ਪਰਕਾਸ਼ 18
18
ਵੱਡੀ ਨਗਰੀ ਬਾਬੁਲ ਦਾ ਪਤਨ
1ਇਸ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੂੰ ਵੱਡਾ ਅਧਿਕਾਰ ਪ੍ਰਾਪਤ ਸੀ ਅਤੇ ਧਰਤੀ ਉਸ ਦੇ ਤੇਜ ਨਾਲ ਪ੍ਰਕਾਸ਼ਮਾਨ ਹੋ ਗਈ। 2ਉਸ ਨੇ ਜ਼ੋਰਦਾਰ ਅਵਾਜ਼ ਵਿੱਚ ਕਿਹਾ:
ਢਹਿ ਗਈ, ਵੱਡੀ ਨਗਰੀ ਬਾਬੁਲ ਢਹਿ ਗਈ!
ਉਹ ਦੁਸ਼ਟ ਆਤਮਾਵਾਂ ਦਾ ਨਿਵਾਸ,
ਹਰੇਕ ਭ੍ਰਿਸ਼ਟ ਆਤਮਾ ਦਾ ਅੱਡਾ
ਅਤੇ ਹਰੇਕ ਅਸ਼ੁੱਧ ਪੰਛੀ ਅਤੇ ਹਰੇਕ ਅਸ਼ੁੱਧ
ਤੇ ਘਿਰਣਾਯੋਗ ਪਸ਼ੂ ਦਾ ਵਸੇਬਾ ਬਣ ਗਈ।
3ਕਿਉਂਕਿ ਸਾਰੀਆਂ ਕੌਮਾਂ ਨੇ ਉਸ ਦੇ ਵਿਭਚਾਰ ਦੇ ਕ੍ਰੋਧ#18:3 ਵਿਭਚਾਰ ਦੀ ਵਾਸਨਾ ਦੀ ਮੈ ਪੀਤੀ
ਅਤੇ ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ
ਅਤੇ ਧਰਤੀ ਦੇ ਵਪਾਰੀ ਉਸ ਦੇ ਭੋਗ-ਵਿਲਾਸ ਦੀ
ਬਹੁਤਾਇਤ ਦੇ ਕਰਕੇ ਧਨਵਾਨ ਬਣ ਗਏ।
4ਫਿਰ ਮੈਨੂੰ ਸਵਰਗ ਤੋਂ ਇੱਕ ਹੋਰ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ:
ਮੇਰੇ ਲੋਕੋ, ਉਸ ਵਿੱਚੋਂ ਨਿੱਕਲ ਆਓ
ਤਾਂਕਿ ਤੁਸੀਂ ਉਸ ਦੇ ਪਾਪਾਂ ਵਿੱਚ ਸਾਂਝੀ ਨਾ ਹੋਵੋ
ਅਤੇ ਉਸ ਦੀਆਂ ਬਿਪਤਾਵਾਂ ਤੁਹਾਡੇ ਉੱਤੇ ਨਾ ਆ ਪੈਣ।
5ਕਿਉਂਕਿ ਉਸ ਦੇ ਪਾਪ ਸਵਰਗ ਤੱਕ ਪਹੁੰਚ ਗਏ ਹਨ
ਅਤੇ ਪਰਮੇਸ਼ਰ ਨੇ ਉਸ ਦੇ ਕੁਧਰਮ ਦੇ ਕੰਮਾਂ ਨੂੰ ਯਾਦ ਕੀਤਾ ਹੈ।
6ਜਿਸ ਤਰ੍ਹਾਂ ਉਸ ਨੇ ਕੀਤਾ ਉਸ ਨਾਲ ਉਸੇ ਤਰ੍ਹਾਂ ਹੀ ਕਰੋ,
ਬਲਕਿ ਉਸ ਦੇ ਕੰਮਾਂ ਅਨੁਸਾਰ ਉਸ ਨਾਲ ਦੁਗਣਾ ਕਰੋ;
ਜਿਸ ਪਿਆਲੇ ਵਿੱਚ ਉਸ ਨੇ ਮਿਲਾਇਆ
ਉਸੇ ਵਿੱਚ ਉਸ ਦੇ ਲਈ ਦੁਗਣਾ ਮਿਲਾਓ।
7ਜਿੰਨੀ ਉਸ ਨੇ ਆਪਣੀ ਵਡਿਆਈ ਕੀਤੀ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ
ਓਨਾ ਉਸ ਨੂੰ ਸੋਗ ਅਤੇ ਕਸ਼ਟ ਦਿਓ,
ਕਿਉਂਕਿ ਉਹ ਆਪਣੇ ਮਨ ਵਿੱਚ ਕਹਿੰਦੀ ਹੈ:
“ਮੈਂ ਰਾਣੀ ਬਣ ਬੈਠੀ ਹਾਂ,
ਮੈਂ ਵਿਧਵਾ ਨਹੀਂ ਹਾਂ
ਅਤੇ ਮੈਂ ਕਦੇ ਸੋਗ ਨਾ ਵੇਖਾਂਗੀ।”
8ਇਸ ਕਰਕੇ ਇੱਕੋ ਦਿਨ ਉਸ ਉੱਤੇ ਬਿਪਤਾਵਾਂ ਆ ਪੈਣਗੀਆਂ
ਅਰਥਾਤ ਮੌਤ, ਸੋਗ ਅਤੇ ਕਾਲ;
ਉਹ ਅੱਗ ਨਾਲ ਸਾੜੀ ਜਾਵੇਗੀ,
ਕਿਉਂਕਿ ਉਸ ਦਾ ਨਿਆਂ ਕਰਨ ਵਾਲਾ ਪ੍ਰਭੂ ਪਰਮੇਸ਼ਰ
ਸਾਮਰਥੀ ਹੈ।
ਬਾਬੁਲ ਦੇ ਪਤਨ 'ਤੇ ਵਿਰਲਾਪ
9“ਧਰਤੀ ਦੇ ਰਾਜੇ ਜਿਨ੍ਹਾਂ ਉਸ ਨਾਲ ਵਿਭਚਾਰ ਕੀਤਾ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ, ਜਦੋਂ ਉਸ ਦੇ ਸੜਦੀ ਹੋਈ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ। 10ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਕਹਿਣਗੇ:
‘ਹੇ ਵੱਡੀ ਨਗਰੀ,
ਹੇ ਬਲਵੰਤ ਨਗਰੀ ਬਾਬੁਲ, ਹਾਏ! ਹਾਏ!
ਕਿਉਂਕਿ ਇੱਕੋ ਘੜੀ ਵਿੱਚ ਤੇਰਾ ਨਿਆਂ ਆ ਪਹੁੰਚਿਆ।’
11“ਧਰਤੀ ਦੇ ਵਪਾਰੀ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ, ਕਿਉਂਕਿ ਹੁਣ ਕੋਈ ਉਨ੍ਹਾਂ ਦਾ ਮਾਲ ਨਹੀਂ ਖਰੀਦਦਾ 12ਅਰਥਾਤ ਸੋਨਾ, ਚਾਂਦੀ, ਬਹੁਮੁੱਲੇ ਪੱਥਰ ਅਤੇ ਮੋਤੀ; ਮਲਮਲ, ਬੈਂਗਣੀ, ਰੇਸ਼ਮ ਅਤੇ ਲਾਲ ਰੰਗ ਦੇ ਵਸਤਰ; ਹਰ ਤਰ੍ਹਾਂ ਦੀ ਖੁਸ਼ਬੂਦਾਰ ਲੱਕੜ; ਹਾਥੀ ਦੰਦ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ; ਹਰ ਤਰ੍ਹਾਂ ਦੀ ਕੀਮਤੀ ਲੱਕੜ; ਪਿੱਤਲ, ਲੋਹੇ ਅਤੇ ਸੰਗਮਰਮਰ ਦੀਆਂ ਵਸਤਾਂ; 13ਦਾਲਚੀਨੀ, ਮਸਾਲੇ, ਧੂਫ਼, ਅਤਰ ਅਤੇ ਲੁਬਾਣ; ਮੈ, ਤੇਲ, ਮੈਦਾ ਅਤੇ ਕਣਕ; ਪਸ਼ੂ ਅਤੇ ਭੇਡਾਂ; ਘੋੜੇ ਅਤੇ ਰੱਥ; ਦਾਸ ਅਤੇ ਮਨੁੱਖਾਂ ਦੀਆਂ ਜਾਨਾਂ। 14ਉਹ ਕਹਿਣਗੇ, ‘ਜਿਸ ਫਲ ਦੇ ਲਈ ਤੇਰੇ ਮਨ ਦੀ ਇੱਛਾ ਸੀ ਉਹ ਤੇਰੇ ਤੋਂ ਦੂਰ ਹੋ ਗਿਆ ਅਤੇ ਭੋਗ-ਵਿਲਾਸ ਦੀਆਂ ਚਮਕ-ਦਮਕ ਵਾਲੀਆਂ ਵਸਤਾਂ ਤੇਰੇ ਵਿੱਚੋਂ ਨਾਸ ਹੋ ਗਈਆਂ#18:14 ਕੁਝ ਹਸਤਲੇਖਾਂ ਵਿੱਚ “ਤੇਰੇ ਵਿੱਚੋਂ ਨਾਸ ਹੋ ਗਈਆਂ” ਦੇ ਸਥਾਨ 'ਤੇ “ਤੇਰੇ ਵਿੱਚੋਂ ਦੂਰ ਹੋ ਗਈਆਂ” ਲਿਖਿਆ ਹੈ। ਅਤੇ ਹੁਣ ਉਹ ਕਦੇ ਨਹੀਂ ਲੱਭਣਗੀਆਂ।’
15“ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਸ ਨਗਰੀ ਕਰਕੇ ਧਨਵਾਨ ਬਣੇ, ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਹਿਣਗੇ:
16ਹਾਏ! ਹਾਏ! ਉਹ ਵੱਡੀ ਨਗਰੀ
ਜੋ ਮਲਮਲ, ਬੈਂਗਣੀ ਅਤੇ ਲਾਲ ਰੰਗ ਦੇ ਵਸਤਰ ਪਹਿਨਦੀ ਸੀ
ਅਤੇ ਸੋਨੇ, ਕੀਮਤੀ ਪੱਥਰਾਂ
ਅਤੇ ਮੋਤੀਆਂ ਨਾਲ ਸਜੀ ਹੋਈ ਸੀ;
17ਉਸ ਦੀ ਵੱਡੀ ਧਨ-ਦੌਲਤ
ਪਲ ਵਿੱਚ ਹੀ ਬਰਬਾਦ ਹੋ ਗਈ
“ਅਤੇ ਸਮੁੰਦਰੀ ਜਹਾਜ਼ਾਂ ਦਾ ਹਰੇਕ ਕਪਤਾਨ, ਹਰੇਕ ਸਮੁੰਦਰੀ ਯਾਤਰੀ, ਮਲਾਹ ਅਤੇ ਜਿੰਨੇ ਸਮੁੰਦਰ ਵਿੱਚ ਕੰਮ ਕਰਦੇ ਹਨ, ਦੂਰ ਖੜ੍ਹੇ ਰਹੇ 18ਅਤੇ ਜਦੋਂ ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਵੇਖਿਆ ਤਾਂ ਇਹ ਕਹਿੰਦੇ ਹੋਏ ਚਿੱਲਾ ਉੱਠੇ, ‘ਇਸ ਵੱਡੀ ਨਗਰੀ ਜਿਹੀ ਕਿਹੜੀ ਨਗਰੀ ਹੈ’? 19ਉਨ੍ਹਾਂ ਆਪਣੇ ਸਿਰਾਂ ਉੱਤੇ ਮਿੱਟੀ ਪਾਈ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਿਹਾ:
ਹਾਏ! ਹਾਏ! ਇਹ ਵੱਡੀ ਨਗਰੀ!
ਜਿਸ ਦੀ ਧਨ-ਦੌਲਤ ਦੇ ਦੁਆਰਾ
ਸਮੁੰਦਰੀ ਜਹਾਜ਼ਾਂ ਵਾਲੇ ਸਭ ਲੋਕ ਧਨਵਾਨ ਬਣੇ;
ਇਹ ਇੱਕੋ ਪਲ ਵਿੱਚ ਬਰਬਾਦ ਹੋ ਗਈ।
20ਹੇ ਸਵਰਗ, ਹੇ ਸੰਤੋ#18:20 ਅਰਥਾਤ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ,
ਉਸ ਉੱਤੇ ਅਨੰਦ ਹੋਵੋ,
ਕਿਉਂਕਿ ਪਰਮੇਸ਼ਰ ਨੇ ਤੁਹਾਡੇ ਪੱਖ ਵਿੱਚ
ਅਤੇ ਉਸ ਦੇ ਵਿਰੁੱਧ ਨਿਆਂ ਕੀਤਾ ਹੈ।
21“ਫਿਰ ਇੱਕ ਬਲਵੰਤ ਸਵਰਗਦੂਤ ਨੇ ਚੱਕੀ ਦੇ ਪੁੜ ਵਰਗਾ ਇੱਕ ਵੱਡਾ ਪੱਥਰ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਕਿਹਾ:
ਵੱਡੀ ਨਗਰੀ ਬਾਬੁਲ ਵੀ ਇਸੇ ਤਰ੍ਹਾਂ ਵੱਡੇ ਬਲ ਨਾਲ ਹੇਠਾਂ ਡੇਗੀ ਜਾਵੇਗੀ
ਅਤੇ ਫਿਰ ਕਦੇ ਵਿਖਾਈ ਨਾ ਦੇਵੇਗੀ।
22ਤੇਰੇ ਵਿੱਚ ਰਬਾਬ ਵਜਾਉਣ ਵਾਲਿਆਂ, ਸੰਗੀਤਕਾਰਾਂ, ਬੰਸਰੀ ਵਜਾਉਣ ਵਾਲਿਆਂ
ਅਤੇ ਤੁਰ੍ਹੀ ਵਜਾਉਣ ਵਾਲਿਆਂ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ,
ਕਿਸੇ ਵੀ ਕਿੱਤੇ ਦਾ ਕੋਈ ਕਾਰੀਗਰ ਤੇਰੇ ਵਿੱਚ ਫਿਰ ਕਦੇ ਨਾ ਲੱਭੇਗਾ,
ਚੱਕੀ ਦੀ ਅਵਾਜ਼ ਤੇਰੇ ਵਿੱਚ ਫਿਰ ਕਦੇ ਸੁਣਾਈ ਨਾ ਦੇਵੇਗੀ,
23ਤੇਰੇ ਵਿੱਚ ਦੀਵੇ ਦਾ ਚਾਨਣ ਫਿਰ ਕਦੇ ਨਾ ਚਮਕੇਗਾ, ਤੇਰੇ ਵਿੱਚ ਲਾੜੇ
ਅਤੇ ਲਾੜੀ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ;
ਕਿਉਂਕਿ ਤੇਰੇ ਵਪਾਰੀ ਧਰਤੀ ਦੇ ਉੱਘੇ ਵਪਾਰੀ ਸਨ
ਅਤੇ ਤੇਰੇ ਜਾਦੂ-ਟੂਣੇ ਨਾਲ ਸਾਰੀਆਂ ਕੌਮਾਂ ਭਰਮਾਈਆਂ ਗਈਆਂ।
24ਨਬੀਆਂ ਦਾ ਅਤੇ ਸੰਤਾਂ ਦਾ ਅਤੇ ਧਰਤੀ ਉੱਤੇ ਘਾਤ ਕੀਤੇ ਗਏ ਸਭਨਾਂ ਲੋਕਾਂ ਦਾ ਲਹੂ
ਉਸ ਨਗਰੀ ਵਿੱਚ ਪਾਇਆ ਗਿਆ।”
Currently Selected:
ਪਰਕਾਸ਼ 18: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative