1 ਰਾਜਿਆਂ 22
22
ਮੀਕਾਯਾਹ ਨੇ ਅਹਾਬ ਦੇ ਵਿਰੁੱਧ ਭਵਿੱਖਬਾਣੀ ਕੀਤੀ
1ਤਿੰਨ ਸਾਲਾਂ ਤੱਕ ਅਰਾਮ#22:1 ਅਰਾਮ ਅਰਥਾਤ: ਸੀਰੀਆ ਦੇਸ਼ ਅਤੇ ਇਸਰਾਏਲ ਵਿੱਚ ਕੋਈ ਲੜਾਈ ਨਹੀਂ ਹੋਈ। 2ਪਰ ਤੀਜੇ ਸਾਲ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਨੂੰ ਮਿਲਣ ਲਈ ਗਿਆ। 3ਇਸਰਾਏਲ ਦੇ ਰਾਜਾ ਨੇ ਆਪਣੇ ਅਧਿਕਾਰੀਆਂ ਨੂੰ ਆਖਿਆ, “ਕੀ ਤੁਸੀਂ ਨਹੀਂ ਜਾਣਦੇ ਕਿ ਰਾਮੋਥ ਗਿਲਆਦ ਸਾਡਾ ਹੈ ਅਤੇ ਫਿਰ ਵੀ ਅਸੀਂ ਅਰਾਮ ਦੇ ਰਾਜੇ ਤੋਂ ਉਸ ਨੂੰ ਵਾਪਸ ਲੈਣ ਲਈ ਕੁਝ ਨਹੀਂ ਕਰ ਰਹੇ?”
4ਤਾਂ ਉਸ ਨੇ ਯਹੋਸ਼ਾਫ਼ਾਟ ਨੂੰ ਪੁੱਛਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਵੇਂਗਾ?
ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਉੱਤਰ ਦਿੱਤਾ, “ਮੈਂ ਤੇਰੇ ਵਰਗਾ ਹਾਂ ਅਤੇ ਮੇਰੇ ਲੋਕ ਤੇਰੇ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜੇ ਹਨ।” 5ਪਰ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਇਹ ਵੀ ਕਿਹਾ, “ਪਹਿਲਾਂ ਯਾਹਵੇਹ ਦੀ ਸਲਾਹ ਲਓ।”
6ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਲਗਭਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਪੁੱਛਿਆ, ਕੀ ਮੈਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਂਵਾ ਜਾਂ ਨਾ?
ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ ਕਿਉਂ ਜੋ ਯਾਹਵੇਹ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”
7ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”
8ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।”
ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”
9ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”
10ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਆਪਣੇ ਸ਼ਾਹੀ ਬਸਤਰ ਪਹਿਨੇ ਸਾਮਰਿਯਾ ਦੇ ਦਰਵਾਜ਼ੇ ਦੇ ਕੋਲ ਪਿੜ#22:10 ਪਿੜ ਅਰਥਾਤ: ਉਹ ਥਾਂ ਜਿੱਥੇ ਅਨਾਜ ਨੂੰ ਕੁੱਟਿਆ ਜਾਂ ਛਾਣਿਆ ਜਾਂਦਾ ਹੈ ਵਿੱਚ ਆਪਣੇ ਸਿੰਘਾਸਣ ਉੱਤੇ ਬੈਠਾ ਸੀ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਭਵਿੱਖਬਾਣੀ ਕਰ ਰਹੇ ਸਨ। 11ਹੁਣ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਲੋਹੇ ਦੇ ਸਿੰਗ ਬਣਾਏ ਸਨ ਅਤੇ ਉਸ ਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਨਾਲ ਤੁਸੀਂ ਅਰਾਮੀਆਂ#22:11 ਅਰਾਮੀਆਂ ਅਰਥਾਤ: ਸੀਰੀਆ ਦੇਸ਼ ਦੇ ਲੋਕ ਨੂੰ ਉਦੋਂ ਤੱਕ ਮਾਰੋਗੇ ਜਦੋਂ ਤੱਕ ਉਹ ਨਾਸ਼ ਨਾ ਹੋ ਜਾਣ।’ ”
12ਬਾਕੀ ਸਾਰੇ ਨਬੀ ਵੀ ਇਸੇ ਗੱਲ ਦੀ ਭਵਿੱਖਬਾਣੀ ਕਰ ਰਹੇ ਸਨ, “ਰਾਮੋਥ ਗਿਲਆਦ ਉੱਤੇ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਯਾਹਵੇਹ ਇਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”
13ਜਿਹੜਾ ਸੰਦੇਸ਼ਵਾਹਕ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸਨੇ ਉਸ ਨੂੰ ਕਿਹਾ, “ਵੇਖੋ, ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀ।”
14ਪਰ ਮੀਕਾਯਾਹ ਨੇ ਕਿਹਾ, “ਜਿਉਂਦੇ ਯਾਹਵੇਹ ਦੀ ਸਹੁੰ, ਮੈਂ ਉਸਨੂੰ ਸਿਰਫ ਉਹੀ ਦੱਸਾਂਗਾ ਜੋ ਯਾਹਵੇਹ ਮੈਨੂੰ ਬੋਲੇਗਾ।”
15ਜਦੋਂ ਉਹ ਪਹੁੰਚਿਆ ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਮੀਕਾਯਾਹ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?”
ਉਸਨੇ ਉੱਤਰ ਦਿੱਤਾ ਜਾਓ “ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਯਾਹਵੇਹ ਉਸ ਰਾਜੇ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ।”
16ਤਾਂ ਰਾਜੇ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਾਹਵੇਹ ਦੇ ਨਾਮ ਉੱਤੇ ਸਚਿਆਈ ਤੋਂ ਇਲਾਵਾ ਹੋਰ ਕੁਝ ਨਾ ਦੱਸ?”
17ਤਦ ਮੀਕਾਯਾਹ ਨੇ ਉੱਤਰ ਦਿੱਤਾ, “ਮੈਂ ਸਾਰੇ ਇਸਰਾਏਲ ਨੂੰ ਪਹਾੜਾਂ ਉੱਤੇ ਭੇਡਾਂ ਵਾਂਗੂੰ ਬਿਨਾਂ ਚਰਵਾਹੇ ਦੇ ਖਿੱਲਰੇ ਹੋਏ ਵੇਖਿਆ ਅਤੇ ਯਾਹਵੇਹ ਨੇ ਆਖਿਆ, ‘ਇਨ੍ਹਾਂ ਲੋਕਾਂ ਦਾ ਕੋਈ ਮਾਲਕ ਨਹੀਂ ਹੈ। ਹਰ ਇੱਕ ਨੂੰ ਸ਼ਾਂਤੀ ਨਾਲ ਆਪਣੇ ਘਰ ਜਾਣ ਦਿਓ।’ ”
18ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਉਹ ਮੇਰੇ ਬਾਰੇ ਕਦੇ ਵੀ ਭਲੇ ਦੀ ਭਵਿੱਖਬਾਣੀ ਨਹੀਂ ਕਰਦਾ, ਪਰ ਸਿਰਫ ਬੁਰਿਆਈ ਹੀ ਕਰਦਾ ਹੈ?”
19ਮੀਕਾਯਾਹ ਨੇ ਅੱਗੇ ਕਿਹਾ, “ਇਸ ਲਈ ਯਾਹਵੇਹ ਦਾ ਬਚਨ ਸੁਣੋ: ਮੈਂ ਯਾਹਵੇਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਸ ਦੇ ਸੱਜੇ ਅਤੇ ਖੱਬੇ ਅਤੇ ਉਸ ਦੇ ਦੁਆਲੇ ਖੜ੍ਹੀਆਂ ਸਨ। 20ਅਤੇ ਯਾਹਵੇਹ ਨੇ ਕਿਹਾ, ‘ਕੌਣ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਹੋ ਜਾਵੇਗੀ?’
“ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ। 21ਅੰਤ ਵਿੱਚ ਇੱਕ ਆਤਮਾ ਨਿੱਕਲ ਕੇ ਯਾਹਵੇਹ ਦੇ ਅੱਗੇ ਖੜ੍ਹਾ ਹੋਇਆ ਅਤੇ ਬੋਲਿਆ, ‘ਮੈਂ ਉਸ ਨੂੰ ਭਰਮਾਵਾਂਗਾ।’
22“ਤਾਂ ਯਾਹਵੇਹ ਨੇ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’
“ਅਤੇ ਆਤਮਾ ਨੇ ਉੱਤਰ ਦਿੱਤਾ, ‘ਮੈਂ ਬਾਹਰ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’
“ਯਾਹਵੇਹ ਨੇ ਆਖਿਆ, ‘ਤੂੰ ਸਫਲ ਹੋਵੇਗਾ, ਜਾਓ ਅਤੇ ਇਹ ਕਰੋ।’
23“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫ਼ੈਸਲਾ ਕੀਤਾ ਹੈ।”
24ਤਦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਮੀਕਾਯਾਹ ਦੇ ਮੂੰਹ ਉੱਤੇ ਚਪੇੜ ਮਾਰੀ ਅਤੇ ਪੁੱਛਿਆ, “ਯਾਹਵੇਹ ਦਾ ਆਤਮਾ ਮੇਰੇ ਵਿੱਚੋਂ ਕਿਵੇਂ ਨਿਕਲ ਕੇ ਤੇਰੇ ਨਾਲ ਗੱਲ ਕਰਨ ਲਈ ਆਇਆ?”
