Bible App logo
Search Icon

2 ਰਾਜਿਆਂ 5

5
ਨਾਮਾਨ ਨੇ ਕੋੜ੍ਹ ਤੋਂ ਚੰਗਾ ਹੋਣਾ
1ਹੁਣ ਨਾਮਾਨ ਅਰਾਮ ਦੇ ਰਾਜੇ ਦੀ ਸੈਨਾ ਦਾ ਸੈਨਾਪਤੀ ਸੀ। ਉਹ ਆਪਣੇ ਮਾਲਕ ਦੀ ਨਜ਼ਰ ਵਿੱਚ ਇੱਕ ਵੱਡਾ ਆਦਮੀ ਸੀ ਅਤੇ ਉਸਦਾ ਬਹੁਤ ਆਦਰ ਮਾਣ ਕੀਤਾ ਜਾਂਦਾ ਸੀ, ਕਿਉਂਕਿ ਉਸਦੇ ਦੁਆਰਾ ਯਾਹਵੇਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਇੱਕ ਬਹਾਦਰ ਸੂਰਮਾ ਸੀ, ਪਰ ਉਸ ਨੂੰ ਕੋੜ੍ਹ#5:1 ਕੋੜ੍ਹ ਅਰਥਾਤ: ਚਮੜੀ ਦਾ ਰੋਗ ਸੀ।
2ਹੁਣ ਅਰਾਮ ਤੋਂ ਸੈਨਾਂ ਜੱਥੇ ਬੰਨ੍ਹ ਕੇ ਨਿਕਲੇ ਅਤੇ ਇਸਰਾਏਲ ਵਿੱਚੋਂ ਇੱਕ ਛੋਟੀ ਕੁੜੀ ਨੂੰ ਬੰਦੀ ਬਣਾ ਕੇ ਨਾਲ ਲੈ ਆਏ ਅਤੇ ਉਹ ਨਾਮਾਨ ਦੀ ਪਤਨੀ ਦੀ ਦਾਸੀ ਬਣੀ ਸੀ। 3ਇੱਕ ਦਿਨ ਉਸ ਛੋਟੀ ਕੁੜੀ ਨੇ ਆਪਣੀ ਮਾਲਕਣ ਨੂੰ ਕਿਹਾ, “ਕਾਸ਼ ਕਿ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ! ਤਾਂ ਉਹ ਉਸਨੂੰ ਉਸਦੇ ਕੋੜ੍ਹ ਤੋਂ ਚੰਗਾ ਕਰ ਦਿੰਦਾ।”
4ਨਾਮਾਨ ਆਪਣੇ ਸੁਆਮੀ ਕੋਲ ਗਿਆ ਅਤੇ ਉਸ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ਼ ਦੀ ਹੈ ਉਸ ਨੇ ਇਸ ਤਰ੍ਹਾਂ ਕਿਹਾ ਹੈ। 5ਅਰਾਮ ਦੇ ਰਾਜੇ ਨੇ ਉੱਤਰ ਦਿੱਤਾ, “ਤੂੰ ਹੁਣੇ ਹੀ ਚਲੇ ਜਾਹ। ਮੈਂ ਇਸਰਾਏਲ ਦੇ ਰਾਜੇ ਨੂੰ ਇੱਕ ਚਿੱਠੀ ਭੇਜਾਂਗਾ।” ਇਸ ਲਈ ਨਾਮਾਨ ਆਪਣੇ ਨਾਲ ਦਸ ਤੋਲੇ#5:5 ਲਗਭਗ 340 ਕਿਲੋਗ੍ਰਾਮ ਚਾਂਦੀ, ਛੇ ਹਜ਼ਾਰ ਸ਼ੈਕੇਲ#5:5 ਲਗਭਗ 69 ਕਿਲੋਗ੍ਰਾਮ ਸੋਨਾ ਅਤੇ ਦਸ ਜੋੜੇ ਕੱਪੜੇ ਲੈ ਕੇ ਚਲਾ ਗਿਆ। 6ਉਹ ਅਰਾਮ ਦੇ ਰਾਜੇ ਦੁਆਰਾ ਇਸਰਾਏਲ ਦੇ ਰਾਜੇ ਨੂੰ ਲਿਖੀ ਚਿੱਠੀ ਆਪਣੇ ਨਾਲ ਲੈ ਗਿਆ ਜਿਸ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਸੀ, “ਕਿ ਹੁਣ ਜਦੋਂ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ ਤਾਂ ਵੇਖੋ ਮੈਂ ਆਪਣੇ ਸੇਵਕ ਨਾਮਾਨ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਉਹ ਦੇ ਕੋੜ੍ਹ ਨੂੰ ਠੀਕ ਕਰ ਦੇਵੇਂ।”
7ਜਿਵੇਂ ਹੀ ਇਸਰਾਏਲ ਦੇ ਰਾਜੇ ਨੇ ਚਿੱਠੀ ਪੜ੍ਹੀ, ਉਸਨੇ ਆਪਣੇ ਬਸਤਰ ਪਾੜ ਦਿੱਤੇ ਅਤੇ ਕਿਹਾ, “ਕੀ ਮੈਂ ਪਰਮੇਸ਼ਵਰ ਹਾਂ? ਜੋ ਮਾਰਾਂ ਜਾ ਜੀਉਂਦਾ ਕਰਾਂ? ਇਹ ਆਦਮੀ ਇੱਕ ਮਨੁੱਖ ਨੂੰ ਮੇਰੇ ਕੋਲ ਭੇਜਦਾ ਹੈ ਕਿ ਮੈਂ ਇਸਨੂੰ ਇਸਦੇ ਕੋੜ੍ਹ ਤੋਂ ਚੰਗਾ ਕਰਾਂ? ਵੇਖੋ ਉਹ ਮੇਰੇ ਨਾਲ ਝਗੜਾ ਕਰਨ ਦਾ ਬਹਾਨਾ ਲੱਭਦਾ ਹੈ!”
8ਜਦੋਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਨੇ ਸੁਣਿਆ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜ ਦਿੱਤੇ ਹਨ, ਤਾਂ ਉਸਨੇ ਉਸਨੂੰ ਇਹ ਸੰਦੇਸ਼ ਭੇਜਿਆ, “ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਸ ਆਦਮੀ ਨੂੰ ਮੇਰੇ ਕੋਲ ਆਉਣ ਦੇ ਤਾਂ ਜੋ ਉਸਨੂੰ ਪਤਾ ਲੱਗ ਜਾਵੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।” 9ਇਸ ਲਈ ਨਾਮਾਨ ਆਪਣੇ ਘੋੜਿਆਂ ਅਤੇ ਰੱਥਾਂ ਨਾਲ ਚਲਾ ਗਿਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਰੁਕ ਗਿਆ। 10ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਆਖ ਕੇ ਉਸਦੇ ਕੋਲ ਭੇਜਿਆ, “ਜਾ, ਯਰਦਨ ਵਿੱਚ ਸੱਤ ਚੁੱਭੀਆਂ ਮਾਰ, ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਸ਼ੁੱਧ ਹੋ ਜਾਵੇਗਾ।”
11ਪਰ ਨਾਮਾਨ ਗੁੱਸੇ ਹੋ ਕੇ ਚਲਾ ਗਿਆ ਅਤੇ ਬੋਲਿਆ, “ਮੈਂ ਸੋਚਿਆ ਸੀ ਕਿ ਉਹ ਜ਼ਰੂਰ ਬਾਹਰ ਮੇਰੇ ਕੋਲ ਆਵੇਗਾ ਅਤੇ ਖਲੋਕੇ ਆਪਣੇ ਯਾਹਵੇਹ ਪਰਮੇਸ਼ਵਰ ਦਾ ਨਾਮ ਲੈ ਕੇ ਉਸ ਕੋੜ੍ਹ ਵਾਲੀ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਮੈਨੂੰ ਮੇਰੇ ਕੋੜ੍ਹ ਤੋਂ ਚੰਗਾ ਕਰੇਗਾ। 12ਕੀ ਦੰਮਿਸ਼ਕ ਦੀਆਂ ਨਦੀਆਂ ਅਮਾਨਾ ਅਤੇ ਫਾਰਪਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਨਾਲੋਂ ਚੰਗੀਆਂ ਨਹੀਂ ਹਨ? ਕੀ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਇਸ ਲਈ ਉਹ ਮੁੜਿਆ ਅਤੇ ਗੁੱਸੇ ਵਿੱਚ ਚਲਾ ਗਿਆ।
13ਨਾਮਾਨ ਦੇ ਸੇਵਕਾਂ ਨੇ ਉਸ ਦੇ ਕੋਲ ਜਾ ਕੇ ਕਿਹਾ, “ਹੇ ਸਾਡੇ ਪਿਤਾ, ਜੇਕਰ ਨਬੀ ਨੇ ਤੁਹਾਨੂੰ ਕੋਈ ਵੱਡਾ ਕੰਮ ਕਰਨ ਲਈ ਕਿਹਾ ਹੁੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਜਦੋਂ ਉਸਨੇ ਤੁਹਾਨੂੰ ਕਿਹਾ ਹੈ, ‘ਨਹਾ ਲੈ ਅਤੇ ਸ਼ੁੱਧ ਹੋ ਜਾ!’ ਤਾਂ ਕਿੰਨਾ ਵੱਧ ਕੇ ਇਹ ਕਰਨਾ ਚਾਹੀਦਾ ਹੈ।” 14ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।
15ਤਦ ਨਾਮਾਨ ਅਤੇ ਉਸਦੇ ਸਾਰੇ ਸੇਵਕ ਪਰਮੇਸ਼ਵਰ ਦੇ ਬੰਦੇ ਕੋਲ ਵਾਪਸ ਮੁੜ ਆਏ। ਉਹ ਉਸਦੇ ਸਾਮ੍ਹਣੇ ਖਲੋ ਗਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਇਸਰਾਏਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਦੁਨੀਆਂ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਆਪਣੇ ਸੇਵਕ ਤੋਂ ਇੱਕ ਭੇਟ ਕਬੂਲ ਕਰੋ।”
16ਤਾਂ ਅਲੀਸ਼ਾ ਨੇ ਜਵਾਬ ਦਿੱਤਾ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ।” ਅਤੇ ਭਾਵੇਂ ਨਾਮਾਨ ਨੇ ਉਸਨੂੰ ਮਜ਼ਬੂਰ ਕੀਤਾ ਕਿ ਉਹ ਭੇਟ ਕਬੂਲ ਕਰੇ ਫਿਰ ਵੀ ਉਸਨੇ ਇਨਕਾਰ ਕਰ ਦਿੱਤਾ।
