2 ਰਾਜਿਆਂ 4
4
ਵਿਧਵਾ ਅਤੇ ਜ਼ੈਤੂਨ ਦਾ ਤੇਲ
1ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਦੀ ਪਤਨੀ ਨੇ ਅਲੀਸ਼ਾ ਨੂੰ ਪੁਕਾਰਿਆ ਅਤੇ ਆਖਿਆ, “ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈ ਕਿ ਉਹ ਯਾਹਵੇਹ ਦਾ ਡਰ ਰੱਖਦਾ ਸੀ। ਪਰ ਹੁਣ ਉਸਦਾ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਗੁਲਾਮ ਬਣਾ ਕੇ ਲੈ ਚੱਲੇ ਹਨ।”
2ਅਲੀਸ਼ਾ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਤੇਰੀ ਕਿਵੇਂ ਮਦਦ ਕਰ ਸਕਦਾ ਹਾਂ? ਦੱਸ, ਤੇਰੇ ਘਰ ਕੀ ਹੈ?”
ਉਹ ਬੋਲੀ “ਤੇਰੀ ਦਾਸੀ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਇਲਾਵਾ ਕੁਝ ਵੀ ਨਹੀਂ ਹੈ।”
3ਅਲੀਸ਼ਾ ਨੇ ਆਖਿਆ, “ਜਾ ਅਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲਿਆ। ਧਿਆਨ ਰਹੇ ਭਾਂਡੇ ਥੋੜੇ ਨਾ ਹੋਣ। 4ਫਿਰ ਅੰਦਰ ਜਾ ਕੇ ਆਪਣੇ ਪੁੱਤਰਾਂ ਦੇ ਨਾਲ ਦਰਵਾਜ਼ਾ ਬੰਦ ਕਰ ਲਈ। ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ ਅਤੇ ਜਿਹੜਾ ਭਰ ਜਾਵੇਂ ਉਸਨੂੰ, ਇੱਕ ਪਾਸੇ ਰੱਖ ਦੇਵੀਂ।”
5ਔਰਤ ਉਸਦੇ ਕੋਲੋਂ ਚਲੀ ਗਈ ਅਤੇ ਆਪਣੇ ਪੁੱਤਰਾਂ ਸਮੇਤ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਹ ਉਸਦੇ ਕੋਲ ਭਾਂਡੇ ਲਿਆਉਂਦੇ ਗਏ ਅਤੇ ਉਹ ਭਰਦੀ ਰਹੀ। 6ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।”
ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।
7ਉਸ ਨੇ ਜਾ ਕੇ ਪਰਮੇਸ਼ਵਰ ਦੇ ਬੰਦੇ ਨੂੰ ਦੱਸਿਆ ਅਤੇ ਉਸ ਨੇ ਕਿਹਾ, “ਜਾ, ਤੇਲ ਵੇਚ ਕੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚਿਆ ਹੈ ਉਸ ਨਾਲ ਤੂੰ ਅਤੇ ਤੇਰੇ ਪੁੱਤਰ ਗੁਜ਼ਾਰਾ ਕਰਿਓ।”
ਸ਼ੂਨੇਮ ਦੇ ਪੁੱਤਰ ਨੂੰ ਜ਼ਿੰਦਾ ਕਰਨਾ
8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ। 9ਉਸਨੇ ਆਪਣੇ ਪਤੀ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਇਹ ਆਦਮੀ ਜੋ ਅਕਸਰ ਸਾਡੇ ਪਾਸਿਓ ਲੰਘਦਾ ਹੈ, ਪਰਮੇਸ਼ਵਰ ਦਾ ਇੱਕ ਪਵਿੱਤਰ ਮਨੁੱਖ ਹੈ। 10ਅਸੀਂ ਛੱਤ ਤੇ ਇੱਕ ਛੋਟਾ ਜਿਹਾ ਚੁਬਾਰਾ ਉਸ ਲਈ ਬਣਾਈਏ ਅਤੇ ਉੱਥੇ ਉਸ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਅਤੇ ਇੱਕ ਦੀਵਾ ਰੱਖੀਏ। ਫਿਰ ਜਦੋਂ ਵੀ ਉਹ ਸਾਡੇ ਕੋਲ ਆਵੇ ਤਾਂ ਉਹ ਉੱਥੇ ਰਹਿ ਸਕਦਾ ਹੈ।”
11ਇੱਕ ਦਿਨ ਜਦੋਂ ਅਲੀਸ਼ਾ ਉੱਥੇ ਆਇਆ, ਤਾਂ ਉਹ ਉਸ ਚੁਬਾਰੇ ਵਿੱਚ ਗਿਆ ਅਤੇ ਉੱਥੇ ਲੇਟ ਗਿਆ। 12ਉਸ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਸ਼ੂਨੰਮੀ ਔਰਤ ਨੂੰ ਬੁਲਾ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਉਸਦੇ ਸਾਮ੍ਹਣੇ ਖੜ੍ਹੀ ਹੋ ਗਈ। 13ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਔਰਤ ਨੂੰ ਆਖ, ‘ਵੇਖ ਤੂੰ ਇੰਨੇ ਸਮੇਂ ਤੋਂ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ। ਹੁਣ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਤੇਰੇ ਲਈ ਰਾਜਾ ਜਾਂ ਸੈਨਾਪਤੀ ਨਾਲ ਗੱਲ ਕਰੀਏ?’ ”
ਉਸਨੇ ਜਵਾਬ ਦਿੱਤਾ, “ਮੈਂ ਤਾਂ ਆਪਣੇ ਹੀ ਲੋਕਾਂ ਵਿਚਕਾਰ ਵੱਸਦੀ ਹਾਂ।”
14ਅਲੀਸ਼ਾ ਨੇ ਪੁੱਛਿਆ, “ਉਸ ਲਈ ਕੀ ਕੀਤਾ ਜਾਵੇ?”
