ਕੂਚ 3

3
ਮੋਸ਼ੇਹ ਅਤੇ ਬਲਦੀ ਝਾੜੀ
1ਹੁਣ ਮੋਸ਼ੇਹ ਮਿਦਯਾਨ ਦੇ ਜਾਜਕ ਆਪਣੇ ਸਹੁਰੇ ਯਿਥਰੋ ਦੇ ਝੁੰਡ ਦੀ ਦੇਖਭਾਲ ਕਰਦਾ ਸੀ ਅਤੇ ਉਹ ਝੁੰਡ ਨੂੰ ਉਜਾੜ ਦੇ ਦੂਜੇ ਪਾਸੇ ਲੈ ਗਿਆ ਅਤੇ ਪਰਮੇਸ਼ਵਰ ਦੇ ਪਹਾੜ ਹੋਰੇਬ ਕੋਲ ਆਇਆ। 2ਉੱਥੇ ਯਾਹਵੇਹ ਦੇ ਦੂਤ ਨੇ ਝਾੜੀ ਦੇ ਅੰਦਰੋਂ ਅੱਗ ਦੀ ਲਾਟ ਵਿੱਚ ਉਸਨੂੰ ਦਰਸ਼ਣ ਦਿੱਤਾ। ਮੋਸ਼ੇਹ ਨੇ ਦੇਖਿਆ ਕਿ ਭਾਵੇਂ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਉਹ ਸੜਦੀ ਨਹੀਂ ਸੀ। 3ਇਸ ਲਈ ਮੋਸ਼ੇਹ ਨੇ ਸੋਚਿਆ, “ਮੈਂ ਉੱਥੇ ਜਾ ਕੇ ਇਹ ਅਜੀਬ ਨਜ਼ਾਰਾ ਦੇਖਾਂਗਾ ਝਾੜੀ ਕਿਉਂ ਨਹੀਂ ਸੜਦੀ।”
4ਜਦੋਂ ਯਾਹਵੇਹ ਨੇ ਦੇਖਿਆ ਕਿ ਉਹ ਵੇਖਣ ਲਈ ਗਿਆ ਹੈ, ਤਾਂ ਪਰਮੇਸ਼ਵਰ ਨੇ ਝਾੜੀ ਦੇ ਅੰਦਰੋਂ ਉਸਨੂੰ ਬੁਲਾਇਆ, “ਮੋਸ਼ੇਹ! ਮੋਸ਼ੇਹ!”
ਅਤੇ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਹਾਂ।”
5ਪਰਮੇਸ਼ਵਰ ਨੇ ਕਿਹਾ, “ਨੇੜੇ ਨਾ ਆ, ਤੂੰ ਆਪਣੀ ਜੁੱਤੀ ਲਾਹ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ।” 6ਤਦ ਉਸ ਨੇ ਆਖਿਆ, “ਮੈਂ ਤੇਰੇ ਪਿਤਾ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।” ਇਸ ਤੇ ਮੋਸ਼ੇਹ ਨੇ ਆਪਣਾ ਚਿਹਰਾ ਲੁਕਾ ਲਿਆ ਕਿਉਂਕਿ ਉਹ ਪਰਮੇਸ਼ਵਰ ਵੱਲ ਦੇਖਣ ਤੋਂ ਡਰਦਾ ਸੀ।
7ਯਾਹਵੇਹ ਨੇ ਕਿਹਾ, “ਮੈਂ ਮਿਸਰ ਵਿੱਚ ਆਪਣੇ ਲੋਕਾਂ ਦੇ ਦੁੱਖ ਦੇਖੇ ਹਨ। ਮੈਂ ਉਹਨਾਂ ਨੂੰ ਮਿਸਰੀਆ ਦੇ ਕਾਰਨ ਚੀਕਦੇ ਸੁਣਿਆ ਹੈ ਅਤੇ ਮੈਂ ਉਹਨਾਂ ਦੇ ਦੁੱਖਾਂ ਬਾਰੇ ਚਿੰਤਤ ਹਾਂ। 8ਇਸ ਲਈ ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਹੇਠਾਂ ਆਇਆ ਹਾਂ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚੋਂ ਇੱਕ ਚੰਗੀ ਅਤੇ ਵਿਸ਼ਾਲ ਧਰਤੀ ਵਿੱਚ ਲਿਆਵਾਂਗਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਘਰ। 9ਅਤੇ ਹੁਣ ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ ਅਤੇ ਮੈਂ ਦੇਖਿਆ ਹੈ ਕਿ ਮਿਸਰੀ ਕਿਵੇਂ ਉਹਨਾਂ ਉੱਤੇ ਜ਼ੁਲਮ ਕਰਦੇ ਹਨ। 10ਇਸ ਲਈ ਹੁਣ ਤੂੰ ਜਾ ਅਤੇ ਮੈਂ ਤੈਨੂੰ ਫ਼ਿਰਾਊਨ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਮੇਰੀ ਪਰਜਾ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਲਿਆਵੇ।”
11ਪਰ ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, “ਮੈਂ ਕੌਣ ਹਾਂ ਜੋ ਮੈਂ ਫ਼ਿਰਾਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਵਾਂ?”
12ਅਤੇ ਪਰਮੇਸ਼ਵਰ ਨੇ ਆਖਿਆ, “ਮੈਂ ਤੇਰੇ ਨਾਲ ਰਹਾਂਗਾ ਅਤੇ ਤੇਰੇ ਲਈ ਇਹ ਨਿਸ਼ਾਨੀ ਹੋਵੇਗੀ ਕਿ ਮੈਂ ਹੀ ਤੈਨੂੰ ਭੇਜਿਆ ਹੈ: ਜਦੋਂ ਤੂੰ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਵੇਂਗਾ, ਤੂੰ ਇਸ ਪਹਾੜ ਉੱਤੇ ਪਰਮੇਸ਼ਵਰ ਦੀ ਅਰਾਧਨਾ ਕਰੇਂਗਾ।”
13ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, “ਕਿ ਜੇ ਮੈਂ ਇਸਰਾਏਲੀਆਂ ਕੋਲ ਜਾਵਾਂ ਅਤੇ ਉਹਨਾਂ ਨੂੰ ਕਹਾਂ, ‘ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਅਤੇ ਉਹ ਮੈਨੂੰ ਪੁੱਛਣ ਕਿ ਉਸਦਾ ਨਾਮ ਕੀ ਹੈ?’ ਤਾਂ ਮੈਂ ਉਹਨਾਂ ਨੂੰ ਕੀ ਦੱਸਾਂ?”
14ਪਰਮੇਸ਼ਵਰ ਨੇ ਮੋਸ਼ੇਹ ਨੂੰ ਕਿਹਾ, “ਮੈਂ ਉਹ ਹਾਂ ਜੋ ਮੈਂ ਹਾਂ ਅਤੇ ਤੂੰ ਇਸਰਾਏਲੀਆਂ ਨੂੰ ਇਹ ਕਹਿਣਾ ਕਿ ‘ਮੈਂ ਹਾਂ ਜੋ ਮੈਂ ਹਾਂ’ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।”
15ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਇਸਰਾਏਲ ਦੇ ਲੋਕਾਂ ਨੂੰ ਆਖ, ‘ਤੁਹਾਡੇ ਪਿਉ-ਦਾਦਿਆਂ ਦੇ ਪ੍ਰਭੂ#3:15 ਪ੍ਰਭੂ ਅਰਥਾਤ ਯਾਹਵੇਹ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’
“ਇਹ ਮੇਰਾ ਨਾਮ ਸਦਾ ਲਈ ਹੈ,
ਉਹ ਨਾਮ ਜੋ ਤੁਸੀਂ ਮੈਨੂੰ
ਪੀੜ੍ਹੀ ਦਰ ਪੀੜ੍ਹੀ ਬੁਲਾਓਗੇ।
16“ਹੁਣ ਤੂੰ ਜਾ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਅਤੇ ਉਹਨਾਂ ਨੂੰ ਆਖ, ‘ਯਾਹਵੇਹ, ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ਵਰ, ਅਬਰਾਹਾਮ, ਇਸਹਾਕ ਅਤੇ ਯਾਕੋਬ ਦਾ ਪਰਮੇਸ਼ਵਰ, ਮੇਰੇ ਕੋਲ ਪ੍ਰਗਟ ਹੋਇਆ ਅਤੇ ਕਿਹਾ ਕਿ ਮੇਰੀ ਨਿਗਾਹ ਤੁਹਾਡੇ ਤੇ ਹੈ, ਮੈਂ ਤੁਹਾਨੂੰ ਦੇਖਿਆ ਹੈ ਕਿ ਮਿਸਰ ਵਿੱਚ ਤੁਹਾਡੇ ਨਾਲ ਕੀ ਕੀਤਾ ਗਿਆ ਹੈ। 17ਅਤੇ ਮੈਂ ਤੁਹਾਨੂੰ ਮਿਸਰ ਵਿੱਚ ਤੁਹਾਡੇ ਦੁੱਖਾਂ ਵਿੱਚੋਂ ਕੱਢ ਕੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਣ ਦਾ ਇਕਰਾਰ ਕੀਤਾ ਹੈ, ਇੱਕ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।’
18“ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’ 19ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ। 20ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।
21“ਅਤੇ ਮੈਂ ਆਪਣੀ ਪਰਜਾ ਉੱਤੇ ਮਿਸਰੀਆਂ ਕੋਲੋਂ ਦਯਾ ਕਰਵਾਗਾਂ ਤਾਂ ਜਦੋਂ ਤੁਸੀਂ ਉਸ ਦੇਸ਼ ਵਿਚੋਂ ਨਿਕਲੋਂ ਤਾਂ ਤੁਸੀਂ ਖਾਲੀ ਹੱਥ ਨਾ ਜਾਓ। 22ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।”

ទើបបានជ្រើសរើសហើយ៖

ਕੂਚ 3: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល