ਕੂਚ 2
2
ਮੋਸ਼ੇਹ ਦਾ ਜਨਮ
1ਹੁਣ ਲੇਵੀ ਦੇ ਗੋਤ ਦੇ ਇੱਕ ਆਦਮੀ ਨੇ ਇੱਕ ਲੇਵੀ ਔਰਤ ਨਾਲ ਵਿਆਹ ਕੀਤਾ, 2ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਉਸਨੇ ਦੇਖਿਆ ਕਿ ਉਹ ਬਹੁਤ ਸੋਹਣਾ ਬੱਚਾ ਹੈ, ਉਸਨੇ ਬੱਚੇ ਨੂੰ ਤਿੰਨ ਮਹੀਨਿਆਂ ਲਈ ਲੁਕਾ ਕੇ ਰੱਖਿਆ। 3ਪਰ ਜਦੋਂ ਉਹ ਬੱਚੇ ਨੂੰ ਹੋਰ ਲੁਕਾ ਨਾ ਸਕੀ ਤਦ ਉਸਨੇ ਉਸਦੇ ਲਈ ਇੱਕ ਸਰਕੰਢੇ ਦੀ ਟੋਕਰੀ ਲਿਆਂਦੀ ਅਤੇ ਇਸਨੂੰ ਚੀਕਨੀ ਮਿੱਟੀ ਅਤੇ ਰਾਲ ਦੇ ਨਾਲ ਲੇਪ ਕੀਤਾ। ਫਿਰ ਉਸਨੇ ਬੱਚੇ ਨੂੰ ਉਸ ਵਿੱਚ ਰੱਖਿਆ ਅਤੇ ਇਸਨੂੰ ਨੀਲ ਨਦੀ ਦੇ ਕੰਢੇ ਕਾਨੇ ਦੇ ਵਿਚਕਾਰ ਰੱਖ ਦਿੱਤਾ। 4ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।
5ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ। 6ਦਾਸੀ ਨੇ ਟੋਕਰੀ ਨੂੰ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ। ਉਹ ਰੋ ਰਿਹਾ ਸੀ ਅਤੇ ਉਸ ਨੂੰ ਬੱਚੇ ਤੇ ਤਰਸ ਆਇਆ। ਉਸਨੇ ਕਿਹਾ, “ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।”
7ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, “ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?”
8ਫ਼ਿਰਾਊਨ ਦੀ ਧੀ ਨੇ ਜਵਾਬ ਦਿੱਤਾ, “ਹਾਂ, ਜਾਓ।” ਇਸ ਲਈ ਕੁੜੀ ਗਈ ਅਤੇ ਬੱਚੇ ਦੀ ਮਾਂ ਨੂੰ ਲੈ ਆਈ। 9ਫ਼ਿਰਾਊਨ ਦੀ ਧੀ ਨੇ ਉਸਨੂੰ ਕਿਹਾ, “ਇਸ ਬੱਚੇ ਨੂੰ ਲੈ ਜਾ ਅਤੇ ਇਸਨੂੰ ਮੇਰੇ ਲਈ ਦੁੱਧ ਪਿਲਾ ਅਤੇ ਮੈਂ ਤੈਨੂੰ ਮਜ਼ਦੂਰੀ ਦੇ ਦਿਆਂਗੀ।” ਇਸ ਲਈ ਔਰਤ ਨੇ ਬੱਚੇ ਨੂੰ ਚੁੱਕ ਕੇ ਦੁੱਧ ਪਿਲਾਇਆ। 10ਜਦੋਂ ਬੱਚਾ ਵੱਡਾ ਹੋ ਗਿਆ, ਤਾਂ ਉਹ ਉਸਨੂੰ ਫ਼ਿਰਾਊਨ ਦੀ ਧੀ ਕੋਲ ਲੈ ਗਈ ਅਤੇ ਉਹ ਉਸਦਾ ਪੁੱਤਰ ਬਣ ਗਿਆ। ਉਸਨੇ ਉਸਦਾ ਨਾਮ ਇਹ ਆਖ ਕੇ ਮੋਸ਼ੇਹ ਰੱਖਿਆ, “ਕਿ ਮੈਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ।”
ਮੋਸ਼ੇਹ ਮਿਦਿਯਾਨ ਨੂੰ ਭੱਜ ਗਿਆ
11ਜਦੋਂ ਮੋਸ਼ੇਹ ਵੱਡਾ ਹੋ ਗਿਆ, ਇੱਕ ਦਿਨ, ਉਹ ਬਾਹਰ ਗਿਆ ਜਿੱਥੇ ਉਸਦੇ ਆਪਣੇ ਲੋਕ ਸਨ ਅਤੇ ਉਸਨੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ ਨੂੰ ਕੁੱਟਦੇ ਹੋਏ ਦੇਖਿਆ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਇੱਕ ਸੀ। 12ਇਧਰ ਉਧਰ ਵੇਖ ਕੇ ਅਤੇ ਜਦੋਂ ਕਿਸੇ ਨੂੰ ਨਾ ਦੇਖਿਆ ਤਾਂ ਉਸ ਨੇ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ। 13ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, “ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?”
14ਉਸ ਆਦਮੀ ਨੇ ਕਿਹਾ, “ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰਿਆ ਸੀ?” ਤਦ ਮੋਸ਼ੇਹ ਡਰ ਗਿਆ ਅਤੇ ਸੋਚਿਆ, “ਜੋ ਮੈਂ ਕੀਤਾ ਹੈ, ਉਹ ਜ਼ਰੂਰ ਪਤਾ ਲੱਗ ਗਿਆ ਹੋਵੇਗਾ।”
15ਜਦੋਂ ਫ਼ਿਰਾਊਨ ਨੇ ਇਹ ਸੁਣਿਆ ਤਾਂ ਉਸਨੇ ਮੋਸ਼ੇਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ਼ੇਹ ਫ਼ਿਰਾਊਨ ਤੋਂ ਭੱਜ ਗਿਆ ਅਤੇ ਮਿਦਯਾਨ ਵਿੱਚ ਰਹਿਣ ਲਈ ਚਲਾ ਗਿਆ, ਜਿੱਥੇ ਉਹ ਇੱਕ ਖੂਹ ਕੋਲ ਬੈਠ ਗਿਆ। 16ਹੁਣ ਮਿਦਯਾਨ ਦੇ ਇੱਕ ਜਾਜਕ ਦੀਆਂ ਸੱਤ ਧੀਆਂ ਸਨ ਅਤੇ ਉਹ ਪਾਣੀ ਭਰਨ ਅਤੇ ਆਪਣੇ ਪਿਉ ਦੇ ਝੁੰਡ ਨੂੰ ਪਾਣੀ ਪਿਲਾਉਣ ਲਈ ਟੋਏ ਭਰਨ ਆਈਆਂ। 17ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।
18ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?”
19ਉਹਨਾਂ ਨੇ ਜਵਾਬ ਦਿੱਤਾ, “ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।”
20ਰਊਏਲ ਨੇ ਆਪਣੀਆਂ ਧੀਆਂ ਨੂੰ ਪੁੱਛਿਆ, “ਤਾਂ ਉਹ ਕਿੱਥੇ ਹੈ? ਤੁਸੀਂ ਉਸਨੂੰ ਕਿਉਂ ਛੱਡ ਦਿੱਤਾ? ਉਸਨੂੰ ਖਾਣ ਲਈ ਬੁਲਾਓ।”
21ਮੋਸ਼ੇਹ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਜਿਸ ਨੇ ਆਪਣੀ ਧੀ ਜ਼ਿਪੋਰਾਹ ਨੂੰ ਮੋਸ਼ੇਹ ਨਾਲ ਵਿਆਹ ਲਈ ਦੇ ਦਿੱਤਾ। 22ਜ਼ਿਪੋਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਮੋਸ਼ੇਹ ਨੇ ਉਸਦਾ ਨਾਮ ਗੇਰਸ਼ੋਮ#2:22 ਗੇਰਸ਼ੋਮ ਅਰਥਾਤ ਪਰਵਾਸੀ ਰੱਖਿਆ ਅਤੇ ਕਿਹਾ, “ਮੈਂ ਪਰਦੇਸ ਵਿੱਚ ਪਰਦੇਸੀ ਹੋ ਗਿਆ ਹਾਂ।”
23ਬਹੁਤ ਸਾਲਾਂ ਦੇ ਬਾਅਦ ਮਿਸਰ ਦੇ ਰਾਜੇ ਦੀ ਮੌਤ ਹੋ ਗਈ। ਇਸਰਾਏਲੀਆਂ ਨੇ ਆਪਣੀ ਗ਼ੁਲਾਮੀ ਵਿੱਚ ਹਾਉਂਕਾ ਭਰਿਆ ਅਤੇ ਚੀਕ ਰਹੇ ਸਨ ਅਤੇ ਉਹਨਾਂ ਦੀ ਗੁਲਾਮੀ ਦੇ ਕਾਰਨ ਮਦਦ ਲਈ ਉਹਨਾਂ ਦੀ ਦੁਹਾਈ ਪਰਮੇਸ਼ਵਰ ਕੋਲ ਗਈ। 24ਪਰਮੇਸ਼ਵਰ ਨੇ ਉਹਨਾਂ ਦੀ ਹਾਹਾਕਾਰ ਸੁਣੀ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਆਪਣੇ ਨੇਮ ਨੂੰ ਯਾਦ ਕੀਤਾ। 25ਇਸ ਲਈ ਪਰਮੇਸ਼ਵਰ ਨੇ ਇਸਰਾਏਲੀਆਂ ਵੱਲ ਦੇਖਿਆ ਅਤੇ ਉਹਨਾਂ ਦੀ ਚਿੰਤਾ ਕੀਤੀ।
ទើបបានជ្រើសរើសហើយ៖
ਕੂਚ 2: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.