Bible App logo
Search Icon

ਯਹੋਸ਼ੂਆ 7

7
ਆਕਾਨ ਦਾ ਪਾਪ
1ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀਆਂ ਚੀਜ਼ਾ ਦੇ ਪ੍ਰਤੀ ਅਪਰਾਧ ਕੀਤਾ; ਕਿਉ ਜੋ ਯਹੂਦਾਹ ਦੇ ਗੋਤ ਵਿੱਚੋਂ ਕਰਮੀ ਦੇ ਪੁੱਤਰ ਆਕਾਨ ਨੇ, ਜ਼ੇਰਾਹ ਦੇ ਪੁੱਤਰ, ਜ਼ਿਮਰੀ ਦੇ ਪੁੱਤਰ ਨੇ ਚੜ੍ਹਾਵੇ ਦੀਆਂ ਕੁਝ ਚੀਜ਼ਾਂ ਆਪਣੇ ਲਈ ਰੱਖ ਲਈਆਂ ਸੀ। ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।
2ਹੁਣ ਯਹੋਸ਼ੂਆ ਨੇ ਯਰੀਹੋ ਤੋਂ ਅਈ ਨੂੰ ਜੋ ਬੈਤਏਲ ਦੇ ਪੂਰਬ ਵੱਲ ਬੈਤ-ਆਵਨ ਦੇ ਨੇੜੇ ਹੈ, ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ, “ਉੱਪਰ ਜਾਓ ਅਤੇ ਇਸ ਇਲਾਕੇ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਉੱਪਰ ਗਏ ਅਤੇ ਅਈ ਦੀ ਜਾਸੂਸੀ ਕੀਤੀ।
3ਜਦੋਂ ਉਹ ਯਹੋਸ਼ੂਆ ਕੋਲ ਵਾਪਸ ਆਏ ਤਾਂ ਉਨ੍ਹਾਂ ਨੇ ਆਖਿਆ, “ਸਾਰੀ ਸੈਨਾਂ ਨੂੰ ਅਈ ਦੇ ਵਿਰੁੱਧ ਜਾਣ ਦੀ ਲੋੜ ਨਹੀਂ। ਦੋ ਜਾਂ ਤਿੰਨ ਹਜ਼ਾਰ ਆਦਮੀ ਉਤਾਹ ਜਾ ਕੇ ਅਈ ਨੂੰ ਜਿੱਤ ਲੈਣ, ਕਿਉਂਕਿ ਉੱਥੇ ਸਿਰਫ ਕੁਝ ਹੀ ਲੋਕ ਰਹਿੰਦੇ ਹਨ।” 4ਇਸ ਲਈ ਲਗਭਗ ਤਿੰਨ ਹਜ਼ਾਰ ਲੋਕ ਉੱਪਰ ਗਏ, ਪਰ ਉਨ੍ਹਾਂ ਨੂੰ ਅਈ ਦੇ ਬੰਦਿਆਂ ਨੇ ਹਰਾ ਦਿੱਤਾ, 5ਜਿਨ੍ਹਾਂ ਨੇ ਉਨ੍ਹਾਂ ਵਿੱਚੋਂ ਛੱਤੀ ਮਨੁੱਖਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੇ ਸ਼ਹਿਰ ਦੇ ਦਰਵਾਜ਼ੇ ਤੋਂ ਲੈ ਕੇ ਪੱਥਰ ਦੀਆਂ ਖੱਡਾਂ ਤੱਕ ਪਿੱਛਾ ਕੀਤਾ ਅਤੇ ਢਲਾਣਾਂ ਉੱਤੇ ਉਨ੍ਹਾਂ ਨੂੰ ਮਾਰਿਆ। ਇਸ ਨਾਲ ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ ਅਤੇ ਪਾਣੀ ਵਾਂਗ ਹੋ ਗਏ।
6ਤਦ ਯਹੋਸ਼ੂਆ ਨੇ ਆਪਣੇ ਕੱਪੜੇ ਪਾੜੇ ਅਤੇ ਯਾਹਵੇਹ ਦੇ ਸੰਦੂਕ ਦੇ ਅੱਗੇ ਧਰਤੀ ਉੱਤੇ ਡਿੱਗ ਪਿਆ, ਸ਼ਾਮ ਤੱਕ ਉੱਥੇ ਰਿਹਾ। ਇਸਰਾਏਲ ਦੇ ਬਜ਼ੁਰਗਾਂ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਮਿੱਟੀ ਛਿੜਕੀ। 7ਅਤੇ ਯਹੋਸ਼ੂਆ ਨੇ ਆਖਿਆ, “ਹਾਏ, ਯਾਹਵੇਹ ਪਰਮੇਸ਼ਵਰ, ਤੂੰ ਇਨ੍ਹਾਂ ਲੋਕਾਂ ਨੂੰ ਯਰਦਨ ਦੇ ਪਾਰ ਕਿਉਂ ਲਿਆਇਆ ਕਿ ਸਾਨੂੰ ਅਮੋਰੀਆਂ ਦੇ ਹੱਥਾਂ ਵਿੱਚ ਦੇ ਕੇ ਸਾਨੂੰ ਤਬਾਹ ਕਰ ਦੇਵੇ? ਕਾਸ਼ ਅਸੀਂ ਯਰਦਨ ਦੇ ਦੂਜੇ ਪਾਸੇ ਰਹਿਣ ਵਿੱਚ ਸੰਤੁਸ਼ਟ ਹੁੰਦੇ! 8ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ। ਮੈਂ ਕੀ ਕਹਿ ਸਕਦਾ ਹਾਂ, ਹੁਣ ਜਦੋਂ ਇਸਰਾਏਲ ਆਪਣੇ ਦੁਸ਼ਮਣਾਂ ਦੁਆਰਾ ਹਰਾ ਦਿੱਤਾ ਗਿਆ ਹੈ? 9ਕਨਾਨੀ ਅਤੇ ਦੇਸ਼ ਦੇ ਹੋਰ ਲੋਕ ਇਸ ਬਾਰੇ ਸੁਣਨਗੇ ਅਤੇ ਉਹ ਸਾਨੂੰ ਘੇਰ ਲੈਣਗੇ ਅਤੇ ਸਾਡਾ ਨਾਮ ਧਰਤੀ ਤੋਂ ਮਿਟਾ ਦੇਣਗੇ। ਫਿਰ ਤੂੰ ਆਪਣੇ ਮਹਾਨ ਨਾਮ ਲਈ ਕੀ ਕਰੇਂਗਾ?”
10ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਖੜ੍ਹਾਂ ਹੋ! ਤੂੰ ਕਿਉਂ ਮੂੰਹ ਦੇ ਬਲ ਪਿਆ ਹੈ? 11ਇਸਰਾਏਲ ਨੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੇ ਮੇਰੇ ਇਕਰਾਰਨਾਮੇ ਦੀ ਉਲੰਘਣਾ ਕੀਤੀ ਹੈ, ਜਿਸ ਦੀ ਪਾਲਣਾ ਕਰਨ ਲਈ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਹ ਕੁਝ ਚੜ੍ਹਾਵੇ ਦੀਆਂ ਚੀਜ਼ਾਂ ਲੈ ਗਏ ਹਨ, ਉਹਨਾਂ ਨੇ ਚੋਰੀ ਕੀਤੀ ਹੈ, ਉਹਨਾਂ ਨੇ ਝੂਠ ਬੋਲਿਆ ਹੈ, ਉਹਨਾਂ ਨੇ ਉਹਨਾਂ ਨੂੰ ਆਪਣੇ ਮਾਲ ਨਾਲ ਰਲਾ ਲਿਆ ਹੈ। 12ਇਹੀ ਕਾਰਨ ਹੈ ਕਿ ਇਸਰਾਏਲੀ ਆਪਣੇ ਦੁਸ਼ਮਣਾਂ ਦਾ ਸਾਹਮਣਾ ਨਹੀਂ ਕਰ ਸਕੇ; ਅਤੇ ਪਿੱਠ ਵਿਖਾ ਕੇ ਭੱਜ ਗਏ ਕਿਉਂ ਜੋ ਉਹ ਸਰਾਪੇ ਗਏ ਹਨ। ਹੁਣ ਮੈਂ ਅੱਗੇ ਤੋਂ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ਾਂ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ।
13“ਜਾ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਉਨ੍ਹਾਂ ਨੂੰ ਆਖ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਇਹੀ ਆਖਦਾ ਹੈ ਕਿ ਹੇ ਇਸਰਾਏਲ, ਤੁਹਾਡੇ ਵਿੱਚ ਚੜ੍ਹਾਵੇ ਦੀਆਂ ਵਸਤੂਆਂ ਹਨ, ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਉਦੋਂ ਤੱਕ ਖੜ੍ਹੇ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਉਨ੍ਹਾਂ ਨੂੰ ਨਹੀਂ ਹਟਾ ਦਿੰਦੇ।
14“ ‘ਸਵੇਰ ਨੂੰ, ਆਪਣੇ ਆਪ ਨੂੰ ਗੋਤਾਂ ਸਮੇਤ ਪੇਸ਼ ਕਰੋ ਅਤੇ ਜਿਸ ਗੋਤ ਨੂੰ ਯਾਹਵੇਹ ਚੁਣਦਾ ਹੈ, ਉਹ ਟੱਬਰ ਸਮੇਤ ਅੱਗੇ ਆਵੇਗਾ, ਜਿਸ ਟੱਬਰ ਨੂੰ ਯਾਹਵੇਹ ਨੇ ਚੁਣਿਆ ਹੈ, ਉਹ ਪਰਿਵਾਰ ਸਮੇਤ ਅੱਗੇ ਆਵੇਗਾ ਅਤੇ ਯਾਹਵੇਹ ਦੁਆਰਾ ਚੁਣਿਆ ਗਿਆ ਪਰਿਵਾਰ ਇੱਕ-ਇੱਕ ਕਰਕੇ ਅੱਗੇ ਆਵੇਗਾ। 15ਜੋ ਕੋਈ ਵੀ ਚੜ੍ਹਾਵੇ ਦੀਆਂ ਵਸਤੂਆਂ ਨਾਲ ਫੜਿਆ ਜਾਂਦਾ ਹੈ, ਅੱਗ ਵਿੱਚ ਉਸ ਦੇ ਸਾਰੇ ਸਮਾਨ ਸਮੇਤ ਸਾੜ ਦਿੱਤਾ ਜਾਵੇਗਾ ਕਿਉਂ ਜੋ ਉਸ ਨੇ ਯਾਹਵੇਹ ਦੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਹੈ!’ ”
16ਅਗਲੀ ਸਵੇਰ ਯਹੋਸ਼ੂਆ ਨੇ ਇਸਰਾਏਲ ਨੂੰ ਗੋਤਾਂ ਸਮੇਤ ਅੱਗੇ ਆਉਣ ਲਈ ਕਿਹਾ ਅਤੇ ਯਹੂਦਾਹ ਨੂੰ ਚੁਣਿਆ ਗਿਆ। 17ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ। 18ਯਹੋਸ਼ੂਆ ਆਪਣੇ ਘਰਾਣੇ ਦੇ ਇੱਕ-ਇੱਕ ਮਨੁੱਖ ਨੂੰ ਅੱਗੇ ਲਿਆਇਆ ਅਤੇ ਆਕਾਨ, ਕਰਮੀ ਦਾ ਪੁੱਤਰ, ਜ਼ਿਮਰੀ ਦਾ ਪੁੱਤਰ, ਜ਼ੇਰਾਹ ਦਾ ਪੁੱਤਰ, ਯਹੂਦਾਹ ਦੇ ਗੋਤ ਵਿੱਚੋਂ ਚੁਣਿਆ ਗਿਆ।
19ਫਿਰ ਯਹੋਸ਼ੂਆ ਨੇ ਆਕਾਨ ਨੂੰ ਆਖਿਆ, “ਮੇਰੇ ਪੁੱਤਰ, ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਮਹਿਮਾ ਕਰ ਅਤੇ ਉਸਦਾ ਆਦਰ ਕਰ। ਮੈਨੂੰ ਦੱਸੋ ਕਿ ਤੂੰ ਕੀ ਕੀਤਾ ਹੈ ਅਤੇ ਇਸ ਨੂੰ ਮੇਰੇ ਤੋਂ ਨਾ ਲੁਕਾ।”
20ਆਕਾਨ ਨੇ ਯਹੋਸ਼ੂਆ ਨੂੰ ਜਵਾਬ ਦਿੱਤਾ, “ਇਹ ਸੱਚ ਹੈ! ਮੈਂ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਇਹ ਉਹ ਹੈ ਜੋ ਮੈਂ ਕੀਤਾ ਹੈ। 21ਜਦੋਂ ਮੈਂ ਲੁੱਟ ਵਿੱਚੋਂ ਸ਼ਿਨਾਰ ਦੇਸ਼ ਦਾ ਇੱਕ ਸੁੰਦਰ ਚੋਗਾ ਵੇਖਿਆ, ਜਿਸ ਵਿੱਚ ਦੋ ਸੌ ਸ਼ੈਕੇਲ#7:21 ਲਗਭਗ 2.3 ਕਿਲੋਗ੍ਰਾਮ ਚਾਂਦੀ ਅਤੇ ਪੰਜਾਹ ਸ਼ੈਕੇਲ#7:21 ਲਗਭਗ 575 ਗ੍ਰਾਮ ਵਜ਼ਨ ਦਾ ਸੋਨੇ ਦੀ ਇੱਕ ਇੱਟ ਸੀ, ਤਾਂ ਮੈਨੂੰ ਲਾਲਚ ਆ ਗਿਆ ਅਤੇ ਉਨ੍ਹਾਂ ਨੂੰ ਲੈ ਲਿਆ। ਉਹ ਮੇਰੇ ਤੰਬੂ ਦੇ ਅੰਦਰ ਜ਼ਮੀਨ ਵਿੱਚ ਲੁਕੇ ਹੋਏ ਹਨ, ਚਾਂਦੀ ਉਹਨਾਂ ਦੇ ਹੇਠਾਂ ਹੈ।”
22ਇਸ ਲਈ ਯਹੋਸ਼ੂਆ ਨੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੰਬੂ ਵੱਲ ਭੱਜੇ ਅਤੇ ਉੱਥੇ ਉਹ ਆਪਣੇ ਤੰਬੂ ਵਿੱਚ ਚਾਂਦੀ ਦੇ ਹੇਠਾਂ ਲੁਕਿਆ ਹੋਇਆ ਸੀ। 23ਉਹ ਤੰਬੂ ਵਿੱਚੋਂ ਚੀਜ਼ਾਂ ਲੈ ਕੇ ਯਹੋਸ਼ੂਆ ਅਤੇ ਸਾਰੇ ਇਸਰਾਏਲੀਆਂ ਦੇ ਕੋਲ ਲੈ ਆਏ ਅਤੇ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਰੱਖ ਦਿੱਤਾ।
24ਤਦ ਯਹੋਸ਼ੂਆ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਜ਼ੇਰਾਹ ਦੇ ਪੁੱਤਰ ਆਕਾਨ ਨੂੰ, ਚਾਂਦੀ, ਚੋਗਾ, ਸੋਨੇ ਦੀ ਪੱਟੀ, ਉਹ ਦੇ ਪੁੱਤਰਾਂ ਅਤੇ ਧੀਆਂ, ਉਹ ਦੇ ਡੰਗਰ, ਗਧੇ ਅਤੇ ਭੇਡਾਂ, ਉਹ ਦੇ ਤੰਬੂ ਅਤੇ ਸਭ ਕੁਝ ਜੋ ਉਸ ਕੋਲ ਸੀ, ਆਕੋਰ ਦੀ ਵਾਦੀ ਵਿੱਚ ਲੈ ਗਿਆ। 25ਯਹੋਸ਼ੂਆ ਨੇ ਆਖਿਆ, “ਤੂੰ ਸਾਡੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਯਾਹਵੇਹ ਅੱਜ ਤੇਰੇ ਉੱਤੇ ਮੁਸੀਬਤ ਲਿਆਵੇਗਾ।”
ਤਦ ਸਾਰੇ ਇਸਰਾਏਲ ਨੇ ਉਸ ਨੂੰ ਪਥਰਾਓ ਕੀਤਾ ਅਤੇ ਬਾਕੀਆਂ ਨੂੰ ਪਥਰਾਓ ਕਰ ਕੇ ਸਾੜ ਦਿੱਤਾ। 26ਆਕਾਨ ਉੱਤੇ ਉਨ੍ਹਾਂ ਨੇ ਚੱਟਾਨਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਤੱਕ ਕਾਇਮ ਹੈ, ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ। ਇਸ ਲਈ ਉਸ ਥਾਂ ਨੂੰ ਉਦੋਂ ਤੋਂ ਆਕੋਰ#7:26 ਆਕੋਰ ਅਰਥਾਤ: ਮੁਸੀਬਤ ਦੀ ਘਾਟੀ ਕਿਹਾ ਜਾਂਦਾ ਹੈ।

Currently Selected:

ਯਹੋਸ਼ੂਆ 7: PCB

Highlight

Copy

Compare

Share

None

Want to have your highlights saved across all your devices? Sign up or sign in