1 ਸ਼ਮੂਏਲ 4
4
1ਸ਼ਮੂਏਲ ਦਾ ਬਚਨ ਸਾਰੇ ਇਸਰਾਏਲ ਵਿੱਚ ਫੈਲ ਗਿਆ।
ਫ਼ਲਿਸਤੀਆਂ ਨੇ ਸੰਦੂਕ ਉੱਤੇ ਕਬਜ਼ਾ ਕਰ ਲਿਆ
ਹੁਣ ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਲਈ ਨਿਕਲੇ। ਇਸਰਾਏਲੀਆਂ ਨੇ ਅਬੇਨੇਜ਼ਰ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ। 2ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੀਆਂ ਫ਼ੌਜਾਂ ਤਾਇਨਾਤ ਕੀਤੀਆਂ ਅਤੇ ਜਿਵੇਂ ਹੀ ਲੜਾਈ ਵੱਧ ਗਈ ਤਾਂ ਇਸਰਾਏਲ ਫ਼ਲਿਸਤੀਆਂ ਦੇ ਹੱਥੋਂ ਹਾਰ ਗਿਆ ਅਤੇ ਉਹਨਾਂ ਵਿੱਚੋਂ ਲਗਭਗ ਚਾਰ ਹਜ਼ਾਰ ਨੂੰ ਯੁੱਧ ਦੇ ਮੈਦਾਨ ਵਿੱਚ ਮਾਰ ਦਿੱਤਾ। 3ਜਦੋਂ ਸਿਪਾਹੀ ਡੇਰੇ ਵਿੱਚ ਮੁੜੇ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਯਾਹਵੇਹ ਨੇ ਅੱਜ ਫ਼ਲਿਸਤੀਆਂ ਦੇ ਅੱਗੇ ਸਾਨੂੰ ਹਾਰ ਕਿਉਂ ਦਿੱਤੀ? ਆਓ ਅਸੀਂ ਸ਼ੀਲੋਹ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਲੈ ਆਈਏ, ਤਾਂ ਜੋ ਉਹ ਸਾਡੇ ਵਿਚਕਾਰ ਹੋ ਕੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।”
4ਇਸ ਲਈ ਲੋਕਾਂ ਨੇ ਸ਼ੀਲੋਹ ਵਿੱਚ ਆਦਮੀ ਭੇਜੇ ਅਤੇ ਉਹ ਸਰਬਸ਼ਕਤੀਮਾਨ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਵਾਪਸ ਲੈ ਆਏ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਨਾਲ ਉੱਥੇ ਸਨ।
5ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆਇਆ, ਤਾਂ ਸਾਰੇ ਇਸਰਾਏਲ ਨੇ ਅਜਿਹਾ ਵੱਡਾ ਜੈਕਾਰਾ ਬੁਲਾਇਆ ਕਿ ਜ਼ਮੀਨ ਹਿੱਲ ਗਈ। 6ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਆਵਾਜ਼ ਸੁਣੀ ਤਾਂ ਬੋਲੇ, “ਇਨ੍ਹਾਂ ਇਬਰਾਨੀਆਂ ਦੇ ਡੇਰੇ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਆਵਾਜ਼ ਹੈ?”
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਯਾਹਵੇਹ ਦਾ ਸੰਦੂਕ ਡੇਰੇ ਵਿੱਚ ਆ ਗਿਆ ਹੈ। 7ਤਦ ਫ਼ਲਿਸਤੀ ਡਰ ਕੇ ਕਹਿਣ ਲੱਗੇ, “ਪਰਮੇਸ਼ਵਰ ਡੇਰੇ ਵਿੱਚ ਆਇਆ ਹੈ ਅਤੇ ਬੋਲੇ, ਸਾਡੇ ਉੱਤੇ ਹਾਏ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੇ ਨਹੀਂ ਹੋਈ। 8ਹਾਏ, ਅਜਿਹੇ ਬਲਵੰਤ ਪਰਮੇਸ਼ਵਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ। 9ਹੇ ਫ਼ਲਿਸਤੀਓ, ਤਕੜੇ ਹੋਵੋ! ਮਰਦ ਬਣੋ, ਤਾਂ ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ, ਜਿਵੇਂ ਉਹ ਤੁਹਾਡੇ ਗੁਲਾਮ ਬਣੇ ਸਨ ਸਗੋਂ ਮਰਦ ਬਣੋ ਅਤੇ ਲੜੋ!”
10ਸੋ ਫ਼ਲਿਸਤੀ ਲੜੇ ਅਤੇ ਇਸਰਾਏਲੀ ਹਾਰ ਗਏ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। ਉੱਥੇ ਬਹੁਤ ਲੜਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ। 11ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਮਾਰੇ ਗਏ।
ਏਲੀ ਦੀ ਮੌਤ
12ਉਸੇ ਦਿਨ ਇੱਕ ਬਿਨਯਾਮੀਨੀ ਮਨੁੱਖ ਜੰਗ ਦੇ ਮੈਦਾਨ ਵਿੱਚੋਂ ਭੱਜਾ ਅਤੇ ਆਪਣੇ ਕੱਪੜੇ ਪਾੜੇ ਅਤੇ ਸਿਰ ਉੱਤੇ ਮਿੱਟੀ ਪਾਈ ਹੋਈ ਸ਼ੀਲੋਹ ਵਿੱਚ ਆਇਆ। 13ਜਦੋਂ ਉਹ ਪਹੁੰਚਿਆ ਤਾਂ ਏਲੀ ਸੜਕ ਦੇ ਇੱਕ ਪਾਸੇ ਆਪਣੀ ਕੁਰਸੀ ਉੱਤੇ ਬੈਠ ਕੇ ਰਾਹ ਵੇਖ ਰਿਹਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ਵਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ। ਜਦੋਂ ਉਹ ਆਦਮੀ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਜੋ ਕੁਝ ਹੋਇਆ ਉਸਨੇ ਸਭ ਦੱਸਿਆ, ਤਾਂ ਸਾਰਾ ਸ਼ਹਿਰ ਰੋਣ-ਪਿੱਟਣ ਲੱਗਾ।
14ਜਦੋਂ ਏਲੀ ਨੇ ਵਿਰਲਾਪ ਦੀ ਆਵਾਜ਼ ਸੁਣੀ ਤਾਂ ਉਸ ਨੇ ਆਖਿਆ, “ਇਹ ਕਿਹੋ ਜਿਹਾ ਰੌਲਾ ਪੈ ਰਿਹਾ ਹੈ?”
ਅਤੇ ਉਸ ਮਨੁੱਖ ਨੇ ਛੇਤੀ ਨਾਲ ਆ ਕੇ ਏਲੀ ਨੂੰ ਖ਼ਬਰ ਦਿੱਤੀ, 15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਸ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਦਿੰਦਾ ਸੀ। 16ਉਸ ਮਨੁੱਖ ਨੇ ਏਲੀ ਨੂੰ ਕਿਹਾ, “ਮੈਂ ਲੜਾਈ ਵਿੱਚੋਂ ਆਇਆ ਹਾਂ ਅਤੇ ਮੈਂ ਅੱਜ ਭੱਜ ਕੇ ਆਇਆ ਹਾਂ।”
ਏਲੀ ਨੇ ਪੁੱਛਿਆ, “ਹੇ ਮੇਰੇ ਪੁੱਤਰ, ਕੀ ਖ਼ਬਰ ਹੈ?”
17ਖ਼ਬਰ ਦੇਣ ਵਾਲੇ ਨੇ ਉੱਤਰ ਦਿੱਤਾ, “ਇਸਰਾਏਲ ਫ਼ਲਿਸਤੀਆਂ ਦੇ ਅੱਗੋਂ ਹਾਰ ਗਿਆ ਹੈ ਅਤੇ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਹੈ। ਤੁਹਾਡੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਵੀ ਮਾਰੇ ਗਏ ਹਨ ਅਤੇ ਪਰਮੇਸ਼ਵਰ ਦਾ ਸੰਦੂਕ ਫੜ ਲਿਆ ਗਿਆ ਹੈ।”
18ਜਦੋਂ ਉਸ ਨੇ ਪਰਮੇਸ਼ਵਰ ਦੇ ਸੰਦੂਕ ਦਾ ਜ਼ਿਕਰ ਕੀਤਾ ਤਾਂ ਉਹ ਚੌਕੀ ਉੱਤੇ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂਕਿ ਉਹ ਵੱਡੀ ਉਮਰ ਦਾ ਅਤੇ ਉਹ ਭਾਰਾ ਸੀ। ਉਸਨੇ ਚਾਲੀ ਸਾਲਾਂ ਤੱਕ ਇਸਰਾਏਲ ਦੀ ਅਗਵਾਈ ਕੀਤੀ ਸੀ।
19ਉਸ ਦੀ ਨੂੰਹ ਅਰਥਾਤ ਫੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਜਣੇਪੇ ਦਾ ਸਮਾਂ ਨੇੜੇ ਸੀ। ਜਦੋਂ ਉਸਨੇ ਇਹ ਖ਼ਬਰ ਸੁਣੀ ਕਿ ਪਰਮੇਸ਼ਵਰ ਦਾ ਸੰਦੂਕ ਹੱਥੋਂ ਨਿਕਲ ਗਿਆ ਹੈ ਅਤੇ ਉਸਦਾ ਸਹੁਰਾ ਅਤੇ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੂੰ ਜਣਨ ਦੀਆਂ ਪੀੜਾ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ। 20ਜਦੋਂ ਉਹ ਮੌਤ ਦੇ ਕਰੀਬ ਸੀ ਤਾਂ ਉਸ ਦੇ ਕੋਲ ਆਈਆਂ ਔਰਤਾਂ ਨੇ ਆਖਿਆ, “ਨਿਰਾਸ਼ ਨਾ ਹੋ ਕਿਉਂ ਜੋ ਤੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕੋਈ ਧਿਆਨ ਦਿੱਤਾ।
21ਪਰਮੇਸ਼ਵਰ ਦੇ ਸੰਦੂਕ ਦੇ ਫੜੇ ਜਾਣ ਅਤੇ ਉਸਦੇ ਸਹੁਰੇ ਅਤੇ ਉਸਦੇ ਪਤੀ ਦੀ ਮੌਤ ਦੇ ਕਾਰਨ ਉਸਨੇ ਲੜਕੇ ਦਾ ਨਾਮ ਈਕਾਬੋਦ#4:21 ਈਕਾਬੋਦ ਅਰਥਾਤ: ਮਹਿਮਾਂ ਤੋਂ ਬਿਨ੍ਹਾਂ ਰੱਖਿਆ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ।” 22ਉਸ ਨੇ ਕਿਹਾ, “ਇਸਰਾਏਲ ਤੋਂ ਮਹਿਮਾ ਚਲੀ ਗਈ ਹੈ ਕਿਉਂ ਜੋ ਪਰਮੇਸ਼ਵਰ ਦਾ ਸੰਦੂਕ ਖੋਹ ਲਿਆ ਗਿਆ ਹੈ।”
Currently Selected:
1 ਸ਼ਮੂਏਲ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.