ਗੇਹਜ਼ੀ ਨੇ ਕਿਹਾ, “ਉਸ ਦਾ ਕੋਈ ਪੁੱਤਰ ਨਹੀਂ ਹੈ ਅਤੇ ਉਸਦਾ ਪਤੀ ਬੁੱਢਾ ਹੋ ਗਿਆ ਹੈ।”
15ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਬੁਲਾਓ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਦਰਵਾਜ਼ੇ ਵਿੱਚ ਖੜ੍ਹੀ ਹੋ ਗਈ। 16ਅਲੀਸ਼ਾ ਨੇ ਕਿਹਾ, “ਅਗਲੇ ਸਾਲ ਇਸੇ ਰੁੱਤੇ ਬਸੰਤ ਦੇ ਨੇੜੇ ਤੇਰੇ ਇੱਕ ਪੁੱਤਰ ਹੋਵੇਗਾ।”
ਉਸ ਨੇ ਬੋਲਿਆ, “ਨਹੀਂ, ਮੇਰੇ ਸੁਆਮੀ! ਪਰਮੇਸ਼ਵਰ ਦੇ ਬੰਦੇ ਆਪਣੀ ਦਾਸੀ ਨਾਲ ਝੂਠ ਨਾ ਬੋਲ!”
17ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।
18ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਫ਼ਸਲ ਵੱਢਣ ਵਾਲੇ ਵਾਢਿਆ ਵੱਲ ਚਲਿਆ ਗਿਆ। 19ਅਤੇ ਉਹ ਆਪਣੇ ਪਿਤਾ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ! ਹਾਏ ਮੇਰਾ ਸਿਰ!”
ਉਸਦੇ ਪਿਤਾ ਨੇ ਇੱਕ ਨੌਕਰ ਨੂੰ ਕਿਹਾ, “ਉਸ ਨੂੰ ਉਸਦੀ ਮਾਂ ਕੋਲ ਲੈ ਜਾਉ।” 20ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ। 21ਉਸਨੇ ਉੱਪਰ ਜਾ ਕੇ ਉਸਨੂੰ ਪਰਮੇਸ਼ਵਰ ਦੇ ਬੰਦੇ ਦੇ ਮੰਜੇ ਉੱਤੇ ਲਿਟਾ ਦਿੱਤਾ, ਫਿਰ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ।
22ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਕਿਹਾ, “ਕਿਰਪਾ ਕਰਕੇ ਜੁਆਨਾਂ ਵਿੱਚੋਂ ਇੱਕ ਮਨੁੱਖ ਅਤੇ ਇੱਕ ਗਧਾ ਭੇਜੋ ਤਾਂ ਜੋ ਮੈਂ ਜਲਦੀ ਨਾਲ ਪਰਮੇਸ਼ਵਰ ਦੇ ਬੰਦੇ ਕੋਲ ਜਾਵਾਂ ਅਤੇ ਵਾਪਸ ਮੁੜ ਆਵਾਂ।”
23ਉਸ ਨੇ ਪੁੱਛਿਆ, “ਤੂੰ ਅੱਜ ਹੀ ਉਸ ਕੋਲ ਕਿਉਂ ਜਾਣਾ ਹੈ? ਨਾ ਤਾਂ ਅੱਜ ਨਵਾਂ ਚੰਦ ਜਾਂ ਸਬਤ ਦਾ ਦਿਨ#4:23 ਸਬਤ: ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਹੈ।”
ਉਸਨੇ ਕਿਹਾ “ਕੋਈ ਗੱਲ ਨਹੀਂ।”
24ਉਸਨੇ ਗਧੇ ਤੇ ਕਾਠੀ ਕੱਸੀ ਅਤੇ ਆਪਣੇ ਨੌਕਰ ਨੂੰ ਕਿਹਾ, “ਹੱਕ ਲੈ; ਅਤੇ ਜਦੋਂ ਤੱਕ ਮੈਂ ਨਾ ਆਖਾਂ ਮੇਰੇ ਕਾਰਨ ਹੱਕਣ ਵਿੱਚ ਢਿੱਲ ਨਾ ਕਰੀ।” 25ਇਸ ਲਈ ਉਹ ਚਲੀ ਗਈ ਅਤੇ ਕਰਮਲ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਆਈ।
ਜਦੋਂ ਪਰਮੇਸ਼ਵਰ ਦੇ ਜਨ ਨੇ ਉਸ ਔਰਤ ਨੂੰ ਦੂਰੋਂ ਦੇਖਿਆ, ਤਾਂ ਪਰਮੇਸ਼ਵਰ ਦੇ ਜਨ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ! 26ਤੂੰ ਹੁਣ ਦੌੜ ਕੇ ਉਸਨੂੰ ਮਿਲ ਅਤੇ ‘ਉਸਨੂੰ ਪੁੱਛ ਕਿ ਸਭ ਕੁਝ ਸੁੱਖ-ਸਾਂਦ ਹੈ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’ ”
ਉਸਨੇ ਕਿਹਾ, “ਸਭ ਕੁਝ ਸੁੱਖ-ਸਾਂਦ ਹੈ।”
27ਜਦੋਂ ਉਹ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਪਹੁੰਚੀ, ਉਸ ਔਰਤ ਨੇ ਉਸਦੇ ਪੈਰ ਫੜ ਲਏ। ਗੇਹਜ਼ੀ ਉਸ ਨੂੰ ਦੂਰ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ਵਰ ਦੇ ਜਨ ਨੇ ਆਖਿਆ, “ਉਸ ਨੂੰ ਇਕੱਲਾ ਛੱਡ ਦਿਓ! ਕਿਉਂਕਿ ਉਹ ਕੌੜੀ ਮੁਸੀਬਤ ਵਿੱਚ ਹੈ, ਪਰ ਯਾਹਵੇਹ ਨੇ ਇਸ ਨੂੰ ਮੇਰੇ ਤੋਂ ਲੁਕਾਇਆ ਹੈ ਅਤੇ ਮੈਨੂੰ ਕਿਉਂ ਨਹੀਂ ਦੱਸਿਆ ਹੈ।”
28ਤਦ ਉਹ ਬੋਲੀ “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ, ‘ਮੇਰੀਆਂ ਉਮੀਦਾਂ ਨਾ ਵਧਾਓ’?”
29ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।”
30ਪਰ ਬੱਚੇ ਦੀ ਮਾਂ ਨੇ ਕਿਹਾ, “ਜੀਉਂਦੇ ਯਾਹਵੇਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਤੋਂ ਬਿਨਾਂ ਨਹੀਂ ਜਾਵਾਂਗੀ।” ਇਸ ਲਈ ਉਹ ਉੱਠਿਆ ਅਤੇ ਉਸਦੇ ਮਗਰ ਹੋ ਤੁਰਿਆ।
31ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਉਸਦੀ ਆਵਾਜ਼ ਸੀ ਨਾ ਹੀ ਕੋਈ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”
32ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ। 33ਉਸ ਨੇ ਅੰਦਰ ਜਾ ਕੇ, ਉਹਨਾਂ ਦੋਹਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 34ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ। 35ਫਿਰ ਉਹ ਉੱਠਿਆ ਅਤੇ ਘਰ ਦੇ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉੱਤੇ ਲੇਟਿਆ। ਮੁੰਡੇ ਨੇ ਸੱਤ ਵਾਰ ਛਿੱਕ ਮਾਰ ਕੇ ਅੱਖਾਂ ਖੋਲ੍ਹੀਆਂ।
36ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, “ਸ਼ੂਨੰਮੀ ਨੂੰ ਬੁਲਾਓ।” ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, “ਆਪਣੇ ਪੁੱਤਰ ਨੂੰ ਲੈ ਜਾ।” 37ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।
ਅਲੀਸ਼ਾ ਦੁਆਰਾ ਭੋਜਨ ਦੀ ਸ਼ੁੱਧੀ
38ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”
39ਉਹਨਾਂ ਵਿੱਚੋਂ ਇੱਕ ਨਬੀ ਜੜੀ-ਬੂਟੀਆਂ ਇਕੱਠੀਆਂ ਕਰਨ ਲਈ ਖੇਤਾਂ ਵਿੱਚ ਗਿਆ ਅਤੇ ਇੱਕ ਜੰਗਲੀ ਵੇਲ ਲੱਭੀ ਅਤੇ ਉਸ ਦੇ ਕੱਪੜੇ ਵਿੱਚ ਜਿੰਨੀ ਲੌਕੀ ਆ ਸੱਕਦੀ ਸੀ, ਉਨ੍ਹੀ ਹੀ ਚੁੱਕ ਲਈ। ਜਦੋਂ ਉਹ ਵਾਪਸ ਆਇਆ, ਉਸਨੇ ਉਹਨਾਂ ਨੂੰ ਪਕਾਣ ਵਾਲੇ ਘੜੇ ਵਿੱਚ ਕੱਟ ਦਿੱਤਾ, ਹਾਲਾਂਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਕੀ ਸਨ। 40ਸੋ ਉਹਨਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਖਾ ਰਹੇ ਸਨ ਤਾਂ ਉੱਚੀ-ਉੱਚੀ ਬੋਲੇ, “ਹੇ ਪਰਮੇਸ਼ਵਰ ਦੇ ਜਨ, ਘੜੇ ਵਿੱਚ ਮੌਤ ਹੈ!” ਅਤੇ ਉਹ ਇਸਨੂੰ ਖਾ ਨਹੀਂ ਸਕਦੇ ਸਨ।
41ਅਲੀਸ਼ਾ ਨੇ ਕਿਹਾ, “ਥੋੜਾ ਆਟਾ ਲੈ ਆਓ।” ਉਸਨੇ ਇਸਨੂੰ ਬਰਤਨ ਵਿੱਚ ਪਾ ਦਿੱਤਾ ਅਤੇ ਕਿਹਾ, “ਇਸ ਨੂੰ ਲੋਕਾਂ ਨੂੰ ਖਾਣ ਲਈ ਪਰੋਸ ਦਿਓ।” ਅਤੇ ਬਰਤਨ ਦਾ ਭੋਜਨ ਖਾਣ ਯੋਗ ਹੋ ਗਿਆ ਸੀ।
ਸੌ ਆਦਮੀ ਨੂੰ ਭੋਜਨ ਕਰਵਾਉਣਾ
42ਬਾਲ-ਸ਼ਾਲੀਸ਼ਾਹ ਤੋਂ ਇੱਕ ਮਨੁੱਖ ਪਰਮੇਸ਼ਵਰ ਦੇ ਜਨ ਲਈ ਪਹਿਲੇ ਪੱਕੇ ਹੋਏ ਜੌਂ ਦੀਆਂ ਵੀਹ ਰੋਟੀਆਂ ਅਤੇ ਨਵੇਂ ਦਾਣਿਆਂ ਦੇ ਕੁਝ ਥੈਲੇ ਲੈ ਕੇ ਆਇਆ। ਅਲੀਸ਼ਾ ਨੇ ਕਿਹਾ, “ਇਸ ਨੂੰ ਲੋਕਾਂ ਨੂੰ ਖਾਣ ਲਈ ਦੇ ਦਿਓ।”
43ਉਸਦੇ ਨੌਕਰ ਨੇ ਪੁੱਛਿਆ, “ਮੈਂ ਇਸਨੂੰ ਸੌ ਆਦਮੀਆਂ ਦੇ ਸਾਮ੍ਹਣੇ ਕਿਵੇਂ ਰੱਖ ਸਕਦਾ ਹਾਂ?”
ਪਰ ਅਲੀਸ਼ਾ ਨੇ ਉੱਤਰ ਦਿੱਤਾ, “ਇਹ ਲੋਕਾਂ ਨੂੰ ਖਾਣ ਲਈ ਦੇ ਦਿਓ। ਕਿਉਂਕਿ ਯਾਹਵੇਹ ਆਖਦਾ ਹੈ: ‘ਉਹਨਾਂ ਦੇ ਖਾਣ ਤੋਂ ਬਾਅਦ ਵੀ ਕੁਝ ਭੋਜਨ ਬਚਿਆ ਰਹੇਗਾ।’ ” 44ਤਦ ਉਸ ਨੇ ਉਹ ਨੂੰ ਉਹਨਾਂ ਦੇ ਅੱਗੇ ਰੱਖਿਆ, ਅਤੇ ਉਹਨਾਂ ਨੇ ਯਾਹਵੇਹ ਦੇ ਬਚਨ ਦੇ ਅਨੁਸਾਰ ਖਾਧਾ ਅਤੇ ਕੁਝ ਬੱਚ ਗਿਆ।
Currently Selected:
2 ਰਾਜਿਆਂ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.