ਗਿਣਤੀ 21
21
ਅਰਾਦ ਦਾ ਨਾਸ਼
1ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ। 2ਫਿਰ ਇਸਰਾਏਲ ਨੇ ਯਾਹਵੇਹ ਅੱਗੇ ਇਹ ਸੁੱਖਣਾ ਸੁੱਖੀ, “ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓਗੇ, ਤਾਂ ਅਸੀਂ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ।” 3ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ#21:3 ਹੋਰਮਾਹ ਅਰਥਾਤ: ਵਿਨਾਸ਼ ਰੱਖਿਆ ਗਿਆ।
ਪਿੱਤਲ ਦਾ ਸੱਪ
4ਉਹ ਹੋਰ ਨਾਮੀ ਪਹਾੜ ਤੋਂ ਲਾਲ ਸਾਗਰ ਦੇ ਰਸਤੇ ਅਦੋਮ ਦੇ ਆਲੇ-ਦੁਆਲੇ ਜਾਣ ਲਈ ਸਫ਼ਰ ਕਰਦੇ ਸਨ, ਪਰ ਲੋਕ ਰਸਤੇ ਵਿੱਚ ਬੇਸਬਰੇ ਹੋ ਗਏ; 5ਉਹ ਪਰਮੇਸ਼ਵਰ ਅਤੇ ਮੋਸ਼ੇਹ ਦੇ ਵਿਰੁੱਧ ਬੋਲੇ ਅਤੇ ਆਖਿਆ, “ਤੁਸੀਂ ਸਾਨੂੰ ਮਿਸਰ ਵਿੱਚੋਂ ਉਜਾੜ ਵਿੱਚ ਮਰਨ ਲਈ ਕਿਉਂ ਲਿਆਏ? ਜਿੱਥੇ ਨਾ ਕੋਈ ਰੋਟੀ ਹੈ! ਨਾ ਪਾਣੀ ਹੈ! ਅਤੇ ਅਸੀਂ ਇਸ ਨਿਕੰਮੇ ਭੋਜਨ ਤੋਂ ਅੱਕ ਗਏ ਹਾਂ!”
6ਤਦ ਯਾਹਵੇਹ ਨੇ ਉਹਨਾਂ ਵਿੱਚ ਜ਼ਹਿਰੀਲੇ ਸੱਪ ਭੇਜੇ, ਉਹਨਾਂ ਨੇ ਲੋਕਾਂ ਨੂੰ ਡੱਸਿਆ ਅਤੇ ਬਹੁਤ ਸਾਰੇ ਇਸਰਾਏਲੀ ਮਰ ਗਏ। 7ਲੋਕ ਮੋਸ਼ੇਹ ਕੋਲ ਆਏ ਅਤੇ ਆਖਿਆ, “ਅਸੀਂ ਪਾਪ ਕੀਤਾ ਜਦੋਂ ਅਸੀਂ ਯਾਹਵੇਹ ਅਤੇ ਤੁਹਾਡੇ ਵਿਰੁੱਧ ਬੋਲੇ, ਹੁਣ ਪ੍ਰਾਰਥਨਾ ਕਰੋ ਕਿ ਯਾਹਵੇਹ ਸਾਡੇ ਤੋਂ ਸੱਪਾਂ ਨੂੰ ਦੂਰ ਕਰ ਦੇਵੇ।” ਇਸ ਲਈ ਮੋਸ਼ੇਹ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇੱਕ ਸੱਪ ਬਣਾ ਅਤੇ ਇੱਕ ਖੰਭੇ ਉੱਤੇ ਰੱਖ, ਕੋਈ ਵੀ ਜੋ ਡੱਸਿਆ ਜਾਵੇ ਉਹ ਇਸਨੂੰ ਦੇਖ ਲਵੇ ਅਤੇ ਆਪਣੀ ਜਾਨ ਬਚਾ ਸਕਦਾ ਹੈ।” 9ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਡੰਗ ਮਾਰਦਾ ਅਤੇ ਉਹ ਉਸ ਪਿੱਤਲ ਦੇ ਸੱਪ ਵੱਲ ਵੇਖਦਾ ਤਾਂ ਉਹ ਜਿਉਂਦਾ ਰਹਿੰਦਾ ਸੀ।
ਮੋਆਬ ਦੀ ਯਾਤਰਾ
10ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ। 11ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ। 12ਉੱਥੋਂ ਉਹਨਾਂ ਨੇ ਅੱਗੇ ਵੱਧ ਕੇ ਜ਼ਰਦ ਘਾਟੀ ਵਿੱਚ ਡੇਰੇ ਲਾਏ। 13ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ। 14ਇਸੇ ਲਈ ਯਾਹਵੇਹ ਦੇ ਯੁੱਧਾਂ ਦੀ ਪੋਥੀ ਆਖਦੀ ਹੈ:
“ਸੁਫਾਹ ਅਤੇ ਦਰਿਆਵਾਂ ਵਿੱਚ ਜ਼ਹਾਬਦ,
ਅਰਨੋਨ ਦੀਆਂ ਵਦੀਆਂ 15ਅਤੇ ਵਾਦੀਆਂ ਦੀਆਂ ਢਾਲ
ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ
ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।”
16ਉੱਥੋਂ ਉਹ ਬਏਰ ਵੱਲ ਚੱਲ ਪਏ, ਉਹ ਖੂਹ ਜਿੱਥੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਲੋਕਾਂ ਨੂੰ ਇਕੱਠਾ ਕਰ ਅਤੇ ਮੈਂ ਉਹਨਾਂ ਨੂੰ ਪਾਣੀ ਦਿਆਂਗਾ।”
17ਤਦ ਇਸਰਾਏਲ ਨੇ ਇਹ ਗੀਤ ਗਾਇਆ:
“ਹੇ ਖੂਹ! ਭਰ ਜਾਉ!
ਉਸ ਲਈ ਗਾਓ,
18ਉਹ ਖੂਹ ਜੋ ਸਰਦਾਰਾਂ ਨੇ ਪੁੱਟਿਆ,
ਅਤੇ ਜਿਸ ਨੂੰ ਪਤਵੰਤ ਲੋਕਾਂ ਨੇ,
ਅਤੇ ਰਾਜਿਆਂ ਦੀਆਂ ਲਾਠੀਆਂ ਨਾਲ ਕੱਢਿਆ।”
ਤਦ ਉਹ ਉਜਾੜ ਤੋਂ ਮੱਤਾਨਾਹ ਨੂੰ ਗਏ। 19ਮੱਤਾਨਾਹ ਤੋਂ ਨਹਲੀਏਲ ਤੱਕ, ਨਹਲੀਏਲ ਤੋਂ ਬਾਮੋਥ ਤੱਕ, 20ਅਤੇ ਬਾਮੋਥ ਤੋਂ ਮੋਆਬ ਦੀ ਘਾਟੀ ਤੱਕ ਜਿੱਥੇ ਪਿਸਗਾਹ ਦੀ ਸਿਖਰ ਨੂੰ ਜਿਹੜਾ ਉਜਾੜ ਵੱਲ ਨੂੰ ਝੁਕੀ ਹੋਈ ਹੈ।
ਸੀਹੋਨ ਅਤੇ ਓਗ ਦੀ ਹਾਰ
21ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ:
22“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ ਵਿੱਚ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕ ਦੇ ਰਾਸਤੇ ਤੇ ਯਾਤਰਾ ਕਰਾਂਗੇ ਜਦੋਂ ਤੱਕ ਅਸੀਂ ਤੁਹਾਡੇ ਖੇਤਰ ਵਿੱਚੋਂ ਪਾਰ ਨਹੀਂ ਲੰਘ ਜਾਂਦੇ।”
23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਉਸ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਵਿਰੁੱਧ ਉਜਾੜ ਵੱਲ ਕੂਚ ਕੀਤਾ। ਜਦੋਂ ਉਹ ਯਹਾਜ਼ ਪਹੁੰਚਿਆ, ਉਸਨੇ ਇਸਰਾਏਲ ਨਾਲ ਲੜਾਈ ਕੀਤੀ। 24ਪਰ ਇਸਰਾਏਲ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਅਰਨੋਨ ਤੋਂ ਲੈ ਕੇ ਯਬੋਕ ਨਦੀ ਤੱਕ ਉਸ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਪਰ ਅੰਮੋਨੀਆਂ ਤੱਕ ਹੀ ਕਿਉਂ ਜੋ ਉਹਨਾਂ ਦੀ ਸਰਹੱਦ ਮਜ਼ਬੂਤ ਸੀ। 25ਇਸਰਾਏਲ ਨੇ ਅਮੋਰੀਆਂ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਹੇਸ਼ਬੋਨ ਅਤੇ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਬਸਤੀਆਂ ਸਣੇ ਉਹਨਾਂ ਉੱਤੇ ਕਬਜ਼ਾ ਕਰ ਲਿਆ। 26ਹੇਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਪਹਿਲੇ ਰਾਜੇ ਦੇ ਵਿਰੁੱਧ ਲੜਾਈ ਕੀਤੀ ਸੀ ਅਤੇ ਅਰਨੋਨ ਤੱਕ ਉਸ ਦਾ ਸਾਰਾ ਦੇਸ਼ ਉਸ ਤੋਂ ਜਿੱਤ ਲਿਆ ਸੀ।
27ਇਸ ਲਈ ਕਵੀ ਕਹਿੰਦੇ ਹਨ:
“ਹੇਸ਼ਬੋਨ ਵਿੱਚ ਆਓ ਅਤੇ ਇਸਨੂੰ ਦੁਬਾਰਾ ਬਣਾਇਆ ਜਾਵੇ।
ਸੀਹੋਨ ਦੇ ਸ਼ਹਿਰ ਨੂੰ ਬਹਾਲ ਕੀਤਾ ਜਾਵੇ।
28“ਹੇਸ਼ਬੋਨ ਵਿੱਚੋਂ ਅੱਗ ਨਿਕਲੀ,
ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ।
ਉਸ ਨੇ ਮੋਆਬ ਦੇ ਆਰ ਨੂੰ,
ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।
29ਹੇ ਮੋਆਬ, ਤੇਰੇ ਉੱਤੇ ਹਾਏ!
ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ!
ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ
ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।
30“ਪਰ ਅਸੀਂ ਉਹਨਾਂ ਨੂੰ ਉਖਾੜ ਸੁੱਟਿਆ ਹੈ।
ਹੇਸ਼ਬੋਨ ਦਾ ਰਾਜ ਦੀਬੋਨ ਤੱਕ ਤਬਾਹ ਹੋ ਗਿਆ ਹੈ।
ਅਸੀਂ ਉਹਨਾਂ ਨੂੰ ਨੋਫਾਹ ਤੱਕ ਢਾਹ ਦਿੱਤਾ ਹੈ,
ਜੋ ਮੇਦੇਬਾ ਤੱਕ ਫੈਲਿਆ ਹੋਇਆ ਹੈ।”
31ਸੋ ਇਸਰਾਏਲ ਅਮੋਰੀਆਂ ਦੇ ਦੇਸ਼ ਵਿੱਚ ਵੱਸ ਗਿਆ।
32ਜਦੋਂ ਮੋਸ਼ੇਹ ਨੇ ਯਾਜ਼ਰ ਵਿੱਚ ਜਾਸੂਸ ਭੇਜੇ ਤਾਂ ਇਸਰਾਏਲੀਆਂ ਨੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ। 33ਤਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਉੱਤੇ ਚੜ੍ਹ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਅਤੇ ਆਪਣੀ ਸਾਰੀ ਸੈਨਾਂ ਸਣੇ ਉਹਨਾਂ ਨਾਲ ਯੁੱਧ ਕਰਨ ਲਈ ਅਦਰਈ ਵਿੱਚ ਪਹੁੰਚ ਗਿਆ।
34ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।”
35ਸੋ ਉਹਨਾਂ ਨੇ ਉਸ ਦੇ ਪੁੱਤਰਾਂ ਅਤੇ ਉਸ ਦੀ ਸਾਰੀ ਫ਼ੌਜ ਸਮੇਤ ਉਹ ਨੂੰ ਮਾਰ ਸੁੱਟਿਆ ਅਤੇ ਉਹਨਾਂ ਦਾ ਕੋਈ ਵੀ ਨਾ ਬਚਿਆ ਅਤੇ ਉਹਨਾਂ ਨੇ ਉਸਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ।
Currently Selected:
ਗਿਣਤੀ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.