1 ਯੂਹੰਨਾ 4
4
ਆਤਮਾਵਾਂ ਨੂੰ ਪਰਖੋ
1ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਆਤਮਾਵਾਂ ਨੂੰ ਪਰਖੋ ਕਿ ਉਹ ਪਰਮੇਸ਼ਰ ਦੀ ਵੱਲੋਂ ਹਨ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ। 2ਪਰਮੇਸ਼ਰ ਦੇ ਆਤਮਾ ਨੂੰ ਤੁਸੀਂ ਇਸ ਤਰ੍ਹਾਂ ਪਛਾਣ ਸਕਦੇ ਹੋ: ਹਰੇਕ ਆਤਮਾ ਜੋ ਇਹ ਇਕਰਾਰ ਕਰਦੀ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ਰ ਵੱਲੋਂ ਹੈ। 3ਜਿਹੜੀ ਆਤਮਾ ਯਿਸੂ ਦਾ ਇਕਰਾਰ ਨਹੀਂ ਕਰਦੀ#4:3 ਕੁਝ ਹਸਤਲੇਖਾਂ ਵਿੱਚ “ਜਿਹੜੀ ਆਤਮਾ ਯਿਸੂ ਦਾ ਇਕਰਾਰ ਨਹੀਂ ਕਰਦੀ” ਦੇ ਸਥਾਨ 'ਤੇ “ਜੋ ਇਹ ਨਹੀਂ ਮੰਨਦੀ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ” ਲਿਖਿਆ ਹੈ। ਉਹ ਪਰਮੇਸ਼ਰ ਵੱਲੋਂ ਨਹੀਂ ਹੈ ਅਤੇ ਉਹੀ ਮਸੀਹ-ਵਿਰੋਧੀ ਦੀ ਆਤਮਾ ਹੈ; ਤੁਸੀਂ ਸੁਣਿਆ ਹੈ ਕਿ ਉਹ ਆਉਣ ਵਾਲਾ ਹੈ ਅਤੇ ਹੁਣ ਉਹ ਸੰਸਾਰ ਵਿੱਚ ਹੀ ਹੈ।
ਸੰਸਾਰ ਉੱਤੇ ਜਿੱਤ ਪਾਉਣਾ
4ਬੱਚਿਓ, ਤੁਸੀਂ ਪਰਮੇਸ਼ਰ ਦੇ ਹੋ ਅਤੇ ਤੁਸੀਂ ਉਨ੍ਹਾਂ#4:4 ਅਰਥਾਤ ਝੂਠੇ ਨਬੀਆਂ ਉੱਤੇ ਜਿੱਤ ਪਾਈ ਹੈ, ਕਿਉਂਕਿ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਨਾਲੋਂ ਕਿਤੇ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ। 5ਉਹ ਸੰਸਾਰ ਦੇ ਹਨ; ਇਸ ਲਈ ਉਹ ਸੰਸਾਰ ਦੀਆਂ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ। 6ਅਸੀਂ ਪਰਮੇਸ਼ਰ ਦੇ ਹਾਂ ਅਤੇ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ; ਜਿਹੜਾ ਪਰਮੇਸ਼ਰ ਦਾ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ। ਇਸੇ ਤੋਂ ਅਸੀਂ ਸੱਚ ਦੇ ਆਤਮਾ ਨੂੰ ਅਤੇ ਭਰਮਾਉਣ ਵਾਲੀ ਆਤਮਾ ਨੂੰ ਪਛਾਣ ਲੈਂਦੇ ਹਾਂ।
ਪ੍ਰੇਮ ਦੇ ਦੁਆਰਾ ਪਰਮੇਸ਼ਰ ਨੂੰ ਜਾਣਨਾ
7ਪਿਆਰਿਓ, ਅਸੀਂ ਆਪਸ ਵਿੱਚ ਪ੍ਰੇਮ ਰੱਖੀਏ ਕਿਉਂਕਿ ਪ੍ਰੇਮ ਪਰਮੇਸ਼ਰ ਵੱਲੋਂ ਹੈ; ਹਰੇਕ ਜਿਹੜਾ ਪ੍ਰੇਮ ਰੱਖਦਾ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ। 8ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪ੍ਰੇਮ ਹੈ। 9ਪਰਮੇਸ਼ਰ ਦਾ ਪ੍ਰੇਮ ਸਾਡੇ ਵਿਚਕਾਰ ਇਸ ਤਰ੍ਹਾਂ ਪਰਗਟ ਹੋਇਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂਕਿ ਅਸੀਂ ਉਸ ਦੇ ਦੁਆਰਾ ਜੀਵਨ ਪ੍ਰਾਪਤ ਕਰੀਏ। 10ਪ੍ਰੇਮ ਇਸ ਵਿੱਚ ਨਹੀਂ ਹੈ ਕਿ ਅਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ, ਸਗੋਂ ਇਸ ਵਿੱਚ ਹੈ ਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪ੍ਰਾਸਚਿਤ ਹੋਣ ਲਈ ਭੇਜਿਆ। 11ਪਿਆਰਿਓ, ਜੇ ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪ੍ਰੇਮ ਕੀਤਾ ਤਾਂ ਸਾਨੂੰ ਵੀ ਆਪਸ ਵਿੱਚ ਪ੍ਰੇਮ ਰੱਖਣਾ ਚਾਹੀਦਾ ਹੈ। 12ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਜੇ ਅਸੀਂ ਆਪਸ ਵਿੱਚ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਹੋ ਚੁੱਕਾ ਹੈ।
13ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਵਿੱਚ ਬਣੇ ਹੋਏ ਹਾਂ ਅਤੇ ਉਹ ਸਾਡੇ ਵਿੱਚ, ਕਿਉਂਕਿ ਉਸ ਨੇ ਸਾਨੂੰ ਆਪਣੇ ਆਤਮਾ ਵਿੱਚੋਂ ਦਿੱਤਾ ਹੈ। 14ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਪੁੱਤਰ ਨੂੰ ਸੰਸਾਰ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ। 15ਜੋ ਕੋਈ ਇਹ ਇਕਰਾਰ ਕਰਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਮੇਸ਼ਰ ਉਸ ਵਿੱਚ ਅਤੇ ਉਹ ਪਰਮੇਸ਼ਰ ਵਿੱਚ ਬਣਿਆ ਰਹਿੰਦਾ ਹੈ। 16ਅਸੀਂ ਇਸ ਪ੍ਰੇਮ ਨੂੰ ਜਾਣ ਲਿਆ ਅਤੇ ਇਸ ਉੱਤੇ ਵਿਸ਼ਵਾਸ ਕੀਤਾ ਹੈ ਜੋ ਪਰਮੇਸ਼ਰ ਸਾਡੇ ਪ੍ਰਤੀ ਰੱਖਦਾ ਹੈ।
ਪਰਮੇਸ਼ਰ ਪ੍ਰੇਮ ਹੈ ਅਤੇ ਜਿਹੜਾ ਇਸ ਪ੍ਰੇਮ ਵਿੱਚ ਬਣਿਆ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ। 17ਇਸੇ ਤੋਂ ਪ੍ਰੇਮ ਸਾਡੇ ਵਿੱਚ ਸੰਪੂਰਨ ਹੋਇਆ ਤਾਂਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ; ਕਿਉਂਕਿ ਜਿਸ ਤਰ੍ਹਾਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਸੰਸਾਰ ਵਿੱਚ ਹਾਂ। 18ਪ੍ਰੇਮ ਵਿੱਚ ਡਰ ਨਹੀਂ ਹੁੰਦਾ, ਬਲਕਿ ਸਿੱਧ ਪ੍ਰੇਮ ਡਰ ਨੂੰ ਦੂਰ ਕਰ ਦਿੰਦਾ ਹੈ ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੈ; ਇਸ ਲਈ ਜਿਹੜਾ ਡਰਦਾ ਹੈ ਉਹ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ। 19ਅਸੀਂ#4:19 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਨਾਲ” ਲਿਖਿਆ ਹੈ। ਇਸ ਲਈ ਪ੍ਰੇਮ ਕਰਦੇ ਹਾਂ ਕਿਉਂਕਿ ਪਹਿਲਾਂ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ।
20ਜੇ ਕੋਈ ਕਹਿੰਦਾ ਹੈ ਮੈਂ ਪਰਮੇਸ਼ਰ ਨਾਲ ਪ੍ਰੇਮ ਕਰਦਾ ਹਾਂ ਅਤੇ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਉਸ ਭਾਈ ਨਾਲ ਪ੍ਰੇਮ ਨਹੀਂ ਕਰਦਾ ਜਿਸ ਨੂੰ ਉਸ ਨੇ ਵੇਖਿਆ ਹੈ, ਉਹ ਪਰਮੇਸ਼ਰ ਨਾਲ ਜਿਸ ਨੂੰ ਉਸ ਨੇ ਨਹੀਂ ਵੇਖਿਆ, ਪ੍ਰੇਮ ਨਹੀਂ ਕਰ ਸਕਦਾ। 21ਸਾਨੂੰ ਮਸੀਹ ਤੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਭਾਈ ਨਾਲ ਵੀ ਪ੍ਰੇਮ ਕਰੇ।
Currently Selected:
1 ਯੂਹੰਨਾ 4: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative