ਗਿਣਤੀ 22
22
ਬਾਲਾਕ ਨੇ ਬਿਲਆਮ ਨੂੰ ਬੁਲਾਇਆ
1ਤਦ ਇਸਰਾਏਲੀਆਂ ਨੇ ਮੋਆਬ ਦੇ ਮੈਦਾਨਾਂ ਵਿੱਚ ਯਾਤਰਾ ਕੀਤੀ ਅਤੇ ਯਰੀਹੋ ਤੋਂ ਪਾਰ ਯਰਦਨ ਦੇ ਨਾਲ-ਨਾਲ ਡੇਰੇ ਲਾਏ।
2ਹੁਣ ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਭ ਕੁਝ ਵੇਖਿਆ ਜੋ ਇਸਰਾਏਲ ਨੇ ਅਮੋਰੀਆਂ ਨਾਲ ਕੀਤਾ ਸੀ। 3ਅਤੇ ਮੋਆਬ ਬਹੁਤ ਘਬਰਾ ਗਿਆ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਸੱਚ-ਮੁੱਚ ਮੋਆਬ ਇਸਰਾਏਲੀਆਂ ਦੇ ਕਾਰਨ ਡਰ ਨਾਲ ਭਰਿਆ ਹੋਇਆ ਸੀ।
4ਮੋਆਬੀਆਂ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ, “ਇਹ ਭੀੜ ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਚੱਟ ਲਵੇਗੀ ਜਿਵੇਂ ਬਲਦ ਖੇਤ ਦੇ ਘਾਹ ਨੂੰ ਚੱਟਦਾ ਹੈ।”
ਇਸ ਲਈ ਸਿੱਪੋਰ ਦੇ ਪੁੱਤਰ ਬਾਲਾਕ ਨੇ, ਜੋ ਉਸ ਸਮੇਂ ਮੋਆਬ ਦਾ ਰਾਜਾ ਸੀ, 5ਬਓਰ ਦੇ ਪੁੱਤਰ ਬਿਲਆਮ ਨੂੰ, ਜੋ ਫ਼ਰਾਤ ਦਰਿਆ ਦੇ ਨੇੜੇ ਪਥੋਰ ਵਿੱਚ ਸੀ, ਆਪਣੇ ਜੱਦੀ ਦੇਸ਼ ਵਿੱਚ ਬੁਲਾਉਣ ਲਈ ਸੰਦੇਸ਼ਵਾਹਕ ਭੇਜੇ। ਬਾਲਾਕ ਨੇ ਕਿਹਾ:
“ਇੱਕ ਦਲ ਮਿਸਰ ਵਿੱਚੋਂ ਨਿੱਕਲਿਆ ਹੈ, ਉਹਨਾਂ ਨੇ ਧਰਤੀ ਆਪਣੀ ਵੱਸੋ ਨਾਲ ਭਰ ਲਈ ਹੈ ਅਤੇ ਮੇਰੇ ਸਾਮ੍ਹਣੇ ਵੱਸ ਗਏ ਹਨ। 6ਹੁਣ ਆ ਅਤੇ ਇਨ੍ਹਾਂ ਲੋਕਾਂ ਨੂੰ ਮੇਰੇ ਲਈ ਸਰਾਪ ਦੇ ਕਿਉਂ ਜੋ ਇਹ ਮੇਰੇ ਨਾਲੋਂ ਬਹੁਤ ਸ਼ਕਤੀਸ਼ਾਲੀ ਹਨ। ਸ਼ਾਇਦ ਫੇਰ ਮੈਂ ਉਹਨਾਂ ਨੂੰ ਹਰਾ ਸਕਾਂਗਾ ਅਤੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਸਕਾਂਗਾ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇ ਉਹ ਸਰਾਪੀ ਹੈ।”
7ਮੋਆਬ ਅਤੇ ਮਿਦਯਾਨ ਦੇ ਬਜ਼ੁਰਗ ਭਵਿੱਖਬਾਣੀ ਲਈ ਪੈਸੇ ਆਪਣੇ ਨਾਲ ਲੈ ਕੇ ਚਲੇ ਗਏ। ਜਦੋਂ ਉਹ ਬਿਲਆਮ ਕੋਲ ਆਏ ਤਾਂ ਉਹਨਾਂ ਨੇ ਉਸਨੂੰ ਉਹ ਗੱਲਾਂ ਦੱਸੀਆਂ ਜੋ ਬਾਲਾਕ ਨੇ ਆਖੀਆਂ ਸਨ।
8ਬਿਲਆਮ ਨੇ ਉਹਨਾਂ ਨੂੰ ਕਿਹਾ, “ਤੁਸੀਂ ਇੱਥੇ ਰਾਤ ਠਹਿਰੋ ਅਤੇ ਮੈਂ ਤੁਹਾਨੂੰ ਉਹ ਜਵਾਬ ਦੱਸਾਂਗਾ ਜੋ ਯਾਹਵੇਹ ਮੈਨੂੰ ਦਿੰਦਾ ਹੈ।” ਇਸ ਲਈ ਮੋਆਬੀ ਅਧਿਕਾਰੀ ਉਸਦੇ ਨਾਲ ਰਹੇ।
9ਪਰਮੇਸ਼ਵਰ ਨੇ ਬਿਲਆਮ ਕੋਲ ਆ ਕੇ ਪੁੱਛਿਆ, “ਤੇਰੇ ਨਾਲ ਇਹ ਆਦਮੀ ਕੌਣ ਹਨ?”
10ਬਿਲਆਮ ਨੇ ਪਰਮੇਸ਼ਵਰ ਨੂੰ ਆਖਿਆ, “ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਮੈਨੂੰ ਇਹ ਸੰਦੇਸ਼ ਭੇਜਿਆ ਹੈ: 11‘ਇੱਕ ਦਲ ਜੋ ਮਿਸਰ ਵਿੱਚੋਂ ਨਿੱਕਲ ਕੇ ਆਇਆ ਹੈ, ਉਸਨੇ ਧਰਤੀ ਨੂੰ ਆਪਣੀ ਵੱਸੋ ਨਾਲ ਭਰ ਦਿੱਤਾ ਹੈ। ਹੁਣ ਆਓ ਅਤੇ ਮੇਰੇ ਲਈ ਉਹਨਾਂ ਨੂੰ ਸਰਾਪ ਦਿਓ। ਸ਼ਾਇਦ ਫਿਰ ਮੈਂ ਉਹਨਾਂ ਨਾਲ ਲੜ ਸਕਾਂਗਾ ਅਤੇ ਉਹਨਾਂ ਨੂੰ ਭਜਾ ਸਕਾਂਗਾ।’ ”
12ਪਰ ਪਰਮੇਸ਼ਵਰ ਨੇ ਬਿਲਆਮ ਨੂੰ ਆਖਿਆ, “ਉਹਨਾਂ ਦੇ ਨਾਲ ਨਾ ਜਾ, ਨਾ ਹੀ ਉਹਨਾਂ ਲੋਕਾਂ ਨੂੰ ਸਰਾਪ ਦੇ ਕਿਉਂ ਜੋ ਉਹ ਮੁਬਾਰਕ ਲੋਕ ਹਨ।”
13ਅਗਲੀ ਸਵੇਰ ਬਿਲਆਮ ਨੇ ਉੱਠ ਕੇ ਬਾਲਾਕ ਦੇ ਅਧਿਕਾਰੀਆਂ ਨੂੰ ਕਿਹਾ, “ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ, ਕਿਉਂਕਿ ਯਾਹਵੇਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।”
14ਸੋ ਮੋਆਬੀ ਅਧਿਕਾਰੀ ਬਾਲਾਕ ਕੋਲ ਮੁੜੇ ਅਤੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”
15ਤਦ ਬਾਲਾਕ ਨੇ ਹੋਰ ਅਧਿਕਾਰੀ ਘੱਲੇ ਜਿਹੜੇ ਪਹਿਲੇ ਨਾਲੋਂ ਵੱਧ ਸਨ ਅਤੇ ਉੱਤਮ ਸਨ। 16ਉਹ ਬਿਲਆਮ ਕੋਲ ਆਏ ਅਤੇ ਆਖਿਆ,
“ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ, ਕੋਈ ਚੀਜ਼ ਤੈਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੇ, 17ਕਿਉਂਕਿ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ ਅਤੇ ਜੋ ਕੁਝ ਤੂੰ ਕਹੇਗਾ ਉਹੀ ਕਰਾਂਗਾ, ਆ ਅਤੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ ਦੇ।”
18ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ। 19ਹੁਣ ਰਾਤ ਇੱਥੇ ਠਹਿਰੋ ਤਾਂ ਜੋ ਮੈਂ ਜਾਣ ਸਕਾਂ ਕਿ ਯਾਹਵੇਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ।”
20ਉਸ ਰਾਤ ਪਰਮੇਸ਼ਵਰ ਬਿਲਆਮ ਕੋਲ ਆਇਆ ਅਤੇ ਆਖਿਆ, “ਕਿਉਂਕਿ ਇਹ ਆਦਮੀ ਤੁਹਾਨੂੰ ਬੁਲਾਉਣ ਆਏ ਹਨ, ਤੂੰ ਇਨ੍ਹਾਂ ਦੇ ਨਾਲ ਚੱਲ ਪਰ ਉਹੀ ਕਰੀ ਜੋ ਮੈਂ ਤੈਨੂੰ ਆਖਾਂਗਾ।”
ਬਿਲਆਮ ਦਾ ਗਧਾ
21ਬਿਲਆਮ ਸਵੇਰੇ ਉੱਠਿਆ ਅਤੇ ਆਪਣੇ ਗਧੀ ਉੱਤੇ ਕਾਠੀ ਪਾ ਕੇ ਮੋਆਬੀ ਅਧਿਕਾਰੀਆਂ ਦੇ ਨਾਲ ਚਲਾ ਗਿਆ। 22ਪਰ ਜਦੋਂ ਉਹ ਗਿਆ ਤਾਂ ਪਰਮੇਸ਼ਵਰ ਬਹੁਤ ਗੁੱਸੇ ਵਿੱਚ ਸੀ ਅਤੇ ਯਾਹਵੇਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਰਾਹ ਵਿੱਚ ਖੜ੍ਹਾ ਹੋ ਗਿਆ। ਬਿਲਆਮ ਆਪਣੇ ਖੋਤੇ ਉੱਤੇ ਸਵਾਰ ਸੀ ਅਤੇ ਉਸਦੇ ਦੋ ਸੇਵਕ ਉਸਦੇ ਨਾਲ ਸਨ। 23ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਹੱਥ ਵਿੱਚ ਤਲਵਾਰ ਫੜ੍ਹੀ ਹੋਈ ਖੜ੍ਹਾ ਵੇਖਿਆ, ਤਾਂ ਗਧੀ ਸੜਕ ਤੋਂ ਇੱਕ ਖੇਤ ਵਿੱਚ ਵੜ ਗਈ। ਬਿਲਆਮ ਨੇ ਇਸ ਨੂੰ ਸੜਕ ਉੱਤੇ ਵਾਪਸ ਲਿਆਉਣ ਲਈ ਕੁੱਟਿਆ।
24ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ। 25ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ, ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫਿਰ ਉਸਨੂੰ ਮਾਰਿਆ।
26ਤਾਂ ਯਾਹਵੇਹ ਦਾ ਦੂਤ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਜਾ ਕੇ ਖੜ੍ਹਾ ਹੋ ਗਿਆ, ਜਿੱਥੇ ਨਾ ਤਾਂ ਸੱਜੇ, ਨਾ ਖੱਬੇ ਮੁੜਨ ਲਈ ਕੋਈ ਰਾਹ ਸੀ। 27ਜਦ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ ਤਾਂ ਉਹ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਨੇ ਗੁੱਸੇ ਵਿੱਚ ਆ ਕੇ ਆਪਣੇ ਲਾਠੀ ਨਾਲ ਉਸ ਨੂੰ ਕੁੱਟਿਆ। 28ਤਦ ਯਾਹਵੇਹ ਨੇ ਗਧੀ ਦੇ ਮੂੰਹ ਖੋਲ੍ਹਿਆ ਅਤੇ ਬਿਲਆਮ ਨੂੰ ਕਿਹਾ, “ਮੈਂ ਤੇਰੇ ਨਾਲ ਕੀ ਕੀਤਾ ਜੋ ਤੂੰ ਮੈਨੂੰ ਤਿੰਨ ਵਾਰ ਮਾਰਿਆ ਹੈ।”
29ਬਿਲਆਮ ਨੇ ਗਧੀ ਨੂੰ ਉੱਤਰ ਦਿੱਤਾ, “ਤੂੰ ਮੇਰੀ ਗੱਲ ਨਹੀਂ ਮੰਨੀ! ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਮੈਂ ਤੈਨੂੰ ਹੁਣੇ ਵੱਢ ਦੇਣਾ ਸੀ।”
30ਗਧੀ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੇਰੀ ਆਪਣੀ ਗਧੀ ਨਹੀਂ ਹਾਂ ਜਿਸ ਉੱਤੇ ਤੂੰ ਅੱਜ ਤੱਕ ਸਦਾ ਸਵਾਰੀ ਕਰਦਾ ਆਇਆ ਹੈ? ਕੀ ਮੈਂ ਤੇਰੇ ਨਾਲ ਕਦੇ ਅਜਿਹਾ ਕੀਤਾ?”
ਉਸਨੇ ਕਿਹਾ, “ਨਹੀਂ।”
31ਤਦ ਯਾਹਵੇਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਾਹਵੇਹ ਦੇ ਦੂਤ ਨੂੰ ਆਪਣੀ ਤਲਵਾਰ ਨਾਲ ਸੜਕ ਵਿੱਚ ਖੜ੍ਹਾ ਵੇਖਿਆ। ਇਸ ਲਈ ਉਹ ਆਪਣਾ ਸਿਰ ਨਿਵਾ ਕਰਕੇ ਉਸ ਦੇ ਅੱਗੇ ਝੁਕ ਗਿਆ।
32ਯਾਹਵੇਹ ਦੇ ਦੂਤ ਨੇ ਉਸਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਇਹ ਤਿੰਨ ਵਾਰ ਕਿਉਂ ਕੁੱਟਿਆ ਹੈ? ਮੈਂ ਇੱਥੇ ਤੈਨੂੰ ਰੋਕਣ ਲਈ ਆਇਆ ਹਾਂ ਕਿਉਂਕਿ ਤੇਰਾ ਰਾਹ ਮੇਰੇ ਅੱਗੇ ਲਾਪਰਵਾਹੀ ਵਾਲਾ ਹੈ। 33ਗਧੀ ਨੇ ਮੈਨੂੰ ਵੇਖਿਆ ਅਤੇ ਤਿੰਨ ਵਾਰੀ ਮੇਰੇ ਤੋਂ ਮੂੰਹ ਮੋੜ ਲਿਆ। ਜੇ ਉਹ ਮੇਰੇ ਵੱਲ੍ਹ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਸਨੂੰ ਜਿਉਂਦੀ ਰਹਿਣ ਦਿੰਦਾ।”
34ਬਿਲਆਮ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰਾ ਵਿਰੋਧ ਕਰਨ ਲਈ ਸੜਕ ਉੱਤੇ ਖੜ੍ਹੇ ਹੋਇਆ ਹੈ ਅਤੇ ਹੁਣ ਜੇ ਤੂੰ ਨਾਰਾਜ਼ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ।”
35ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।
36ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ। 37ਬਾਲਾਕ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੈਨੂੰ ਇੱਕ ਜ਼ਰੂਰਤ ਵਿੱਚ ਨਹੀਂ ਬੁਲਾਇਆ ਸੀ? ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਕੀ ਮੈਂ ਸੱਚ-ਮੁੱਚ ਤੈਨੂੰ ਇਨਾਮ ਦੇਣ ਦੇ ਯੋਗ ਨਹੀਂ ਹਾਂ?”
38ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਠੀਕ ਹੈ, ਮੈਂ ਹੁਣ ਤੁਹਾਡੇ ਕੋਲ ਆਇਆ ਹਾਂ। ਪਰ ਮੈਂ ਜੋ ਚਾਹਾਂ ਉਹ ਨਹੀਂ ਕਹਿ ਸਕਦਾ, ਮੈਂ ਉਹੀ ਬੋਲਾਂਗਾ ਜੋ ਪਰਮੇਸ਼ਵਰ ਮੇਰੇ ਮੂੰਹ ਵਿੱਚ ਪਾਉਂਦਾ ਹੈ।”
39ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ। 40ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ। 41ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।
Currently Selected:
ਗਿਣਤੀ 22: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.