27ਯੋਸੇਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜਨਮੇ ਦੋ ਸਨ। ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੋਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਮਨੁੱਖ ਸਨ।
28ਹੁਣ ਯਾਕੋਬ ਨੇ ਆਪਣੇ ਤੋਂ ਪਹਿਲਾਂ ਯਹੂਦਾਹ ਨੂੰ ਯੋਸੇਫ਼ ਕੋਲ ਘੱਲਿਆ ਕਿ ਉਹ ਗੋਸ਼ੇਨ ਵੱਲ ਨਿਰਦੇਸ਼ਨ ਕਰੇ। ਜਦੋਂ ਉਹ ਗੋਸ਼ੇਨ ਦੇ ਇਲਾਕੇ ਵਿੱਚ ਪਹੁੰਚੇ, 29ਯੋਸੇਫ਼ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ੇਨ ਵਿੱਚ ਗਿਆ। ਜਿਵੇਂ ਹੀ ਯੋਸੇਫ਼ ਉਸ ਦੇ ਸਾਹਮਣੇ ਆਇਆ, ਉਸਨੇ ਆਪਣੇ ਪਿਤਾ ਦੇ ਦੁਆਲੇ ਆਪਣੀਆਂ ਬਾਹਾਂ ਸੁੱਟੀਆਂ ਅਤੇ ਬਹੁਤ ਦੇਰ ਤੱਕ ਰੋਇਆ।
30ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਹੁਣ ਮੈਂ ਮਰਨ ਲਈ ਤਿਆਰ ਹਾਂ ਕਿਉਂ ਜੋ ਮੈਂ ਆਪ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ।
31ਤਦ ਯੋਸੇਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਉ ਦੇ ਘਰਾਣੇ ਨੂੰ ਆਖਿਆ, “ਮੈਂ ਉੱਪਰ ਜਾ ਕੇ ਫ਼ਿਰਾਊਨ ਨਾਲ ਗੱਲ ਕਰਾਂਗਾ ਅਤੇ ਉਹ ਨੂੰ ਆਖਾਂਗਾ, ‘ਮੇਰੇ ਭਰਾਵਾਂ ਅਤੇ ਮੇਰੇ ਪਿਤਾ ਦੇ ਘਰਾਣੇ ਨੂੰ ਜਿਹੜੇ ਕਨਾਨ ਦੇਸ਼ ਵਿੱਚ ਰਹਿੰਦੇ ਸਨ, ਮੇਰੇ ਕੋਲ ਆ ਗਏ ਹਨ। 32ਉਹ ਆਦਮੀ ਚਰਵਾਹੇ ਹਨ; ਉਹ ਪਸ਼ੂ ਪਾਲਣ ਵਾਲੇ ਸਨ ਅਤੇ ਆਪਣੇ ਇੱਜੜ, ਅਤੇ ਵੱਗ ਸਭ ਕੁਝ ਨਾਲ ਲੈ ਆਏ ਹਨ ਜੋ ਉਹਨਾਂ ਦਾ ਹੈ।’ 33ਜਦੋਂ ਫ਼ਿਰਾਊਨ ਤੁਹਾਨੂੰ ਅੰਦਰ ਬੁਲਾਵੇ ਅਤੇ ਪੁੱਛੇ, ‘ਤੁਹਾਡਾ ਕੰਮ ਕੀ ਹੈ?’ 34ਤੁਸੀਂ ਇਹ ਉੱਤਰ ਦੇਣਾ, ‘ਤੁਹਾਡੇ ਸੇਵਕ ਬਚਪਨ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਜਿਵੇਂ ਸਾਡੇ ਪਿਉ-ਦਾਦਿਆਂ ਨੇ ਕੀਤਾ ਸੀ।’ ਫਿਰ ਤੁਹਾਨੂੰ ਗੋਸ਼ੇਨ ਦੇ ਇਲਾਕੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਸਾਰੇ ਚਰਵਾਹੇ ਮਿਸਰੀਆਂ ਲਈ ਘਿਣਾਉਣੇ ਹਨ।”
ទើបបានជ្រើសរើសហើយ៖
ਉਤਪਤ 46: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.