ਬਿਵਸਥਾ 5
5
ਦਸ ਹੁਕਮ
1ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਬੁਲਾਇਆ ਅਤੇ ਆਖਿਆ:
ਹੇ ਇਸਰਾਏਲ, ਸੁਣੋ, ਜਿਹੜੇ ਫ਼ਰਮਾਨ ਅਤੇ ਬਿਧੀਆਂ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਉਹਨਾਂ ਨੂੰ ਸਿੱਖੋ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮੰਨੋ। 2ਸਾਡੇ ਯਾਹਵੇਹ ਪਰਮੇਸ਼ਵਰ ਨੇ ਹੋਰੇਬ ਵਿੱਚ ਸਾਡੇ ਨਾਲ ਇੱਕ ਨੇਮ ਬੰਨ੍ਹਿਆ ਸੀ। 3ਯਾਹਵੇਹ ਨੇ ਇਹ ਨੇਮ ਸਾਡੇ ਪੁਰਖਿਆਂ ਨਾਲ ਨਹੀਂ, ਪਰ ਸਾਡੇ ਨਾਲ ਬੰਨ੍ਹਿਆ, ਸਾਡੇ ਸਾਰਿਆਂ ਨਾਲ ਜੋ ਅੱਜ ਇੱਥੇ ਜੀਉਂਦੇ ਹਾਂ। 4ਯਾਹਵੇਹ ਨੇ ਪਹਾੜ ਉੱਤੇ ਅੱਗ ਵਿੱਚੋਂ ਤੁਹਾਡੇ ਨਾਲ ਆਹਮੋ-ਸਾਮ੍ਹਣੇ ਗੱਲ ਕੀਤੀ। 5(ਉਸ ਸਮੇਂ ਮੈਂ ਯਾਹਵੇਹ ਦੇ ਅਤੇ ਤੁਹਾਡੇ ਵਿਚਕਾਰ ਖੜ੍ਹਾ ਸੀ ਤਾਂ ਜੋ ਤੁਹਾਨੂੰ ਯਾਹਵੇਹ ਦਾ ਬਚਨ ਸੁਣਾਉਂਦਾ ਕਿਉਂਕਿ ਤੁਸੀਂ ਅੱਗ ਤੋਂ ਡਰਦੇ ਸੀ ਅਤੇ ਪਹਾੜ ਉੱਤੇ ਨਹੀਂ ਚੜ੍ਹਦੇ ਸੀ।)
ਅਤੇ ਉਸ ਨੇ ਕਿਹਾ:
6“ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਲਿਆਇਆ।
7“ਮੇਰੇ ਤੋਂ ਇਲਾਵਾ ਤੁਹਾਡੇ ਲਈ ਕੋਈ ਹੋਰ ਦੇਵਤੇ ਨਾ ਹੋਣ।
8ਤੁਸੀਂ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਜਿਹੜੀ ਧਰਤੀ ਦੇ ਹੇਠਲੇ ਪਾਣੀ ਵਿੱਚ ਹੈ। 9ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ, ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ, 10ਪਰ ਉਹਨਾਂ ਹਜ਼ਾਰਾਂ ਪੀੜ੍ਹੀਆਂ ਨੂੰ ਪਿਆਰ ਕਰਦਾ ਹਾਂ, ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰਦੇ ਹਨ।
11ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈਣਾ ਕਿਉਂਕਿ ਜੋ ਕੋਈ ਉਸਦਾ ਨਾਮ ਵਿਅਰਥ ਲੈਂਦਾ ਹੈ, ਯਾਹਵੇਹ ਉਸਨੂੰ ਨਿਰਦੋਸ਼ ਨਾ ਠਹਿਰਾਵੇਗਾ।
12ਸਬਤ#5:12 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੇ ਦਿਨ ਨੂੰ ਪਵਿੱਤਰ ਸਮਝ ਕੇ ਯਾਦ ਰੱਖ, ਜਿਵੇਂ ਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ। 13ਛੇ ਦਿਨ ਤੁਸੀਂ ਮਿਹਨਤ ਕਰੋ ਅਤੇ ਆਪਣਾ ਸਾਰਾ ਕੰਮ ਕਰੋ, 14ਪਰ ਸੱਤਵਾਂ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਸਬਤ ਦਾ ਦਿਨ ਹੈ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ, ਨਾ ਤੁਸੀਂ, ਨਾ ਤੁਹਾਡੇ ਪੁੱਤਰ, ਨਾ ਤੁਹਾਡੀ ਧੀ, ਨਾ ਤੁਹਾਡੇ ਦਾਸ ਨਾ ਦਾਸੀ, ਨਾ ਤੁਹਾਡੇ ਬਲਦ, ਨਾ ਤੁਹਾਡਾ ਗਧਾ, ਨਾ ਕੋਈ ਪਸ਼ੂ, ਨਾ ਕੋਈ ਪਰਦੇਸੀ ਜੋ ਤੁਹਾਡੇ ਨਗਰਾਂ ਵਿੱਚ ਵੱਸਦਾ ਹੈ, ਜਿਸ ਨਾਲ ਤੇਰਾ ਦਾਸ ਅਤੇ ਤੇਰੀ ਦਾਸੀ ਵੀ ਤੇਰੇ ਵਾਂਗੂੰ ਅਰਾਮ ਕਰਨ। 15ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਇੱਕ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਨੂੰ ਉੱਥੋਂ ਬਾਹਰ ਲਿਆਂਦਾ ਸੀ, ਇਸ ਲਈ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਸਬਤ ਦਾ ਦਿਨ ਮਨਾਉਣ ਦਾ ਹੁਕਮ ਦਿੱਤਾ ਹੈ।
16ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਸਤਿਕਾਰ ਕਰ, ਜਿਵੇਂ ਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਧਰਤੀ ਉੱਤੇ ਲੰਮੀ ਉਮਰ ਜੀਓ ਅਤੇ ਯਾਹਵੇਹ ਦੇ ਦੇਸ਼ ਵਿੱਚ ਤੁਹਾਡਾ ਭਲਾ ਹੋਵੇ, ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
17ਤੂੰ ਕਤਲ ਨਾ ਕਰਨਾ।
18ਤੂੰ ਵਿਭਚਾਰ ਨਾ ਕਰਨਾ।
19ਤੂੰ ਚੋਰੀ ਨਾ ਕਰ।
20ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।
21ਤੂੰ ਆਪਣੇ ਗੁਆਂਢੀ ਦੀ ਪਤਨੀ ਦਾ ਲਾਲਚ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਜਾਂ ਜ਼ਮੀਨ, ਉਸ ਦੇ ਨੌਕਰ ਜਾਂ ਨੌਕਰਾਣੀ, ਉਸ ਦੇ ਬਲਦ ਜਾਂ ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।”
22ਇਹ ਉਹ ਹੁਕਮ ਹਨ ਜੋ ਯਾਹਵੇਹ ਨੇ ਤੁਹਾਡੀ ਸਾਰੀ ਸਭਾ ਨੂੰ ਉੱਥੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਪਹਾੜ ਉੱਤੇ ਉੱਚੀ ਆਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।
23ਜਦੋਂ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ, ਜਦੋਂ ਪਹਾੜ ਅੱਗ ਨਾਲ ਬਲ ਰਿਹਾ ਸੀ, ਤਾਂ ਤੁਹਾਡੇ ਸਾਰੇ ਗੋਤਾਂ ਦੇ ਆਗੂ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ। 24ਅਤੇ ਤੁਸੀਂ ਕਿਹਾ ਸੀ, “ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਵਿਖਾਈ ਹੈ, ਅਤੇ ਅਸੀਂ ਅੱਗ ਵਿੱਚੋਂ ਉਸਦੀ ਆਵਾਜ਼ ਸੁਣੀ ਹੈ। ਅੱਜ ਅਸੀਂ ਦੇਖਿਆ ਹੈ ਕਿ ਜੇਕਰ ਕੋਈ ਵਿਅਕਤੀ ਪਰਮੇਸ਼ਵਰ ਨਾਲ ਗੱਲ ਕਰਦਾ ਹੈ ਤਾਂ ਵੀ ਉਹ ਜਿਉਂਦਾ ਰਹਿੰਦਾ ਹੈ। 25ਪਰ ਹੁਣ ਅਸੀਂ ਕਿਉਂ ਮਰੀਏ? ਇਹ ਮਹਾਨ ਅੱਗ ਸਾਨੂੰ ਭਸਮ ਕਰ ਦੇਵੇਗੀ, ਅਤੇ ਅਸੀਂ ਮਰ ਜਾਵਾਂਗੇ ਜੇਕਰ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਾਂ। 26ਕਿਉਂਕਿ, ਕੀ ਇਹ ਕਦੇ ਸੁਣਿਆ ਗਿਆ ਹੈ ਕਿ ਕਿਸੇ ਮਨੁੱਖ ਨੇ ਅੱਗ ਵਿੱਚੋਂ ਜਿਉਂਦੇ ਪਰਮੇਸ਼ਵਰ ਦੀ ਆਵਾਜ਼ ਸੁਣੀ ਹੋਵੇ, ਜਿਵੇਂ ਅਸੀਂ ਸੁਣੀ ਸੀ, ਅਤੇ ਬਚ ਗਿਆ ਹੋਵੇ? 27ਨੇੜੇ ਜਾ ਕੇ ਉਹ ਸਾਰੀਆਂ ਗੱਲਾਂ ਸੁਣ ਜਿਹੜੀਆਂ ਯਾਹਵੇਹ ਸਾਡਾ ਪਰਮੇਸ਼ਵਰ ਆਖਦਾ ਹੈ ਅਤੇ ਫਿਰ ਸਾਨੂੰ ਦੱਸ ਤਾਂ ਜੋ ਵੀ ਯਾਹਵੇਹ ਸਾਡਾ ਪਰਮੇਸ਼ਵਰ ਤੁਹਾਨੂੰ ਦੱਸਦਾ ਹੈ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।”
28ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਤਾਂ ਯਾਹਵੇਹ ਨੇ ਤੁਹਾਨੂੰ ਸੁਣਿਆ, ਅਤੇ ਯਾਹਵੇਹ ਨੇ ਮੈਨੂੰ ਕਿਹਾ, “ਮੈਂ ਸੁਣਿਆ ਹੈ ਕਿ ਇਨ੍ਹਾਂ ਲੋਕਾਂ ਨੇ ਤੁਹਾਨੂੰ ਕੀ ਕਿਹਾ ਸੀ। ਉਹਨਾਂ ਨੇ ਜੋ ਕਿਹਾ ਉਹ ਸਭ ਚੰਗਾ ਸੀ। 29ਭਈ ਉਹਨਾਂ ਦੇ ਮਨ ਮੇਰੇ ਤੋਂ ਡਰਨ ਅਤੇ ਮੇਰੇ ਸਾਰੇ ਹੁਕਮਾਂ ਨੂੰ ਸਦਾ ਮੰਨਣ, ਤਾਂ ਜੋ ਉਹਨਾਂ ਦਾ ਅਤੇ ਉਹਨਾਂ ਦੇ ਬੱਚਿਆਂ ਦਾ ਸਦਾ ਲਈ ਭਲਾ ਹੋਵੇ!
30“ਜਾਓ, ਉਹਨਾਂ ਨੂੰ ਆਪਣੇ ਤੰਬੂਆਂ ਵਿੱਚ ਵਾਪਸ ਜਾਣ ਲਈ ਆਖੋ। 31ਪਰ ਤੁਸੀਂ ਇੱਥੇ ਮੇਰੇ ਨਾਲ ਰਹੋ ਤਾਂ ਜੋ ਮੈਂ ਤੁਹਾਨੂੰ ਉਹ ਸਾਰੇ ਹੁਕਮ, ਬਿਧੀਆਂ ਅਤੇ ਕਾਨੂੰਨ ਦੇ ਸਕਾਂ ਜੋ ਤੁਸੀਂ ਉਹਨਾਂ ਨੂੰ ਸਿਖਾਉਣੇ ਹਨ ਤਾਂ ਜੋ ਉਹ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰਨ ਜੋ ਮੈਂ ਉਹਨਾਂ ਨੂੰ ਅਧਿਕਾਰ ਕਰਨ ਲਈ ਦਿੰਦਾ ਹਾਂ।”
32ਇਸ ਲਈ ਧਿਆਨ ਰੱਖੋ ਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਕੀ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਨਾ ਤਾਂ ਸੱਜੇ ਨਾ ਖੱਬੇ ਪਾਸੇ ਵੱਲ ਮੁੜੋ। 33ਤੁਸੀਂ ਸਿਰਫ ਉਸ ਰਾਹ ਉੱਤੇ ਚੱਲੋ ਜਿਹੜਾ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਵਿਖਾਇਆ ਹੈ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਤੁਹਾਡਾ ਭਲਾ ਹੋਵੇ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਲੰਮੀ ਉਮਰ ਭੋਗੋ ਜਿਸ ਉੱਤੇ ਤੁਸੀਂ ਕਬਜ਼ਾ ਕਰੋਗੇ।
Currently Selected:
ਬਿਵਸਥਾ 5: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.