Bible App logo
Search Icon

1 ਯੂਹੰਨਾ 2

2
1ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ, ਪਰ ਜੇ ਕੋਈ ਪਾਪ ਕਰਦਾ ਹੈ ਤਾਂ ਪਿਤਾ ਕੋਲ ਸਾਡਾ ਇੱਕ ਮਦਦਗਾਰ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ। 2ਉਹੀ ਸਾਡੇ ਪਾਪਾਂ ਦਾ ਪ੍ਰਾਸਚਿਤ ਹੈ; ਕੇਵਲ ਸਾਡੇ ਪਾਪਾਂ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਪਾਪਾਂ ਦਾ ਵੀ।
ਪਰਮੇਸ਼ਰ ਦੇ ਹੁਕਮ
3ਜੇ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਨੂੰ ਜਾਣ ਲਿਆ ਹੈ। 4ਜਿਹੜਾ ਇਹ ਕਹਿੰਦਾ ਹੈ, “ਮੈਂ ਉਸ ਨੂੰ ਜਾਣ ਲਿਆ ਹੈ,” ਪਰ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ ਝੂਠਾ ਹੈ ਅਤੇ ਉਸ ਵਿੱਚ ਸਚਾਈ ਨਹੀਂ ਹੈ। 5ਪਰ ਜਿਹੜਾ ਉਸ ਦੇ ਵਚਨ ਦੀ ਪਾਲਣਾ ਕਰਦਾ ਹੈ, ਸੱਚਮੁੱਚ ਪਰਮੇਸ਼ਰ ਦਾ ਪ੍ਰੇਮ ਉਸ ਦੇ ਅੰਦਰ ਸੰਪੂਰਨ ਹੋ ਚੁੱਕਾ ਹੈ; ਇਸੇ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵਿੱਚ ਹਾਂ। 6ਜਿਹੜਾ ਇਹ ਕਹਿੰਦਾ ਹੈ ਕਿ ਮੈਂ ਉਸ ਵਿੱਚ ਬਣਿਆ ਰਹਿੰਦਾ ਹਾਂ, ਉਸ ਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਜਿਵੇਂ ਉਹ ਚੱਲਦਾ ਸੀ।
7ਹੇ ਪਿਆਰਿਓ#2:7 ਕੁਝ ਹਸਤਲੇਖਾਂ ਵਿੱਚ “ਪਿਆਰਿਓ” ਦੇ ਸਥਾਨ 'ਤੇ “ਭਾਈਓ” ਲਿਖਿਆ ਹੈ।, ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਸਗੋਂ ਉਹੀ ਪੁਰਾਣਾ ਹੁਕਮ ਜਿਹੜਾ ਅਰੰਭ ਤੋਂ ਤੁਹਾਡੇ ਕੋਲ ਹੈ। ਇਹ ਪੁਰਾਣਾ ਹੁਕਮ ਉਹ ਵਚਨ ਹੈ ਜੋ ਤੁਸੀਂ ਸ਼ੁਰੂ ਤੋਂ#2:7 ਕੁਝ ਹਸਤਲੇਖਾਂ ਵਿੱਚ “ਸ਼ੁਰੂ ਤੋਂ” ਨਹੀਂ ਹੈ। ਸੁਣਿਆ। 8ਨਾਲ ਹੀ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਵੀ ਲਿਖ ਰਿਹਾ ਹਾਂ ਜਿਹੜਾ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਚਾ ਸਿੱਧ ਹੋਇਆ ਹੈ, ਕਿਉਂਕਿ ਹਨੇਰਾ ਬੀਤਦਾ ਜਾਂਦਾ ਹੈ ਅਤੇ ਸੱਚਾ ਚਾਨਣ ਚਮਕਣਾ ਸ਼ੁਰੂ ਹੋ ਗਿਆ ਹੈ। 9ਜਿਹੜਾ ਇਹ ਕਹਿੰਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ, ਉਹ ਅਜੇ ਤੱਕ ਹਨੇਰੇ ਵਿੱਚ ਹੀ ਹੈ। 10ਜਿਹੜਾ ਆਪਣੇ ਭਾਈ ਨਾਲ ਪ੍ਰੇਮ ਰੱਖਦਾ ਹੈ ਉਹ ਚਾਨਣ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕੋਈ ਕਾਰਨ ਨਹੀਂ। 11ਪਰ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਚੱਲਦਾ ਹੈ ਤੇ ਨਹੀਂ ਜਾਣਦਾ ਕਿ ਉਹ ਕਿੱਥੇ ਜਾਂਦਾ ਹੈ, ਕਿਉਂਕਿ ਹਨੇਰੇ ਨੇ ਉਸ ਦੀਆਂ ਅੱਖਾਂ ਅੰਨ੍ਹੀਆਂ ਕਰ ਛੱਡੀਆਂ ਹਨ।
ਲਿਖਣ ਦਾ ਉਦੇਸ਼
12ਹੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਉਸ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਹੋਏ ਹਨ। 13ਹੇ ਪਿਤਾਓ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ। 14ਬੱਚਿਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣ ਲਿਆ ਹੈ। ਪਿਤਾਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ।
ਸੰਸਾਰ ਦੇ ਵਿਖੇ ਚਿਤਾਵਨੀ
15ਸੰਸਾਰ ਨਾਲ ਪ੍ਰੇਮ ਨਾ ਰੱਖੋ ਅਤੇ ਨਾ ਸੰਸਾਰ ਦੀਆਂ ਵਸਤਾਂ ਨਾਲ। ਜੇ ਕੋਈ ਸੰਸਾਰ ਨਾਲ ਪ੍ਰੇਮ ਰੱਖਦਾ ਹੈ ਤਾਂ ਉਸ ਵਿੱਚ ਪਿਤਾ ਦਾ ਪ੍ਰੇਮ ਨਹੀਂ ਹੈ। 16ਕਿਉਂਕਿ ਜੋ ਕੁਝ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਲਾਲਸਾ ਅਤੇ ਧਨ-ਸੰਪਤੀ ਦਾ ਘਮੰਡ, ਇਹ ਪਿਤਾ ਵੱਲੋਂ ਨਹੀਂ ਬਲਕਿ ਸੰਸਾਰ ਵੱਲੋਂ ਹੈ। 17ਸੰਸਾਰ ਅਤੇ ਇਸ ਦੀ ਲਾਲਸਾ ਖ਼ਤਮ ਹੁੰਦੀ ਜਾਂਦੀ ਹੈ, ਪਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਸਦਾ ਤੱਕ ਕਾਇਮ ਰਹਿੰਦਾ ਹੈ।
ਮਸੀਹ ਦੇ ਵਿਰੋਧੀਆਂ ਵਿਖੇ ਚਿਤਾਵਨੀ
18ਬੱਚਿਓ, ਇਹ ਅੰਤ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ-ਵਿਰੋਧੀ ਆ ਰਿਹਾ ਹੈ, ਉਸੇ ਤਰ੍ਹਾਂ ਹੁਣ ਬਹੁਤ ਸਾਰੇ ਮਸੀਹ ਦੇ ਵਿਰੋਧੀ ਆ ਵੀ ਚੁੱਕੇ ਹਨ; ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅੰਤ ਸਮਾਂ ਹੈ। 19ਉਹ ਸਾਡੇ ਵਿੱਚੋਂ ਹੀ ਨਿੱਕਲੇ ਪਰ ਉਹ ਸਾਡੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਹੁੰਦੇ ਤਾਂ ਸਾਡੇ ਨਾਲ ਬਣੇ ਰਹਿੰਦੇ। ਪਰ ਉਹ ਇਸ ਲਈ ਨਿੱਕਲ ਗਏ ਤਾਂਕਿ ਪਰਗਟ ਹੋ ਜਾਵੇ ਕਿ ਸਾਰੇ ਸਾਡੇ ਨਹੀਂ ਹਨ।
20ਪਰ ਤੁਹਾਡਾ ਮਸਹ ਉਸ ਪਵਿੱਤਰ ਜਨ ਵੱਲੋਂ ਹੋਇਆ ਹੈ ਅਤੇ ਤੁਸੀਂ ਸਭ ਗੱਲਾਂ ਜਾਣਦੇ ਹੋ। 21ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਸਗੋਂ ਇਸ ਲਈ ਕਿ ਤੁਸੀਂ ਸੱਚ ਨੂੰ ਜਾਣਦੇ ਹੋ; ਕੋਈ ਵੀ ਝੂਠ, ਸੱਚ ਵੱਲੋਂ ਨਹੀਂ ਹੈ। 22ਝੂਠਾ ਕੌਣ ਹੈ? ਕੇਵਲ ਉਹ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ। ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। 23ਹਰੇਕ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਉਸ ਕੋਲ ਪਿਤਾ ਵੀ ਨਹੀਂ ਹੈ; ਪਰ ਜਿਹੜਾ ਪੁੱਤਰ ਦਾ ਇਕਰਾਰ ਕਰਦਾ ਹੈ ਉਸ ਕੋਲ ਪਿਤਾ ਵੀ ਹੈ।
24ਜੋ ਤੁਸੀਂ ਅਰੰਭ ਤੋਂ ਸੁਣਿਆ ਉਹ ਤੁਹਾਡੇ ਵਿੱਚ ਬਣਿਆ ਰਹੇ। ਜੇ ਉਹ ਜੋ ਤੁਸੀਂ ਅਰੰਭ ਤੋਂ ਸੁਣਿਆ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਤਾਂ ਤੁਸੀਂ ਵੀ ਪੁੱਤਰ ਵਿੱਚ ਅਤੇ ਪਿਤਾ ਵਿੱਚ ਬਣੇ ਰਹੋਗੇ। 25ਇਹ ਸਦੀਪਕ ਜੀਵਨ ਹੀ ਉਹ ਵਾਇਦਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
26ਇਹ ਗੱਲਾਂ ਮੈਂ ਤੁਹਾਨੂੰ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾ ਰਹੇ ਹਨ। 27ਪਰ ਜੋ ਮਸਹ ਤੁਹਾਨੂੰ ਉਸ ਤੋਂ ਪ੍ਰਾਪਤ ਹੋਇਆ ਉਹ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਜ਼ਰੂਰਤ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਉਹੀ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿਖਾਉਂਦਾ ਹੈ ਅਤੇ ਇਹ ਸੱਚਾ ਹੈ, ਝੂਠਾ ਨਹੀਂ। ਸੋ ਜਿਵੇਂ ਉਸ ਨੇ ਤੁਹਾਨੂੰ ਸਿਖਾਇਆ ਤੁਸੀਂ ਮਸੀਹ ਵਿੱਚ ਬਣੇ ਰਹੋ।
ਪਰਮੇਸ਼ਰ ਦੀ ਸੰਤਾਨ
28ਸੋ ਹੁਣ ਹੇ ਬੱਚਿਓ, ਉਸ ਵਿੱਚ ਬਣੇ ਰਹੋ ਤਾਂਕਿ ਜਦੋਂ ਉਹ ਪਰਗਟ ਹੋਵੇ ਤਾਂ ਉਸ ਦੀ ਆਮਦ ਦੇ ਸਮੇਂ ਸਾਨੂੰ ਉਸ ਦੇ ਸਨਮੁੱਖ ਦਲੇਰੀ ਹੋਵੇ, ਨਾ ਕਿ ਸ਼ਰਮਿੰਦਾ ਹੋਣਾ ਪਵੇ। 29ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ ਤਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਉਸ ਤੋਂ ਪੈਦਾ ਹੋਇਆ ਹੈ।

Currently Selected:

1 ਯੂਹੰਨਾ 2: PSB

Highlight

Copy

Compare

Share

None

Want to have your highlights saved across all your devices? Sign up or sign in