ਯਹੋਸ਼ੂਆ 6
6
1ਯਰੀਹੋ ਸ਼ਹਿਰ ਦੇ ਦਰਵਾਜ਼ੇ ਇਸਰਾਏਲੀਆਂ ਦੇ ਕਾਰਨ ਬੰਦ ਕਰ ਦਿੱਤੇ ਗਏ ਸਨ, ਨਾ ਕੋਈ ਬਾਹਰ ਜਾ ਸਕਦਾ ਸੀ, ਤੇ ਨਾ ਕੋਈ ਅੰਦਰ ਆ ਸਕਦਾ ਸੀ।
2ਤਦ ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, “ਵੇਖ, ਮੈਂ ਯਰੀਹੋ ਨੂੰ ਉਸਦੇ ਰਾਜੇ ਅਤੇ ਉਸਦੀਆਂ ਸੈਨਾਂ ਸਮੇਤ ਤੇਰੇ ਹੱਥਾਂ ਵਿੱਚ ਦੇ ਦਿੱਤੇ ਹਨ। 3ਸਾਰੇ ਹਥਿਆਰਬੰਦ ਬੰਦਿਆਂ ਨਾਲ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਗਾਓ ਅਤੇ ਤੁਹਾਨੂੰ ਇਹ ਛੇ ਦਿਨਾਂ ਲਈ ਕਰਨਾ ਪਵੇਗਾ। 4ਸੱਤ ਜਾਜਕਾਂ ਨੂੰ ਸੰਦੂਕ ਦੇ ਸਾਮ੍ਹਣੇ ਭੇਡੂ ਦੇ ਸਿੰਗਾਂ ਦੀਆਂ ਤੁਰ੍ਹੀਆਂ ਲੈ ਕੇ ਜਾਣ ਲਈ ਕਹੋ ਅਤੇ ਸੱਤਵੇਂ ਦਿਨ, ਜਾਜਕ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਦੁਆਲੇ ਸੱਤ ਵਾਰੀ ਚੱਕਰ ਲਗਾਉਣ ਗਏ। 5ਜਦੋਂ ਉਹਨਾਂ ਦੇ ਦੇਰ ਤੱਕ ਤੁਰ੍ਹੀਆਂ ਵਜਾਉਂਣ ਦੀ ਆਵਾਜ਼ ਤੁਸੀਂ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰੇ ਲਗਾਉਣ, ਤਦ ਸ਼ਹਿਰਪਨਾਹ ਢਹਿ ਜਾਵੇਗੀ ਅਤੇ ਸਾਰੇ ਲੋਕ ਸਿੱਧੇ ਅੰਦਰ ਪ੍ਰਵੇਸ਼ ਕਰ ਪਾਉਣਗੇ।”
6ਇਸ ਲਈ ਨੂਨ ਦੇ ਪੁੱਤਰ ਯਹੋਸ਼ੂਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, “ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਸੱਤ ਜਾਜਕਾਂ ਨੂੰ ਇਸ ਦੇ ਅੱਗੇ ਤੁਰ੍ਹੀਆਂ ਵਜਾਉਣ ਲਈ ਕਹੋ।” 7ਅਤੇ ਉਸਨੇ ਸੈਨਾਂ ਨੂੰ ਹੁਕਮ ਦਿੱਤਾ, “ਅੱਗੇ ਵਧੋ! ਸ਼ਹਿਰ ਦੇ ਦੁਆਲੇ ਚੱਕਰ ਲਗਾਓ, ਹਥਿਆਰਬੰਦ ਯਾਹਵੇਹ ਦੇ ਸੰਦੂਕ ਦੇ ਅੱਗੇ ਜਾਣ।”
8ਜਦੋਂ ਯਹੋਸ਼ੂਆ ਨੇ ਲੋਕਾਂ ਨਾਲ ਗੱਲ ਕੀਤੀ, ਤਾਂ ਸੱਤ ਜਾਜਕ ਆਪਣੀਆਂ ਤੁਰ੍ਹੀਆਂ ਵਜਾਉਂਦੇ ਹੋਏ, ਸੱਤ ਤੁਰ੍ਹੀਆਂ ਲੈ ਕੇ ਯਾਹਵੇਹ ਦੇ ਅੱਗੇ ਤੁਰ ਪਏ ਅਤੇ ਯਾਹਵੇਹ ਦੇ ਨੇਮ ਦਾ ਸੰਦੂਕ ਉਨ੍ਹਾਂ ਦੇ ਮਗਰ ਆਉਂਦਾ ਸੀ। 9ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ। 10ਪਰ ਯਹੋਸ਼ੂਆ ਨੇ ਸੈਨਾ ਨੂੰ ਹੁਕਮ ਦਿੱਤਾ ਸੀ, “ਜੈਕਾਰਾ ਨਾ ਗਜਾਉਣਾ, ਆਪਣੀਆਂ ਆਵਾਜ਼ਾਂ ਨੂੰ ਉੱਚਾ ਨਾ ਕਰੋ, ਇੱਕ ਸ਼ਬਦ ਨਾ ਬੋਲੋ ਜਦੋਂ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਲਈ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ!” 11ਇਸ ਲਈ ਉਸਨੇ ਯਾਹਵੇਹ ਦੇ ਸੰਦੂਕ ਨੂੰ ਇੱਕ ਵਾਰ ਸ਼ਹਿਰ ਦੇ ਦੁਆਲੇ ਘੁੰਮਾਇਆ, ਤਾਂ ਫਿਰ ਉਹ ਡੇਰੇ ਵਿੱਚ ਵਾਪਸ ਆ ਗਏ ਅਤੇ ਰਾਤ ਰਹੇ।
12ਯਹੋਸ਼ੂਆ ਅਗਲੀ ਸਵੇਰੇ ਉੱਠਿਆ ਅਤੇ ਜਾਜਕਾਂ ਨੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। 13ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਅੱਗੇ ਵਧੇ, ਯਾਹਵੇਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਸਨ। ਹਥਿਆਰਬੰਦ ਆਦਮੀ ਉਨ੍ਹਾਂ ਤੋਂ ਅੱਗੇ ਚਲੇ ਗਏ ਅਤੇ ਪਿੱਛਲੇ ਪਹਿਰੇਦਾਰ ਯਾਹਵੇਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ, ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ। 14ਇਸ ਲਈ ਦੂਜੇ ਦਿਨ ਉਨ੍ਹਾਂ ਨੇ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਾਇਆ ਅਤੇ ਡੇਰੇ ਨੂੰ ਵਾਪਸ ਪਰਤ ਆਏ। ਉਨ੍ਹਾਂ ਨੇ ਛੇ ਦਿਨਾਂ ਤੱਕ ਇਸ ਤਰ੍ਹਾਂ ਕੀਤਾ।
15ਸੱਤਵੇਂ ਦਿਨ, ਉਹ ਸਵੇਰ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਏ, ਸਿਵਾਏ ਉਸ ਦਿਨ ਉਨ੍ਹਾਂ ਨੇ ਸੱਤ ਵਾਰੀ ਸ਼ਹਿਰ ਦਾ ਚੱਕਰ ਲਗਾਇਆ। 16ਸੱਤਵੀਂ ਵਾਰ ਜਦੋਂ ਜਾਜਕਾਂ ਨੇ ਤੁਰ੍ਹੀ ਵਜਾਈ ਤਾਂ ਯਹੋਸ਼ੂਆ ਨੇ ਸੈਨਾਂ ਨੂੰ ਹੁਕਮ ਦਿੱਤਾ, “ਜੈਕਾਰਾ ਲਗਾਉ! ਕਿਉਂ ਜੋ ਯਾਹਵੇਹ ਨੇ ਤੁਹਾਨੂੰ ਸ਼ਹਿਰ ਦੇ ਦਿੱਤਾ ਹੈ! 17ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ, ਯਾਹਵੇਹ ਨੂੰ ਸਮਰਪਿਤ ਕੀਤਾ ਜਾਵੇਗਾ, ਸਿਰਫ ਰਾਹਾਬ ਵੇਸਵਾ ਅਤੇ ਉਸ ਦੇ ਘਰ ਵਿੱਚ ਉਸ ਦੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਚਾਇਆ ਜਾਵੇਗਾ, ਕਿਉਂਕਿ ਉਸ ਨੇ ਸਾਡੇ ਭੇਜੇ ਗਏ ਖੋਜੀਆਂ ਨੂੰ ਲੁਕਾਇਆ ਸੀ। 18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ। 19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੀਆਂ ਵਸਤੂਆਂ ਯਾਹਵੇਹ ਲਈ ਪਵਿੱਤਰ ਹਨ ਇਸ ਲਈ ਉਹ ਯਾਹਵੇਹ ਦੇ ਖ਼ਜ਼ਾਨੇ ਵਿੱਚ ਰੱਖੀਆਂ ਜਾਣਗੀਆਂ ਹਨ।”
20ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ। 21ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।
22ਯਹੋਸ਼ੂਆ ਨੇ ਉਨ੍ਹਾਂ ਦੋ ਆਦਮੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਜਾਸੂਸੀ ਕੀਤੀ ਸੀ ਕਿਹਾ, “ਵੇਸਵਾ ਦੇ ਘਰ ਵਿੱਚ ਜਾਓ ਅਤੇ ਆਪਣੀ ਸਹੁੰ ਦੇ ਅਨੁਸਾਰ, ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲਿਆਓ।” 23ਤਾਂ ਉਹ ਜੁਆਨ ਜਿਨ੍ਹਾਂ ਨੇ ਜਾਸੂਸੀ ਕੀਤੀ ਸੀ ਅੰਦਰ ਜਾ ਕੇ ਰਾਹਾਬ, ਉਸ ਦੇ ਮਾਤਾ-ਪਿਤਾ, ਉਸ ਦੇ ਭਰਾਵਾਂ ਅਤੇ ਭੈਣਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲਿਆਂਦਾ ਅਤੇ ਇਸਰਾਏਲ ਦੇ ਡੇਰੇ ਤੋਂ ਬਾਹਰ ਇੱਕ ਜਗ੍ਹਾ ਵਿੱਚ ਰੱਖ ਦਿੱਤਾ।
24ਤਦ ਉਨ੍ਹਾਂ ਨੇ ਸਾਰਾ ਸ਼ਹਿਰ ਅਤੇ ਉਸ ਵਿੱਚਲੀ ਹਰ ਚੀਜ਼ ਨੂੰ ਸਾੜ ਦਿੱਤਾ, ਪਰ ਉਨ੍ਹਾਂ ਨੇ ਚਾਂਦੀ ਅਤੇ ਸੋਨਾ ਅਤੇ ਪਿੱਤਲ ਅਤੇ ਲੋਹੇ ਦੇ ਸਮਾਨ ਨੂੰ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਵਿੱਚ ਰੱਖ ਦਿੱਤਾ। 25ਪਰ ਯਹੋਸ਼ੂਆ ਨੇ ਰਾਹਾਬ ਵੇਸਵਾ ਨੂੰ ਉਸ ਦੇ ਪਰਿਵਾਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਚਾਇਆ, ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯਹੋਸ਼ੂਆ ਨੇ ਜਾਸੂਸ ਵਜੋਂ ਯਰੀਹੋ ਵਿੱਚ ਭੇਜਿਆ ਸੀ ਅਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੀ ਹੈ।
26ਉਸ ਸਮੇਂ ਯਹੋਸ਼ੂਆ ਨੇ ਇਹ ਪੱਕੀ ਸਹੁੰ ਖਾਧੀ ਸੀ, “ਯਾਹਵੇਹ ਦੇ ਅੱਗੇ ਉਹ ਜੋ ਇਸ ਯਰੀਹੋ ਸ਼ਹਿਰ ਨੂੰ ਦੁਬਾਰਾ ਬਣਾਏ ਸਰਾਪਿਆ ਹੋਇਆ ਹੈ,
“ਆਪਣੇ ਜੇਠੇ ਪੁੱਤਰ ਦੀ ਮੌਤ ਦੀ ਕੀਮਤ ਉੱਤੇ
ਉਹ ਇਸਦੀ ਨੀਂਹ ਰੱਖੇਗਾ,
ਆਪਣੇ ਤੋਂ ਛੋਟੇ ਪੁੱਤਰ ਮੌਤ ਦੀ ਕੀਮਤ ਤੇ
ਉਸ ਤੇ ਦਰਵਾਜ਼ਾ ਸਥਾਪਤ ਕਰੇਗਾ।”
27ਇਸ ਲਈ ਯਾਹਵੇਹ ਯਹੋਸ਼ੂਆ ਦੇ ਨਾਲ ਸੀ, ਅਤੇ ਉਸਦੀ ਧੁੰਮ ਸਾਰੇ ਦੇਸ਼ ਵਿੱਚ ਫੈਲ ਗਈ।
Currently Selected:
ਯਹੋਸ਼ੂਆ 6: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.