Bible App logo
Search Icon

1 ਸ਼ਮੂਏਲ 16

16
ਸ਼ਮੂਏਲ ਨੇ ਦਾਵੀਦ ਨੂੰ ਮਸਹ ਕੀਤਾ
1ਯਾਹਵੇਹ ਨੇ ਸ਼ਮੂਏਲ ਨੂੰ ਕਿਹਾ, “ਤੂੰ ਕਦੋਂ ਤੱਕ ਸ਼ਾਊਲ ਲਈ ਸੋਗ ਕਰਦਾ ਰਹੇਂਗਾ, ਕਿਉਂਕਿ ਮੈਂ ਉਸਨੂੰ ਇਸਰਾਏਲ ਦਾ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ? ਆਪਣੇ ਸਿੰਗ ਨੂੰ ਤੇਲ ਨਾਲ ਭਰ ਅਤੇ ਆਪਣੇ ਰਾਹ ਤੇ ਚੱਲ। ਮੈਂ ਤੈਨੂੰ ਬੈਤਲਹਮ ਦੇ ਯੱਸੀ ਕੋਲ ਭੇਜ ਰਿਹਾ ਹਾਂ ਅਤੇ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਰਾਜਾ ਬਣਨ ਲਈ ਚੁਣਿਆ ਹੈ।”
2ਪਰ ਸ਼ਮੂਏਲ ਨੇ ਆਖਿਆ, “ਮੈਂ ਕਿਵੇਂ ਜਾ ਸਕਦਾ ਹਾਂ? ਜੇਕਰ ਸ਼ਾਊਲ ਨੇ ਇਸ ਬਾਰੇ ਸੁਣਿਆ, ਤਾਂ ਉਹ ਮੈਨੂੰ ਮਾਰ ਦੇਵੇਗਾ।”
ਯਾਹਵੇਹ ਨੇ ਕਿਹਾ, “ਆਪਣੇ ਨਾਲ ਇੱਕ ਵੱਛੀ ਲੈ ਕੇ ਜਾ ਅਤੇ ਆਖ, ‘ਮੈਂ ਯਾਹਵੇਹ ਨੂੰ ਬਲੀ ਚੜ੍ਹਾਉਣ ਲਈ ਆਇਆ ਹਾਂ।’ 3ਜਦ ਤੂੰ ਬਲੀ ਚੜ੍ਹਾਵੇ ਤਾਂ ਯੱਸੀ ਨੂੰ ਸੱਦਾ ਦੇ ਫਿਰ ਜੋ ਤੂੰ ਕਰਨਾ ਹੈ ਮੈਂ ਤੈਨੂੰ ਦੱਸਾਂਗਾ। ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ।”
4ਸ਼ਮੂਏਲ ਨੇ ਉਹੀ ਕੀਤਾ ਜੋ ਯਾਹਵੇਹ ਨੇ ਕਿਹਾ ਸੀ ਅਤੇ ਜਦੋਂ ਉਹ ਬੈਤਲਹਮ ਪਹੁੰਚਿਆ, ਤਾਂ ਸ਼ਹਿਰ ਦੇ ਬਜ਼ੁਰਗ ਉਸ ਦੇ ਆਉਣ ਤੋਂ ਕੰਬ ਗਏ। ਉਹਨਾਂ ਨੇ ਪੁੱਛਿਆ, “ਕੀ ਤੂੰ ਸ਼ਾਂਤੀ ਨਾਲ ਆਇਆ ਹੈ?”
5ਸ਼ਮੂਏਲ ਨੇ ਉੱਤਰ ਦਿੱਤਾ, “ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ; ਮੈਂ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ।” ਫਿਰ ਉਸਨੇ ਯੱਸੀ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੂੰ ਬਲੀ ਲਈ ਬੁਲਾਇਆ।
6ਜਦੋਂ ਉਹ ਪਹੁੰਚੇ ਤਾਂ ਸ਼ਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, “ਯਕੀਨਨ ਹੀ ਯਾਹਵੇਹ ਦਾ ਅਭਿਸ਼ੇਕ ਕੀਤਾ ਹੋਇਆ ਇੱਥੇ ਯਾਹਵੇਹ ਦੇ ਸਾਮ੍ਹਣੇ ਖੜ੍ਹਾ ਹੈ।”
7ਪਰ ਯਾਹਵੇਹ ਨੇ ਸ਼ਮੂਏਲ ਨੂੰ ਆਖਿਆ, “ਉਸ ਦੇ ਰੂਪ ਜਾਂ ਕੱਦ ਬਾਰੇ ਨਾ ਸੋਚ ਕਿਉਂ ਜੋ ਮੈਂ ਉਸ ਨੂੰ ਰੱਦ ਕਰ ਦਿੱਤਾ ਹੈ। ਯਾਹਵੇਹ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਜੋ ਲੋਕ ਦੇਖਦੇ ਹਨ। ਮਨੁੱਖ ਬਾਹਰਲਾ ਰੂਪ ਦੇਖਦਾ ਹੈ, ਪਰ ਯਾਹਵੇਹ ਦਿਲ ਨੂੰ ਦੇਖਦਾ ਹੈ।”
