1 ਸ਼ਮੂਏਲ 5
5
ਅਸ਼ਦੋਦ ਅਤੇ ਏਕਰੋਨ ਵਿੱਚ ਸੰਦੂਕ
1ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਉਹਨਾਂ ਨੇ ਇਸਨੂੰ ਅਬੇਨੇਜ਼ਰ ਤੋਂ ਅਸ਼ਦੋਦ ਵਿੱਚ ਪਹੁੰਚਾ ਦਿੱਤਾ। 2ਜਦ ਫ਼ਲਿਸਤੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸਨੂੰ ਦਾਗੋਨ ਦੇਵਤੇ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਦੀ ਮੂਰਤੀ ਕੋਲ ਰੱਖਿਆ। 3ਜਦੋਂ ਅਸ਼ਦੋਦ ਦੇ ਲੋਕ ਅਗਲੇ ਦਿਨ ਤੜਕੇ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਸਾਮ੍ਹਣੇ ਜ਼ਮੀਨ ਉੱਤੇ ਮੂੰਹ ਦੇ ਭਾਰ ਪਿਆ ਹੋਇਆ ਸੀ! ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਸਦੀ ਥਾਂ ਉੱਤੇ ਰੱਖ ਦਿੱਤਾ। 4ਪਰ ਅਗਲੀ ਸਵੇਰ ਜਦੋਂ ਉਹ ਉੱਠੇ ਤਾਂ ਦਾਗੋਨ ਯਾਹਵੇਹ ਦੇ ਸੰਦੂਕ ਦੇ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ! ਉਸ ਦਾ ਸਿਰ ਅਤੇ ਹੱਥ ਟੁੱਟ ਚੁੱਕੇ ਸਨ ਅਤੇ ਡਿਉੜੀ ਉੱਤੇ ਪਏ ਸਨ; ਸਿਰਫ ਉਸਦਾ ਸਰੀਰ ਹੀ ਬਚਿਆ ਸੀ। 5ਇਸ ਲਈ ਅੱਜ ਤੱਕ ਨਾ ਤਾਂ ਦਾਗੋਨ ਦੇ ਪੁਜਾਰੀ ਅਤੇ ਨਾ ਹੀ ਕੋਈ ਹੋਰ ਜਿਹੜੇ ਅਸ਼ਦੋਦ ਵਿੱਚ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੱਕ ਬੂਹੇ ਦੇ ਸਾਮ੍ਹਣੇ ਪੈਰ ਨਹੀਂ ਧਰਦੇ।
6ਯਾਹਵੇਹ ਦਾ ਹੱਥ ਅਸ਼ਦੋਦ ਅਤੇ ਉਸ ਦੇ ਆਸ-ਪਾਸ ਦੇ ਲੋਕਾਂ ਉੱਤੇ ਭਾਰੀ ਸੀ। ਉਸਨੇ ਉਹਨਾਂ ਉੱਤੇ ਤਬਾਹੀ ਲਿਆਂਦੀ ਅਤੇ ਉਹਨਾਂ ਨੂੰ ਰਸੋਲੀਆਂ ਦੀ ਬਿਮਾਰੀ ਨਾਲ ਮਾਰਿਆ। 7ਜਦੋਂ ਅਸ਼ਦੋਦ ਦੇ ਲੋਕਾਂ ਨੇ ਇਹ ਸਭ ਕੁਝ ਵੇਖਿਆ ਤਾਂ ਉਹਨਾਂ ਨੇ ਆਖਿਆ, “ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਇੱਥੇ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਹੈ।” 8ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਪੁੱਛਿਆ, “ਅਸੀਂ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਦਾ ਕੀ ਕਰੀਏ?”
ਉਹਨਾਂ ਨੇ ਉੱਤਰ ਦਿੱਤਾ, “ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਗਾਥ ਵਿੱਚ ਲਿਜਾਇਆ ਜਾਵੇ।” ਇਸ ਲਈ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਸੰਦੂਕ ਨੂੰ ਉੱਥੇ ਲਿਆਂਦਾ।
9ਜਦ ਉਹ ਉਸਨੂੰ ਉੱਥੇ ਲੈ ਗਏ, ਤਾਂ ਯਾਹਵੇਹ ਦਾ ਹੱਥ ਉਸ ਸ਼ਹਿਰ ਦੇ ਵਿਰੁੱਧ ਸੀ, ਅਤੇ ਉਸ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਹਨਾਂ ਦੇ ਸਰੀਰਾਂ ਵਿੱਚੋਂ ਰਸੋਲੀਆਂ ਨਿੱਕਲੀਆਂ। 10ਸੋ ਉਹਨਾਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਏਕਰੋਨ ਵਿੱਚ ਭੇਜਿਆ।
ਜਦੋਂ ਪਰਮੇਸ਼ਵਰ ਦਾ ਸੰਦੂਕ ਅਕਰੋਨ ਵਿੱਚ ਦਾਖਲ ਹੋ ਰਿਹਾ ਸੀ, ਤਾਂ ਅਕਰੋਨ ਦੇ ਲੋਕਾਂ ਨੇ ਉੱਚੀ-ਉੱਚੀ ਕਿਹਾ, “ਉਹ ਇਸਰਾਏਲ ਦੇ ਪਰਮੇਸ਼ਵਰ ਦਾ ਸੰਦੂਕ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰਨ ਲਈ ਸਾਡੇ ਕੋਲ ਲਿਆਏ ਹਨ।” 11ਤਾਂ ਉਹਨਾਂ ਨੇ ਫ਼ਲਿਸਤੀਆਂ ਦੇ ਸਾਰੇ ਹਾਕਮਾਂ ਨੂੰ ਇਕੱਠਿਆਂ ਕੀਤਾ ਅਤੇ ਆਖਿਆ, “ਇਸਰਾਏਲ ਦੇ ਦੇਵਤੇ ਦੇ ਸੰਦੂਕ ਨੂੰ ਭੇਜ ਦਿਓ। ਇਸਨੂੰ ਆਪਣੀ ਥਾਂ ਤੇ ਵਾਪਸ ਜਾਣ ਦਿਓ, ਨਹੀਂ ਤਾਂ ਉਹ ਸਾਨੂੰ ਅਤੇ ਸਾਡੇ ਲੋਕਾਂ ਨੂੰ ਮਾਰ ਦੇਵੇਗਾ।” ਕਿਉਂਕਿ ਮੌਤ ਨੇ ਸ਼ਹਿਰ ਨੂੰ ਦਹਿਸ਼ਤ ਨਾਲ ਭਰ ਦਿੱਤਾ ਸੀ ਅਤੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਬਹੁਤ ਭਾਰਾ ਸੀ। 12ਜਿਹੜੇ ਲੋਕ ਨਾ ਮਰੇ ਸਨ, ਉਹ ਰਸੋਲੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ।
Currently Selected:
1 ਸ਼ਮੂਏਲ 5: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.