Bible App logo
Search Icon

ਗਿਣਤੀ 20

20
ਚੱਟਾਨ ਤੋਂ ਪਾਣੀ
1ਪਹਿਲੇ ਮਹੀਨੇ ਵਿੱਚ ਇਸਰਾਏਲ ਦੀ ਸਾਰੀ ਮੰਡਲੀ ਜ਼ੀਨ ਦੇ ਉਜਾੜ ਵਿੱਚ ਪਹੁੰਚੀ ਅਤੇ ਕਾਦੇਸ਼ ਵਿੱਚ ਠਹਿਰੀ। ਉੱਥੇ ਮਰਿਯਮ ਦੀ ਮੌਤ ਹੋ ਗਈ ਅਤੇ ਉਸਨੂੰ ਦਫ਼ਨਾਇਆ ਗਿਆ।
2ਹੁਣ ਲੋਕਾਂ ਲਈ ਪਾਣੀ ਨਹੀਂ ਸੀ ਅਤੇ ਲੋਕ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਇਕੱਠੇ ਹੋਏ। 3ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਕਾਸ਼ ਅਸੀਂ ਉਦੋਂ ਹੀ ਮਰ ਜਾਂਦੇ, ਜਦੋਂ ਸਾਡੇ ਭਰਾਵਾਂ ਨੇ ਯਾਹਵੇਹ ਦੇ ਅੱਗੇ ਪ੍ਰਾਣ ਤਿਆਗੇ ਸਨ! 4ਤੂੰ ਯਾਹਵੇਹ ਦੀ ਪਰਜਾ ਨੂੰ ਇਸ ਉਜਾੜ ਵਿੱਚ ਕਿਉਂ ਲਿਆਇਆ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ? 5ਤੁਸੀਂ ਸਾਨੂੰ ਮਿਸਰ ਵਿੱਚੋਂ ਇਸ ਭਿਆਨਕ ਸਥਾਨ ਵਿੱਚ ਕਿਉਂ ਲਿਆਏ ਹੋ? ਜਿੱਥੇ ਨਾ ਕੋਈ ਅਨਾਜ, ਨਾ ਹੰਜੀਰ, ਨਾ ਅੰਗੂਰ, ਨਾ ਅਨਾਰ ਹਨ, ਅਤੇ ਨਾ ਹੀ ਪੀਣ ਲਈ ਪਾਣੀ ਹੈ!”
6ਮੋਸ਼ੇਹ ਅਤੇ ਹਾਰੋਨ ਸਭਾ ਦੇ ਵਿੱਚੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੱਕ ਗਏ ਅਤੇ ਮੂੰਹ ਦੇ ਭਾਰ ਡਿੱਗ ਗਏ ਅਤੇ ਯਾਹਵੇਹ ਦਾ ਪਰਤਾਪ ਉਹਨਾਂ ਉੱਤੇ ਪ੍ਰਗਟ ਹੋਇਆ। 7ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 8“ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।”
9ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ। 10ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਮ੍ਹਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ?” 11ਤਦ ਮੋਸ਼ੇਹ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਆਪਣੀ ਲਾਠੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ। ਪਾਣੀ ਬਾਹਰ ਨਿਕਲ ਗਿਆ, ਅਤੇ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀ ਲਿਆ।
12ਪਰ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਕਿਉਂਕਿ ਤੁਸੀਂ ਮੇਰੇ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਕਿ ਤੁਸੀਂ ਇਸਰਾਏਲੀਆਂ ਦੀ ਨਿਗਾਹ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਮੇਰਾ ਆਦਰ ਕਰਦੇ, ਇਸ ਲਈ ਤੁਸੀਂ ਇਸ ਕੌਮ ਨੂੰ ਉਸ ਦੇਸ਼ ਵਿੱਚ ਨਹੀਂ ਲਿਆਓਗੇ। ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ।”
13ਇਹ ਮਰੀਬਾਹ#20:13 ਮਰੀਬਾਹ ਅਰਥਾਤ: ਝਗੜਾ ਦੇ ਪਾਣੀ ਸਨ, ਜਿੱਥੇ ਇਸਰਾਏਲੀ ਯਾਹਵੇਹ ਨਾਲ ਝਗੜਾ ਕਰਦੇ ਸਨ ਅਤੇ ਜਿੱਥੇ ਉਹ ਉਹਨਾਂ ਵਿੱਚ ਪਵਿੱਤਰ ਸਾਬਤ ਹੋਇਆ ਸੀ।
ਅਦੋਮ ਦਾ ਇਸਰਾਏਲ ਨੂੰ ਰਾਹ ਦੇਣ ਤੋਂ ਇਨਕਾਰ
14ਮੋਸ਼ੇਹ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ।
“ਤੇਰਾ ਭਰਾ ਇਸਰਾਏਲ ਇਹ ਆਖਦਾ ਹੈ ਕਿ ਤੁਸੀਂ ਉਹਨਾਂ ਸਾਰੀਆਂ ਮੁਸੀਬਤਾਂ ਬਾਰੇ ਜਾਣਦੇ ਹੋ ਜੋ ਸਾਡੇ ਉੱਤੇ ਆਈਆਂ ਹਨ। 15ਸਾਡੇ ਪੁਰਖੇ ਮਿਸਰ ਵਿੱਚ ਚਲੇ ਗਏ ਅਤੇ ਅਸੀਂ ਉੱਥੇ ਕਈ ਸਾਲ ਰਹੇ। ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪੁਰਖਿਆਂ ਨਾਲ ਬਦਸਲੂਕੀ ਕੀਤੀ। 16ਪਰ ਜਦੋਂ ਅਸੀਂ ਯਾਹਵੇਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ।
“ਹੁਣ ਅਸੀਂ ਇੱਥੇ ਕਾਦੇਸ਼ ਵਿੱਚ ਹਾਂ, ਤੁਹਾਡੇ ਖੇਤਰ ਦੇ ਕਿਨਾਰੇ ਤੇ ਇੱਕ ਕਸਬੇ ਵਿੱਚ। 17ਕਿਰਪਾ ਕਰਕੇ ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ ਅਤੇ ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ ਵਿੱਚੋਂ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਸਿਰਫ ਰਾਜੇ ਦੇ ਮਾਰਗ ਤੇ ਲੰਘਦੇ ਜਾਵਾਂਗੇ ਅਤੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ ਜਦੋਂ ਤੱਕ ਅਸੀਂ ਤੁਹਾਡੀਆਂ ਹੱਦਾਂ ਵਿੱਚੋਂ ਦੀ ਲੰਘ ਨਹੀਂ ਜਾਂਦੇ।”
18ਪਰ ਅਦੋਮ ਨੇ ਉੱਤਰ ਦਿੱਤਾ,
“ਤੁਸੀਂ ਇੱਥੋਂ ਨਹੀਂ ਲੰਘ ਸਕਦੇ ਹੋ। ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਹਰ ਨਿਕਲ ਕੇ ਤੁਹਾਡੇ ਉੱਤੇ ਤਲਵਾਰ ਨਾਲ ਹਮਲਾ ਕਰਾਂਗੇ।”
19ਇਸਰਾਏਲੀਆਂ ਨੇ ਉੱਤਰ ਦਿੱਤਾ,
“ਅਸੀਂ ਮੁੱਖ ਮਾਰਗ ਦੇ ਨਾਲ ਚੱਲਾਂਗੇ ਅਤੇ ਜੇਕਰ ਅਸੀਂ ਜਾਂ ਸਾਡੇ ਪਸ਼ੂ ਤੁਹਾਡੇ ਵਿੱਚੋਂ ਕੋਈ ਪਾਣੀ ਪੀਂਦੇ ਹਨ, ਤਾਂ ਅਸੀਂ ਉਸਦਾ ਭੁਗਤਾਨ ਕਰਾਂਗੇ। ਅਸੀਂ ਸਿਰਫ ਪੈਦਲ ਹੀ ਲੰਘਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ।”
20ਉਹਨਾਂ ਨੇ ਫੇਰ ਉੱਤਰ ਦਿੱਤਾ,
“ਤੁਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਹੋ।”
ਤਦ ਅਦੋਮ ਇੱਕ ਵੱਡੀ ਅਤੇ ਸ਼ਕਤੀਸ਼ਾਲੀ ਫ਼ੌਜ ਨਾਲ ਉਹਨਾਂ ਦੇ ਵਿਰੁੱਧ ਆਏ। 21ਜਦੋਂ ਅਦੋਮ ਨੇ ਉਹਨਾਂ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਤੋਂ ਇਨਕਾਰ ਕਰ ਦਿੱਤਾ, ਇਸਰਾਏਲ ਨੇ ਉਹਨਾਂ ਤੋਂ ਮੂੰਹ ਮੋੜ ਲਿਆ।
ਹਾਰੋਨ ਦੀ ਮੌਤ
22ਇਸਰਾਏਲ ਦੀ ਸਾਰੀ ਕੌਮ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੀ ਪਰਬਤ ਉੱਤੇ ਆਈ। 23ਅਦੋਮ ਦੀ ਸਰਹੱਦ ਉੱਤੇ ਹੋਰ ਨਾਮ ਦੇ ਪਹਾੜ ਉੱਤੇ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 24“ਹਾਰੋਨ ਆਪਣੇ ਲੋਕਾਂ ਵਿੱਚ ਇਕੱਠਾ ਕੀਤਾ ਜਾਵੇਗਾ। ਉਹ ਉਸ ਦੇਸ਼ ਵਿੱਚ ਨਾ ਵੜੇਗਾ ਜੋ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ ਕਿਉਂ ਜੋ ਤੁਸੀਂ ਦੋਹਾਂ ਨੇ ਮਰੀਬਾਹ ਦੇ ਪਾਣੀਆਂ ਉੱਤੇ ਮੇਰੇ ਹੁਕਮ ਦੇ ਵਿਰੁੱਧ ਵਿਦਰੋਹ ਕੀਤਾ ਸੀ। 25ਹਾਰੋਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਹੋਰ ਨਾਮ ਦੇ ਪਹਾੜ ਉੱਤੇ ਲੈ ਜਾਓ। 26ਹਾਰੋਨ ਦੇ ਬਸਤਰ ਲਾਹ ਕੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਾ ਦੇ ਕਿਉਂ ਜੋ ਹਾਰੋਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਉਹ ਉੱਥੇ ਮਰ ਜਾਵੇਗਾ।”
27ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ, ਉਹ ਸਾਰੇ ਲੋਕਾਂ ਦੇ ਸਾਮ੍ਹਣੇ ਹੋਰ ਨਾਮੀ ਪਹਾੜ ਉੱਤੇ ਚੜ੍ਹ ਗਏ। 28ਮੋਸ਼ੇਹ ਨੇ ਹਾਰੋਨ ਦੇ ਬਸਤਰ ਲਾਹ ਕੇ ਉਸਦੇ ਪੁੱਤਰ ਅਲਆਜ਼ਾਰ ਨੂੰ ਪਾ ਦਿੱਤੇ ਅਤੇ ਹਾਰੋਨ ਉੱਥੇ ਪਹਾੜ ਦੀ ਚੋਟੀ ਉੱਤੇ ਮਰ ਗਿਆ। ਤਦ ਮੋਸ਼ੇਹ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਆਏ, 29ਅਤੇ ਜਦੋਂ ਸਾਰੀ ਕੌਮ ਨੂੰ ਪਤਾ ਲੱਗਾ ਕਿ ਹਾਰੋਨ ਮਰ ਗਿਆ ਹੈ ਤਾਂ ਸਾਰੇ ਇਸਰਾਏਲੀਆਂ ਨੇ ਉਹ ਦੇ ਲਈ ਤੀਹ ਦਿਨ ਸੋਗ ਕੀਤਾ।

Currently Selected:

ਗਿਣਤੀ 20: PCB

Highlight

Copy

Compare

Share

None

Want to have your highlights saved across all your devices? Sign up or sign in

Video for ਗਿਣਤੀ 20