8ਤਦ ਯੱਸੀ ਨੇ ਅਬੀਨਾਦਾਬ ਨੂੰ ਬੁਲਾ ਕੇ ਸ਼ਮੂਏਲ ਦੇ ਅੱਗੇ ਲੰਘਣ ਲਈ ਕਿਹਾ। ਪਰ ਸ਼ਮੂਏਲ ਨੇ ਕਿਹਾ, “ਯਾਹਵੇਹ ਨੇ ਇਸ ਨੂੰ ਵੀ ਨਹੀਂ ਚੁਣਿਆ।” 9ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ, ਪਰ ਸ਼ਮੂਏਲ ਨੇ ਕਿਹਾ, “ਨਾ ਹੀ ਯਾਹਵੇਹ ਨੇ ਇਸ ਨੂੰ ਚੁਣਿਆ ਹੈ।” 10ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸ਼ਮੂਏਲ ਦੇ ਅੱਗੇ ਕੀਤਾ, ਪਰ ਸ਼ਮੂਏਲ ਨੇ ਉਸਨੂੰ ਕਿਹਾ, “ਯਾਹਵੇਹ ਨੇ ਇਨ੍ਹਾਂ ਨੂੰ ਨਹੀਂ ਚੁਣਿਆ ਹੈ।” 11ਤਾਂ ਸ਼ਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ?
ਯੱਸੀ ਨੇ ਜਵਾਬ ਦਿੱਤਾ, “ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।”
ਸ਼ਮੂਏਲ ਨੇ ਕਿਹਾ, “ਉਸਨੂੰ ਬੁਲਾ; ਅਸੀਂ ਉਦੋਂ ਤੱਕ ਨਹੀਂ ਬੈਠਾਂਗੇ ਜਦੋਂ ਤੱਕ ਉਹ ਨਹੀਂ ਆਵੇਗਾ।”
12ਇਸ ਲਈ ਉਸ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਅੰਦਰ ਲਿਆਇਆ ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਲੱਗਦਾ ਸੀ।
ਤਦ ਯਾਹਵੇਹ ਨੇ ਕਿਹਾ, “ਉੱਠ ਅਤੇ ਉਸਨੂੰ ਅਭਿਸ਼ੇਕ ਕਰ ਕਿਉਂ ਜੋ ਇਹ ਉਹੀ ਹੈ।”
13ਤਾਂ ਸ਼ਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਸਦੇ ਭਰਾਵਾਂ ਦੇ ਸਾਮ੍ਹਣੇ ਉਸ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਾਹਵੇਹ ਦਾ ਆਤਮਾ ਦਾਵੀਦ ਉੱਤੇ ਜ਼ੋਰ ਨਾਲ ਆਇਆ। ਸ਼ਮੂਏਲ ਫਿਰ ਰਾਮਾਹ ਨੂੰ ਚਲਾ ਗਿਆ।
ਦਾਵੀਦ ਸ਼ਾਊਲ ਦੀ ਸੇਵਾ ਵਿੱਚ
14ਪਰ ਯਾਹਵੇਹ ਦਾ ਆਤਮਾ ਸ਼ਾਊਲ ਤੋਂ ਅਲੱਗ ਹੋ ਗਿਆ ਸੀ, ਅਤੇ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਉਹ ਨੂੰ ਘਬਰਾਉਣ ਲੱਗਾ।
15ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, “ਵੇਖ, ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਤੈਨੂੰ ਘਬਰਾਉਂਦਾ ਹੈ। 16ਸਾਡਾ ਸੁਆਮੀ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਮ੍ਹਣੇ ਹਨ ਹੁਕਮ ਦੇਵੇ ਕਿ ਉਹ ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰਨ ਜੋ ਬਰਬਤ ਵਜਾਉਣ ਵਿੱਚ ਮਾਹਿਰ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ਵਰ ਵੱਲੋਂ ਦੁਸ਼ਟ ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ।”
