2 ਰਾਜਿਆਂ 6
6
ਕੁਹਾੜੀ ਦਾ ਪਾਣੀ ਤੇ ਤੈਰਨਾ
1ਇੱਕ ਦਿਨ ਨਬੀਆਂ ਦੇ ਸਮੂਹ ਨੇ ਅਲੀਸ਼ਾ ਨੂੰ ਕਿਹਾ, “ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਨਾਲ ਰਹਿੰਦੇ ਹਾਂ ਸਾਡੇ ਲਈ ਬਹੁਤ ਛੋਟਾ ਹੈ। 2ਆਓ ਅਸੀਂ ਯਰਦਨ ਵੱਲ ਚੱਲੀਏ, ਜਿੱਥੇ ਸਾਡੇ ਵਿੱਚੋਂ ਹਰ ਕੋਈ ਇੱਕ-ਇੱਕ ਬਲੀ ਲਿਆਵੇ; ਅਤੇ ਉੱਥੇ ਅਸੀਂ ਮਿਲਣ ਲਈ ਇੱਕ ਜਗ੍ਹਾ ਬਣਾਈਏ।”
ਅਤੇ ਉਸਨੇ ਕਿਹਾ, “ਜਾਓ।”
3ਤਦ ਉਹਨਾਂ ਵਿੱਚੋਂ ਇੱਕ ਨੇ ਕਿਹਾ, “ਕੀ ਤੁਸੀਂ ਕਿਰਪਾ ਕਰਕੇ ਆਪਣੇ ਦਾਸਾਂ ਨਾਲ ਨਹੀਂ ਆਓਗੇ?”
ਅਲੀਸ਼ਾ ਨੇ ਜਵਾਬ ਦਿੱਤਾ, “ਮੈਂ ਚੱਲਾਗਾ।” 4ਅਤੇ ਉਹ ਉਹਨਾਂ ਦੇ ਨਾਲ ਚਲਾ ਗਿਆ।
ਉਹ ਯਰਦਨ ਵੱਲ ਗਏ ਅਤੇ ਰੁੱਖਾਂ ਨੂੰ ਵੱਢਣ ਲੱਗੇ। 5ਜਦੋਂ ਉਹ ਰੁੱਖ ਕੱਟ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਦੀ ਕੁਹਾੜੀ ਪਾਣੀ ਵਿੱਚ ਡਿੱਗ ਗਈ। ਉਹ ਉੱਚੀ ਆਵਾਜ਼ ਨਾਲ ਬੋਲਿਆ, “ਹਾਏ, ਮੇਰੇ ਸੁਆਮੀ! ਮੈਂ ਤਾਂ ਉਹ ਮੰਗ ਕੇ ਲਿਆਂਦੀ ਸੀ!”
6ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਪੁੱਛਿਆ, “ਉਹ ਕਿੱਥੇ ਡਿੱਗੀ ਹੈ?” ਜਦੋਂ ਉਸਨੇ ਉਸਨੂੰ ਜਗ੍ਹਾ ਦਿਖਾਈ, ਤਾਂ ਅਲੀਸ਼ਾ ਨੇ ਇੱਕ ਸੋਟੀ ਕੱਟ ਕੇ ਉੱਥੇ ਸੁੱਟ ਦਿੱਤੀ ਅਤੇ ਲੋਹੇ ਪਾਣੀ ਉੱਤੇ ਤੈਰਨ ਲਗਾ। 7ਉਸਨੇ ਕਿਹਾ, “ਇਸ ਨੂੰ ਬਾਹਰ ਕੱਢ ਲੈ।” ਫਿਰ ਆਦਮੀ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ।
ਅਲੀਸ਼ਾ ਦਾ ਅਰਾਮੀ ਫ਼ੌਜ ਨੂੰ ਅੰਨ੍ਹੇ ਕਰਨਾ
8ਉਸ ਮੌਕੇ, ਜਦੋਂ ਅਰਾਮ ਦੇ ਰਾਜੇ ਨੇ ਇਸਰਾਏਲ ਨਾਲ ਲੜਾਈ ਕੀਤੀ, ਉਸਨੇ ਆਪਣੇ ਸੇਵਕਾਂ ਦੀ ਸਲਾਹ ਅਨੁਸਾਰ ਫ਼ੈਸਲਾ ਕੀਤਾ, “ਮੇਰਾ ਤੰਬੂ ਅਜਿਹੇ ਸਥਾਨ ਵਿੱਚ ਹੋਵੇਗਾ।”
9ਪਰਮੇਸ਼ਵਰ ਦੇ ਜਨ ਅਲੀਸ਼ਾ ਨੇ ਇਸਰਾਏਲ ਦੇ ਰਾਜੇ ਨੂੰ ਸੁਨੇਹਾ ਭੇਜਿਆ: “ਖ਼ਬਰਦਾਰ ਇਸ ਥਾਂ ਦੇ ਵਿੱਚ ਦੀ ਨਾ ਲੰਘੀ, ਕਿਉਂਕਿ ਅਰਾਮੀ ਉੱਧਰ ਜਾ ਰਹੇ ਹਨ।” 10ਇਸਰਾਏਲ ਦਾ ਰਾਜਾ ਉਸ ਥਾਂ ਤੇ ਆਪਣੀ ਫ਼ੌਜ ਭੇਜਦਾ ਸੀ, ਜਿਸ ਬਾਰੇ ਉਸਨੂੰ ਪਰਮੇਸ਼ਵਰ ਦਾ ਜਨ ਅਲੀਸ਼ਾ ਦੁਆਰਾ ਸੂਚਿਤ ਕੀਤਾ ਗਿਆ ਸੀ। ਇਸ ਤਰ੍ਹਾਂ ਉਸ ਨੂੰ ਚੇਤਾਵਨੀਆਂ ਮਿਲਦੀਆਂ ਰਹਿੰਦੀਆਂ ਸਨ, ਨਤੀਜੇ ਵਜੋਂ ਉਹ ਆਪਣੀ ਰੱਖਿਆ ਕਰਦਾ ਸੀ। ਅਜਿਹਾ ਕਈ ਵਾਰ ਹੋਇਆ।
11ਇਸ ਨਾਲ ਅਰਾਮ ਦੇ ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਆਪਣੇ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਤੋਂ ਮੰਗ ਕੀਤੀ, “ਮੈਨੂੰ ਦੱਸੋ! ਸਾਡੇ ਵਿੱਚੋਂ ਕੌਣ ਇਸਰਾਏਲ ਦੇ ਰਾਜੇ ਦੇ ਪਾਸੇ ਹੈ?”
12ਉਸਦੇ ਇੱਕ ਸੇਵਕ ਨੇ ਕਿਹਾ, “ਸਾਡੇ ਵਿੱਚੋਂ ਕੋਈ ਨਹੀਂ, ਮਹਾਰਾਜ ਪਾਤਸ਼ਾਹ, ਪਰ ਅਲੀਸ਼ਾ, ਨਬੀ ਜੋ ਇਸਰਾਏਲ ਵਿੱਚ ਹੈ, ਇਸਰਾਏਲ ਦੇ ਰਾਜੇ ਨੂੰ ਉਹੀ ਗੱਲਾਂ ਦੱਸਦਾ ਹੈ ਜੋ ਤੁਸੀਂ ਆਪਣੇ ਸੌਣ ਵਾਲੇ ਕਮਰੇ ਵਿੱਚ ਬੋਲਦੇ ਹੋ।”
13ਰਾਜੇ ਨੇ ਹੁਕਮ ਦਿੱਤਾ, “ਜਾਓ, ਪਤਾ ਲਗਾਓ ਕਿ ਉਹ ਕਿੱਥੇ ਹੈ, ਤਾਂ ਜੋ ਮੈਂ ਆਦਮੀ ਭੇਜ ਕੇ ਉਸਨੂੰ ਫੜ ਲਵਾਂ।” ਰਾਜੇ ਨੂੰ ਖ਼ਬਰ ਮਿਲੀ, “ਕਿ ਉਹ ਦੋਥਾਨ ਵਿੱਚ ਹੈ।” 14ਫਿਰ ਉਸਨੇ ਘੋੜੇ ਅਤੇ ਰੱਥ ਅਤੇ ਇੱਕ ਮਜ਼ਬੂਤ ਫ਼ੌਜ ਭੇਜੀ। ਉਹਨਾਂ ਨੇ ਰਾਤ ਨੂੰ ਜਾ ਕੇ ਸ਼ਹਿਰ ਨੂੰ ਘੇਰ ਲਿਆ।
15ਜਦੋਂ ਪਰਮੇਸ਼ਵਰ ਦੇ ਜਨ ਅਲੀਸ਼ਾ ਦਾ ਸੇਵਕ ਅਗਲੀ ਸਵੇਰ ਉੱਠ ਕੇ ਬਾਹਰ ਨਿਕਲਿਆ, ਤਾਂ ਘੋੜਿਆਂ ਅਤੇ ਰਥਾਂ ਵਾਲੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ ਸੀ। ਨੌਕਰ ਨੇ ਪੁੱਛਿਆ, “ਹਾਏ, ਮੇਰੇ ਮਹਾਰਾਜ! ਸਾਨੂੰ ਕੀ ਕਰਨਾ ਚਾਹੀਦਾ ਹੈ?”
16ਨਬੀ ਨੇ ਜਵਾਬ ਦਿੱਤਾ, “ਡਰ ਨਾ, ਜੋ ਸਾਡੇ ਨਾਲ ਹਨ ਉਹ ਉਹਨਾਂ ਨਾਲੋਂ ਵੱਧ ਹਨ ਜੋ ਉਹਨਾਂ ਦੇ ਨਾਲ ਹਨ।”
17ਅਤੇ ਅਲੀਸ਼ਾ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ ਉਸਦੀਆਂ ਅੱਖਾਂ ਖੋਲ੍ਹੋ, ਤਾਂ ਜੋ ਉਹ ਦੇਖ ਸਕੇ।” ਤਦ ਯਾਹਵੇਹ ਨੇ ਸੇਵਕ ਦੀਆਂ ਅੱਖਾਂ ਖੋਲ੍ਹੀਆਂ, ਅਤੇ ਉਸਨੇ ਅਲੀਸ਼ਾ ਦੇ ਚਾਰੇ ਪਾਸੇ ਘੋੜਿਆਂ ਅਤੇ ਅੱਗ ਦੇ ਰਥਾਂ ਨਾਲ ਭਰੀਆਂ ਪਹਾੜੀਆਂ ਨੂੰ ਦੇਖਿਆ।
18ਜਦ ਦੁਸ਼ਮਣ ਦੀ ਫ਼ੌਜ ਉਸਦੇ ਵੱਲ ਉੱਤਰੀ, ਅਲੀਸ਼ਾ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਇਸ ਫ਼ੌਜ ਨੂੰ ਅੰਨ੍ਹਾ ਕਰ ਦਿਓ।” ਇਸ ਲਈ ਉਸਨੇ ਉਹਨਾਂ ਨੂੰ ਅੰਨ੍ਹਾ ਕਰ ਦਿੱਤਾ, ਜਿਵੇਂ ਕਿ ਅਲੀਸ਼ਾ ਨੇ ਕਿਹਾ ਸੀ।
19ਅਲੀਸ਼ਾ ਨੇ ਉਹਨਾਂ ਨੂੰ ਕਿਹਾ, “ਇਹ ਸੜਕ ਨਹੀਂ ਹੈ ਅਤੇ ਇਹ ਸ਼ਹਿਰ ਨਹੀਂ ਹੈ। ਮੇਰੇ ਪਿੱਛੇ ਚੱਲੋ ਅਤੇ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਜਾਵਾਂਗਾ ਜਿਸਦੀ ਤੁਸੀਂ ਭਾਲ ਕਰ ਰਹੇ ਹੋ।” ਅਤੇ ਉਹ ਉਹਨਾਂ ਨੂੰ ਸਾਮਰਿਯਾ ਵੱਲ ਲੈ ਗਿਆ।
20ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਏ, ਅਲੀਸ਼ਾ ਨੇ ਕਿਹਾ, “ਯਾਹਵੇਹ, ਇਨ੍ਹਾਂ ਆਦਮੀਆਂ ਦੀਆਂ ਅੱਖਾਂ ਖੋਲ੍ਹ ਦਿਓ ਤਾਂ ਜੋ ਉਹ ਦੇਖ ਸਕਣ।” ਤਦ ਯਾਹਵੇਹ ਨੇ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਹਨਾਂ ਨੇ ਦੇਖਿਆ, ਅਤੇ ਉਹ ਸਾਮਰਿਯਾ ਦੇ ਅੰਦਰ ਸਨ।
21ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ, ਉਸਨੇ ਅਲੀਸ਼ਾ ਨੂੰ ਪੁੱਛਿਆ, “ਹੇ ਮੇਰੇ ਪਿਤਾ, ਮੈਂ ਉਹਨਾਂ ਨੂੰ ਮਾਰਾਂ? ਕੀ ਮੈਂ ਉਹਨਾਂ ਨੂੰ ਮਾਰ ਮੁਕਾਵਾਂ?”
22ਉਸਨੇ ਜਵਾਬ ਦਿੱਤਾ, “ਉਹਨਾਂ ਨੂੰ ਨਾ ਮਾਰੋ, ਕੀ ਤੁਸੀਂ ਉਹਨਾਂ ਨੂੰ ਮਾਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਤਲਵਾਰ ਜਾਂ ਧਣੁੱਖ ਨਾਲ ਫੜ ਲਿਆਏ ਹੋ? ਉਹਨਾਂ ਦੇ ਅੱਗੇ ਭੋਜਨ ਅਤੇ ਪਾਣੀ ਰੱਖੋ ਤਾਂ ਜੋ ਉਹ ਖਾ-ਪੀ ਸਕਣ ਅਤੇ ਫਿਰ ਆਪਣੇ ਮਾਲਕ ਕੋਲ ਵਾਪਸ ਜਾਣ।” 23ਇਸ ਲਈ ਉਸ ਨੇ ਉਹਨਾਂ ਲਈ ਇੱਕ ਵੱਡੀ ਦਾਅਵਤ ਤਿਆਰ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਤੋਂ ਬਾਅਦ ਉਸ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਮਾਲਕ ਕੋਲ ਵਾਪਸ ਚਲੇ ਗਏ। ਇਸ ਲਈ ਅਰਾਮ ਦੇ ਦਲਾਂ ਨੇ ਇਸਰਾਏਲ ਦੇ ਇਲਾਕੇ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ।
ਬੇਨ-ਹਦਾਦ ਦੁਆਰਾ ਸਾਮਰਿਯਾ ਦੀ ਘੇਰਾਬੰਦੀ
24ਕੁਝ ਸਮੇਂ ਬਆਦ, ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰਾ ਪਾ ਲਿਆ। 25ਉਸਨੇ ਜਵਾਬ ਦਿੱਤਾ ਸਾਮਰਿਯਾ ਸ਼ਹਿਰ ਵਿੱਚ ਬਹੁਤ ਕਾਲ ਪੈ ਗਿਆ; ਘੇਰਾਬੰਦੀ ਇੰਨੀ ਲੰਮੀ ਚੱਲੀ ਕਿ ਇੱਕ ਗਧੇ ਦਾ ਸਿਰ ਅੱਸੀ ਸ਼ੈਕੇਲ#6:25 ਲਗਭਗ 920 ਗ੍ਰਾਮ ਚਾਂਦੀ ਵਿੱਚ ਅਤੇ ਇੱਕ ਚੌਥਾਈ ਕਬੂਤਰ ਦੀ ਵਿੱਠ ਪੰਜ ਸ਼ੈਕੇਲ#6:25 ਲਗਭਗ 58 ਗ੍ਰਾਮ ਵਿੱਚ ਵਿਕਦੀ ਸੀ।
26ਜਦੋਂ ਇਸਰਾਏਲ ਦਾ ਰਾਜਾ ਕੰਧ ਤੋਂ ਲੰਘ ਰਿਹਾ ਸੀ, ਇੱਕ ਔਰਤ ਨੇ ਉਸਨੂੰ ਪੁਕਾਰਿਆ, “ਮੇਰੇ ਮਹਾਰਾਜ ਪਾਤਸ਼ਾਹ, ਮੇਰੀ ਮਦਦ ਕਰੋ!”
27ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?” 28ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?”
ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’ 29ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”
30ਜਦੋਂ ਰਾਜੇ ਨੇ ਔਰਤ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। ਜਦੋਂ ਉਹ ਕੰਧ ਦੇ ਨਾਲ-ਨਾਲ ਜਾ ਰਿਹਾ ਸੀ, ਤਾਂ ਲੋਕਾਂ ਨੇ ਦੇਖਿਆ, ਅਤੇ ਉਹਨਾਂ ਨੇ ਦੇਖਿਆ ਕਿ ਉਸਦੇ ਬਸਤਰ ਦੇ ਹੇਠਾਂ ਉਸਦੇ ਸਰੀਰ ਉੱਤੇ ਤੱਪੜ ਸੀ। 31ਰਾਜੇ ਨੇ ਐਲਾਨ ਕੀਤਾ, “ਪਰਮੇਸ਼ਵਰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ, ਅਤੇ ਹੋਰ ਵੀ ਸਖ਼ਤ, ਜੇਕਰ ਅੱਜ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲ ਜੁੜਿਆ ਰਹੇ!”
32ਹੁਣ ਅਲੀਸ਼ਾ ਆਪਣੇ ਘਰ ਬੈਠਾ ਸੀ ਅਤੇ ਬਜ਼ੁਰਗ ਉਸਦੇ ਨਾਲ ਬੈਠੇ ਸਨ। ਰਾਜੇ ਨੇ ਇੱਕ ਦੂਤ ਨੂੰ ਅੱਗੇ ਭੇਜਿਆ, ਪਰ ਉਸਦੇ ਪਹੁੰਚਣ ਤੋਂ ਪਹਿਲਾਂ, ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ, “ਕੀ ਤੁਸੀਂ ਨਹੀਂ ਦੇਖਦੇ ਕਿ ਇਹ ਕਾਤਲ ਮੇਰਾ ਸਿਰ ਵੱਢਣ ਲਈ ਕਿਸੇ ਨੂੰ ਕਿਵੇਂ ਭੇਜ ਰਿਹਾ ਹੈ? ਵੇਖੋ, ਜਦੋਂ ਦੂਤ ਆਵੇ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਉਹ ਦੇ ਸਾਮ੍ਹਣੇ ਬੰਦ ਰੱਖੋ। ਕੀ ਉਸਦੇ ਪਿੱਛੇ ਉਸਦੇ ਮਾਲਕ ਦੇ ਕਦਮਾਂ ਦੀ ਆਵਾਜ਼ ਨਹੀਂ ਹੈ?” 33ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ, ਸੰਦੇਸ਼ਵਾਹਕ ਉਸਦੇ ਕੋਲ ਆਇਆ।
ਰਾਜੇ ਨੇ ਕਿਹਾ, “ਇਹ ਬਿਪਤਾ ਯਾਹਵੇਹ ਵੱਲੋਂ ਹੈ। ਮੈਂ ਹੁਣ ਯਾਹਵੇਹ ਦਾ ਇੰਤਜ਼ਾਰ ਕਿਉਂ ਕਰਾਂ?”
Currently Selected:
2 ਰਾਜਿਆਂ 6: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.