ਪਰਕਾਸ਼ 17
17
ਪਸ਼ੂ ਉੱਤੇ ਸਵਾਰ ਔਰਤ
1ਜਿਨ੍ਹਾਂ ਸੱਤਾਂ ਸਵਰਗਦੂਤਾਂ ਕੋਲ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇੱਕ ਨੇ ਇਹ ਕਹਿੰਦੇ ਹੋਏ ਮੇਰੇ ਨਾਲ ਗੱਲ ਕੀਤੀ, “ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦਾ ਦੰਡ ਵਿਖਾਵਾਂਗਾ ਜਿਹੜੀ ਬਹੁਤੇ ਪਾਣੀਆਂ ਉੱਤੇ ਬੈਠੀ ਹੈ। 2ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ ਅਤੇ ਧਰਤੀ ਦੇ ਰਹਿਣ ਵਾਲੇ ਉਸ ਦੇ ਵਿਭਚਾਰ ਦੀ ਮੈ ਨਾਲ ਮਤਵਾਲੇ ਹੋ ਗਏ।” 3ਫਿਰ ਉਹ ਮੈਨੂੰ ਆਤਮਾ 'ਚ ਉਜਾੜ ਵਿੱਚ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਲਾਲ ਰੰਗ ਦੇ ਪਸ਼ੂ ਉੱਤੇ ਬੈਠੀ ਵੇਖਿਆ। ਉਹ ਪਸ਼ੂ ਪਰਮੇਸ਼ਰ ਦੀ ਨਿੰਦਾ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਵਸਤਰ ਪਹਿਨੇ ਹੋਏ ਸਨ ਅਤੇ ਉਹ ਸੋਨੇ, ਵਡਮੁੱਲੇ ਪੱਥਰਾਂ ਅਤੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਦੇ ਹੱਥ ਵਿੱਚ ਸੋਨੇ ਦਾ ਕਟੋਰਾ ਸੀ ਜੋ ਉਸ ਦੇ ਘਿਣਾਉਣੇ ਕੰਮਾਂ ਅਤੇ ਵਿਭਚਾਰ ਦੀ ਭ੍ਰਿਸ਼ਟਤਾ ਨਾਲ ਭਰਿਆ ਹੋਇਆ ਸੀ। 5ਉਸ ਦੇ ਮੱਥੇ ਉੱਤੇ ਇੱਕ ਨਾਮ ਅਰਥਾਤ ਇਹ ਭੇਤ ਲਿਖਿਆ ਹੋਇਆ ਸੀ: “ਵੱਡੀ ਨਗਰੀ ਬਾਬੁਲ, ਵੇਸਵਾਵਾਂ ਦੀ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ।” 6ਫਿਰ ਮੈਂ ਉਸ ਔਰਤ ਨੂੰ ਸੰਤਾਂ#17:6 ਅਰਥਾਤ ਪਵਿੱਤਰ ਲੋਕਾਂ ਦੇ ਲਹੂ ਨਾਲ ਅਤੇ ਯਿਸੂ ਦੇ ਗਵਾਹਾਂ ਦੇ ਲਹੂ ਨਾਲ ਮਤਵਾਲੀ ਹੋਈ ਵੇਖਿਆ ਅਤੇ ਮੈਂ ਉਸ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ।
ਔਰਤ ਅਤੇ ਪਸ਼ੂ ਦਾ ਅਰਥ
7ਤਦ ਉਸ ਸਵਰਗਦੂਤ ਨੇ ਮੈਨੂੰ ਕਿਹਾ, “ਤੂੰ ਹੈਰਾਨ ਕਿਉਂ ਹੁੰਦਾ ਹੈਂ? ਮੈਂ ਤੈਨੂੰ ਔਰਤ ਦਾ ਅਤੇ ਉਸ ਪਸ਼ੂ ਦਾ ਭੇਤ ਦੱਸਾਂਗਾ ਜਿਸ ਉੱਤੇ ਉਹ ਸਵਾਰ ਹੈ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ। 8ਜਿਹੜਾ ਪਸ਼ੂ ਤੂੰ ਵੇਖਿਆ ਹੈ ਉਹ ਪਹਿਲਾਂ ਸੀ ਪਰ ਹੁਣ ਨਹੀਂ ਹੈ ਅਤੇ ਉਹ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਨਾਸ ਵਿੱਚ ਜਾਣ ਵਾਲਾ ਹੈ। ਧਰਤੀ ਦੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ, ਪਸ਼ੂ ਨੂੰ ਵੇਖ ਕੇ ਹੈਰਾਨ ਹੋਣਗੇ ਕਿ ਇਹ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਅਤੇ ਫੇਰ ਆਵੇਗਾ। 9ਇਸ ਦੇ ਲਈ ਸਮਝ ਵਾਲੇ ਮਨ ਦੀ ਲੋੜ ਹੈ: ਸੱਤ ਸਿਰ ਉਹ ਸੱਤ ਪਹਾੜ ਹਨ ਜਿਨ੍ਹਾਂ ਉੱਤੇ ਉਹ ਔਰਤ ਬੈਠੀ ਹੈ ਅਤੇ ਇਹੋ ਸੱਤ ਰਾਜੇ ਵੀ ਹਨ; 10ਇਨ੍ਹਾਂ ਵਿੱਚੋਂ ਪੰਜਾਂ ਦਾ ਪਤਨ ਹੋ ਗਿਆ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ; ਜਦੋਂ ਉਹ ਆਵੇਗਾ ਤਾਂ ਉਸ ਦਾ ਕੁਝ ਦੇਰ ਰਹਿਣਾ ਜ਼ਰੂਰੀ ਹੈ। 11ਉਹ ਪਸ਼ੂ ਜਿਹੜਾ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਉਹ ਅੱਠਵਾਂ ਹੈ, ਪਰ ਹੈ ਉਹ ਸੱਤਾਂ ਵਿੱਚੋਂ ਹੀ ਅਤੇ ਉਹ ਨਾਸ ਹੋਣ ਵਾਲਾ ਹੈ। 12ਜਿਹੜੇ ਦਸ ਸਿੰਗ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੇ ਅਜੇ ਰਾਜ ਪ੍ਰਾਪਤ ਨਹੀਂ ਕੀਤਾ ਹੈ, ਪਰ ਉਹ ਰਾਜਿਆਂ ਵਾਂਗ ਉਸ ਪਸ਼ੂ ਦੇ ਨਾਲ ਇੱਕ ਘੜੀ ਲਈ ਅਧਿਕਾਰ ਪ੍ਰਾਪਤ ਕਰਨਗੇ। 13ਉਹ ਇੱਕ ਮਨ ਹਨ ਅਤੇ ਆਪਣੀ ਸ਼ਕਤੀ ਅਤੇ ਅਧਿਕਾਰ ਪਸ਼ੂ ਨੂੰ ਸੌਂਪਦੇ ਹਨ। 14ਉਹ ਲੇਲੇ ਨਾਲ ਯੁੱਧ ਕਰਨਗੇ, ਪਰ ਲੇਲਾ ਉਨ੍ਹਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ; ਜਿਹੜੇ ਉਸ ਦੇ ਨਾਲ ਹਨ ਉਹ ਬੁਲਾਏ ਹੋਏ, ਚੁਣੇ ਹੋਏ ਅਤੇ ਵਿਸ਼ਵਾਸਯੋਗ ਹਨ।”
15ਫਿਰ ਸਵਰਗਦੂਤ ਨੇ ਮੈਨੂੰ ਕਿਹਾ, “ਜਿਹੜੇ ਪਾਣੀ ਤੂੰ ਵੇਖੇ ਜਿੱਥੇ ਉਹ ਵੇਸਵਾ ਬੈਠੀ ਸੀ, ਉਹ ਜਾਤੀਆਂ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ ਹਨ। 16ਉਹ ਪਸ਼ੂ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ, ਉਹ ਵੇਸਵਾ ਨਾਲ ਘਿਰਣਾ ਕਰਨਗੇ। ਉਹ ਉਸ ਨੂੰ ਸੱਖਣਾ ਅਤੇ ਨਿਰਵਸਤਰ ਕਰ ਦੇਣਗੇ, ਉਸ ਦਾ ਮਾਸ ਖਾਣਗੇ ਅਤੇ ਉਸ ਨੂੰ ਅੱਗ ਨਾਲ ਸਾੜ ਦੇਣਗੇ। 17ਕਿਉਂਕਿ ਪਰਮੇਸ਼ਰ ਨੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਮਨ ਵਿੱਚ ਇਹ ਪਾਇਆ ਹੈ ਕਿ ਜਦੋਂ ਤੱਕ ਪਰਮੇਸ਼ਰ ਦੇ ਵਚਨ ਪੂਰੇ ਨਹੀਂ ਹੋ ਜਾਂਦੇ, ਉਹ ਇੱਕ ਮਨ ਰਹਿਣ ਅਤੇ ਆਪਣਾ ਰਾਜ ਪਸ਼ੂ ਨੂੰ ਸੌਂਪ ਦੇਣ। 18ਉਹ ਔਰਤ ਜਿਹੜੀ ਤੂੰ ਵੇਖੀ, ਵੱਡੀ ਨਗਰੀ ਹੈ ਜੋ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।”
Currently Selected:
ਪਰਕਾਸ਼ 17: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative