ਰਸੂਲਾਂ 4

4
ਮਹਾਂਸਭਾ ਅੱਗੇ ਪਤਰਸ ਅਤੇ ਯੋਹਨ
1ਜਾਜਕ ਅਤੇ ਕੁਝ ਸਦੂਕੀ ਅਤੇ ਹੈਕਲ ਦੇ ਪਹਿਰੇਦਾਰ ਦਾ ਮੁੱਖੀ ਪਤਰਸ ਅਤੇ ਯੋਹਨ ਕੋਲ ਆਏ ਜਿਸ ਵਕਤ ਉਹ ਲੋਕਾਂ ਨਾਲ ਗੱਲਾਂ ਕਰ ਰਹੇ ਸਨ। 2ਉਹ ਬਹੁਤ ਪਰੇਸ਼ਾਨ ਹੋਏ ਕਿਉਂਕਿ ਰਸੂਲ ਲੋਕਾਂ ਨੂੰ ਯਿਸ਼ੂ ਵਿੱਚ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ ਅਤੇ ਸਿੱਖਿਆ ਦੇ ਰਹੇ ਸਨ 3ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਫੜ ਲਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ, ਇਸ ਕਰਕੇ ਉਨ੍ਹਾਂ ਨੇ ਅਗਲੇ ਦਿਨ ਦੀ ਸਵੇਰ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। 4ਪਰ ਬਹੁਤ ਸਾਰੇ ਲੋਕਾਂ ਜਿਨ੍ਹਾਂ ਨੇ ਬਚਨ ਨੂੰ ਸੁਣ ਕੇ ਯਿਸ਼ੂ ਉੱਤੇ ਵਿਸ਼ਵਾਸ ਕੀਤਾ; ਤਾਂ ਇਸ ਕਰਕੇ ਵਿਸ਼ਵਾਸ ਕਰਨ ਵਾਲੇ ਮਰਦਾਂ ਦੀ ਗਿਣਤੀ ਲਗਭਗ ਪੰਜ ਹਜ਼ਾਰ ਹੋ ਗਈ।
5ਅਗਲੇ ਦਿਨ ਯੇਰੂਸ਼ਲੇਮ ਵਿੱਚ ਅਧਿਕਾਰੀ, ਬਜ਼ੁਰਗ ਅਤੇ ਕਾਨੂੰਨ ਦੇ ਸਿਖਾਉਣ ਵਾਲੇ ਇੱਕਠੇ ਹੋਏ। 6ਹੰਨਾ ਮਹਾਂ ਜਾਜਕ, ਕਯਾਫ਼ਾਸ, ਯੋਹਨ, ਸਿਕੰਦਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ। 7ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਆਪਣੇ ਸਾਹਮਣੇ ਖੜ੍ਹਾ ਕਰਕੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਕਿਸ ਸ਼ਕਤੀ ਨਾਲ ਜਾਂ ਕਿਸ ਨਾਮ ਨਾਲ ਇਹ ਕੀਤਾ?”
8ਫਿਰ ਪਤਰਸ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਨ੍ਹਾਂ ਨੂੰ ਜਵਾਬ ਦਿੱਤਾ: “ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ! 9ਫਿਰ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛ-ਗਿੱਛ ਕਰਦੇ ਹੋ ਜਿਹੜਾ ਇੱਕ ਲੰਗੜੇ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ।” 10ਤਾਂ ਫਿਰ ਇਹ ਜਾਣੋ, ਤੁਸੀਂ ਅਤੇ ਸਾਰੇ ਇਸਰਾਏਲ ਦੇ ਲੋਕੋ: ਇਹ ਯਿਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਹੋਇਆ ਹੈ, ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਕਿ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ। 11ਯਿਸ਼ੂ,
“ ‘ਉਹ ਪੱਥਰ ਹੈ ਜਿਸ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,
ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ।’#4:11 ਜ਼ਬੂ 118:22
12ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਸਾਰੇ ਸੰਸਾਰ ਦੇ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ।”
13ਜਦੋਂ ਉਨ੍ਹਾਂ ਨੇ ਪਤਰਸ ਅਤੇ ਯੋਹਨ ਦੀ ਹਿੰਮਤ ਵੇਖੀ ਅਤੇ ਮਹਿਸੂਸ ਕੀਤਾ ਕਿ ਉਹ ਅਨਪੜ, ਸਧਾਰਨ ਆਦਮੀ ਸਨ, ਤਾਂ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪਛਾਣਿਆ ਕਿ ਇਹ ਆਦਮੀ ਯਿਸ਼ੂ ਦੇ ਨਾਲ ਸਨ। 14ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜ੍ਹਾ ਹੋਇਆ ਵੇਖ ਕੇ, ਉੱਥੇ ਉਹ ਉਸ ਦੇ ਵਿਰੁੱਧ ਕੁਝ ਵੀ ਨਾ ਕਹਿ ਸਕੇ। 15ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਮਹਾਂਸਭਾ ਤੋਂ ਵਾਪਸ ਜਾਣ ਦੀ ਆਗਿਆ ਦਿੱਤੀ ਅਤੇ ਫਿਰ ਉਹ ਆਪਸ ਵਿੱਚ ਚਰਚਾ ਕਰਨ ਲੱਗੇ। 16ਉਨ੍ਹਾਂ ਨੇ ਇੱਕ ਦੂਸਰੇ ਤੋਂ ਪੁੱਛਿਆ, “ਸਾਨੂੰ ਉਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਇਹ ਸਪੱਸ਼ਟ ਹੈ ਕਿ ਨਿਸ਼ਚਤ ਤੌਰ ਤੇ ਉਨ੍ਹਾਂ ਦੁਆਰਾ ਇੱਕ ਵੱਡਾ ਚਮਤਕਾਰ ਹੋਇਆ ਹੈ ਅਤੇ ਯੇਰੂਸ਼ਲੇਮ ਦੇ ਨਿਵਾਸੀਆਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਹੈ। ਅਸੀਂ ਇਸ ਸੱਚਾਈ ਤੋਂ ਇਨਕਾਰ ਨਹੀਂ ਕਰ ਸਕਦੇ। 17ਪਰ ਲੋਕਾਂ ਵਿੱਚ ਇਸ ਕੰਮ ਨੂੰ ਹੋਰ ਫੈਲਣ ਤੋਂ ਰੋਕਣ ਲਈ, ਸਾਨੂੰ ਉਨ੍ਹਾਂ ਨੂੰ ਧਮਕੀ ਦੇਣੀ ਚਾਹੀਦੀ ਹੈ ਕਿ ਉਹ ਹੁਣ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ।”
18ਫਿਰ ਉਨ੍ਹਾਂ ਨੇ ਦੋ ਚੇਲਿਆਂ ਨੂੰ ਦੁਬਾਰਾ ਸਭਾ ਵਿੱਚ ਬੁਲਾਇਆ ਅਤੇ ਹੁਕਮ ਦਿੱਤਾ ਕਿ ਉਹ ਯਿਸ਼ੂ ਦੇ ਨਾਮ ਉੱਤੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ। 19ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸ ਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ! 20ਸਾਡੇ ਲਈ, ਇਹ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।”
21ਹੋਰ ਧਮਕੀਆਂ ਤੋਂ ਬਾਅਦ ਯਹੂਦੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ। 22ਕਿਉਂ ਜੋ ਉਹ ਮਨੁੱਖ ਜਿਸ ਦੇ ਜੀਵਨ ਵਿੱਚ ਚੰਗਾਈ ਦਾ ਚਮਤਕਾਰ ਹੋਇਆਂ ਸੀ ਉਹ ਚਾਲੀ ਸਾਲ ਤੋਂ ਜ਼ਿਆਦਾ ਉਮਰ ਦਾ ਸੀ।
ਵਿਸ਼ਵਾਸੀਆਂ ਦੀ ਪ੍ਰਾਰਥਨਾ
23ਫਿਰ ਜਦੋਂ ਪਤਰਸ ਅਤੇ ਯੋਹਨ ਨੂੰ ਛੱਡ ਦਿੱਤਾ, ਤਾਂ ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਆਖਿਆ ਸੀ ਸਭ ਕੁਝ ਦੱਸ ਦਿੱਤਾ। 24ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਨ੍ਹਾਂ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਿਆਂ ਇਕੱਠਿਆਂ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਕਿਹਾ, “ਸਰਵਸ਼ਕਤੀਮਾਨ ਪ੍ਰਭੂ,” ਤੁਸੀਂ ਹੀ ਅਕਾਸ਼ ਅਤੇ ਧਰਤੀ ਅਤੇ ਸਮੁੰਦਰ, ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ। 25ਤੁਸੀਂ ਪਵਿੱਤਰ ਆਤਮਾ ਦੁਆਰਾ ਆਪਣੇ ਸੇਵਕ ਸਾਡੇ ਪਿਤਾ ਦਾਵੀਦ ਦੇ ਮੂੰਹ ਰਾਹੀਂ ਗੱਲ ਕੀਤੀ:
“ ‘ਗ਼ੈਰ-ਯਹੂਦੀਆਂ ਕਿਉਂ ਡੰਡ ਪਾਈ ਹੈ
ਅਤੇ ਲੋਕਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ?
26ਧਰਤੀ ਦੇ ਰਾਜੇ ਉੱਠ ਖੜੇ ਹੋਏ ਹਨ
ਅਤੇ ਹਾਕਮ ਇੱਕਠੇ ਹੋ ਗਏ
ਪ੍ਰਭੂ ਦੇ ਵਿਰੁੱਧ
ਅਤੇ ਉਸਦੇ ਮਸਹ ਕੀਤੇ ਹੋਏ ਦੇ ਵਿਰੁੱਧ।#4:26 ਉਹ ਹੈ, ਮਸੀਹਾ ਜਾਂ ਮਸੀਹ#4:26 ਜ਼ਬੂ 2:1,2
27ਦਰਅਸਲ ਹੇਰੋਦੇਸ ਅਤੇ ਪੋਂਨਤੀਯਾਸ ਪਿਲਾਤੁਸ ਨੇ ਇਸ ਯੇਰੂਸ਼ਲਮ ਸ਼ਹਿਰ ਵਿੱਚ ਗ਼ੈਰ-ਯਹੂਦੀਆਂ ਅਤੇ ਇਸਰਾਏਲ ਦੇ ਲੋਕਾਂ ਨਾਲ ਮਿਲ ਕੇ ਤੁਹਾਡੇ ਪਵਿੱਤਰ ਸੇਵਕ ਯਿਸ਼ੂ ਦੇ ਵਿਰੁੱਧ ਸਾਜਿਸ਼ ਬਣਾਈ, ਜਿਸ ਨੂੰ ਤੁਸੀਂ ਮਸਹ ਕੀਤਾ ਸੀ। 28ਇਸ ਲਈ ਕਿ ਜੋ ਕੁਝ ਤੇਰੀ ਸ਼ਕਤੀ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਹੀ ਠਹਿਰਾਇਆ ਗਿਆ ਸੀ, ਉਹੀ ਕਰੇ। 29ਹੁਣ, “ਹੇ ਪ੍ਰਭੂ, ਉਨ੍ਹਾਂ ਦੀਆਂ ਧਮਕੀਆਂ ਤੇ ਵਿਚਾਰ ਕਰੋ ਅਤੇ ਆਪਣੇ ਸੇਵਕਾਂ ਨੂੰ ਬੜੀ ਦਲੇਰੀ ਨਾਲ ਤੁਹਾਡਾ ਬਚਨ ਬੋਲਣ ਦੇ ਯੋਗ ਬਣਾਓ। 30ਤੁਸੀਂ ਆਪਣਾ ਹੱਥ ਚੰਗਾ ਕਰਨ ਲਈ ਵਧਾਓ, ਅਤੇ ਤੇਰੇ ਪਵਿੱਤਰ ਸੇਵਕ ਯਿਸ਼ੂ ਦੇ ਨਾਮ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਹੋਣ।”
31ਜਦੋਂ ਉਹ ਪ੍ਰਾਰਥਨਾ ਕਰ ਹਟੇ, ਤਾਂ ਉਹ ਜਗ੍ਹਾ ਹਿੱਲ ਗਈ ਸੀ ਜਿੱਥੇ ਉਹ ਇਕੱਠੇ ਹੋਏ ਸਨ। ਅਤੇ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ਵਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।
ਵਿਸ਼ਵਾਸੀਆ ਦੀ ਜਾਇਦਾਦ
32ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸੀ। ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਕਿ ਉਨ੍ਹਾਂ ਦੀ ਕੋਈ ਵੀ ਜਾਇਦਾਦ ਆਪਣੀ ਸੀ, ਪਰ ਉਨ੍ਹਾਂ ਨੇ ਆਪਣਾ ਸਭ ਕੁਝ ਸਾਂਝਾ ਕੀਤਾ। 33ਵੱਡੀ ਸ਼ਕਤੀ ਨਾਲ ਰਸੂਲ ਪ੍ਰਭੂ ਯਿਸ਼ੂ ਦੇ ਪੁਨਰ-ਉਥਾਨ ਦੀ ਗਵਾਹੀ ਦਿੰਦੇ ਰਹੇ। ਅਤੇ ਉਨ੍ਹਾਂ ਸਾਰਿਆਂ ਵਿੱਚ ਪਰਮੇਸ਼ਵਰ ਦੀ ਕਿਰਪਾ ਬੜੀ ਸ਼ਕਤੀਸ਼ਾਲੀ ਨਾਲ ਕੰਮ ਕਰਦੀ ਸੀ 34ਉਨ੍ਹਾਂ ਵਿੱਚੋਂ ਕੋਈ ਵੀ ਜ਼ਰੂਰਤ ਮੰਦ ਨਹੀਂ ਸੀ। ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ, ਵਿਕੀਆਂ ਹੋਈਆਂ ਵਸਤਾਂ ਦੇ ਪੈਸੇ ਲਿਆਉਂਦੇ 35ਅਤੇ ਉਨ੍ਹਾਂ ਨੇ ਪੈਸੇ ਰਸੂਲਾਂ ਨੂੰ ਦੇ ਦਿੱਤੇ, ਅਤੇ ਉਹ ਹਰੇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਉਨ੍ਹਾਂ ਵਿੱਚ ਵੰਡ ਦਿੰਦੇ ਸਨ।
36ਯੂਸੁਫ਼, ਜਿਹੜਾ ਇੱਕ ਲੇਵੀ ਅਤੇ ਸਾਈਪ੍ਰਸ ਟਾਪੂ ਦਾ ਰਹਿਣ ਵਾਲਾ ਸੀ, ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਜਿਸ ਦਾ ਅਰਥ, “ਹੌਂਸਲਾ ਅਫ਼ਜ਼ਾਈ ਦਾ ਪੁੱਤਰ,” ਨਾਮ ਰੱਖਿਆ ਸੀ, 37ਉਸਨੇ ਆਪਣਾ ਇੱਕ ਖੇਤ ਵੇਚ ਦਿੱਤਾ ਅਤੇ ਪੈਸੇ ਲਿਆਂਦੇ ਅਤੇ ਪੈਸੇ ਰਸੂਲਾਂ ਨੂੰ ਦੇ ਦਿੱਤੇ।

ទើបបានជ្រើសរើសហើយ៖

ਰਸੂਲਾਂ 4: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល