1 ਯੂਹੰਨਾ 3
3
1ਵੇਖੋ, ਪਿਤਾ ਨੇ ਸਾਨੂੰ ਕਿੰਨਾ ਮਹਾਨ ਪ੍ਰੇਮ ਬਖਸ਼ਿਆ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਕਹਾਈਏ! ਅਤੇ ਇਹੋ ਅਸੀਂ ਹਾਂ ਵੀ। ਸੰਸਾਰ ਇਸ ਲਈ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਉਸ ਨੂੰ ਵੀ ਨਹੀਂ ਜਾਣਿਆ। 2ਪਿਆਰਿਓ, ਹੁਣ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਅਤੇ ਅਜੇ ਇਹ ਪਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪਰਗਟ ਹੋਵੇਗਾ ਤਾਂ ਅਸੀਂ ਉਸੇ ਜਿਹੇ ਹੋਵਾਂਗੇ, ਕਿਉਂਕਿ ਅਸੀਂ ਉਸ ਨੂੰ ਉਸੇ ਤਰ੍ਹਾਂ ਦਾ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। 3ਇਸ ਲਈ ਹਰੇਕ ਜਿਹੜਾ ਉਸ ਉੱਤੇ ਅਜਿਹੀ ਆਸ ਰੱਖਦਾ ਹੈ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਪਵਿੱਤਰ ਕਰਦਾ ਹੈ ਜਿਸ ਤਰ੍ਹਾਂ ਉਹ ਪਵਿੱਤਰ ਹੈ।
4ਜੋ ਕੋਈ ਪਾਪ ਕਰਦਾ ਹੈ ਉਹ ਬਿਵਸਥਾ ਦੀ ਉਲੰਘਣਾ ਕਰਦਾ ਹੈ ਅਤੇ ਪਾਪ ਬਿਵਸਥਾ ਦੀ ਉਲੰਘਣਾ ਹੈ। 5ਤੁਸੀਂ ਜਾਣਦੇ ਹੋ ਕਿ ਉਹ ਇਸ ਲਈ ਪਰਗਟ ਹੋਇਆ ਕਿ#3:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ” ਲਿਖਿਆ ਹੈ। ਪਾਪਾਂ ਨੂੰ ਚੁੱਕ ਲੈ ਜਾਵੇ; ਉਸ ਵਿੱਚ ਕੋਈ ਵੀ ਪਾਪ ਨਹੀਂ ਹੈ। 6ਹਰੇਕ ਜਿਹੜਾ ਉਸ ਵਿੱਚ ਬਣਿਆ ਰਹਿੰਦਾ ਹੈ, ਪਾਪ ਨਹੀਂ ਕਰਦਾ; ਪਰ ਜਿਹੜਾ ਪਾਪ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਨੇ ਨਾ ਉਸ ਨੂੰ ਵੇਖਿਆ ਹੈ ਅਤੇ ਨਾ ਹੀ ਉਸ ਨੂੰ ਜਾਣਿਆ ਹੈ। 7ਬੱਚਿਓ, ਕੋਈ ਤੁਹਾਨੂੰ ਭਟਕਾ ਨਾ ਦੇਵੇ; ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਧਰਮੀ ਹੈ, ਜਿਵੇਂ ਮਸੀਹ ਯਿਸੂ ਧਰਮੀ ਹੈ। 8ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਅਰੰਭ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਰ ਦਾ ਪੁੱਤਰ ਇਸੇ ਕਾਰਨ ਪਰਗਟ ਹੋਇਆ ਕਿ ਉਹ ਸ਼ੈਤਾਨ ਦੇ ਕੰਮਾਂ ਦਾ ਨਾਸ ਕਰੇ। 9ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਪਾਪ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਬਣਿਆ ਰਹਿੰਦਾ ਹੈ; ਉਹ ਪਾਪ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ। 10ਪਰਮੇਸ਼ਰ ਦੀ ਸੰਤਾਨ ਅਤੇ ਸ਼ੈਤਾਨ ਦੀ ਸੰਤਾਨ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਨਹੀਂ ਕਰਦਾ, ਪਰਮੇਸ਼ਰ ਤੋਂ ਨਹੀਂ ਹੈ ਅਤੇ ਨਾ ਹੀ ਉਹ ਜਿਹੜਾ ਆਪਣੇ ਭਾਈ ਨਾਲ ਪ੍ਰੇਮ ਨਹੀਂ ਰੱਖਦਾ।
ਆਪਸ ਵਿੱਚ ਪ੍ਰੇਮ ਰੱਖੋ
11ਇਹੋ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਕਿ ਅਸੀਂ ਆਪਸ ਵਿੱਚ ਪ੍ਰੇਮ ਰੱਖੀਏ; 12ਕਇਨ ਵਾਂਗ ਨਹੀਂ ਜੋ ਉਸ ਦੁਸ਼ਟ ਤੋਂ ਸੀ ਅਤੇ ਜਿਸ ਨੇ ਆਪਣੇ ਭਰਾ ਦੀ ਹੱਤਿਆ ਕੀਤੀ। ਉਸ ਨੇ ਕਿਸ ਕਾਰਨ ਆਪਣੇ ਭਰਾ ਦੀ ਹੱਤਿਆ ਕੀਤੀ? ਇਸ ਲਈ ਕਿ ਉਸ ਦੇ ਕੰਮ ਬੁਰੇ ਅਤੇ ਉਸ ਦੇ ਭਰਾ ਦੇ ਕੰਮ ਧਾਰਮਿਕਤਾ ਦੇ ਸਨ। 13ਹੇ ਭਾਈਓ, ਜੇ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ ਤਾਂ ਹੈਰਾਨ ਨਾ ਹੋਵੋ। 14ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਅਸੀਂ ਭਾਈਆਂ ਨਾਲ ਪ੍ਰੇਮ ਰੱਖਦੇ ਹਾਂ। ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਮੌਤ ਵਿੱਚ ਬਣਿਆ ਰਹਿੰਦਾ ਹੈ। 15ਹਰੇਕ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹੱਤਿਆਰਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਹੱਤਿਆਰੇ ਵਿੱਚ ਸਦੀਪਕ ਜੀਵਨ ਵਾਸ ਨਹੀਂ ਕਰਦਾ।
16ਅਸੀਂ ਪ੍ਰੇਮ ਨੂੰ ਇਸੇ ਤੋਂ ਜਾਣਿਆ ਕਿ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਦਿੱਤੀ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਭਾਈਆਂ ਦੇ ਲਈ ਆਪਣੀ ਜਾਨ ਦੇਈਏ। 17ਪਰ ਜਿਸ ਕੋਲ ਸੰਸਾਰ ਦੀ ਧਨ-ਸੰਪਤੀ ਹੈ ਅਤੇ ਉਹ ਆਪਣੇ ਭਾਈ ਨੂੰ ਜ਼ਰੂਰਤ ਵਿੱਚ ਵੇਖ ਕੇ ਉਸ ਦੇ ਪ੍ਰਤੀ ਆਪਣੇ ਦਿਲ ਨੂੰ ਕਠੋਰ ਕਰ ਲੈਂਦਾ ਹੈ ਤਾਂ ਉਸ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿ ਸਕਦਾ ਹੈ? 18ਬੱਚਿਓ, ਸਾਨੂੰ ਗੱਲੀਂ ਬਾਤੀਂ ਜਾਂ ਸ਼ਬਦਾਂ ਨਾਲ ਨਹੀਂ, ਸਗੋਂ ਕਰਨੀ ਅਤੇ ਸਚਾਈ ਨਾਲ ਪ੍ਰੇਮ ਕਰਨਾ ਚਾਹੀਦਾ ਹੈ।
19ਇਸੇ ਤੋਂ ਅਸੀਂ ਜਾਣਾਂਗੇ ਕਿ ਅਸੀਂ ਸੱਚ ਦੇ ਹਾਂ ਅਤੇ ਉਸ ਦੇ ਸਨਮੁੱਖ ਆਪਣੇ ਮਨ ਨੂੰ ਤਸੱਲੀ ਦੇ ਸਕਾਂਗੇ, 20ਕਿਉਂਕਿ ਜੇ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਹੈ ਤਾਂ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ। 21ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ੀ ਨਾ ਠਹਿਰਾਵੇ ਤਾਂ ਪਰਮੇਸ਼ਰ ਦੇ ਸਨਮੁੱਖ ਸਾਨੂੰ ਦਲੇਰੀ ਹੁੰਦੀ ਹੈ 22ਅਤੇ ਜੋ ਕੁਝ ਅਸੀਂ ਮੰਗਦੇ ਹਾਂ, ਉਸ ਤੋਂ ਪ੍ਰਾਪਤ ਕਰਦੇ ਹਾਂ; ਕਿਉਂਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਉਹੀ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਹ ਪ੍ਰਸੰਨ ਹੁੰਦਾ ਹੈ। 23ਉਸ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਹੈ, ਆਪਸ ਵਿੱਚ ਪ੍ਰੇਮ ਰੱਖੀਏ। 24ਜਿਹੜਾ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ ਅਤੇ ਇਸੇ ਤੋਂ ਅਰਥਾਤ ਉਸ ਆਤਮਾ ਤੋਂ ਜੋ ਉਸ ਨੇ ਸਾਨੂੰ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਬਣਿਆ ਰਹਿੰਦਾ ਹੈ।
Currently Selected:
1 ਯੂਹੰਨਾ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative