Bible App logo
Search Icon

ਬਿਵਸਥਾ 4

4
ਆਗਿਆਕਾਰੀ ਦਾ ਹੁਕਮ
1ਹੇ ਇਸਰਾਏਲ, ਹੁਣ ਉਹਨਾਂ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸੁਣੋ ਜੋ ਮੈਂ ਤੁਹਾਨੂੰ ਸਿਖਾਉਣ ਵਾਲਾ ਹਾਂ। ਉਹਨਾਂ ਦੇ ਪਿੱਛੇ ਚੱਲੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਅੰਦਰ ਜਾ ਸਕੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 2ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਹਨਾਂ ਵਿੱਚ ਨਾ ਕੁਝ ਜੋੜੋ ਅਤੇ ਨਾ ਘਟਾਓ ਸਗੋਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।
3ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਯਾਹਵੇਹ ਨੇ ਬਆਲ ਪਓਰ ਵਿੱਚ ਕੀ ਕੀਤਾ ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਮਨੁੱਖਾਂ ਨੂੰ ਨਾਸ ਕਰ ਦਿੱਤਾ ਜਿਹੜੇ ਬਆਲ ਪਓਰ ਦੇ ਪਿੱਛੇ ਹੋ ਗਏ ਸਨ। 4ਪਰ ਤੁਸੀਂ ਜਿਹੜੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਪਿੱਛੇ ਚਲਦੇ ਰਹੇ, ਅੱਜ ਤੱਕ ਜਿਉਂਦੇ ਹੋ।
5ਵੇਖੋ, ਜਿਵੇਂ ਯਾਹਵੇਹ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਫ਼ਰਮਾਨ ਅਤੇ ਬਿਧੀਆਂ ਸਿਖਾਈਆਂ ਹਨ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ ਇਸ ਵਿੱਚ ਤੁਸੀਂ ਉਹਨਾਂ ਦੀ ਪਾਲਣਾ ਕਰੋ। 6ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰਾ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪ੍ਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ, “ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।” 7ਹੋਰ ਕਿਹੜੀ ਕੌਮ ਇੰਨੀ ਮਹਾਨ ਕੌਮ ਹੈ ਕਿ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਇੰਨਾ ਨਜ਼ਦੀਕ ਹੈ, ਜਿਵੇਂ ਕਿ ਜਦੋਂ ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਉਹ ਸਾਡੇ ਨੇੜੇ ਹੁੰਦਾ ਹੈ? 8ਅਤੇ ਹੋਰ ਕਿਹੜੀ ਕੌਮ ਏਨੀ ਮਹਾਨ ਹੈ ਜਿਸ ਕੋਲ ਇਹੋ ਜਿਹੇ ਧਰਮੀ ਫ਼ਰਮਾਨ ਅਤੇ ਬਿਵਸਥਾ ਹੋਣ ਜਿਵੇਂ ਮੈਂ ਅੱਜ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ?
9ਸਿਰਫ ਸਾਵਧਾਨ ਰਹੋ ਅਤੇ ਆਪਣੇ ਆਪ ਨੂੰ ਧਿਆਨ ਨਾਲ ਵੇਖੋ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਨਾ ਜਾਓ ਜੋ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਜਾਂ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹ ਤੁਹਾਡੇ ਦਿਲ ਵਿੱਚੋਂ ਅਲੋਪ ਨਾ ਹੋ ਜਾਣ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸਿਖਾਓ। 10ਉਸ ਦਿਨ ਨੂੰ ਚੇਤੇ ਕਰੋ ਜਦੋਂ ਤੁਸੀਂ ਹੋਰੇਬ ਵਿੱਚ ਆਪਣੇ ਯਾਹਵੇਹ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋਏ ਸੀ, ਜਦੋਂ ਉਸ ਨੇ ਮੈਨੂੰ ਆਖਿਆ ਸੀ, “ਲੋਕਾਂ ਨੂੰ ਮੇਰੇ ਅੱਗੇ ਇਕੱਠਾ ਕਰ ਤਾਂ ਜੋ ਉਹ ਮੇਰੇ ਬਚਨ ਸੁਣਨ ਤਾਂ ਜੋ ਉਹ ਜਦ ਤੱਕ ਧਰਤੀ ਉੱਤੇ ਜਿਉਂਦੇ ਰਹਿਣ ਮੇਰਾ ਸਤਿਕਾਰ ਕਰਨਾ ਸਿੱਖ ਸਕਣ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਣ।” 11ਤੁਸੀਂ ਨੇੜੇ ਆਏ ਅਤੇ ਪਹਾੜ ਦੇ ਪੈਰਾਂ ਵਿੱਚ ਖਲੋ ਗਏ ਅਤੇ ਉਹ ਪਰਬਤ ਅੱਗ ਨਾਲ ਬਲਦਾ ਸੀ ਅਤੇ ਉਸ ਦੇ ਚੁਫ਼ੇਰੇ ਹਨ੍ਹੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ। 12ਤਦ ਯਾਹਵੇਹ ਅੱਗ ਵਿੱਚੋਂ ਤੁਹਾਡੇ ਨਾਲ ਬੋਲਿਆ, ਤੁਸੀਂ ਸ਼ਬਦਾਂ ਦੀ ਆਵਾਜ਼ ਸੁਣੀ ਪਰ ਕੋਈ ਰੂਪ ਨਹੀਂ ਦੇਖਿਆ, ਸਿਰਫ ਇੱਕ ਆਵਾਜ਼ ਸੁਣੀ ਸੀ। 13ਉਸ ਨੇ ਤੁਹਾਨੂੰ ਆਪਣਾ ਨੇਮ ਅਰਥਾਤ ਦਸ ਹੁਕਮ ਸੁਣਾਏ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਫਿਰ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ। 14ਅਤੇ ਯਾਹਵੇਹ ਨੇ ਉਸ ਸਮੇਂ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।
ਮੂਰਤੀ ਪੂਜਾ ਦੀ ਮਨਾਹੀ
15ਜਿਸ ਦਿਨ ਯਾਹਵੇਹ ਨੇ ਅੱਗ ਵਿੱਚੋਂ ਹੋਰੇਬ ਵਿੱਚ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਸੇ ਕਿਸਮ ਦਾ ਕੋਈ ਰੂਪ ਨਹੀਂ ਦੇਖਿਆ ਇਸ ਲਈ ਆਪਣੇ ਆਪ ਨੂੰ ਬਹੁਤ ਧਿਆਨ ਨਾਲ ਵੇਖੋ, 16ਤਾਂ ਜੋ ਤੁਸੀਂ ਭ੍ਰਿਸ਼ਟ ਨਾ ਹੋ ਜਾਓ ਅਤੇ ਆਪਣੇ ਲਈ ਇੱਕ ਮੂਰਤੀ ਅਤੇ ਕਿਸੇ ਵੀ ਆਕਾਰ ਦੀ ਕੋਈ ਮੂਰਤ ਨਾ ਬਣਾਓ, ਭਾਵੇਂ ਆਦਮੀ ਜਾਂ ਔਰਤ, 17ਜਾਂ ਧਰਤੀ ਦੇ ਕਿਸੇ ਜਾਨਵਰ ਦੀ ਸ਼ਕਲ ਜਾਂ ਕਿਸੇ ਪੰਛੀ ਦੀ ਸ਼ਕਲ ਹੋਵੇ ਜੋ ਹਵਾ ਵਿੱਚ ਉੱਡਦਾ ਹੈ, 18ਜਾਂ ਧਰਤੀ ਤੇ ਘਿਸਰਨ ਵਾਲੇ ਕਿਸੇ ਜੀਵ ਦੀ ਸ਼ਕਲ ਜਾਂ ਹੇਠਾਂ ਪਾਣੀ ਵਿੱਚ ਕਿਸੇ ਮੱਛੀ ਦੀ ਸ਼ਕਲ 19ਜਾਂ ਫਿਰ ਜਦੋਂ ਤੁਸੀਂ ਅਕਾਸ਼ ਵੱਲ ਵੇਖੋ ਅਤੇ ਸੂਰਜ, ਚੰਦ ਅਤੇ ਤਾਰਿਆਂ ਨੂੰ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ, ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਨਾ ਟੇਕੋ ਅਤੇ ਉਹਨਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਅਕਾਸ਼ ਦੇ ਹੇਠਲੇ ਸਾਰੇ ਲੋਕਾਂ ਲਈ ਰੱਖਿਆ ਹੈ। 20ਪਰ ਤੁਹਾਡੇ ਲਈ, ਯਾਹਵੇਹ ਨੇ ਤੁਹਾਨੂੰ ਲੈ ਲਿਆ ਅਤੇ ਤੁਹਾਨੂੰ ਲੋਹੇ ਦੀ ਪਿਘਲਦੀ ਭੱਠੀ ਮਿਸਰ ਵਿੱਚੋਂ ਬਾਹਰ ਕੱਢਿਆ ਹੈ, ਤਾਂ ਜੋ ਤੁਸੀਂ ਉਸ ਦੀ ਵਿਰਾਸਤ ਦੇ ਲੋਕ ਹੋਵੋ ਜਿਵੇਂ ਤੁਸੀਂ ਹੁਣ ਹੋ।
21ਯਾਹਵੇਹ ਤੁਹਾਡੇ ਕਾਰਨ ਮੇਰੇ ਨਾਲ ਨਾਰਾਜ਼ ਸੀ ਅਤੇ ਉਸ ਨੇ ਸਹੁੰ ਖਾਧੀ ਸੀ ਕਿ ਤੂੰ ਯਰਦਨ ਪਾਰ ਨਹੀਂ ਜਾਵੇਗਾ ਅਤੇ ਉਸ ਚੰਗੀ ਧਰਤੀ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਲਈ ਦੇ ਰਿਹਾ ਹੈ। 22ਮੈਂ ਇਸ ਧਰਤੀ ਉੱਤੇ ਮਰਾਂਗਾ, ਮੈਂ ਯਰਦਨ ਪਾਰ ਨਹੀਂ ਕਰਾਂਗਾ ਪਰ ਤੁਸੀਂ ਪਾਰ ਜਾ ਕੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਨ ਜਾ ਰਹੇ ਹੋ। 23ਸਾਵਧਾਨ ਰਹੋ! ਤੁਹਾਡੇ ਯਾਹਵੇਹ ਦੇ ਨੇਮ ਨੂੰ ਨਾ ਭੁੱਲੋ ਜੋ ਉਸਨੇ ਤੁਹਾਡੇ ਨਾਲ ਕੀਤਾ ਸੀ, ਆਪਣੇ ਲਈ ਕਿਸੇ ਵੀ ਚੀਜ਼ ਦੇ ਰੂਪ ਵਿੱਚ ਇੱਕ ਮੂਰਤੀ ਨਾ ਬਣਾਓ ਜਿਸ ਨੂੰ ਤੁਹਾਡੇ ਪਰਮੇਸ਼ਵਰ ਨੇ ਮਨ੍ਹਾ ਕੀਤਾ ਹੈ। 24ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।
25ਜਦੋਂ ਤੁਹਾਡੇ ਬੱਚੇ ਅਤੇ ਪੋਤੇ-ਪੋਤੀਆਂ ਪੈਦਾ ਕਰਨ ਤੋਂ ਬਾਅਦ ਅਤੇ ਬਹੁਤ ਲੰਬਾ ਸਮਾਂ ਉਸ ਦੇਸ਼ ਵਿੱਚ ਹੋ ਜਾਵੇ ਅਤੇ ਤੁਸੀਂ ਫਿਰ ਭ੍ਰਿਸ਼ਟ ਹੋ ਜਾਓ ਅਤੇ ਕਿਸੇ ਕਿਸਮ ਦੀ ਮੂਰਤੀ ਆਪਣੇ ਲਈ ਬਣਾਓ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੰਮ ਕਰੋ ਕਿ ਉਹ ਕ੍ਰੋਧਵਾਨ ਹੋਵੇ, 26ਮੈਂ ਅੱਜ ਦੇ ਦਿਨ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹੀ ਦਿੰਦਾ ਹਾਂ ਕਿ ਤੁਸੀਂ ਉਸ ਧਰਤੀ ਤੋਂ ਜਲਦੀ ਨਾਸ ਹੋ ਜਾਵੋਂਗੇ ਜਿਸ ਉੱਤੇ ਕਬਜ਼ਾ ਕਰਨ ਲਈ ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ, ਤੁਸੀਂ ਉੱਥੇ ਜ਼ਿਆਦਾ ਦੇਰ ਨਹੀਂ ਰਹੋਗੇ ਪਰ ਜ਼ਰੂਰ ਤਬਾਹ ਹੋ ਜਾਵੋਂਗੇ। 27ਯਾਹਵੇਹ ਤੁਹਾਨੂੰ ਕੌਮਾਂ ਵਿੱਚ ਖਿੰਡਾ ਦੇਵੇਗਾ, ਅਤੇ ਤੁਹਾਡੇ ਵਿੱਚੋਂ ਥੋੜ੍ਹੇ ਹੀ ਲੋਕ ਉਹਨਾਂ ਕੌਮਾਂ ਵਿੱਚ ਬਚਣਗੇ ਜਿਨ੍ਹਾਂ ਵੱਲ ਯਾਹਵੇਹ ਤੁਹਾਨੂੰ ਲੈ ਜਾਵੇਗਾ। 28ਉੱਥੇ ਤੁਸੀਂ ਮਨੁੱਖਾਂ ਦੇ ਹੱਥਾਂ ਦੇ ਬਣਾਏ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ, ਜਿਹੜੇ ਨਾ ਵੇਖ ਸਕਦੇ ਹਨ, ਨਾ ਸੁਣ ਸਕਦੇ ਹਨ, ਨਾ ਖਾ ਸਕਦੇ ਹਨ ਅਤੇ ਨਾ ਸੁੰਘ ਸਕਦੇ ਹਨ। 29ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ। 30ਜਦੋਂ ਤੁਸੀਂ ਬਿਪਤਾ ਵਿੱਚ ਹੋਵੋਗੇ ਅਤੇ ਇਹ ਸਭ ਕੁਝ ਤੁਹਾਡੇ ਨਾਲ ਵਾਪਰਿਆ ਹੈ, ਤਾਂ ਬਾਅਦ ਦੇ ਦਿਨਾਂ ਵਿੱਚ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਸ ਦਾ ਕਹਿਣਾ ਮੰਨੋਗੇ। 31ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।
ਯਾਹਵੇਹ ਹੀ ਪਰਮੇਸ਼ਵਰ ਹੈ
32ਹੁਣ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੇ ਦਿਨਾਂ ਬਾਰੇ ਪੁੱਛੋ ਕਿ ਜਿਸ ਦਿਨ ਤੋਂ ਪਰਮੇਸ਼ਵਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਬਣਾਇਆ ਸੀ, ਸਵਰਗ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁੱਛੋ ਅਤੇ ਕੀ ਅਜਿਹਾ ਕੁਝ ਵੀ ਇੰਨਾ ਮਹਾਨ ਹੋਇਆ ਹੈ ਜਿੰਨਾ ਇਹ ਕਦੇ ਵਾਪਰਿਆ ਹੈ, ਜਾਂ ਕੀ ਇਸ ਬਾਰੇ ਕਦੇ ਸੁਣਿਆ ਗਿਆ ਹੈ? 33ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਅਤੇ ਜੀਉਂਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ? 34ਕੀ ਕਿਸੇ ਦੇਵਤੇ ਨੇ ਕਦੇ ਪਰੀਖਿਆ ਦੁਆਰਾ, ਨਿਸ਼ਾਨਾਂ ਅਤੇ ਅਚੰਭਿਆਂ ਦੁਆਰਾ, ਯੁੱਧ ਦੁਆਰਾ, ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਜਾਂ ਸਭ ਚੀਜ਼ਾਂ ਵਾਂਗ ਮਹਾਨ ਅਤੇ ਅਚਰਜ ਕੰਮਾਂ ਦੁਆਰਾ ਇੱਕ ਕੌਮ ਨੂੰ ਦੂਜੀ ਕੌਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ? ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਲਈ ਕੀ ਕੀਤਾ?
35ਤੁਹਾਨੂੰ ਇਹ ਗੱਲਾਂ ਇਸ ਲਈ ਦਿਖਾਇਆ ਗਈਆਂ ਹਨ ਤਾਂ ਜੋ ਤੁਸੀਂ ਜਾਣ ਸਕੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ ਅਤੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ। 36ਉਸ ਨੇ ਤੁਹਾਨੂੰ ਅਨੁਸ਼ਾਸਨ ਦੇਣ ਲਈ ਸਵਰਗ ਤੋਂ ਆਪਣੀ ਆਵਾਜ਼ ਸੁਣਾਈ। ਧਰਤੀ ਉੱਤੇ ਉਸਨੇ ਤੁਹਾਨੂੰ ਆਪਣੀ ਮਹਾਨ ਅੱਗ ਦਿਖਾਈ, ਅਤੇ ਤੁਸੀਂ ਅੱਗ ਵਿੱਚੋਂ ਉਸਦੇ ਸ਼ਬਦ ਸੁਣੇ। 37ਕਿਉਂਕਿ ਉਸ ਨੇ ਤੁਹਾਡੇ ਪੁਰਖਿਆਂ ਨੂੰ ਪਿਆਰ ਕੀਤਾ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ, ਉਹ ਤੁਹਾਨੂੰ ਆਪਣੀ ਹਜ਼ੂਰੀ ਅਤੇ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਵਿੱਚੋਂ ਕੱਢ ਲਿਆਇਆ, 38ਤਾਂ ਜੋ ਤੁਹਾਡੇ ਤੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਤੁਹਾਡੇ ਅੱਗੇ ਕੱਢ ਕੇ ਤੁਹਾਨੂੰ ਉਹਨਾਂ ਦੇ ਦੇਸ਼ ਵਿੱਚ ਲਿਆਵੇ ਅਤੇ ਇਹ ਤੁਹਾਡੀ ਵਿਰਾਸਤ ਲਈ ਤੁਹਾਨੂੰ ਦੇ ਦੇਵੇ, ਜਿਵੇਂ ਕਿ ਇਹ ਅੱਜ ਹੈ।
39ਅੱਜ ਦੇ ਦਿਨ ਮੰਨੋ ਅਤੇ ਧਿਆਨ ਵਿੱਚ ਰੱਖੋ ਕਿ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਾਹਵੇਹ ਹੀ ਪਰਮੇਸ਼ਵਰ ਹੈ, ਹੋਰ ਕੋਈ ਨਹੀਂ ਹੈ। 40ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਹਰ ਵੇਲੇ ਅਤੇ ਹਰ ਸਮੇਂ ਦਿੰਦਾ ਹੈ।
ਪਨਾਹ ਦੇ ਸ਼ਹਿਰ
41ਤਦ ਮੋਸ਼ੇਹ ਨੇ ਯਰਦਨ ਦੇ ਪੂਰਬ ਵਿੱਚ ਤਿੰਨ ਸ਼ਹਿਰ ਵੱਖਰੇ ਰੱਖੇ, 42ਜੇਕਰ ਕੋਈ ਅਣਜਾਣੇ ਵਿੱਚ ਅਤੇ ਕਿਸੇ ਨਾਲ ਦੁਸ਼ਮਣੀ ਤੋਂ ਬਿਨਾਂ ਮਾਰਿਆ ਜਾਂਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਭੱਜ ਕੇ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਵੱਸ ਜਾਣਾ ਚਾਹੀਦਾ ਹੈ ਤਾਂ ਜੋ ਉਹ ਬਚ ਸਕੇ। 43ਸ਼ਹਿਰ ਇਹ ਸਨ: ਰਊਬੇਨੀਆਂ ਲਈ ਉਜਾੜ ਦੇ ਪਠਾਰ ਵਿੱਚ ਬੇਜ਼ਰ; ਗਿਲਆਦ ਵਿੱਚ ਰਾਮੋਥ, ਗਾਦੀਆਂ ਲਈ; ਅਤੇ ਬਾਸ਼ਾਨ ਵਿੱਚ ਗੋਲਾਨ, ਮਨੱਸ਼ੇਹੀਆਂ ਲਈ।
ਬਿਵਸਥਾ ਦੀ ਜਾਣ-ਪਛਾਣ
44ਇਹ ਉਹ ਬਿਵਸਥਾ ਹੈ ਜੋ ਮੋਸ਼ੇਹ ਨੇ ਇਸਰਾਏਲੀਆਂ ਦੇ ਅੱਗੇ ਰੱਖੀ ਸੀ। 45ਇਹ ਉਹ ਸ਼ਰਤਾਂ, ਫ਼ਰਮਾਨ ਅਤੇ ਬਿਧੀਆਂ ਹਨ ਜਿਹੜੀਆਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਦਿੱਤੀਆਂ ਸਨ ਜਦੋਂ ਉਹ ਮਿਸਰ ਵਿੱਚੋਂ ਨਿੱਕਲ ਕੇ ਆਏ ਸਨ 46ਅਤੇ ਉਹ ਯਰਦਨ ਦੇ ਪੂਰਬ ਵੱਲ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਸਨ ਜੋ ਅਮੋਰੀਆਂ ਦੇ ਰਾਜਾ ਸੀਹੋਨ ਦੇ ਦੇਸ਼ ਵਿੱਚ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਮੋਸ਼ੇਹ ਅਤੇ ਇਸਰਾਏਲੀਆਂ ਦੁਆਰਾ ਮਿਸਰ ਤੋਂ ਬਾਹਰ ਨਿੱਕਲਣ ਸਮੇਂ ਹਾਰ ਗਿਆ ਸੀ। 47ਉਹਨਾਂ ਨੇ ਉਸ ਦੀ ਧਰਤੀ ਅਤੇ ਯਰਦਨ ਦੇ ਪੂਰਬ ਵੱਲ ਦੋ ਅਮੋਰੀ ਰਾਜਿਆਂ ਬਾਸ਼ਾਨ ਦੇ ਰਾਜੇ ਓਗ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ। 48ਇਹ ਧਰਤੀ ਅਰਨੋਨ ਘਾਟੀ ਦੇ ਕਿਨਾਰੇ ਉੱਤੇ ਅਰੋਏਰ ਤੋਂ ਲੈ ਕੇ ਸਿਰੀਓਨਬ ਪਰਬਤ (ਅਰਥਾਤ ਹਰਮੋਨ) ਤੱਕ ਫੈਲੀ ਹੋਈ ਸੀ, 49ਇਸ ਵਿੱਚ ਯਰਦਨ ਨਦੀ ਦੇ ਪੂਰਬ ਵੱਲ ਦਾ ਇਲਾਕਾ ਵੀ ਸ਼ਾਮਲ ਸੀ, ਜੋ ਪਿਸਗਾਹ ਪਹਾੜ ਦੀਆਂ ਢਲਾਣਾਂ ਤੋਂ ਅਰਬ ਸਾਗਰ ਤੱਕ ਫੈਲਿਆ ਹੋਇਆ ਸੀ।

Currently Selected:

ਬਿਵਸਥਾ 4: PCB

Highlight

Copy

Compare

Share

None

Want to have your highlights saved across all your devices? Sign up or sign in