17ਇਸ ਲਈ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਲਈ ਕੋਈ ਵਧੀਆ ਬਰਬਤ ਵਜਾਉਣ ਵਾਲੇ ਵਿਅਕਤੀ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲਿਆਓ।”
18ਨੌਕਰਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ, “ਮੈਂ ਬੈਤਲਹਮ ਵਿੱਚ ਯੱਸੀ ਦੇ ਇੱਕ ਪੁੱਤਰ ਨੂੰ ਦੇਖਿਆ ਹੈ ਜੋ ਵਜਾਉਣ ਵਿੱਚ ਮਾਹਿਰ ਹੈ, ਨਾਲੇ ਵੱਡਾ ਸੂਰਬੀਰ ਅਤੇ ਯੋਧਾ ਹੈ। ਉਹ ਗੱਲਾਂ ਵਿੱਚ ਸਿਆਣਾ ਹੈ, ਦੇਖਣ ਵਿੱਚ ਸੋਹਣਾ ਅਤੇ ਯਾਹਵੇਹ ਉਸ ਦੇ ਨਾਲ ਹੈ।”
19ਤਦ ਸ਼ਾਊਲ ਨੇ ਯੱਸੀ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, “ਆਪਣੇ ਪੁੱਤਰ ਦਾਵੀਦ ਨੂੰ ਜੋ ਭੇਡਾਂ ਦੇ ਨਾਲ ਹੈ ਮੇਰੇ ਕੋਲ ਭੇਜ।” 20ਤਾਂ ਯੱਸੀ ਨੇ ਰੋਟੀ ਨਾਲ ਲੱਦਿਆ ਇੱਕ ਗਧਾ, ਮੇਸ਼ੇਕ ਦਾਖ਼ਰਸ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਵੀਦ ਦੇ ਹੱਥੀ ਸ਼ਾਊਲ ਕੋਲ ਭੇਜਿਆ।
21ਦਾਵੀਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਵਿੱਚ ਗਿਆ। ਸ਼ਾਊਲ ਉਸ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਦਾਵੀਦ ਉਸ ਦੇ ਸ਼ਸਤਰ ਚੁੱਕਣ ਵਾਲਿਆਂ ਵਿੱਚੋਂ ਇੱਕ ਬਣ ਗਿਆ। 22ਤਦ ਸ਼ਾਊਲ ਨੇ ਯੱਸੀ ਨੂੰ ਸੁਨੇਹਾ ਘੱਲਿਆ, “ਕਿ ਦਾਵੀਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਪ੍ਰਸੰਨ ਹਾਂ।”
23ਜਦੋਂ ਵੀ ਪਰਮੇਸ਼ਵਰ ਵੱਲੋਂ ਦੁਸ਼ਟ ਆਤਮਾ ਸ਼ਾਊਲ ਉੱਤੇ ਆਉਂਦਾ, ਤਾਂ ਦਾਵੀਦ ਬਰਬਤ ਲੈ ਕੇ ਵਜਾਉਂਦਾ ਸੀ। ਤਦ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ; ਉਹ ਚੰਗਾ ਹੋ ਜਾਂਦਾ ਸੀ, ਅਤੇ ਦੁਸ਼ਟ ਆਤਮਾ ਉਸ ਤੋਂ ਹੱਟ ਜਾਂਦਾ ਸੀ।

Currently Selected:

1 ਸ਼ਮੂਏਲ 16: PCB

Highlight

Copy

Compare

Share

None

Want to have your highlights saved across all your devices? Sign up or sign in