ਬਿਵਸਥਾ 3
3
ਬਾਸ਼ਾਨ ਦੇ ਰਾਜੇ ਓਗ ਦੀ ਹਾਰ
1ਫੇਰ ਅਸੀਂ ਮੁੜੇ ਅਤੇ ਬਾਸ਼ਾਨ ਦੇ ਰਾਹ ਉੱਤੇ ਚੜ੍ਹ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਉਸਦੀ ਸਾਰੀ ਸੈਨਾਂ ਸਣੇ ਸਾਡੇ ਨਾਲ ਯੁੱਧ ਕਰਨ ਲਈ ਅਦਰਈ ਵਿੱਚ ਪਹੁੰਚਿਆ। 2ਯਾਹਵੇਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।”
3ਸੋ ਸਾਡੇ ਯਾਹਵੇਹ ਪਰਮੇਸ਼ਵਰ ਨੇ ਬਾਸ਼ਾਨ ਦੇ ਰਾਜਾ ਓਗ ਅਤੇ ਉਸ ਦੀ ਸਾਰੀ ਫ਼ੌਜ ਨੂੰ ਵੀ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਹਨਾਂ ਨੂੰ ਮਾਰ ਦਿੱਤਾ, ਕੋਈ ਵੀ ਉਹਨਾਂ ਵਿੱਚੋਂ ਨਹੀਂ ਬਚਿਆ। 4ਉਸ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ, ਉਹਨਾਂ ਸੱਠ ਸ਼ਹਿਰਾਂ ਵਿੱਚੋਂ ਇੱਕ ਵੀ ਅਜਿਹਾ ਨਹੀਂ ਸੀ ਜੋ ਅਸੀਂ ਉਹਨਾਂ ਤੋਂ ਨਹੀਂ ਲਿਆ ਸੀ ਅਤੇ ਅਰਗੋਬ ਦਾ ਸਾਰਾ ਇਲਾਕਾ, ਬਾਸ਼ਾਨ ਵਿੱਚ ਓਗ ਦਾ ਰਾਜ। 5ਇਹ ਸਾਰੇ ਸ਼ਹਿਰ ਉੱਚੀਆਂ-ਉੱਚੀਆਂ ਸ਼ਹਿਰਪਨਾਹ ਅਤੇ ਦਰਵਾਜ਼ਿਆਂ ਅਤੇ ਫਾਟਕ ਨਾਲ ਮਜ਼ਬੂਤ ਸਨ ਅਤੇ ਬਹੁਤ ਸਾਰੇ ਅਣਗਿਣਤ ਪਿੰਡ ਵੀ ਸਨ ਜਿਨ੍ਹਾਂ ਦੀ ਸ਼ਹਿਰਪਨਾਹ ਨਹੀਂ ਸੀ। 6ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਅਸੀਂ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਨਾਲ ਕੀਤਾ ਸੀ ਅਤੇ ਹਰ ਸ਼ਹਿਰ ਨੂੰ ਤਬਾਹ ਕਰ ਦਿੱਤਾ, ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਵੀ। 7ਪਰ ਸਾਰੇ ਪਸ਼ੂ ਧਨ ਅਤੇ ਉਹਨਾਂ ਦੇ ਸ਼ਹਿਰਾਂ ਵਿੱਚੋਂ ਲੁੱਟ ਅਸੀਂ ਆਪਣੇ ਲਈ ਲੈ ਗਏ।
8ਸੋ ਉਸ ਵੇਲੇ ਅਸੀਂ ਅਮੋਰੀਆਂ ਦੇ ਇਨ੍ਹਾਂ ਦੋਹਾਂ ਰਾਜਿਆਂ ਤੋਂ ਯਰਦਨ ਦੇ ਪੂਰਬ ਵੱਲ ਅਰਨੋਨ ਦੀ ਖੱਡ ਤੋਂ ਲੈ ਕੇ ਹਰਮੋਨ ਪਰਬਤ ਤੱਕ ਦਾ ਇਲਾਕਾ ਲੈ ਲਿਆ। 9(ਹਰਮੋਨ ਨੂੰ ਸੀਦੋਨੀਆਂ ਦੁਆਰਾ ਸੀਰੀਓਨ ਕਿਹਾ ਜਾਂਦਾ ਹੈ, ਅਮੋਰੀ ਇਸ ਨੂੰ ਸਨੀਰ ਕਹਿੰਦੇ ਹਨ।) 10ਅਸੀਂ ਪਠਾਰ ਦੇ ਸਾਰੇ ਕਸਬੇ ਅਤੇ ਸਾਰੇ ਗਿਲਆਦ ਅਤੇ ਸਾਰੇ ਬਾਸ਼ਾਨ ਨੂੰ ਸਲੇਕਾਹ ਅਤੇ ਅਦਰਈ ਤੱਕ, ਓਗ ਦੇ ਰਾਜ ਦੇ ਕਸਬਿਆਂ ਤੱਕ ਲੈ ਲਿਆ। 11(ਬਾਸ਼ਾਨ ਦਾ ਰਾਜਾ ਓਗ ਰਫ਼ਾਈ ਲੋਕਾਂ ਵਿੱਚੋਂ ਆਖਰੀ ਸੀ। ਉਸ ਦਾ ਬਿਸਤਰਾ ਲੋਹੇ ਨਾਲ ਸਜਾਇਆ ਗਿਆ ਸੀ ਅਤੇ ਉਹ ਨੌਂ ਹੱਥਾਂ ਤੋਂ ਵੱਧ ਲੰਬਾ ਅਤੇ ਚਾਰ ਹੱਥ ਚੌੜਾ ਸੀ#3:11 ਲਗਭਗ 14 ਫੁੱਟ ਲੰਬਾ ਅਤੇ 6 ਫੁੱਟ ਚੌੜਾ। ਇਹ ਅਜੇ ਵੀ ਅੰਮੋਨੀਆਂ ਦੇ ਰਬਾਹ ਵਿੱਚ ਹੈ।)
ਦੇਸ਼ ਦੀ ਵੰਡ
12ਉਸ ਧਰਤੀ ਵਿੱਚੋਂ ਜੋ ਅਸੀਂ ਉਸ ਵੇਲੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਅਰਨੋਨ ਘਾਟੀ ਦੇ ਕੋਲ ਅਰੋਏਰ ਦੇ ਉੱਤਰ ਵੱਲ, ਗਿਲਆਦ ਦੇ ਅੱਧੇ ਪਹਾੜੀ ਦੇਸ਼ ਸਮੇਤ, ਉਸ ਦੇ ਨਗਰਾਂ ਸਮੇਤ ਦੇ ਦਿੱਤਾ। 13ਬਾਕੀ ਗਿਲਆਦ ਅਤੇ ਸਾਰਾ ਬਾਸ਼ਾਨ, ਓਗ ਦਾ ਰਾਜ, ਮੈਂ ਮਨੱਸ਼ੇਹ ਦੇ ਅੱਧੇ ਗੋਤ ਨੂੰ ਦੇ ਦਿੱਤਾ। (ਬਾਸ਼ਾਨ ਵਿੱਚ ਅਰਗੋਬ ਦਾ ਸਾਰਾ ਇਲਾਕਾ ਰਫ਼ਾਈ ਲੋਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ। 14ਮਨੱਸ਼ੇਹ ਦੇ ਉੱਤਰਾਧਿਕਾਰੀ ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਨੂੰ ਗੇਸ਼ੂਰੀਆਂ ਅਤੇ ਮਕਾਹਥੀਆਂ ਦੀ ਸਰਹੱਦ ਤੱਕ ਲੈ ਲਿਆ, ਇਸ ਦਾ ਨਾਮ ਸੀ। ਉਸ ਤੋਂ ਬਾਅਦ, ਤਾਂ ਜੋ ਅੱਜ ਤੱਕ ਬਾਸ਼ਾਨ ਨੂੰ ਹਵਵੋਥ ਯਾਈਰ ਕਿਹਾ ਜਾਂਦਾ ਹੈ।) 15ਅਤੇ ਮੈਂ ਮਾਕੀਰ ਗਿਲਆਦ ਨੂੰ ਦੇ ਦਿੱਤਾ। 16ਪਰ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਅਰਨੋਨ ਦੀ ਖੱਡ (ਨਾਲੇ ਦੇ ਵਿਚਕਾਰ ਦੀ ਸਰਹੱਦ ਹੈ) ਤੱਕ ਅਤੇ ਯਬੋਕ ਨਦੀ ਤੱਕ, ਜੋ ਅੰਮੋਨੀਆਂ ਦੀ ਸਰਹੱਦ ਦਾ ਇਲਾਕਾ ਦਿੱਤਾ ਹੈ। 17ਉਸ ਦੀ ਪੱਛਮੀ ਹੱਦ ਅਰਾਬਾਹ ਵਿੱਚ ਯਰਦਨ ਸੀ, ਅਤੇ ਕਿਨਰੇਥ ਤੋਂ ਅਰਬਾਹ ਸਾਗਰ ਤੱਕ, ਖਾਰਾ ਸਮੁੰਦਰ, ਜਿਸਦੇ ਪੂਰਬ ਵੱਲ ਪਿਸਗਾਹ ਦੀ ਢਲਾਣ ਦਾ ਪੈਰ ਹੈ।
18ਉਸ ਸਮੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ, “ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਇਹ ਧਰਤੀ ਇਸ ਉੱਤੇ ਕਬਜ਼ਾ ਕਰਨ ਲਈ ਦਿੱਤੀ ਹੈ, ਪਰ ਤੁਹਾਡੇ ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ ਪਾਰ ਲੰਘਣ। 19ਪਰ ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੇ ਪਸ਼ੂ (ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਪਸ਼ੂ ਹਨ) ਉਹ ਨਗਰਾਂ ਵਿੱਚ ਰਹਿ ਸਕਦੇ ਹਨ ਜੋ ਮੈਂ ਤੁਹਾਨੂੰ ਦਿੱਤੇ ਹਨ, 20ਜਦੋਂ ਤੱਕ ਕਿ ਯਾਹਵੇਹ ਤੁਹਾਡੇ ਇਸਰਾਏਲੀਆਂ ਭਰਾਵਾਂ ਨੂੰ ਅਰਾਮ ਨਹੀਂ ਦੇ ਦਿੰਦਾ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ ਫਿਰ ਤੁਸੀਂ ਆਪਣੀ ਨਿੱਜੀ ਭੂਮੀ ਨੂੰ ਮੁੜ ਜਾਣਾ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”
ਮੋਸ਼ੇਹ ਨੂੰ ਯਰਦਨ ਪਾਰ ਕਰਨ ਦੀ ਮਨਾਹੀ
21ਉਸ ਸਮੇਂ ਮੈਂ ਯਹੋਸ਼ੂਆ ਨੂੰ ਹੁਕਮ ਦਿੱਤਾ, “ਤੂੰ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਿਆ ਹੈ ਜੋ ਤੁਹਾਡੇ ਪਰਮੇਸ਼ਵਰ ਨੇ ਇਨ੍ਹਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ। ਅਜਿਹਾ ਹੀ ਯਾਹਵੇਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ। 22ਉਹਨਾਂ ਤੋਂ ਨਾ ਡਰੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਖੁਦ ਤੁਹਾਡੇ ਲਈ ਲੜੇਗਾ।”
23ਉਸ ਸਮੇਂ ਮੈਂ ਯਾਹਵੇਹ ਅੱਗੇ ਬੇਨਤੀ ਕੀਤੀ ਕਿ 24“ਹੇ ਸਰਬਸ਼ਕਤੀਮਾਨ ਯਾਹਵੇਹ, ਤੂੰ ਆਪਣੇ ਸੇਵਕ ਉੱਤੇ ਆਪਣੀ ਮਹਾਨਤਾ ਅਤੇ ਆਪਣਾ ਮਜ਼ਬੂਤ ਹੱਥ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਜੋ ਸਵਰਗ ਜਾਂ ਧਰਤੀ ਉੱਤੇ ਅਜਿਹਾ ਕਿਹੜਾ ਦੇਵਤਾ ਹੈ ਜੋ ਉਹ ਕੰਮ ਕਰ ਸਕਦਾ ਹੈ ਜੋ ਤੁਸੀਂ ਕਰਦੇ ਹੋ? 25ਮੈਨੂੰ ਜਾਣ ਦਿਓ ਅਤੇ ਯਰਦਨ ਦੇ ਪਾਰ ਚੰਗੀ ਧਰਤੀ ਨੂੰ ਵੇਖਣ ਦਿਓ, ਉਹ ਵਧੀਆ ਪਹਾੜੀ ਦੇਸ਼ ਅਤੇ ਲਬਾਨੋਨ।”
26ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, “ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ। 27ਪਿਸਗਾਹ ਦੀ ਸਿਖਰ ਉੱਤੇ ਜਾਓ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਅਤੇ ਪੂਰਬ ਵੱਲ ਆਪਣੀਆਂ ਅੱਖਾਂ ਚੁੱਕ। ਧਰਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ, ਕਿਉਂਕਿ ਤੂੰ ਇਸ ਯਰਦਨ ਨੂੰ ਪਾਰ ਨਹੀਂ ਕਰੇਗਾ। 28ਪਰ ਯਹੋਸ਼ੂਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਗੇ।” 29ਸੋ ਅਸੀਂ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਠਹਿਰੇ।
Currently Selected:
ਬਿਵਸਥਾ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.