1 ਸ਼ਮੂਏਲ 17
17
ਦਾਵੀਦ ਅਤੇ ਗੋਲਿਅਥ
1ਫ਼ਲਿਸਤੀਆਂ ਨੇ ਯੁੱਧ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹੂਦਾਹ ਦੇ ਸੋਕੋ ਵਿੱਚ ਇਕੱਠੇ ਹੋਏ। ਉਹਨਾਂ ਨੇ ਸੋਕੋ ਅਤੇ ਅਜ਼ੇਕਾਹ ਦੇ ਵਿਚਕਾਰ, ਅਫ਼ਸ-ਦਮੀਮ ਵਿੱਚ ਡੇਰਾ ਲਾਇਆ। 2ਸ਼ਾਊਲ ਅਤੇ ਇਸਰਾਏਲੀਆਂ ਨੇ ਇਕੱਠੇ ਹੋ ਕੇ ਏਲਾਹ ਦੀ ਵਾਦੀ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਲੜਾਈ ਲਈ ਕਤਾਰਾਂ ਬੰਨ੍ਹੀਆਂ। 3ਇੱਕ ਪਰਬਤ ਉੱਤੇ ਫ਼ਲਿਸਤੀ ਖੜ੍ਹੇ ਸਨ, ਇੱਕ ਪਰਬਤ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਦੋਨਾਂ ਵਿਚਕਾਰ ਇੱਕ ਘਾਟੀ ਸੀ।
4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗੋਲਿਅਥ ਨਾਂ ਦਾ ਇੱਕ ਸੂਰਮਾ ਨਿੱਕਲਿਆ, ਜੋ ਗਾਥ ਦਾ ਰਹਿੰਣ ਵਾਲਾ ਸੀ। ਉਸ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ#17:4 ਲਗਭਗ 9 ਫੁੱਟ ਅਤੇ 9 ਇੰਚ ਸੀ। 5ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਸੀ ਅਤੇ ਉਸ ਨੇ ਅਤੇ ਡੇਢ ਮਣ#17:5 ਲਗਭਗ 58 ਕਿਲੋਗ੍ਰਾਮ ਦੀ ਸੰਜੋ ਪਹਿਨਿਆ ਹੋਇਆ ਸੀ; 6ਉਸ ਨੇ ਲੱਤਾਂ ਉੱਤੇ ਪਿੱਤਲ ਦੇ ਕਵਚ ਪਹਿਨੇ ਹੋਏ ਸਨ ਅਤੇ ਦੋਹਾਂ ਮੋਢਿਆਂ ਵਿਚਕਾਰ ਪਿੱਤਲ ਦੀ ਬਰਛੀ ਸੀ। 7ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੇ ਡੰਡੇ ਵਰਗਾ ਸੀ ਅਤੇ ਉਹ ਦਾ ਲੋਹੇ ਦਾ ਸੇਰ ਛੇ ਸੌ ਸ਼ੈਕੇਲ#17:7 ਲਗਭਗ 7 ਕਿਲੋਗ੍ਰਾਮ ਸੀ ਅਤੇ ਉਹ ਦੀ ਢਾਲ ਚੁੱਕਣ ਵਾਲਾ ਉਹ ਦੇ ਅੱਗੇ-ਅੱਗੇ ਤੁਰਦਾ ਸੀ।
8ਗੋਲਿਅਥ ਨੇ ਖੜ੍ਹਾ ਹੋ ਕੇ ਇਸਰਾਏਲੀਆਂ ਨੂੰ ਉੱਚੀ-ਉੱਚੀ ਪੁਕਾਰ ਕੇ ਕਿਹਾ, “ਤੁਸੀਂ ਲੜਾਈ ਲਈ ਕਿਉਂ ਕਤਾਰ ਬੰਨ੍ਹੀ ਹੈ? ਕੀ ਮੈਂ ਫ਼ਲਿਸਤੀ ਨਹੀਂ ਹਾਂ ਅਤੇ ਕੀ ਤੁਸੀਂ ਸ਼ਾਊਲ ਦੇ ਸੇਵਕ ਨਹੀਂ ਹੋ? ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਨੂੰ ਚੁਣੋ ਅਤੇ ਉਸਨੂੰ ਮੇਰੇ ਕੋਲ ਆਉਣ ਲਈ ਕਹੋ। 9ਜੇਕਰ ਉਹ ਲੜਨ ਯੋਗ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਜਿੱਤ ਕੇ ਮਾਰ ਦਿਆਂ, ਤਾਂ ਤੁਸੀਂ ਸਾਡੀ ਪਰਜਾ ਬਣ ਜਾਓਗੇ ਅਤੇ ਸਾਡੀ ਗੁਲਾਮੀ ਕਰੋਗੇ।” 10ਤਦ ਫ਼ਲਿਸਤੀ ਨੇ ਆਖਿਆ, “ਅੱਜ ਦੇ ਦਿਨ ਮੈਂ ਇਸਰਾਏਲ ਦੀਆਂ ਫ਼ੌਜਾਂ ਨੂੰ ਲਲਕਾਰਦਾ ਹਾਂ! ਮੇਰੇ ਲਈ ਕਿਸੇ ਮਨੁੱਖ ਨੂੰ ਠਹਿਰਾਓ ਜੋ ਮੇਰੇ ਨਾਲ ਯੁੱਧ ਕਰੇ।” 11ਫ਼ਲਿਸਤੀ ਦੀਆਂ ਗੱਲਾਂ ਸੁਣ ਕੇ ਸ਼ਾਊਲ ਅਤੇ ਸਾਰੇ ਇਸਰਾਏਲੀ ਘਬਰਾ ਗਏ ਅਤੇ ਡਰ ਗਏ।
12ਹੁਣ ਦਾਵੀਦ ਯੱਸੀ ਨਾਮ ਦੇ ਇੱਕ ਅਫਰਾਥੀ ਦਾ ਪੁੱਤਰ ਸੀ ਜੋ ਯਹੂਦਾਹ ਦੇ ਬੈਤਲਹਮ ਤੋਂ ਸੀ। ਯੱਸੀ ਦੇ ਅੱਠ ਪੁੱਤਰ ਸਨ ਅਤੇ ਸ਼ਾਊਲ ਦੇ ਸਮੇਂ ਵਿੱਚ ਉਹ ਬਹੁਤ ਬੁੱਢਾ ਹੋ ਗਿਆ ਸੀ। 13ਯੱਸੀ ਦੇ ਤਿੰਨ ਸਭ ਤੋਂ ਵੱਡੇ ਪੁੱਤਰ ਸ਼ਾਊਲ ਦੇ ਪਿੱਛੇ ਯੁੱਧ ਵਿੱਚ ਆਏ ਸਨ: ਜੇਠਾ ਪੁੱਤਰ ਅਲੀਆਬ ਸੀ। ਦੂਸਰੇ ਦਾ ਨਾਮ ਅਬੀਨਾਦਾਬ; ਅਤੇ ਤੀਸਰੇ ਦਾ ਸ਼ੰਮਾਹ ਸੀ। 14ਦਾਵੀਦ ਸਭ ਤੋਂ ਛੋਟਾ ਸੀ। ਤਿੰਨੇ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ, 15ਪਰ ਦਾਵੀਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਗਿਆ ਸੀ।
16ਚਾਲੀ ਦਿਨਾਂ ਤੱਕ ਫ਼ਲਿਸਤੀ ਹਰ ਰੋਜ਼ ਸਵੇਰੇ-ਸ਼ਾਮ ਅੱਗੇ ਆਉਂਦਾ ਅਤੇ ਆਪਣੇ ਆਪ ਨੂੰ ਅੱਗੇ ਕਰਦਾ ਸੀ।
17ਹੁਣ ਯੱਸੀ ਨੇ ਆਪਣੇ ਪੁੱਤਰ ਦਾਵੀਦ ਨੂੰ ਆਖਿਆ, “ਇਹ ਪੰਜ ਸੇਰ#17:17 ਲਗਭਗ 16 ਕਿਲੋਗ੍ਰਾਮ (ਕਿੱਲੋ) ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਂਣੀ ਵੱਲ ਜਾ। 18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਹਨਾਂ ਦੇ ਸੂਬੇਦਾਰ ਲਈ ਲੈ ਜਾ ਅਤੇ ਆਪਣੇ ਭਰਾ ਦਾ ਹਾਲ ਚਾਲ ਵੇਖ ਅਤੇ ਉਹਨਾਂ ਤੋਂ ਕੁਝ ਨਿਸ਼ਾਨੀ ਵਾਪਸ ਲਿਆਵੀਂ। 19ਉਹ ਸ਼ਾਊਲ ਅਤੇ ਇਸਰਾਏਲ ਦੇ ਸਾਰੇ ਮਨੁੱਖਾਂ ਦੇ ਨਾਲ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਦੇ ਵਿਰੁੱਧ ਲੜ ਰਹੇ ਸਨ।”
20ਦਾਵੀਦ ਨੇ ਸਵੇਰੇ ਦੇ ਵੇਲੇ ਉੱਠ ਕੇ ਇੱਜੜ ਨੂੰ ਇੱਕ ਰਾਖੇ ਦੇ ਕੋਲ ਛੱਡਿਆ, ਜਿਵੇਂ ਯੱਸੀ ਨੇ ਉਸ ਨੂੰ ਕਿਹਾ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਸਪਾਹੀ ਲੜਨ ਲਈ ਨਿੱਕਲਦੇ ਅਤੇ ਲੜਾਈ ਦੇ ਲਈ ਲਲਕਾਰਦੇ ਸਨ ਉਸ ਸਮੇਂ ਉਹ ਮੋਰਚੇ ਤੇ ਪਹੁੰਚ ਗਿਆ। 21ਇਸਰਾਏਲੀ ਅਤੇ ਫ਼ਲਿਸਤੀ ਇੱਕ-ਦੂਜੇ ਦੇ ਸਾਮ੍ਹਣੇ ਆਪਣੀਆਂ ਕਤਾਰਾਂ ਬੰਨ੍ਹ ਰਹੇ ਸਨ। 22ਦਾਵੀਦ ਨੇ ਆਪਣਾ ਸਮਾਨ ਰਾਖੇ ਕੋਲ ਛੱਡ ਕੇ ਜੋ ਰਾਖੀ ਕਰਦਾ ਸੀ ਅਤੇ ਆਪ ਲੜਾਈ ਦੇ ਮੈਦਾਨ ਵਿੱਚ ਭੱਜਿਆ ਅਤੇ ਆਪਣੇ ਭਰਾਵਾਂ ਨੂੰ ਪੁੱਛਿਆ ਕਿ ਉਹ ਕਿਵੇਂ ਹਨ। 23ਜਦੋਂ ਉਹ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਲ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਵੀਦ ਨੇ ਸੁਣੀਆਂ। 24ਜਦੋਂ ਵੀ ਇਸਰਾਏਲੀਆਂ ਨੇ ਉਸ ਮਨੁੱਖ ਨੂੰ ਵੇਖਿਆ ਤਾਂ ਉਹ ਸਾਰੇ ਡਰਦੇ ਹੋਏ ਉਸ ਕੋਲੋਂ ਭੱਜ ਗਏ।
25ਹੁਣ ਇਸਰਾਏਲੀ ਆਖ ਰਹੇ ਸਨ, “ਕੀ ਤੁਸੀਂ ਵੇਖਦੇ ਹੋ ਕਿ ਇਹ ਮਨੁੱਖ ਕਿਵੇਂ ਨਿੱਕਲਦਾ ਹੈ? ਉਹ ਇਸਰਾਏਲੀਆਂ ਦਾ ਵਿਰੋਧ ਕਰਨ ਲਈ ਬਾਹਰ ਆਉਂਦਾ ਹੈ। ਰਾਜਾ ਉਸ ਆਦਮੀ ਨੂੰ ਬਹੁਤ ਦੌਲਤ ਦੇਵੇਗਾ ਜੋ ਉਸਨੂੰ ਮਾਰੇਗਾ ਅਤੇ ਆਪਣੀ ਧੀ ਉਸ ਨਾਲ ਵਿਆਹ ਦੇਵੇਗਾ ਅਤੇ ਉਸਦੇ ਪਰਿਵਾਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ।”
26ਦਾਵੀਦ ਨੇ ਆਪਣੇ ਨੇੜੇ ਖੜ੍ਹੇ ਮਨੁੱਖਾਂ ਨੂੰ ਪੁੱਛਿਆ, “ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਸ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਸ਼ਰਮਿੰਦਾ ਕਰੇ?”
27ਉਹਨਾਂ ਨੇ ਉਸ ਨੂੰ ਉਹ ਗੱਲਾਂ ਦੁਹਰਾਈਆਂ ਜੋ ਉਹ ਆਖਦੇ ਸਨ ਅਤੇ ਉਸ ਨੂੰ ਕਿਹਾ, “ਉਸ ਮਨੁੱਖ ਲਈ ਜੋ ਉਹ ਨੂੰ ਮਾਰਦਾ ਹੈ ਇਹ ਕੁਝ ਮਿਲੇਗਾ।”
28ਜਦ ਦਾਵੀਦ ਦੇ ਵੱਡੇ ਭਰਾ ਅਲੀਆਬ ਨੇ ਉਹ ਨੂੰ ਮਨੁੱਖਾਂ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਉਸ ਉੱਤੇ ਗੁੱਸੇ ਨਾਲ ਭੜਕ ਉੱਠਿਆ ਅਤੇ ਪੁੱਛਿਆ, “ਤੂੰ ਇੱਥੇ ਕਿਉਂ ਆਇਆ ਹੈ? ਅਤੇ ਤੂੰ ਉਹਨਾਂ ਕੁਝ ਭੇਡਾਂ ਨੂੰ ਉਜਾੜ ਵਿੱਚ ਕਿਸ ਦੇ ਹੱਥਾਂ ਵਿੱਚ ਛੱਡ ਕੇ ਆਇਆ ਹੈ? ਮੈਂ ਘਮੰਡ ਅਤੇ ਤੇਰੇ ਦਿਲ ਦੀ ਬੁਰਿਆਈ ਨੂੰ ਜਾਣਦਾ ਹਾਂ; ਤੂੰ ਸਿਰਫ ਲੜਾਈ ਵੇਖਣ ਨੂੰ ਆਇਆ ਹੈ।”
29ਦਾਵੀਦ ਨੇ ਕਿਹਾ, “ਹੁਣ ਮੈਂ ਕੀ ਕੀਤਾ ਹੈ? ਕੀ ਮੈਂ ਬੋਲ ਵੀ ਨਹੀਂ ਸਕਦਾ?” 30ਤਦ ਉਹ ਕਿਸੇ ਹੋਰ ਵੱਲ ਮੁੜਿਆ ਅਤੇ ਉਹੀ ਗੱਲ ਕੀਤੀ ਅਤੇ ਮਨੁੱਖਾਂ ਨੇ ਉਹ ਨੂੰ ਪਹਿਲਾਂ ਵਾਂਗ ਉੱਤਰ ਦਿੱਤਾ। 31ਦਾਵੀਦ ਨੇ ਜੋ ਕੁਝ ਕਿਹਾ ਉਹ ਸੁਣ ਕੇ ਸ਼ਾਊਲ ਨੂੰ ਦੱਸਿਆ ਅਤੇ ਸ਼ਾਊਲ ਨੇ ਉਸ ਨੂੰ ਬੁਲਾ ਲਿਆ।
32ਦਾਵੀਦ ਨੇ ਸ਼ਾਊਲ ਨੂੰ ਕਿਹਾ, “ਇਸ ਫ਼ਲਿਸਤੀ ਦੇ ਕਾਰਨ ਕੋਈ ਵੀ ਹੌਸਲਾ ਨਾ ਹਾਰੇ। ਤੇਰਾ ਸੇਵਕ ਜਾ ਕੇ ਉਸ ਨਾਲ ਲੜੇਗਾ।”
33ਸ਼ਾਊਲ ਨੇ ਦਾਵੀਦ ਨੂੰ ਉੱਤਰ ਦਿੱਤਾ, “ਤੂੰ ਉਸ ਫ਼ਲਿਸਤੀ ਦੇ ਵਿਰੁੱਧ ਜਾ ਕੇ ਉਸ ਨਾਲ ਲੜਨ ਦੇ ਯੋਗ ਨਹੀਂ ਹੈ। ਤੂੰ ਸਿਰਫ ਇੱਕ ਮੁੰਡਾ ਹੈ, ਅਤੇ ਉਹ ਆਪਣੀ ਜਵਾਨੀ ਤੋਂ ਇੱਕ ਯੋਧਾ ਰਿਹਾ ਹੈ।”
34ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, “ਤੇਰਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਹੈ। ਜਦੋਂ ਸ਼ੇਰ ਜਾਂ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ, 35ਮੈਂ ਉਹ ਦੇ ਮਗਰ ਜਾ ਕੇ ਉਸ ਨੂੰ ਮਾਰਿਆ ਅਤੇ ਭੇਡਾਂ ਨੂੰ ਉਹ ਦੇ ਮੂੰਹੋਂ ਛੁਡਾਇਆ। ਜਦੋਂ ਉਸ ਨੇ ਮੇਰੇ ਉੱਤੇ ਹਮਲਾ ਕੀਤਾ, ਮੈਂ ਉਸਨੂੰ ਉਸਦੇ ਵਾਲਾਂ ਤੋਂ ਫੜ ਕੇ ਮਾਰਿਆ ਅਤੇ ਜਾਨੋਂ ਮਾਰ ਦਿੱਤਾ। 36ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਦਿੱਤਾ ਹੈ। ਇਹ ਅਸੁੰਨਤੀ ਫ਼ਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੀ ਹੋਵੇਗਾ, ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ਵਰ ਦੀਆਂ ਫ਼ੌਜਾਂ ਨੂੰ ਸ਼ਰਮਿੰਦਾ ਕੀਤਾ ਹੈ। 37ਜਿਸ ਯਾਹਵੇਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ, ਉਹੀ ਮੈਨੂੰ ਇਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ।”
ਸ਼ਾਊਲ ਨੇ ਦਾਵੀਦ ਨੂੰ ਕਿਹਾ, “ਜਾ, ਅਤੇ ਯਾਹਵੇਹ ਤੇਰੇ ਅੰਗ-ਸੰਗ ਹੋਵੇ।”
38ਤਦ ਸ਼ਾਊਲ ਨੇ ਦਾਵੀਦ ਨੂੰ ਆਪਣੀ ਕੁੜਤੀ ਪਹਿਨਾਈ। ਉਸਨੇ ਆਪਣੇ ਹਥਿਆਰ ਉਸਨੂੰ ਪਹਿਨਾਏ ਅਤੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ। 39ਅਤੇ ਦਾਵੀਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਸ ਨੇ ਇਨ੍ਹਾਂ ਨੂੰ ਕਦੇ ਪਹਿਨਿਆ ਨਹੀਂ ਸੀ।
ਉਸਨੇ ਸ਼ਾਊਲ ਨੂੰ ਕਿਹਾ, “ਮੈਂ ਇਹਨਾਂ ਵਿੱਚ ਨਹੀਂ ਜਾ ਸਕਦਾ, ਕਿਉਂਕਿ ਮੈਂ ਇਹਨਾਂ ਦਾ ਆਦੀ ਨਹੀਂ ਹਾਂ।” ਇਸ ਲਈ ਉਸ ਨੇ ਉਹਨਾਂ ਨੂੰ ਉਤਾਰ ਦਿੱਤਾ। 40ਤਦ ਉਸ ਨੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਨਦੀ ਵਿੱਚੋਂ ਪੰਜ ਚਿਕਨੇ ਪੱਥਰ ਚੁਣੇ ਅਤੇ ਆਪਣੇ ਚਰਵਾਹੇ ਵਾਲੇ ਝੋਲੇ ਵਿੱਚ ਅਰਥਾਤ ਆਪਣੀ ਗੁੱਥਲੀ ਵਿੱਚ ਰੱਖ ਲਏ ਅਤੇ ਉਸਦਾ ਗੁਲੇਲ ਉਸਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਕੋਲ ਗਿਆ।
41ਤਦ ਫ਼ਲਿਸਤੀ ਤੁਰਿਆ ਅਤੇ ਦਾਵੀਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸਦੇ ਅੱਗੇ ਸੀ। 42ਉਸ ਨੇ ਦਾਵੀਦ ਨੂੰ ਨਿਗਾਹ ਮਾਰ ਕੇ ਵੇਖਿਆ ਕਿ ਉਹ ਇੱਕ ਮੁੰਡਾ ਹੀ ਸੀ, ਉਸਦਾ ਰੰਗ ਲਾਲ ਅਤੇ ਸੋਹਣੇ ਰੂਪ ਦਾ ਸੀ, ਅਤੇ ਉਸ ਨੇ ਉਸ ਨੂੰ ਤੁੱਛ ਜਾਣਿਆ। 43ਉਸ ਨੇ ਦਾਵੀਦ ਨੂੰ ਆਖਿਆ, “ਕੀ ਮੈਂ ਕੁੱਤਾ ਹਾਂ ਜੋ ਤੂੰ ਮੇਰੇ ਕੋਲ ਲਾਠੀਆਂ ਲੈ ਕੇ ਆਇਆ ਹੈ?” ਅਤੇ ਫ਼ਲਿਸਤੀ ਦਾਵੀਦ ਨੂੰ ਆਪਣੇ ਦੇਵਤਿਆਂ ਦੇ ਨਾਮ ਲੈ ਸਰਾਪ ਦੇਣ ਲੱਗਾ। 44ਦਾਵੀਦ ਨੇ ਕਿਹਾ, “ਇੱਥੇ ਆ ਤਾਂ ਜੋ ਮੈਂ ਤੇਰਾ ਮਾਸ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ!”
45ਦਾਵੀਦ ਨੇ ਫ਼ਲਿਸਤੀ ਨੂੰ ਕਿਹਾ, “ਤੂੰ ਤਲਵਾਰ, ਬਰਛੀ ਅਤੇ ਢਾਲ ਲੈ ਕੇ ਮੇਰੇ ਵਿਰੁੱਧ ਆਉਂਦਾ ਹੈ, ਪਰ ਮੈਂ ਸੈਨਾਵਾਂ ਦੇ ਯਾਹਵੇਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ। 46ਅੱਜ ਦੇ ਦਿਨ ਯਾਹਵੇਹ ਤੈਨੂੰ ਮੇਰੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਵੱਢ ਸੁੱਟਾਗਾ। ਅੱਜ ਹੀ ਮੈਂ ਫ਼ਲਿਸਤੀ ਫ਼ੌਜ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਦੇਵਾਂਗਾ ਅਤੇ ਸਾਰੀ ਦੁਨੀਆਂ ਜਾਣ ਲਵੇਗੀ ਕਿ ਇਸਰਾਏਲ ਵਿੱਚ ਇੱਕ ਪਰਮੇਸ਼ਵਰ ਹੈ। 47ਜਿਹੜੇ ਲੋਕ ਇੱਥੇ ਇਕੱਠੇ ਹੋਏ ਹਨ ਉਹ ਜਾਣ ਲੈਣਗੇ ਕਿ ਯਾਹਵੇਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁੱਧ ਯਾਹਵੇਹ ਦਾ ਹੈ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥਾਂ ਵਿੱਚ ਦੇਵੇਗਾ।”
48ਜਦੋਂ ਫ਼ਲਿਸਤੀ ਉਸ ਉੱਤੇ ਹਮਲਾ ਕਰਨ ਲਈ ਨੇੜੇ ਆਇਆ ਤਾਂ ਦਾਵੀਦ ਫ਼ੌਜਾਂ ਦੇ ਵੱਲ ਝੱਟ ਫ਼ਲਿਸਤੀ ਨਾਲ ਲੜਨ ਲਈ ਭੱਜਿਆ। 49ਦਾਵੀਦ ਨੇ ਆਪਣੀ ਗੁੱਥਲੀ ਵਿੱਚ ਹੱਥ ਪਾ ਕੇ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਉਸ ਫ਼ਲਿਸਤੀ ਦੇ ਮੱਥੇ ਉੱਤੇ ਅਜਿਹਾ ਮਾਰਿਆ। ਜੋ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ, ਅਤੇ ਉਹ ਜ਼ਮੀਨ ਉੱਤੇ ਡਿੱਗ ਪਿਆ।
50ਸੋ ਦਾਵੀਦ ਨੇ ਗੁਲੇਲ ਅਤੇ ਪੱਥਰ ਨਾਲ ਫ਼ਲਿਸਤੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸਨੇ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਵੀਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।
51ਦਾਵੀਦ ਭੱਜ ਕੇ ਉਸ ਦੇ ਉੱਤੇ ਚੜ੍ਹ ਖੜ੍ਹਾ ਹੋ ਗਿਆ। ਉਸ ਨੇ ਫ਼ਲਿਸਤੀ ਦੀ ਤਲਵਾਰ ਫੜੀ ਅਤੇ ਮਿਆਨ ਵਿੱਚੋਂ ਕੱਢੀ। ਉਸ ਨੂੰ ਮਾਰਨ ਤੋਂ ਬਾਅਦ ਉਸ ਨੇ ਤਲਵਾਰ ਨਾਲ ਉਸ ਦਾ ਸਿਰ ਵੱਢ ਦਿੱਤਾ।
ਜਦੋਂ ਫ਼ਲਿਸਤੀਆਂ ਨੇ ਦੇਖਿਆ ਕਿ ਉਹਨਾਂ ਦਾ ਸੂਰਮਾਂ ਮਰ ਗਿਆ ਹੈ, ਤਾਂ ਉਹ ਮੁੜੇ ਅਤੇ ਭੱਜ ਗਏ। 52ਤਦ ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੈਕਾਰੇ ਨਾਲ ਅੱਗੇ ਵਧੇ ਅਤੇ ਗਾਥ ਦੀ ਵਾਦੀ ਦੇ ਪ੍ਰਵੇਸ਼ ਦੁਆਰ ਅਤੇ ਏਕਰੋਨ ਦੇ ਦਰਵਾਜ਼ਿਆਂ ਤੱਕ ਫ਼ਲਿਸਤੀਆਂ ਦਾ ਪਿੱਛਾ ਕੀਤਾ। ਉਹਨਾਂ ਦੇ ਮੁਰਦੇ ਗਥ ਅਤੇ ਏਕਰੋਨ ਨੂੰ ਜਾਣ ਵਾਲੀ ਸ਼ਰਾਇਮ ਸੜਕ ਦੇ ਨਾਲ-ਨਾਲ ਵਿਛਾਏ ਗਏ ਸਨ। 53ਜਦੋਂ ਇਸਰਾਏਲੀ ਫ਼ਲਿਸਤੀਆਂ ਦਾ ਪਿੱਛਾ ਕਰਕੇ ਮੁੜੇ ਤਾਂ ਉਹਨਾਂ ਦੇ ਡੇਰਿਆਂ ਨੂੰ ਲੁੱਟ ਲਿਆ।
54ਦਾਵੀਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯੇਰੂਸ਼ਲੇਮ ਵਿੱਚ ਆਇਆ। ਉਸਨੇ ਫ਼ਲਿਸਤੀ ਹਥਿਆਰਾਂ ਨੂੰ ਆਪਣੇ ਤੰਬੂ ਵਿੱਚ ਰੱਖਿਆ।
55ਜਦੋਂ ਸ਼ਾਊਲ ਨੇ ਦਾਵੀਦ ਨੂੰ ਫ਼ਲਿਸਤੀ ਨਾਲ ਲੜਨ ਲਈ ਬਾਹਰ ਜਾਂਦੇ ਵੇਖਿਆ ਤਾਂ ਉਸ ਨੇ ਸੈਨਾ ਦੇ ਸੈਨਾਪਤੀ ਅਬਨੇਰ ਨੂੰ ਕਿਹਾ, “ਅਬਨੇਰ, ਉਹ ਮੁੰਡਾ ਕਿਸਦਾ ਪੁੱਤਰ ਹੈ?”
ਅਬਨੇਰ ਨੇ ਉੱਤਰ ਦਿੱਤਾ, “ਤੁਹਾਡੀ ਸਹੁੰ, ਮਹਾਰਾਜ, ਮੈਂ ਨਹੀਂ ਜਾਣਦਾ।”
56ਰਾਜੇ ਨੇ ਕਿਹਾ, “ਜਾਣੋ ਕਿ ਇਹ ਮੁੰਡਾ ਕਿਸ ਦਾ ਪੁੱਤਰ ਹੈ।”
57ਜਿਵੇਂ ਹੀ ਦਾਵੀਦ ਫ਼ਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਅਬਨੇਰ ਉਹ ਨੂੰ ਲੈ ਕੇ ਸ਼ਾਊਲ ਦੇ ਸਾਮ੍ਹਣੇ ਲੈ ਆਇਆ ਅਤੇ ਦਾਵੀਦ ਨੇ ਅਜੇ ਵੀ ਉਸ ਫ਼ਲਿਸਤੀ ਦਾ ਸਿਰ ਫੜਿਆ ਹੋਇਆ ਸੀ।
58ਸ਼ਾਊਲ ਨੇ ਉਸਨੂੰ ਪੁੱਛਿਆ, “ਤੂੰ ਕਿਸ ਦਾ ਪੁੱਤਰ ਹੈ?”
ਦਾਵੀਦ ਨੇ ਆਖਿਆ, “ਮੈਂ ਤੁਹਾਡੇ ਸੇਵਕ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ।”
Currently Selected:
1 ਸ਼ਮੂਏਲ 17: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.