ਰਸੂਲਾਂ 22

22
1“ਭਰਾਵੋ ਅਤੇ ਪਿਤਾਓ, ਹੁਣ ਮੇਰੀ ਸਫ਼ਾਈ ਨੂੰ ਸੁਣੋ।”
2ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਚੁੱਪ ਹੋ ਗਏ।
ਤਦ ਪੌਲੁਸ ਨੇ ਕਿਹਾ: 3ਮੈਂ ਇੱਕ ਯਹੂਦੀ ਹਾਂ। ਜੋ ਕਿ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਵਿੱਚ ਮੇਰਾ ਜਨਮ ਹੋਇਆ ਹੈ, ਪਰ ਮੈਂ ਇਸ ਸ਼ਹਿਰ ਵਿੱਚ ਪਲਿਆ ਹਾਂ। ਮੈਂ ਗਮਲੀਏਲ ਦੇ ਅਧੀਨ ਪੜ੍ਹਾਈ ਕੀਤੀ ਅਤੇ ਸਾਡੇ ਪਿਉ-ਦਾਦਿਆਂ ਨੇ ਬਿਵਸਥਾ ਦੀ ਚੰਗੀ ਤਰ੍ਹਾਂ ਸਿੱਖਿਆ ਪਾਈ। ਮੈਂ ਪਰਮੇਸ਼ਵਰ ਲਈ ਉਨਾ ਹੀ ਜੋਸ਼ੀਲਾ ਸੀ ਜਿੰਨੇ ਅੱਜ ਤੁਸੀਂ ਹੋ। 4ਮੈਂ ਇਸ ਰਾਹ ਤੇ ਚਲਣ ਵਾਲੇ ਲੋਕਾਂ ਨੂੰ ਮੌਤ ਤੱਕ ਸਤਾਇਆ, ਵਿਸ਼ਵਾਸੀ ਆਦਮੀ ਅਤੇ ਔਰਤਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੰਦਾ। 5ਜਿਵੇਂ ਮਹਾਂ ਜਾਜਕ ਅਤੇ ਸਾਰੀ ਕੌਂਸਲ ਮੇਰੇ ਲਈ ਗਵਾਹੀ ਦਿੰਦੀ ਹੈ। ਮੈਂ ਉਨ੍ਹਾਂ ਕੋਲੋਂ ਭਾਈਬੰਦ ਯਹੂਦੀਆ ਦੇ ਨਾਮ ਦੀਆਂ ਚਿੱਠੀਆਂ ਪ੍ਰਾਪਤ ਕਰਕੇ ਦੰਮਿਸ਼ਕ ਵਿੱਚ ਉਨ੍ਹਾਂ ਵਿਸ਼ਵਾਸੀਆ ਨੂੰ ਸਜ਼ਾ ਦੇਣ ਲਈ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਉਣ ਲਈ ਉੱਥੇ ਗਿਆ।
6“ਦੁਪਹਿਰ ਦੇ ਵੇਲੇ, ਜਦੋਂ ਮੈਂ ਦੰਮਿਸ਼ਕ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਮੇਰੇ ਆਲੇ-ਦੁਆਲੇ ਚਮਕੀ। 7ਮੈਂ ਜ਼ਮੀਨ ਤੇ ਡਿੱਗ ਪਿਆ ਅਤੇ ਇੱਕ ਆਵਾਜ਼ ਮੈਨੂੰ ਆਖਦੀ ਸੁਣੀ, ‘ਹੇ ਸੌਲੁਸ! ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?’
8“ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਸ ਨੇ ਜਵਾਬ ਦਿੱਤਾ।
“ ‘ਮੈਂ ਯਿਸ਼ੂ ਨਾਸਰੀ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।’ 9ਮੇਰੇ ਸਾਥੀਆਂ ਨੇ ਚਾਨਣ ਤਾਂ ਵੇਖਿਆ, ਪਰ ਉਹ ਉਸ ਦੀ ਆਵਾਜ਼ ਨੂੰ ਨਹੀਂ ਸਮਝ ਸਕੇ ਜੋ ਮੇਰੇ ਨਾਲ ਗੱਲ ਕਰ ਰਹੀ ਸੀ।
10“ਮੈਂ ਪੁੱਛਿਆ, ‘ਫਿਰ ਮੈਂ ਕੀ ਕਰਾਂ, ਪ੍ਰਭੂ?’
“ਪ੍ਰਭੂ ਨੇ ਕਿਹਾ, ‘ਹੁਣ ਉੱਠ ਅਤੇ ਦੰਮਿਸ਼ਕ ਸ਼ਹਿਰ ਵੱਲ ਜਾ। ਉੱਥੇ ਤੈਨੂੰ ਉਹ ਸਭ ਦੱਸਿਆ ਜਾਵੇਗਾ ਜੋ ਤੇਰੇ ਕਰਨ ਲਈ ਠਹਿਰਾਇਆ ਹੋਇਆ ਹੈ।’ 11ਮੇਰੇ ਸਾਥੀ ਮੇਰਾ ਹੱਥ ਫੜ੍ਹ ਕੇ ਮੈਨੂੰ ਦੰਮਿਸ਼ਕ ਸ਼ਹਿਰ ਲੈ ਗਏ, ਕਿਉਂਕਿ ਚਾਨਣ ਦੀ ਚਮਕ ਨੇ ਮੈਨੂੰ ਅੰਨ੍ਹਾ ਕਰ ਦਿੱਤਾ ਸੀ।
12“ਉਸ ਸ਼ਹਿਰ ਵਿੱਚ ਹਨਾਨਿਯਾਹ ਨਾਮ ਦਾ ਇੱਕ ਆਦਮੀ ਮੈਨੂੰ ਮਿਲਣ ਆਇਆ। ਉਹ ਬਿਵਸਥਾ ਦਾ ਸ਼ਰਧਾਲੂ ਸੀ ਅਤੇ ਉੱਥੇ ਰਹਿੰਦੇ ਸਾਰੇ ਯਹੂਦੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ। 13ਉਹ ਮੇਰੇ ਕੋਲ ਖੜ੍ਹਾ ਹੋਇਆ ਅਤੇ ਉਹ ਨੇ ਕਿਹਾ, ‘ਹੇ ਭਰਾ ਸੌਲੁਸ, ਆਪਣੀ ਨਿਗਾਹ ਪ੍ਰਾਪਤ ਕਰ!’ ਅਤੇ ਉਸੇ ਵੇਲੇ ਮੈਂ ਉਸ ਨੂੰ ਵੇਖਣ ਦੇ ਯੋਗ ਹੋ ਗਿਆ।
14“ਫਿਰ ਉਸ ਨੇ ਕਿਹਾ: ‘ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੈਨੂੰ ਉਸ ਦੀ ਇੱਛਾ ਜਾਣਨ, ਅਤੇ ਧਰਮੀ ਨੂੰ ਵੇਖਣ ਅਤੇ ਉਸ ਦੇ ਮੂੰਹੋਂ ਸ਼ਬਦ ਸੁਣਨ ਲਈ ਚੁਣਿਆ ਹੈ। 15ਤੂੰ ਸਾਰੇ ਲੋਕਾਂ ਵਿੱਚ ਪਰਮੇਸ਼ਵਰ ਦਾ ਗਵਾਹ ਹੋਵੇਗਾ ਜੋ ਤੂੰ ਵੇਖਿਆ ਅਤੇ ਸੁਣਿਆ ਹੈ। 16ਅਤੇ ਹੁਣ ਤੂੰ ਕਿਸ ਲਈ ਉਡੀਕ ਕਰ ਰਿਹਾ? ਉੱਠ, ਬਪਤਿਸਮਾ ਲੈ ਅਤੇ ਉਸ ਦੇ ਨਾਮ ਨੂੰ ਪੁਕਾਰਦੇ ਹੋਏ, ਆਪਣੇ ਪਾਪਾਂ ਨੂੰ ਧੋ ਸੁੱਟ।’
17“ਉਸ ਤੋਂ ਬਾਅਦ, ਜਦੋਂ ਮੈਂ ਯੇਰੂਸ਼ਲੇਮ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁਰਤ ਹੋ ਕੇ ਡਿੱਗ ਗਿਆ। 18ਅਤੇ ਵੇਖਿਆ ਜੋ ਪ੍ਰਭੂ ਮੇਰੇ ਨਾਲ ਬੋਲ ਰਿਹਾ ਸੀ। ਉਸ ਨੇ ਕਿਹਾ, ‘ਜਲਦੀ ਯੇਰੂਸ਼ਲੇਮ ਨੂੰ ਛੱਡ ਕਿਉਂਕਿ ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
19“ਮੈਂ ਜਵਾਬ ਦਿੱਤਾ, ‘ਪ੍ਰਭੂ, ਇਹ ਲੋਕ ਜਾਣਦੇ ਹਨ ਕਿ ਮੈਂ ਇੱਕ ਪ੍ਰਾਰਥਨਾ ਸਥਾਨ ਤੋਂ ਦੂਸਰੇ ਵਿੱਚ ਜਾਦਾਂ ਸੀ। ਤਾਂ ਜੋ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮੈਂ ਕੈਦ ਵਿੱਚ ਪਾਉਂਦਾ ਅਤੇ ਉਨ੍ਹਾਂ ਨੂੰ ਕੁੱਟਦਾ ਸੀ। 20ਅਤੇ ਜਦੋਂ ਤੇਰੇ ਸ਼ਹੀਦ ਸਟੀਫਨ ਦਾ ਲਹੂ ਵਹਾਇਆ ਗਿਆ ਸੀ, ਮੈਂ ਉਦੋਂ ਉੱਥੇ ਖੜ੍ਹਾ ਹੋ ਕੇ ਆਪਣੀ ਪ੍ਰਵਾਨਗੀ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’
21“ਫਿਰ ਪ੍ਰਭੂ ਨੇ ਮੈਨੂੰ ਕਿਹਾ, ‘ਜਾ; ਮੈਂ ਤੈਨੂੰ ਦੂਰ ਗ਼ੈਰ-ਯਹੂਦੀਆਂ ਵੱਲ ਭੇਜਾਂਗਾ।’ ”
ਪੌਲੁਸ ਰੋਮੀ ਨਾਗਰਿਕ
22ਭੀੜ ਨੇ ਪੌਲੁਸ ਦੀ ਗੱਲ ਉਦੋਂ ਤੱਕ ਸੁਣੀ, ਜਦੋਂ ਤੱਕ ਉਸ ਨੇ ਇਹ ਨਾ ਕਿਹਾ। ਤਦ ਉਨ੍ਹਾਂ ਲੋਕਾਂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ! ਕਿਉਂ ਜੋ ਉਹ ਜੀਉਣ ਦੇ ਹੀ ਯੋਗ ਨਹੀਂ!”
23ਜਿਵੇਂ ਉਹ ਚੀਕ ਰਹੇ ਸਨ ਅਤੇ ਆਪਣੇ ਕੱਪੜੇ ਸੁੱਟਦੇ ਅਤੇ ਹਵਾ ਵਿੱਚ ਮਿੱਟੀ ਵੀ ਉੱਡਾ ਰਹੇ ਸਨ, 24ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। ਉਸ ਨੇ ਹਦਾਇਤ ਕੀਤੀ ਕਿ ਉਸ ਨੂੰ ਕੋੜੇ ਮਾਰੇ ਜਾਣ ਤਾਂ ਜੋ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਲੋਕ ਉਸ ਉੱਤੇ ਇਸ ਤਰ੍ਹਾਂ ਕਿਉਂ ਰੌਲਾ ਪਾ ਰਹੇ ਸਨ। 25ਜਦੋਂ ਉਨ੍ਹਾਂ ਨੇ ਉਸ ਨੂੰ ਖਿੱਚਿਆ ਕਿ ਉਸ ਨੂੰ ਕੋੜੇ ਮਾਰੇ ਜਾਣ, ਤਾਂ ਪੌਲੁਸ ਨੇ ਉੱਥੇ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਇਹ ਤੁਹਾਡੇ ਲਈ ਕਾਨੂੰਨੀ ਹੈ ਕਿ ਕਿਸੇ ਰੋਮੀ ਨਾਗਰਿਕ ਨੂੰ ਕੋੜੇ ਮਾਰੇ ਜਾਣ ਹਾਲਾਂਕਿ ਕਿ ਉਹ ਦੋਸ਼ੀ ਵੀ ਨਾ ਹੋਵੇ?”
26ਜਦੋਂ ਸੂਬੇਦਾਰ ਨੇ ਇਹ ਸੁਣਿਆ, ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਉਸ ਨੇ ਇਸ ਬਾਰੇ ਦੱਸਿਆ। ਉਸ ਨੇ ਪੁੱਛਿਆ, “ਤੁਸੀਂ ਕੀ ਕਰਨ ਜਾ ਰਹੇ ਹੋ? ਇਹ ਆਦਮੀ ਰੋਮੀ ਨਾਗਰਿਕ ਹੈ।”
27ਸੈਨਾਪਤੀ ਪੌਲੁਸ ਕੋਲ ਗਿਆ ਅਤੇ ਪੁੱਛਿਆ, “ਮੈਨੂੰ ਦੱਸ, ਕੀ ਤੂੰ ਰੋਮੀ ਹੈ?”
ਉਸ ਨੇ ਜਵਾਬ ਦਿੱਤਾ, “ਹਾਂ, ਮੈਂ ਹਾਂ।”
28ਤਦ ਸੈਨਾਪਤੀ ਨੇ ਕਿਹਾ, “ਮੈਂ ਆਪਣੀ ਨਾਗਰਿਕਤਾ ਲਈ ਬਹੁਤ ਸਾਰਾ ਪੈਸਾ ਖ਼ਰਚ ਕੀਤਾ।”
ਪੌਲੁਸ ਨੇ ਜਵਾਬ ਦਿੱਤਾ, “ਪਰ ਮੈਂ ਇੱਕ ਰੋਮੀ ਨਾਗਰਿਕ ਪੈਦਾ ਹੋਇਆ ਸੀ।”
29ਜਿਹੜੇ ਲੋਕ ਉਸ ਤੋਂ ਪੁੱਛ-ਗਿੱਛ ਕਰਨ ਜਾ ਰਹੇ ਸਨ, ਉਹ ਤੁਰੰਤ ਵਾਪਸ ਚਲੇ ਗਏ। ਸੈਨਾਪਤੀ ਖੁਦ ਡਰ ਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਰੋਮ ਦੇ ਨਾਗਰਿਕ, ਪੌਲੁਸ ਨੂੰ ਜੰਜ਼ੀਰਾਂ ਵਿੱਚ ਬੰਨ੍ਹਿਆ ਹੋਇਆ।
ਪੌਲੁਸ ਮਹਾਂਸਭਾ ਤੋਂ ਸਾਹਮਣੇ
30ਸੈਨਾਪਤੀ ਇਹ ਪਤਾ ਲਗਾਉਣਾ ਚਾਹੁੰਦਾ ਸੀ ਕਿ ਪੌਲੁਸ ਨੂੰ ਯਹੂਦੀਆਂ ਦੁਆਰਾ ਦੋਸ਼ੀ ਕਿਉਂ ਠਹਿਰਾਇਆ ਗਿਆ ਸੀ। ਅਗਲੇ ਦਿਨ, ਉਸ ਨੇ ਉਸ ਨੂੰ ਰਿਹਾ ਕਰ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਮਹਾਂਸਭਾ ਵਿੱਚ ਸਾਰੇ ਮੈਂਬਰਾਂ ਨੂੰ ਇਕੱਠਾ ਹੋਣ ਲਈ ਆਦੇਸ਼ ਦਿੱਤਾ। ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

ទើបបានជ្រើសរើសហើយ៖

ਰਸੂਲਾਂ 22: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល