Bible App logo
Search Icon

2 ਰਾਜਿਆਂ 2

2
ਏਲੀਯਾਹ ਦਾ ਸਵਰਗ ਤੱਕ ਜਾਣਾ
1ਜਦੋਂ ਯਾਹਵੇਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ। 2ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।”
ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਬੈਤਏਲ ਨੂੰ ਚਲੇ ਗਏ।
3ਬੈਤਏਲ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਆਇਆ ਅਤੇ ਪੁੱਛਿਆ, “ਕੀ ਤੈਨੂੰ ਪਤਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਵੇਗਾ?”
ਅਲੀਸ਼ਾ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”
4ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।”
ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।
5ਯਰੀਹੋ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਗਿਆ ਅਤੇ ਉਸਨੂੰ ਪੁੱਛਿਆ, “ਕੀ ਤੂੰ ਜਾਣਦਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਵੇਗਾ?”
ਉਸਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”
6ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।”
ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।
7ਨਬੀਆਂ ਦੇ ਸਮੂਹ ਵਿੱਚੋਂ ਪੰਜਾਹ ਆਦਮੀ ਆਏ ਅਤੇ ਉਹਨਾਂ ਦੇ ਸਾਮ੍ਹਣੇ ਦੂਰ ਜਾ ਖੜ੍ਹੇ ਹੋ ਗਏ ਜਿੱਥੇ ਏਲੀਯਾਹ ਅਤੇ ਅਲੀਸ਼ਾ ਯਰਦਨ ਨਦੀ ਦੇ ਕੰਢੇ ਉੱਤੇ ਖੜ੍ਹੇ ਸਨ। 8ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।
9ਜਦੋਂ ਉਹ ਪਾਰ ਹੋ ਗਏ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਮੈਨੂੰ ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਇਸ ਤੋਂ ਪਹਿਲਾਂ ਕਿ ਮੈਨੂੰ ਤੇਰੇ ਕੋਲੋਂ ਖੋਹ ਲਿਆ ਜਾਵੇ?”
ਅਲੀਸ਼ਾ ਨੇ ਜਵਾਬ ਦਿੱਤਾ, “ਮੈਨੂੰ ਤੁਹਾਡੀ ਆਤਮਾ ਦਾ ਦੋਹਰਾ ਹਿੱਸਾ ਪ੍ਰਾਪਤ ਹੋ ਜਾਵੇ।”
10ਏਲੀਯਾਹ ਨੇ ਕਿਹਾ, “ਤੂੰ ਇੱਕ ਔਖੀ ਚੀਜ਼ ਮੰਗੀ ਹੈ, ਫਿਰ ਵੀ ਜੇ ਤੂੰ ਮੈਨੂੰ ਜਾਂਦੇ ਹੋਏ ਵੇਖੇਂ ਜਦੋਂ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਨਾਲ ਉਵੇਂ ਹੀ ਹੋਵੇਗਾ, ਪਰ ਤੂੰ ਜੇ ਨਹੀਂ ਵੇਖਿਆ ਤਾਂ ਇਹ ਨਹੀਂ ਹੋਵੇਗਾ।”
11ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ, ਤਾਂ ਅਚਾਨਕ ਉੱਥੇ ਅਗਨ ਰੱਥ ਅਤੇ ਅਗਨ ਘੋੜੇ ਪ੍ਰਗਟ ਹੋਏ ਜਿੰਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਏਲੀਯਾਹ ਇੱਕ ਵਾਵਰੋਲੇ ਵਿੱਚ ਸਵਰਗ ਨੂੰ ਉਠਾਇਆ ਗਿਆ। 12ਅਲੀਸ਼ਾ ਨੇ ਇਹ ਵੇਖਿਆ ਅਤੇ ਚੀਕਿਆ, “ਹੇ ਮੇਰੇ ਪਿਤਾ! ਹੇ ਮੇਰੇ ਪਿਤਾ! ਮੈਂ ਇਸਰਾਏਲ ਦੇ ਰੱਥਾਂ ਅਤੇ ਘੋੜ-ਸਵਾਰਾਂ ਨੂੰ ਦੇਖਦਾ ਹਾਂ!” ਜਦ ਅਲੀਸ਼ਾ ਨੇ ਉਸਨੂੰ ਫਿਰ ਨਹੀਂ ਦੇਖਿਆ ਤਾਂ ਉਸ ਨੇ ਉਸ ਦਾ ਕੱਪੜਾ ਫੜ ਲਿਆ ਅਤੇ ਉਦਾਸ ਹੋ ਕੇ ਉਸ ਕੱਪੜੇ ਦੇ ਦੋ ਟੁਕੜੇ ਕਰ ਦਿੱਤੇ।
13ਤਦ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਜੋ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਤੇ ਵਾਪਸ ਜਾ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ। 14ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।
15ਯਰੀਹੋ ਦੇ ਨਬੀਆਂ ਦੀ ਟੋਲੀ ਜੋ ਉਸਦੇ ਸਾਮ੍ਹਣੇ ਦੇਖ ਰਹੇ ਸਨ, ਉਹਨਾਂ ਕਿਹਾ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਅਤੇ ਉਹ ਉਸ ਨੂੰ ਮਿਲਣ ਲਈ ਗਏ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਿਆ। 16ਉਹਨਾਂ ਨੇ ਕਿਹਾ, “ਵੇਖ, ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਹਨਾਂ ਨੂੰ ਜਾਣ ਦਿਓ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਸ਼ਾਇਦ ਯਾਹਵੇਹ ਦੇ ਆਤਮਾ ਨੇ ਉਸਨੂੰ ਉਠਾ ਕੇ ਕਿਸੇ ਪਹਾੜ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ।”
ਅਲੀਸ਼ਾ ਨੇ ਜਵਾਬ ਦਿੱਤਾ, “ਨਹੀਂ ਉਹਨਾਂ ਨੂੰ ਨਾ ਭੇਜੋ।”
17ਪਰ ਜਦ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ। ਇਸ ਲਈ ਉਸਨੇ ਕਿਹਾ, “ਉਹਨਾਂ ਨੂੰ ਭੇਜੋ।” ਅਤੇ ਉਹਨਾਂ ਨੇ ਪੰਜਾਹ ਮਨੁੱਖ ਭੇਜੇ ਜਿਨ੍ਹਾਂ ਨੇ ਤਿੰਨ ਦਿਨ ਤੱਕ ਖੋਜ ਕੀਤੀ ਪਰ ਉਹਨਾਂ ਨੂੰ ਨਾ ਲੱਭਿਆ। 18ਜਦੋਂ ਉਹ ਅਲੀਸ਼ਾ ਕੋਲ ਜੋ ਯਰੀਹੋ ਵਿੱਚ ਠਹਿਰਿਆ ਹੋਇਆ ਸੀ ਮੁੜ ਕੇ ਆਏ ਅਤੇ ਉਸ ਨੇ ਉਹਨਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਹੀਂ ਆਖਿਆ ਸੀ, ਜੋ ਨਾ ਜਾਵੋ?”
ਪਾਣੀ ਨੂੰ ਸ਼ੁੱਧ ਕਰਨਾ
19ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਦੇਖੋ, ਸਾਡੇ ਸੁਆਮੀ, ਇਹ ਸ਼ਹਿਰ ਬਹੁਤ ਵਧੀਆ ਥਾਂ ਤੇ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਰ ਪਾਣੀ ਖਰਾਬ ਅਤੇ ਧਰਤੀ ਬੰਜਰ ਜਿਹੀ ਹੈ।”
20ਉਸਨੇ ਕਿਹਾ, “ਮੇਰੇ ਲਈ ਇੱਕ ਨਵਾਂ ਕਟੋਰਾ ਲਿਆਓ ਅਤੇ ਉਸ ਵਿੱਚ ਨਮਕ ਪਾ ਦਿਓ।” ਤਦ ਉਹ ਉਸਦੇ ਕੋਲ ਲੈ ਆਏ।
21ਤਦ ਉਹ ਪਾਣੀ ਦੇ ਚਸ਼ਮੇ ਕੋਲ ਗਿਆ ਅਤੇ ਉਸ ਵਿੱਚ ਲੂਣ ਸੁੱਟਿਆ ਅਤੇ ਕਿਹਾ, “ਯਾਹਵੇਹ ਇਸ ਤਰ੍ਹਾਂ ਆਖਦਾ ਹੈ, ‘ਮੈਂ ਇਸ ਪਾਣੀ ਨੂੰ ਚੰਗਾ ਕੀਤਾ ਹੈ।’ ਇਹ ਫਿਰ ਕਦੇ ਵੀ ਮੌਤ ਦਾ ਕਾਰਨ ਨਹੀਂ ਬਣੇਗਾ ਜਾਂ ਬੰਜਰਪਣ ਨਹੀਂ ਆਵੇਂਗਾ।” 22ਅਤੇ ਅਲੀਸ਼ਾ ਦੇ ਬਚਨ ਦੇ ਅਨੁਸਾਰ ਅੱਜ ਤੱਕ ਪਾਣੀ ਸ਼ੁੱਧ ਰਿਹਾ ਹੈ।
ਅਲੀਸ਼ਾ ਦਾ ਮਖੌਲ
23ਉੱਥੋਂ ਅਲੀਸ਼ਾ ਬੈਤਏਲ ਨੂੰ ਚਲਾ ਗਿਆ। ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖੌਲ ਕਰਕੇ ਉਸਨੂੰ ਕਹਿਣ ਲੱਗੇ, “ਓ ਗੰਜੇ, ਇੱਥੋਂ ਨਿਕਲ ਜਾ, ਨਿਕਲ ਜਾ ਗੰਜੇ!” 24ਜਦੋਂ ਉਸਨੇ ਪਿੱਛੇ ਮੁੜ ਕੇ ਉਹਨਾਂ ਵੱਲ ਵੇਖਿਆ ਅਤੇ ਯਾਹਵੇਹ ਦੇ ਨਾਮ ਵਿੱਚ ਉਹਨਾਂ ਉੱਤੇ ਸਰਾਪ ਦਿੱਤਾ। ਫਿਰ ਜੰਗਲ ਵਿੱਚੋਂ ਦੋ ਰਿੱਛ ਨਿਕਲੇ ਅਤੇ ਉਹਨਾਂ ਨੇ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ। 25ਉੱਥੋਂ ਉਹ ਕਰਮਲ ਪਹਾੜ ਉੱਤੇ ਗਿਆ ਅਤੇ ਉੱਥੋਂ ਉਹ ਵਾਪਸ ਸਾਮਰਿਯਾ ਨੂੰ ਮੁੜ ਆਇਆ।

Currently Selected:

2 ਰਾਜਿਆਂ 2: PCB

Highlight

Copy

Compare

Share

None

Want to have your highlights saved across all your devices? Sign up or sign in