Bible App logo
Search Icon

2 ਰਾਜਿਆਂ 1

1
ਅਹਜ਼ਯਾਹ ਉੱਤੇ ਯਾਹਵੇਹ ਦਾ ਨਿਆਂ
1ਅਹਾਬ ਦੀ ਮੌਤ ਤੋਂ ਬਾਅਦ, ਮੋਆਬ ਨੇ ਇਸਰਾਏਲ ਦੇ ਵਿਰੁੱਧ ਬਗਾਵਤ ਕੀਤੀ। 2ਹੁਣ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਚੁਬਾਰੇ ਦੀ ਜਾਲੀ ਵਿੱਚੋਂ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਇਸ ਲਈ ਉਸ ਨੇ ਸੰਦੇਸ਼ਵਾਹਕਾਂ ਨੂੰ ਇਹ ਕਹਿ ਕੇ ਭੇਜਿਆ, “ਜਾਓ ਅਤੇ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਨਾਲ ਸਲਾਹ ਕਰੋ ਕਿ ਮੈਂ ਇਸ ਸੱਟ ਤੋਂ ਠੀਕ ਹੋਵਾਂਗਾ ਜਾਂ ਨਹੀਂ।”
3ਪਰ ਯਾਹਵੇਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਕਿਹਾ, “ਉੱਠ ਅਤੇ ਸਾਮਰਿਯਾ ਦੇ ਰਾਜੇ ਦੇ ਸੰਦੇਸ਼ਵਾਹਕਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ, ‘ਕੀ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੁਸੀਂ ਸਲਾਹ ਕਰਨ ਲਈ ਬਾਲ-ਜ਼ਬੂਬ, ਏਕਰੋਨ ਦੇ ਦੇਵਤੇ ਕੋਲ ਜਾ ਰਹੇ ਹੋ?’ 4ਇਸ ਲਈ ਯਾਹਵੇਹ ਆਖਦਾ ਹੈ: ‘ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਉੱਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਂਗਾ!’ ” ਤਾਂ ਏਲੀਯਾਹ ਚਲਾ ਗਿਆ।
5ਜਦੋਂ ਸੰਦੇਸ਼ਵਾਹਕ ਰਾਜੇ ਕੋਲ ਵਾਪਸ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਵਾਪਸ ਕਿਉਂ ਆਏ ਹੋ?”
6ਉਹਨਾਂ ਨੇ ਜਵਾਬ ਦਿੱਤਾ, “ਇੱਕ ਆਦਮੀ ਸਾਨੂੰ ਮਿਲਣ ਆਇਆ ਅਤੇ ਉਸਨੇ ਸਾਨੂੰ ਕਿਹਾ, ‘ਉਸ ਰਾਜੇ ਕੋਲ ਵਾਪਸ ਜਾਓ ਜਿਸਨੇ ਤੁਹਾਨੂੰ ਭੇਜਿਆ ਸੀ ਅਤੇ ਉਸਨੂੰ ਆਖੋ, “ਯਾਹਵੇਹ ਇਹ ਆਖਦਾ ਹੈ: ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜੋ ਤੂੰ ਬਾਲ-ਜ਼ਬੂਬ ਏਕਰੋਨ ਦੇ ਦੇਵਤੇ ਨਾਲ ਸਲਾਹ ਕਰਨ ਲਈ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ? ਇਸ ਲਈ ਤੂੰ ਉਸ ਬਿਸਤਰੇ ਤੋਂ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ ਹੈ। ਸਗੋਂ ਤੂੰ ਜ਼ਰੂਰ ਮਰ ਜਾਵੇਗਾ!” ’ ”
7ਰਾਜੇ ਨੇ ਉਹਨਾਂ ਨੂੰ ਪੁੱਛਿਆ, “ਇਹ ਕਿਹੋ ਜਿਹਾ ਆਦਮੀ ਸੀ ਜੋ ਤੁਹਾਨੂੰ ਮਿਲਣ ਆਇਆ ਅਤੇ ਤੁਹਾਨੂੰ ਇਹ ਗੱਲਾਂ ਆਖੀਆਂ?”
8ਉਹਨਾਂ ਨੇ ਜਵਾਬ ਦਿੱਤਾ, “ਉਸ ਦੇ ਕੱਪੜੇ ਵਾਲਾਂ ਦੇ ਬਣੇ ਹੋਏ ਸਨ ਅਤੇ ਉਸਦੀ ਕਮਰ ਦੁਆਲੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ।”
ਰਾਜੇ ਨੇ ਆਖਿਆ, “ਇਹ ਤਿਸ਼ਬੀ ਏਲੀਯਾਹ ਸੀ।”
9ਫਿਰ ਉਸਨੇ ਏਲੀਯਾਹ ਕੋਲ ਇੱਕ ਪੰਜਾਹ ਸਿਪਾਹੀਆਂ ਦੇ ਸਰਦਾਰ ਨੂੰ ਭੇਜਿਆ। ਸਰਦਾਰ ਏਲੀਯਾਹ ਕੋਲ ਗਿਆ, ਉਹ ਇੱਕ ਪਹਾੜੀ ਦੀ ਚੋਟੀ ਉੱਤੇ ਬੈਠਾ ਸੀ ਅਤੇ ਉਸ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਆਖਦਾ ਹੈ, ‘ਤੂੰ ਹੇਠਾਂ ਆ ਜਾ!’ ”
10ਏਲੀਯਾਹ ਨੇ ਸਰਦਾਰ ਨੂੰ ਉੱਤਰ ਦਿੱਤਾ, “ਜੇਕਰ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ ਤੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ।” ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
11ਇਸੇ ਤਰ੍ਹਾਂ ਰਾਜੇ ਨੇ ਏਲੀਯਾਹ ਕੋਲ ਇੱਕ ਹੋਰ ਪੰਜਾਹ ਸਿਪਾਹੀਆਂ ਦੇ ਦੂਸਰੇ ਸਰਦਾਰ ਨੂੰ ਉਸਦੇ ਕੋਲ ਭੇਜਿਆ। ਸਰਦਾਰ ਨੇ ਉਸਨੂੰ ਕਿਹਾ, “ਹੇ ਪਰਮੇਸ਼ਵਰ ਦੇ ਬੰਦੇ, ਰਾਜਾ ਇਹ ਆਖਦਾ ਹੈ, ‘ਛੇਤੀ ਹੇਠਾਂ ਆ ਜਾ!’ ”
12ਏਲੀਯਾਹ ਨੇ ਜਵਾਬ ਦਿੱਤਾ, “ਜੇ ਮੈਂ ਪਰਮੇਸ਼ਵਰ ਦਾ ਬੰਦਾ ਹਾਂ, ਤਾਂ ਅਕਾਸ਼ੋਂ ਅੱਗ ਉਤਰੇ ਤੈਨੂੰ ਅਤੇ ਤੇਰੇ ਪੰਜਾਹਾਂ ਨੂੰ ਭਸਮ ਕਰ ਦੇਵੇ!” ਤਦ ਪਰਮੇਸ਼ਵਰ ਦੀ ਅੱਗ ਸਵਰਗ ਤੋਂ ਉਤਰੀ ਅਤੇ ਉਸਨੇ ਉਸਨੂੰ ਅਤੇ ਉਸਦੇ ਪੰਜਾਹਾਂ ਨੂੰ ਭਸਮ ਕਰ ਦਿੱਤਾ।
13ਇਸ ਲਈ ਰਾਜੇ ਨੇ ਤੀਸਰੀ ਵਾਰ ਉਸਦੇ ਪੰਜਾਹਾਂ ਸਿਪਾਹੀਆਂ ਅਤੇ ਸਰਦਾਰ ਨੂੰ ਭੇਜਿਆ। ਇਹ ਤੀਸਰਾ ਸਰਦਾਰ ਉੱਪਰ ਚੜ੍ਹ ਗਿਆ ਅਤੇ ਏਲੀਯਾਹ ਦੇ ਅੱਗੇ ਗੋਡਿਆਂ ਭਾਰ ਡਿੱਗ ਪਿਆ। ਉਸਨੇ ਬੇਨਤੀ ਕੀਤੀ, “ਹੇ ਪਰਮੇਸ਼ਵਰ ਦੇ ਬੰਦੇ, ਕਿਰਪਾ ਕਰਕੇ ਮੇਰੀ ਜ਼ਿੰਦਗੀ ਅਤੇ ਇਨ੍ਹਾਂ ਪੰਜਾਹਾਂ ਸੇਵਕਾਂ ਦੀ ਜ਼ਿੰਦਗੀ ਤੁਹਾਡੀ ਨਿਗਾਹਾਂ ਵਿੱਚ ਬਹੁਮੁੱਲੀਆਂ ਹੋਣ! 14ਵੇਖੋ, ਅੱਗ ਸਵਰਗ ਤੋਂ ਉਤਰੀ ਅਤੇ ਪਹਿਲੇ ਦੋ ਸਰਦਾਰਾਂ ਅਤੇ ਉਹਨਾਂ ਦੇ ਪੰਜਾਹਾਂ ਨੂੰ ਭਸਮ ਕਰ ਗਈ। ਪਰ ਹੁਣ ਮੇਰੀ ਜ਼ਿੰਦਗੀ ਤੁਹਾਡੀ ਨਿਗਾਹ ਵਿੱਚ ਬਹੁਮੁੱਲੀ ਹੋਵੇ!”
15ਯਾਹਵੇਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, “ਉਸ ਦੇ ਨਾਲ ਹੇਠਾਂ ਜਾ। ਉਸ ਤੋਂ ਨਾ ਡਰ।” ਇਸ ਲਈ ਏਲੀਯਾਹ ਉੱਠਿਆ ਅਤੇ ਉਸਦੇ ਨਾਲ ਰਾਜੇ ਕੋਲ ਗਿਆ।
16ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ ਕਿ ਤੂੰ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਹਨ, ਇਸ ਲਈ ਕਿ ਤੇਰੇ ਲਈ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜਿਸ ਕੋਲੋ ਤੂੰ ਗੱਲ ਪੁੱਛ ਸਕੇ? ਕਿਉਂਕਿ ਤੂੰ ਇਹ ਕੀਤਾ ਹੈ, ਇਸ ਲਈ ਤੂੰ ਇਸ ਬਿਸਤਰੇ ਤੋਂ ਕਦੇ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ ਹੈ। ਪਰ ਜ਼ਰੂਰ ਮਰ ਜਾਵੇਗਾ!” 17ਇਸ ਲਈ ਅਹਜ਼ਯਾਹ ਯਾਹਵੇਹ ਦੇ ਬਚਨ ਦੇ ਅਨੁਸਾਰ ਮਰ ਗਿਆ ਜੋ ਏਲੀਯਾਹ ਨੇ ਬੋਲਿਆ ਸੀ।
ਕਿਉਂਕਿ ਅਹਜ਼ਯਾਹ ਦਾ ਕੋਈ ਪੁੱਤਰ ਨਹੀਂ ਸੀ, ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਦੂਜੇ ਸਾਲ ਯਹੋਰਾਮ ਉਸ ਤੋਂ ਬਾਅਦ ਰਾਜਾ ਬਣਿਆ। 18ਅਹਜ਼ਯਾਹ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।

Currently Selected:

2 ਰਾਜਿਆਂ 1: PCB

Highlight

Copy

Compare

Share

None

Want to have your highlights saved across all your devices? Sign up or sign in