Bible App logo
Search Icon

2 ਰਾਜਿਆਂ 3

3
ਮੋਆਬ ਦਾ ਵਿਦਰੋਹ
1ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਬਾਰਾਂ ਸਾਲ ਰਾਜ ਕੀਤਾ। 2ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ, ਪਰ ਉਸਨੇ ਆਪਣੇ ਮਾਤਾ-ਪਿਤਾ ਵਾਂਗ ਨਹੀਂ ਸਗੋਂ ਉਸਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸਦੇ ਪਿਉ ਨੇ ਬਣਾਇਆ ਸੀ ਹਟਾ ਦਿੱਤਾ। 3ਫਿਰ ਵੀ ਉਹ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਚਿੰਬੜਿਆ ਰਿਹਾ ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ, ਉਸਨੇ ਉਹਨਾਂ ਤੋਂ ਮੂੰਹ ਨਹੀਂ ਮੋੜਿਆ।
4ਹੁਣ ਮੋਆਬ ਦੇ ਰਾਜਾ ਮੇਸ਼ਾ ਨੇ ਭੇਡਾਂ ਨੂੰ ਪਾਲਿਆ ਅਤੇ ਉਹ ਇਸਰਾਏਲ ਦੇ ਰਾਜੇ ਨੂੰ ਇੱਕ ਲੱਖ ਲੇਲੇ ਦੀ ਅਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਸੀ। 5ਪਰ ਅਹਾਬ ਦੇ ਮਰਨ ਤੋਂ ਬਾਅਦ, ਮੋਆਬ ਦੇ ਰਾਜੇ ਨੇ ਇਸਰਾਏਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। 6ਇਸ ਲਈ ਉਸ ਸਮੇਂ ਰਾਜਾ ਯਹੋਰਾਮ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ। 7ਉਸਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਇਹ ਸੰਦੇਸ਼ ਵੀ ਭੇਜਿਆ, “ਮੋਆਬ ਦੇ ਰਾਜੇ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ। ਕੀ ਤੂੰ ਮੋਆਬ ਵਿਰੁੱਧ ਲੜਨ ਲਈ ਮੇਰੇ ਨਾਲ ਜਾਵੇਂਗਾ?”
ਯਹੋਸ਼ਾਫ਼ਾਟ ਜਵਾਬ ਦਿੱਤਾ “ਮੈਂ ਤੇਰੇ ਨਾਲ ਜਾਵਾਂਗਾ ਮੈਂ ਤੇਰੇ ਵਰਗਾ ਹਾਂ, ਮੇਰੇ ਲੋਕ ਤੇਰੇ ਲੋਕਾਂ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਾਂ।”
8ਉਸ ਨੇ ਪੁੱਛਿਆ, “ਅਸੀਂ ਕਿਸ ਰਸਤੇ ਤੋਂ ਹਮਲਾ ਕਰਾਂਗੇ?”
ਉਸਨੇ ਜਵਾਬ ਦਿੱਤਾ, “ਅਦੋਮ ਦੇ ਮਾਰੂਥਲ ਰਾਹੀਂ।”
9ਇਸ ਲਈ ਇਸਰਾਏਲ ਦਾ ਰਾਜਾ ਯਹੂਦਾਹ ਦੇ ਰਾਜੇ ਅਤੇ ਅਦੋਮ ਦੇ ਰਾਜੇ ਦੇ ਨਾਲ ਤੁਰ ਪਿਆ। ਸੱਤ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ, ਸੈਨਾਂ ਕੋਲ ਅਤੇ ਪਸ਼ੂਆਂ ਕੋਲ ਜਿਹੜੇ ਉਹਨਾਂ ਦੇ ਪਿੱਛੇ-ਪਿੱਛੇ ਆਉਂਦੇ ਸਨ ਪੀਣ ਨੂੰ ਪਾਣੀ ਨਹੀਂ ਸੀ।
10ਇਸਰਾਏਲ ਦੇ ਰਾਜੇ ਨੇ ਕਿਹਾ, “ਹਾਏ, ਹਾਏ! ਕੀ ਯਾਹਵੇਹ ਨੇ ਸਾਨੂੰ ਤਿੰਨ ਰਾਜਿਆਂ ਨੂੰ ਸਿਰਫ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਬੁਲਾਇਆ ਹੈ?”
11ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ, ਜਿਸ ਦੇ ਦੁਆਰਾ ਅਸੀਂ ਯਾਹਵੇਹ ਤੋਂ ਪੁੱਛ ਸਕੀਏ?”
ਇਸਰਾਏਲ ਦੇ ਰਾਜੇ ਦੇ ਇੱਕ ਅਧਿਕਾਰੀ ਨੇ ਉੱਤਰ ਦਿੱਤਾ, “ਸ਼ਾਫ਼ਾਟ ਦਾ ਪੁੱਤਰ ਅਲੀਸ਼ਾ ਇੱਥੇ ਹੈ। ਜੋ ਏਲੀਯਾਹ ਦੇ ਹੱਥਾਂ ਤੇ ਪਾਣੀ ਪਾਉਂਦਾ ਹੁੰਦਾ ਸੀ#3:11 ਏਲੀਯਾਹ ਦਾ ਨਿੱਜੀ ਸੇਵਕ।”
12ਯਹੋਸ਼ਾਫ਼ਾਟ ਨੇ ਕਿਹਾ, “ਯਾਹਵੇਹ ਦਾ ਬਚਨ ਉਸਦੇ ਕੋਲ ਹੈ।” ਇਸ ਲਈ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਟ ਅਤੇ ਅਦੋਮ ਦਾ ਰਾਜਾ ਉਸ ਕੋਲ ਗਏ।
13ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ? ਆਪਣੇ ਪਿਤਾ ਦੇ ਨਬੀਆਂ ਅਤੇ ਆਪਣੀ ਮਾਤਾ ਦੇ ਨਬੀਆਂ ਕੋਲ ਜਾ।”
ਇਸਰਾਏਲ ਦੇ ਰਾਜੇ ਨੇ ਜਵਾਬ ਦਿੱਤਾ, “ਨਹੀਂ ਕਿਉਂਕਿ ਇਹ ਯਾਹਵੇਹ ਸੀ ਜਿਸ ਨੇ ਸਾਨੂੰ ਮੋਆਬ ਦੇ ਹੱਥਾਂ ਵਿੱਚ ਸੌਂਪਣ ਲਈ ਸਾਨੂੰ ਤਿੰਨ ਰਾਜਿਆਂ ਨੂੰ ਇਕੱਠਿਆਂ ਬੁਲਾਇਆ ਸੀ।”
14ਅਲੀਸ਼ਾ ਨੇ ਕਿਹਾ, “ਸਰਬਸ਼ਕਤੀਮਾਨ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਜੇ ਮੈਂ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੀ ਮੌਜੂਦਗੀ ਦਾ ਆਦਰ ਨਾ ਕਰਦਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ। 15ਪਰ ਹੁਣ ਮੇਰੇ ਕੋਲ ਇੱਕ ਵੀਣਾ ਵਜਾਉਣ ਵਾਲਾ ਲਿਆਓ।”
ਜਦੋਂ ਵੀਣਾ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਹੁੰਦਾ ਸੀ ਤਾਂ ਯਾਹਵੇਹ ਦਾ ਹੱਥ ਅਲੀਸ਼ਾ ਉੱਤੇ ਆਉਂਦਾ ਹੁੰਦਾ ਸੀ 16ਅਤੇ ਉਸਨੇ ਕਿਹਾ, “ਯਾਹਵੇਹ ਇਹ ਆਖਦਾ ਹੈ, ਮੈਂ ਇਸ ਘਾਟੀ ਨੂੰ ਪਾਣੀ ਦੇ ਤਲਾਬ ਨਾਲ ਭਰ ਦਿਆਂਗਾ। 17ਕਿਉਂਕਿ ਯਾਹਵੇਹ ਇਹੀ ਆਖਦਾ ਹੈ ਕਿ ਤੁਸੀਂ ਨਾ ਤਾਂ ਹਵਾ ਅਤੇ ਨਾ ਹੀ ਮੀਂਹ ਨੂੰ ਵੇਖੋਗੇ, ਪਰ ਇਹ ਘਾਟੀ ਪਾਣੀ ਨਾਲ ਭਰ ਜਾਵੇਗੀ, ਅਤੇ ਤੁਸੀਂ, ਤੁਹਾਡੇ ਪਸ਼ੂ ਅਤੇ ਤੁਹਾਡੇ ਹੋਰ ਜਾਨਵਰ ਇਸ ਵਿੱਚੋਂ ਪੀਓਗੇ। 18ਇਹ ਯਾਹਵੇਹ ਦੀ ਨਜ਼ਰ ਵਿੱਚ ਇੱਕ ਆਸਾਨ ਚੀਜ਼ ਹੈ। ਉਹ ਮੋਆਬ ਨੂੰ ਵੀ ਤੁਹਾਡੇ ਹੱਥਾਂ ਵਿੱਚ ਦੇ ਦੇਵੇਗਾ। 19ਤੁਸੀਂ ਹਰੇਕ ਪਨਾਹ ਵਾਲੇ ਸ਼ਹਿਰ ਅਤੇ ਹਰੇਕ ਵੱਡੇ ਨਗਰ ਨੂੰ ਉਖਾੜ ਸੁੱਟੋਗੇ। ਤੁਸੀਂ ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਸਾਰੇ ਚਸ਼ਮੇ ਬੰਦ ਕਰ ਦਿਓਗੇ, ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਬਰਬਾਦ ਕਰ ਦਿਓਗੇ।”
20ਅਗਲੀ ਸਵੇਰ, ਬਲੀਦਾਨ ਚੜ੍ਹਾਉਣ ਦਾ ਸਮਾਂ ਸੀ, ਤਾਂ ਵੇਖੋ ਅਦੋਮ ਦੀ ਦਿਸ਼ਾ ਤੋਂ ਪਾਣੀ ਵਹਿ ਰਿਹਾ ਸੀ! ਅਤੇ ਜ਼ਮੀਨ ਪਾਣੀ ਨਾਲ ਭਰ ਗਈ।
21ਹੁਣ ਸਾਰੇ ਮੋਆਬੀਆਂ ਨੇ ਸੁਣਿਆ ਸੀ ਕਿ ਰਾਜੇ ਉਹਨਾਂ ਨਾਲ ਲੜਨ ਲਈ ਆਏ ਹਨ; ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਵੇ ਅਤੇ ਹੱਦ ਉੱਤੇ ਖੜ੍ਹੇ ਹੋ ਗਏ। 22ਜਦੋਂ ਉਹ ਸਵੇਰੇ ਉੱਠੇ ਤਾਂ ਸੂਰਜ ਪਾਣੀ ਤੇ ਚਮਕ ਰਿਹਾ ਸੀ। ਰਸਤੇ ਦੇ ਪਾਰ ਉਹ ਪਾਣੀ ਮੋਆਬੀਆਂ ਨੂੰ ਲਹੂ ਵਾਂਗ ਲਾਲ ਦਿਖਾਈ ਦਿੰਦਾ ਸੀ। 23ਉਹਨਾਂ ਨੇ ਕਿਹਾ, “ਇਹ ਲਹੂ ਹੈ! ਲੱਗਦਾ ਹੈ ਕਿ ਰਾਜੇ ਆਪਸ ਵਿੱਚ ਲੜੇ ਹਨ ਅਤੇ ਇੱਕ-ਦੂਜੇ ਨੂੰ ਮਾਰ ਦਿੱਤਾ, ਹੁਣ ਹੇ ਮੋਆਬ, ਲੁੱਟ ਲਈ ਤੁਰ ਪਓ!”
24ਪਰ ਜਦੋਂ ਮੋਆਬੀ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀ ਉੱਠੇ ਅਤੇ ਉਹਨਾਂ ਨਾਲ ਲੜਦੇ ਰਹੇ ਜਦ ਤੱਕ ਉਹ ਭੱਜ ਨਾ ਗਏ ਅਤੇ ਇਸਰਾਏਲੀਆਂ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਮੋਆਬੀਆਂ ਨੂੰ ਮਾਰ ਸੁੱਟਿਆ। 25ਉਹਨਾਂ ਨੇ ਕਸਬਿਆਂ ਨੂੰ ਤਬਾਹ ਕਰ ਦਿੱਤਾ, ਅਤੇ ਹਰੇਕ ਆਦਮੀ ਨੇ ਹਰ ਇੱਕ-ਇੱਕ ਪੱਥਰ ਚੰਗੇ ਖੇਤ ਉੱਤੇ ਸੁੱਟਿਆ ਜਦੋਂ ਤੱਕ ਉਹ ਭਰ ਨਾ ਗਿਆ। ਉਹਨਾਂ ਨੇ ਸਾਰੇ ਚਸ਼ਮੇ ਬੰਦ ਕਰ ਦਿੱਤੇ ਅਤੇ ਹਰ ਚੰਗੇ ਰੁੱਖ ਨੂੰ ਕੱਟ ਦਿੱਤਾ। ਕੀਰ ਹੇਰਾਸੇਥ ਦੀ ਧਰਤੀ ਉੱਤੇ ਹੁਣ ਸਿਰਫ ਪੱਥਰ ਹੀ ਦਿਖਾਈ ਦੇ ਰਹੇ ਸਨ, ਪਰ ਗੁਲੇਲਾਂ ਚਲਾਉਣ ਵਾਲਿਆ ਨੇ ਕੀਰ ਹੇਰਾਸੇਥ ਨੂੰ ਘੇਰ ਲਿਆ ਅਤੇ ਉਸ ਤੇ ਹਮਲਾ ਕੀਤਾ।
26ਜਦੋਂ ਮੋਆਬ ਦੇ ਰਾਜੇ ਨੇ ਵੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਹ ਅਦੋਮ ਦੇ ਰਾਜੇ ਹਮਲਾ ਕਰਨ ਲਈ ਆਪਣੇ ਨਾਲ ਸੱਤ ਸੌ ਤਲਵਾਰ ਚਲਾਉਣ ਵਾਲਿਆ ਨੂੰ ਲੈ ਗਿਆ, ਪਰ ਉਹ ਅਸਫ਼ਲ ਰਹੇ। 27ਤਦ ਮੋਆਬ ਦੇ ਰਾਜੇ ਨੇ ਆਪਣੇ ਜੇਠੇ ਪੁੱਤਰ ਨੂੰ, ਜੋ ਉਸ ਤੋਂ ਬਾਅਦ ਰਾਜਾ ਬਣਨ ਵਾਲਾ ਸੀ ਸ਼ਹਿਰ ਦੀ ਕੰਧ ਉੱਤੇ ਬਲੀਦਾਨ ਵਜੋਂ ਚੜ੍ਹਾਇਆ। ਇਸ ਕਾਰਨ ਉਹਨਾਂ ਵਿੱਚ ਇਸਰਾਏਲੀ ਫ਼ੌਜ ਦੇ ਖ਼ਿਲਾਫ਼ ਭਾਰੀ ਗੁੱਸਾ ਸੀ ਅਤੇ ਉਹ ਆਪਣੇ ਦੇਸ਼ ਪਰਤ ਗਏ।

Currently Selected:

2 ਰਾਜਿਆਂ 3: PCB

Highlight

Copy

Compare

Share

None

Want to have your highlights saved across all your devices? Sign up or sign in