Bible App logo
Search Icon

1 ਸ਼ਮੂਏਲ 18

18
ਸ਼ਾਊਲ ਦਾ ਦਾਵੀਦ ਤੋਂ ਵੱਧਦਾ ਡਰ
1ਜਦੋਂ ਦਾਵੀਦ ਸ਼ਾਊਲ ਨਾਲ ਗੱਲ ਕਰ ਚੁੱਕਾ ਸੀ, ਤਾਂ ਯੋਨਾਥਾਨ ਦਾਵੀਦ ਨਾਲ ਇੱਕ ਆਤਮਾ ਹੋ ਗਿਆ ਅਤੇ ਉਸਨੇ ਉਸਨੂੰ ਆਪਣੇ ਵਾਂਗ ਪਿਆਰ ਕੀਤਾ। 2ਉਸ ਦਿਨ ਤੋਂ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲ ਰੱਖਿਆ ਅਤੇ ਉਹ ਨੂੰ ਉਸਦੇ ਪਿਤਾ ਦੇ ਘਰ ਵਾਪਸ ਨਾ ਜਾਣ ਦਿੱਤਾ। 3ਅਤੇ ਯੋਨਾਥਾਨ ਨੇ ਦਾਵੀਦ ਨਾਲ ਨੇਮ ਬੰਨ੍ਹਿਆ ਕਿਉਂਕਿ ਉਹ ਉਸ ਨੂੰ ਆਪਣੇ ਜਿਹਾ ਪਿਆਰ ਕਰਦਾ ਸੀ। 4ਯੋਨਾਥਾਨ ਨੇ ਜਿਹੜਾ ਚੋਗਾ ਪਹਿਨਿਆ ਹੋਇਆ ਸੀ, ਆਪਣੀ ਤਲਵਾਰ, ਧਣੁੱਖ ਅਤੇ ਪੇਟੀ ਵੀ ਲਾਹ ਕੇ ਦਾਵੀਦ ਨੂੰ ਦਿੱਤੀ।
5ਸ਼ਾਊਲ ਉਸ ਨੂੰ ਜਿੱਥੇ ਵੀ ਭੇਜਦਾ ਸੀ, ਦਾਵੀਦ ਸਫ਼ਲ ਹੁੰਦਾ ਸੀ ਸ਼ਾਊਲ ਨੇ ਉਸ ਨੂੰ ਫ਼ੌਜ ਵਿੱਚ ਉੱਚਾ ਦਰਜਾ ਦਿੱਤਾ। ਇਹ ਗੱਲ ਸਾਰੀਆਂ ਫ਼ੌਜਾਂ ਅਤੇ ਸ਼ਾਊਲ ਦੇ ਅਫ਼ਸਰਾਂ ਨੂੰ ਚੰਗੀ ਲੱਗੀ।
6ਜਦੋਂ ਦਾਵੀਦ ਦੁਆਰਾ ਫ਼ਲਿਸਤੀਆਂ ਨੂੰ ਮਾਰ ਕੇ ਆਦਮੀ ਘਰ ਨੂੰ ਪਰਤ ਰਹੇ ਸਨ, ਤਾਂ ਔਰਤਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚੋਂ ਸ਼ਾਊਲ ਰਾਜਾ ਨੂੰ ਮਿਲਣ ਲਈ ਗਾਉਂਦੀਆਂ ਅਤੇ ਨੱਚਦੀਆਂ, ਖੁਸ਼ੀ ਦੇ ਗੀਤਾਂ ਉੱਤੇ ਤਾਰਾਂ ਅਤੇ ਬਰਬਤ ਵਜਾਉਂਦੀਆਂ ਆਈਆਂ। 7ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ:
“ਸ਼ਾਊਲ ਨੇ ਆਪਣੇ ਹਜ਼ਾਰਾਂ,
ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।”
8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, “ਉਹਨਾਂ ਨੇ ਮੇਰੇ ਲਈ ਹਜ਼ਾਰਾਂ ਅਤੇ ਦਾਵੀਦ ਲਈ ਲੱਖਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਸ ਨੂੰ ਕੀ ਮਿਲਣਾ ਬਾਕੀ ਹੈ।” 9ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।
10ਅਗਲੇ ਦਿਨ ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਜ਼ੋਰ ਨਾਲ ਆਇਆ। ਉਹ ਆਪਣੇ ਘਰ ਵਿੱਚ ਅਗੰਮਵਾਕ ਕਰਨ ਲੱਗ ਪਿਆ, ਅਤੇ ਦਾਵੀਦ ਨੇ ਉਸਦੇ ਸਾਮ੍ਹਣੇ ਪਹਿਲਾ ਵਾਂਗੂੰ ਵਜਾਇਆ, ਜਿਵੇਂ ਉਹ ਆਮ ਤੌਰ ਤੇ ਕਰਦਾ ਸੀ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਬਰਛੀ ਸੀ। 11ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, “ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।” ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।
12ਸ਼ਾਊਲ ਦਾਵੀਦ ਤੋਂ ਡਰਦਾ ਸੀ, ਕਿਉਂਕਿ ਯਾਹਵੇਹ ਦਾਵੀਦ ਦੇ ਨਾਲ ਸੀ ਪਰ ਸ਼ਾਊਲ ਤੋਂ ਦੂਰ ਹੋ ਗਿਆ ਸੀ। 13ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ। 14ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ। 15ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ। 16ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕ ਦਾਵੀਦ ਨੂੰ ਪਿਆਰ ਕਰਦੇ ਸਨ ਕਿਉਂ ਜੋ ਉਹ ਉਹਨਾਂ ਦੀਆਂ ਯੁੱਧ ਨੀਤੀਆਂ ਵਿੱਚ ਉਹਨਾਂ ਦੀ ਅਗਵਾਈ ਕਰਦਾ ਸੀ।
17ਸ਼ਾਊਲ ਨੇ ਦਾਵੀਦ ਨੂੰ ਆਖਿਆ, “ਇਹ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਸਨੂੰ ਤੇਰੇ ਨਾਲ ਵਿਆਹ ਦੇਵਾਂਗਾ; ਤੂੰ ਸਿਰਫ ਮੇਰੀ ਬਹਾਦਰੀ ਨਾਲ ਸੇਵਾ ਕਰ ਅਤੇ ਯਾਹਵੇਹ ਦੇ ਲਈ ਲੜਾਈ ਕਰ।” ਕਿਉਂ ਸ਼ਾਊਲ ਨੇ ਆਪਣੇ ਆਪ ਵਿੱਚ ਕਿਹਾ, “ਮੇਰਾ ਹੱਥ ਉਸ ਉੱਤੇ ਨਾ ਚੱਲੇ ਸਗੋਂ ਉਸ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ!”
18ਪਰ ਦਾਵੀਦ ਨੇ ਸ਼ਾਊਲ ਨੂੰ ਆਖਿਆ, “ਮੈਂ ਕੌਣ ਹਾਂ ਅਤੇ ਇਸਰਾਏਲ ਵਿੱਚ ਮੇਰਾ ਘਰਾਣਾ ਜਾਂ ਮੇਰਾ ਗੋਤ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾ?” 19ਪਰ ਜਦੋਂ ਸ਼ਾਊਲ ਦੀ ਧੀ ਮੇਰਬ ਦਾ ਦਾਵੀਦ ਨਾਲ ਵਿਆਹ ਦਾ ਦਿਨ ਆਇਆ ਤਾਂ ਉਹ ਮੇਹੋਲਾਥੀ ਦੇ ਅਦਰੀਏਲ ਨਾਲ ਵਿਆਹੀ ਗਈ।
20ਹੁਣ ਸ਼ਾਊਲ ਦੀ ਧੀ ਮੀਕਲ ਦਾਵੀਦ ਨਾਲ ਪਿਆਰ ਕਰਦੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਊਲ ਨੂੰ ਦੱਸਿਆ ਤਾਂ ਉਹ ਪ੍ਰਸੰਨ ਹੋਇਆ। 21ਉਸ ਨੇ ਸੋਚਿਆ, “ਮੈਂ ਉਸ ਨੂੰ ਉਸ ਦੇ ਨਾਲ ਵਿਆਹ ਦਿਆਂਗਾ ਤਾਂ ਜੋ ਉਹ ਉਸ ਲਈ ਫੰਦਾ ਬਣੇ ਅਤੇ ਫ਼ਲਿਸਤੀਆਂ ਦਾ ਹੱਥ ਉਸ ਦੇ ਵਿਰੁੱਧ ਹੋਵੇ।” ਇਸ ਲਈ ਸ਼ਾਊਲ ਨੇ ਦਾਵੀਦ ਨੂੰ ਕਿਹਾ, “ਹੁਣ ਤੇਰੇ ਕੋਲ ਮੇਰਾ ਜਵਾਈ ਬਣਨ ਦਾ ਦੂਜਾ ਮੌਕਾ ਹੈ।”
22ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਦਾਵੀਦ ਨਾਲ ਇਕਾਂਤ ਵਿੱਚ ਗੱਲ ਕਰੋ ਅਤੇ ਆਖੋ, ‘ਵੇਖ, ਰਾਜਾ ਤੈਨੂੰ ਪਸੰਦ ਕਰਦਾ ਹੈ ਅਤੇ ਉਸਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ। ਹੁਣ ਉਹਦਾ ਜਵਾਈ ਬਣ ਜਾ।’ ”
23ਸ਼ਾਊਲ ਦੇ ਨੌਕਰਾਂ ਨੇ ਇਹ ਗੱਲਾਂ ਦਾਵੀਦ ਨੂੰ ਦੁਹਰਾਈਆਂ। ਪਰ ਦਾਵੀਦ ਨੇ ਆਖਿਆ, “ਕੀ ਤੁਸੀਂ ਰਾਜੇ ਦਾ ਜਵਾਈ ਬਣਨਾ ਛੋਟੀ ਜਿਹੀ ਗੱਲ ਸਮਝਦੇ ਹੋ? ਮੈਂ ਸਿਰਫ ਇੱਕ ਗਰੀਬ ਆਦਮੀ ਹਾਂ ਅਤੇ ਬਹੁਤ ਘੱਟ ਜਾਣਿਆ ਜਾਂਦਾ ਹਾਂ।”
24ਜਦੋਂ ਸ਼ਾਊਲ ਦੇ ਸੇਵਕਾਂ ਨੇ ਦਾਵੀਦ ਦੀਆਂ ਗੱਲਾਂ ਉਹ ਨੂੰ ਦੱਸੀਆਂ, 25ਸ਼ਾਊਲ ਨੇ ਉੱਤਰ ਦਿੱਤਾ, “ਦਾਵੀਦ ਨੂੰ ਆਖੋ, ‘ਰਾਜਾ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਇੱਕ ਸੌ ਫ਼ਲਿਸਤੀ ਖੱਲੜੀਆਂ ਤੋਂ ਇਲਾਵਾ ਲਾੜੀ ਦੀ ਹੋਰ ਕੋਈ ਕੀਮਤ ਨਹੀਂ ਚਾਹੁੰਦਾ।’ ” ਸ਼ਾਊਲ ਦੀ ਯੋਜਨਾ ਦਾਵੀਦ ਨੂੰ ਫ਼ਲਿਸਤੀਆਂ ਦੇ ਹੱਥੋਂ ਮਰਵਾ ਦੇਣ ਦੀ ਸੀ।
26ਜਦੋਂ ਸੇਵਕਾਂ ਨੇ ਦਾਵੀਦ ਨੂੰ ਇਹ ਗੱਲਾਂ ਦੱਸੀਆਂ ਤਾਂ ਦਾਵੀਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜੇ ਦਾ ਜਵਾਈ ਬਣਨ ਵਿੱਚ ਕੁਝ ਦਿਨ ਰਹਿ ਗਏ ਸਨ। 27ਜਦ ਦਾਵੀਦ ਉੱਠਿਆ ਅਤੇ ਆਪਣੇ ਬੰਦਿਆਂ ਨੂੰ ਨਾਲ ਲਿਆ ਅਤੇ ਬਾਹਰ ਜਾ ਕੇ ਦੋ ਸੌ ਫ਼ਲਿਸਤੀਆਂ ਨੂੰ ਮਾਰ ਸੁੱਟਿਆ ਅਤੇ ਉਹਨਾਂ ਦੀਆਂ ਖੱਲੜੀਆਂ ਮੋੜ ਲਿਆਇਆ। ਉਹਨਾਂ ਨੇ ਰਾਜੇ ਨੂੰ ਪੂਰੀ ਗਿਣਤੀ ਗਿਣਾਈ ਤਾਂ ਜੋ ਦਾਵੀਦ ਰਾਜੇ ਦਾ ਜਵਾਈ ਬਣ ਸਕੇ। ਤਦ ਸ਼ਾਊਲ ਨੇ ਉਸ ਨਾਲ ਆਪਣੀ ਧੀ ਮੀਕਲ ਦਾ ਵਿਆਹ ਕਰ ਦਿੱਤਾ।
28ਜਦੋਂ ਸ਼ਾਊਲ ਨੂੰ ਪਤਾ ਲੱਗਾ ਕਿ ਯਾਹਵੇਹ ਦਾਵੀਦ ਦੇ ਨਾਲ ਹੈ ਅਤੇ ਉਸ ਦੀ ਧੀ ਮੀਕਲ ਦਾਵੀਦ ਨੂੰ ਪਿਆਰ ਕਰਦੀ ਹੈ, 29ਤਾਂ ਸ਼ਾਊਲ ਦਾਵੀਦ ਤੋਂ ਹੋਰ ਵੀ ਡਰ ਗਿਆ ਅਤੇ ਬਾਕੀ ਦੇ ਦਿਨਾਂ ਤੱਕ ਉਹ ਉਸਦਾ ਦੁਸ਼ਮਣ ਬਣਿਆ ਰਿਹਾ।
30ਫ਼ਲਿਸਤੀ ਸੈਨਾਪਤੀ ਲੜਾਈ ਵਿੱਚ ਨਿੱਕਲਦੇ ਰਹੇ ਅਤੇ ਜਿੰਨੀ ਵਾਰ ਉਹ ਲੜਾਈ ਕਰਦੇ ਸਨ, ਦਾਵੀਦ ਨੂੰ ਸ਼ਾਊਲ ਦੇ ਬਾਕੀ ਸੇਵਕਾਂ ਨਾਲੋਂ ਵੱਧ ਸਫ਼ਲਤਾ ਮਿਲੀ ਅਤੇ ਉਹ ਦਾ ਨਾਮ ਮਸ਼ਹੂਰ ਹੋ ਗਿਆ।

Currently Selected:

1 ਸ਼ਮੂਏਲ 18: PCB

Highlight

Copy

Compare

Share

None

Want to have your highlights saved across all your devices? Sign up or sign in