17ਨਾਮਾਨ ਨੇ ਕਿਹਾ, “ਜੇ ਤੁਸੀਂ ਨਹੀਂ ਕਰੋਗੇ, ਤੇਰੇ ਸੇਵਕ ਨੂੰ ਦੋ ਖੱਚਰਾਂ ਦੇ ਭਾਰ ਦੇ ਬਰਾਬਰ ਮਿੱਟੀ ਦਿੱਤੀ ਜਾਵੇ, ਕਿਉਂ ਜੋ ਤੇਰਾ ਸੇਵਕ ਹੁਣ ਤੋਂ ਲੈ ਕੇ ਯਾਹਵੇਹ ਤੋਂ ਬਿਨ੍ਹਾਂ ਹੋਰ ਕਿਸੇ ਦੇਵਤੇ ਅੱਗੇ ਨਾ ਤਾਂ ਹੋਮ ਦੀ ਬਲੀ ਅਤੇ ਨਾ ਭੇਟ ਚੜ੍ਹਾਵੇਗਾ। 18ਪਰ ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ: ਜਦੋਂ ਮੇਰਾ ਮਾਲਕ ਰਿੰਮੋਨ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਪ੍ਰਵੇਸ਼ ਕਰੇ ਤਾਂ ਉਹ ਮੇਰੀ ਬਾਂਹ ਉੱਤੇ ਢਾਸਣਾ ਲਾਵੇ ਅਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸਿਰ ਝੁਕਾਵਾ, ਯਾਹਵੇਹ ਤੁਹਾਡੇ ਸੇਵਕ ਨੂੰ ਇਸ ਗੱਲ ਲਈ ਮਾਫ਼ ਕਰੇ।”
19ਅਲੀਸ਼ਾ ਨੇ ਕਿਹਾ, “ਸ਼ਾਂਤੀ ਨਾਲ ਜਾ।”
ਜਦੋਂ ਨਾਮਾਨ ਉਸ ਤੋਂ ਕੁਝ ਦੂਰ ਚਲਾ ਗਿਆ, 20ਤਾਂ ਪਰਮੇਸ਼ਵਰ ਦੇ ਬੰਦੇ ਅਲੀਸ਼ਾ ਦੇ ਸੇਵਕ ਗੇਹਜ਼ੀ ਨੇ ਆਪਣੇ ਮਨ ਵਿੱਚ ਆਖਿਆ, “ਵੇਖੋ ਮੇਰੇ ਸੁਆਮੀ ਨੇ ਨਾਮਾਨ ਅਰਾਮੀ ਕੋਲੋ ਜੋ ਕੁਝ ਵੀ ਸਵੀਕਾਰ ਨਾ ਕਰਕੇ ਉਸਨੂੰ ਜਾਣ ਦਿੱਤਾ। ਜੀਉਂਦੇ ਯਾਹਵੇਹ ਦੀ ਸਹੁੰ, ਮੈਂ ਉਸ ਦੇ ਪਿੱਛੇ ਭੱਜਾਂਗਾ ਅਤੇ ਉਸ ਤੋਂ ਕੁਝ ਲੈ ਲਵਾਂਗਾ।”
21ਇਸ ਲਈ ਗੇਹਜ਼ੀ ਨਾਮਾਨ ਦੇ ਪਿੱਛੇ ਭੱਜਿਆ। ਜਦੋਂ ਨਾਮਾਨ ਨੇ ਉਸਨੂੰ ਆਪਣੇ ਵੱਲ ਭੱਜਦੇ ਵੇਖਿਆ ਤਾਂ ਉਹ ਉਸਨੂੰ ਮਿਲਣ ਲਈ ਰੱਥ ਤੋਂ ਹੇਠਾਂ ਉਤਰਿਆ। ਉਸ ਨੇ ਪੁੱਛਿਆ, “ਕੀ ਸਭ ਕੁਝ ਠੀਕ ਹੈ?”
22ਗੇਹਾਜ਼ੀ ਨੇ ਜਵਾਬ ਦਿੱਤਾ, “ਸਭ ਕੁਝ ਠੀਕ ਹੈ। ਮੇਰੇ ਸੁਆਮੀ ਨੇ ਮੈਨੂੰ ਇਹ ਆਖਣ ਲਈ ਭੇਜਿਆ ਹੈ, ‘ਕਿ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜਵਾਨ ਹੁਣੇ ਮੇਰੇ ਕੋਲ ਆਏ ਹਨ। ਕਿਰਪਾ ਕਰਕੇ ਉਹਨਾਂ ਲਈ ਇੱਕ ਤੋੜਾ#5:22 ਲਗਭਗ 34 ਕਿਲੋਗ੍ਰਾਮ ਚਾਂਦੀ ਦਾ ਅਤੇ ਦੋ ਜੋੜੇ ਕੱਪੜਿਆਂ ਦੇ ਦਿਓ।’ ”
23ਨਾਮਾਨ ਨੇ ਕਿਹਾ, “ਖੁਸ਼ੀ ਨਾਲ ਦੋ ਤੋੜੇ ਲੈ ਲਓ।” ਅਤੇ ਉਸ ਨੇ ਉਸਨੂੰ ਮਜ਼ਬੂਰ ਕਰਕੇ ਦੋ ਥੈਲੀਆਂ ਵਿੱਚ ਦੋ ਤੋੜੇ ਚਾਂਦੀ ਦੇ ਅਤੇ ਦੋ ਜੋੜੇ ਕੱਪੜਿਆ ਸਮੇਤ ਨਾਲ ਬੰਨ੍ਹ ਦਿੱਤੇ। ਉਸਨੇ ਉਹਨਾਂ ਨੂੰ ਆਪਣੇ ਦੋ ਨੌਕਰਾਂ ਨੂੰ ਦੇ ਦਿੱਤਾ, ਤਾਂ ਉਹ ਉਹਨਾਂ ਨੂੰ ਉਸਦੇ ਅੱਗੇ-ਅੱਗੇ ਚੁੱਕ ਕੇ ਤੁਰ ਪਏ। 24ਜਦੋਂ ਗੇਹਾਜ਼ੀ ਪਹਾੜੀ ਉੱਤੇ ਆਇਆ, ਉਸਨੇ ਨੌਕਰਾਂ ਤੋਂ ਚੀਜ਼ਾਂ ਲੈ ਕੇ ਘਰ ਵਿੱਚ ਰੱਖ ਦਿੱਤੀਆਂ। ਉਸਨੇ ਆਦਮੀਆਂ ਨੂੰ ਭੇਜ ਦਿੱਤਾ ਅਤੇ ਉਹ ਚਲੇ ਗਏ।
25ਜਦੋਂ ਉਹ ਅੰਦਰ ਗਿਆ ਅਤੇ ਆਪਣੇ ਸੁਆਮੀ ਦੇ ਸਾਮ੍ਹਣੇ ਖੜ੍ਹਾ ਹੋਇਆ, ਤਾਂ ਅਲੀਸ਼ਾ ਨੇ ਉਸਨੂੰ ਪੁੱਛਿਆ, “ਗੇਹਜ਼ੀ, ਤੂੰ ਕਿੱਥੇ ਸੀ?”
ਗੇਹਾਜ਼ੀ ਨੇ ਉੱਤਰ ਦਿੱਤਾ, “ਤੇਰਾ ਸੇਵਕ ਕਿਤੇ ਨਹੀਂ ਗਿਆ।”
26ਪਰ ਅਲੀਸ਼ਾ ਨੇ ਉਸਨੂੰ ਆਖਿਆ, “ਜਦੋਂ ਉਹ ਆਦਮੀ ਤੈਨੂੰ ਮਿਲਣ ਲਈ ਆਪਣੇ ਰਥ ਤੋਂ ਹੇਠਾਂ ਉਤਰਿਆ ਤਾਂ ਕੀ ਮੇਰਾ ਆਤਮਾ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਤੇ ਕੱਪੜੇ, ਜ਼ੈਤੂਨ, ਬਾਗਾਂ, ਅੰਗੂਰੀ ਬਾਗਾਂ, ਇੱਜੜਾ, ਵੱਗਾਂ, ਦਾਸ ਅਤੇ ਗੋਲੀਆਂ ਦੇ ਲੈਣ ਦਾ ਇਹ ਸਮਾਂ ਹੈ? 27ਇਸ ਲਈ ਨਾਮਾਨ ਦਾ ਕੋੜ੍ਹ ਤੈਨੂੰ ਅਤੇ ਤੇਰੇ ਅੰਸ ਨੂੰ ਸਦਾ ਤੱਕ ਲੱਗਾ ਰਹੇਗਾ।” ਤਦ ਗੇਹਾਜ਼ੀ ਅਲੀਸ਼ਾ ਦੇ ਸਾਮ੍ਹਣੇ ਤੋਂ ਚਲਾ ਗਿਆ ਅਤੇ ਉਸਦੀ ਚਮੜੀ ਕੋੜ੍ਹ ਨਾਲ ਬਰਫ਼ ਵਾਂਗ ਚਿੱਟੀ ਹੋ ਗਈ।

Currently Selected:

2 ਰਾਜਿਆਂ 5: PCB

Highlight

Copy

Compare

Share

None

Want to have your highlights saved across all your devices? Sign up or sign in