25ਮੀਕਾਯਾਹ ਨੇ ਜਵਾਬ ਦਿੱਤਾ, “ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।”
26ਤਦ ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ। 27ਅਤੇ ਆਖ, ‘ਰਾਜਾ ਇਹ ਆਖਦਾ ਹੈ: ਇਸ ਬੰਦੇ ਨੂੰ ਅੰਦਰ ਕੈਦ ਵਿੱਚ ਰੱਖੋ ਅਤੇ ਉਸਨੂੰ ਰੋਟੀ ਅਤੇ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ ਜਦੋਂ ਤੱਕ ਮੈਂ ਸਹੀ-ਸਲਾਮਤ ਵਾਪਸ ਨਾ ਆ ਜਾਵਾਂ।’ ”
28ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਸ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”
ਅਹਾਬ ਨੂੰ ਰਾਮੋਥ ਗਿਲਆਦ ਵਿੱਚ ਮਾਰਿਆ ਗਿਆ
29ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ। 30ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।
31ਹੁਣ ਅਰਾਮ ਦੇ ਰਾਜੇ ਨੇ ਆਪਣੇ ਬੱਤੀਆਂ ਰੱਥਾਂ ਦੇ ਸਰਦਾਰਾਂ ਨੂੰ ਹੁਕਮ ਦਿੱਤਾ ਸੀ, “ਇਸਰਾਏਲ ਦੇ ਰਾਜੇ ਤੋਂ ਬਿਨਾਂ ਕਿਸੇ ਛੋਟੇ ਜਾਂ ਵੱਡੇ ਨਾਲ ਨਾ ਲੜੋ।” 32ਜਦੋਂ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਹਨਾਂ ਨੇ ਸੋਚਿਆ, “ਯਕੀਨਨ ਇਹ ਇਸਰਾਏਲ ਦਾ ਰਾਜਾ ਹੈ।” ਇਸ ਲਈ ਉਹ ਉਸ ਉੱਤੇ ਹਮਲਾ ਕਰਨ ਲਈ ਮੁੜੇ, ਪਰ ਜਦੋਂ ਯਹੋਸ਼ਾਫ਼ਾਟ ਨੇ ਉੱਚੀ ਆਵਾਜ਼ ਨਾਲ ਪੁਕਰਿਆ, 33ਤਾਂ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਉਹ ਇਸਰਾਏਲ ਦਾ ਰਾਜਾ ਨਹੀਂ ਹੈ ਅਤੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।
34ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਨੇ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਕੇ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।” 35ਅਤੇ ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਰਾਜਾ ਆਪਣੇ ਰਥ ਉੱਤੇ ਅਰਾਮੀਆਂ ਦੇ ਸਾਮ੍ਹਣੇ ਖੜ੍ਹਾ ਸੀ। ਉਸ ਦੇ ਜ਼ਖਮ ਵਿੱਚੋਂ ਲਹੂ ਰੱਥ ਦੇ ਵਿੱਚ ਵੱਗਦਾ ਰਿਹਾ, ਅਤੇ ਉਸੇ ਸ਼ਾਮ ਉਸ ਦੀ ਮੌਤ ਹੋ ਗਈ। 36ਜਿਵੇਂ ਹੀ ਸੂਰਜ ਡੁੱਬ ਰਿਹਾ ਸੀ, ਫ਼ੌਜ ਵਿੱਚ ਇੱਕ ਆਵਾਜ਼ ਫੈਲ ਗਈ: “ਹਰੇਕ ਮਨੁੱਖ ਆਪਣੇ ਸ਼ਹਿਰ ਨੂੰ। ਹਰ ਆਦਮੀ ਆਪਣੀ ਧਰਤੀ ਨੂੰ ਚਲਾ ਜਾਵੇ!”
37ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ। 38ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।
39ਅਹਾਬ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਨੇ ਸਭ ਕੁਝ ਕੀਤਾ, ਉਹ ਮਹਿਲ ਜੋ ਉਸ ਨੇ ਬਣਾਇਆ ਅਤੇ ਹਾਥੀ ਦੰਦ ਨਾਲ ਸਜਾਇਆ ਅਤੇ ਜਿਹੜੇ ਸ਼ਹਿਰ ਉਸ ਨੇ ਮਜ਼ਬੂਤ ਕੀਤੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 40ਅਹਾਬ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।
ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ
41ਆਸਾ ਦਾ ਪੁੱਤਰ ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਸਾਲ ਵਿੱਚ ਯਹੂਦਾਹ ਦਾ ਰਾਜਾ ਬਣਿਆ। 42ਜਦੋਂ ਯਹੋਸ਼ਾਫ਼ਾਟ ਪਾਤਸ਼ਾਹ ਬਣਿਆ ਤਾਂ ਉਹ ਪੈਂਤੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਪੱਚੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ। 43ਹਰ ਗੱਲ ਵਿੱਚ ਉਹ ਆਪਣੇ ਪਿਤਾ ਆਸਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹਨਾਂ ਤੋਂ ਭਟਕਿਆ ਨਹੀਂ। ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ। ਪਰ ਉੱਚੀਆਂ ਥਾਵਾਂ ਨੂੰ ਨਾ ਹਟਾਇਆ, ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ। 44ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨਾਲ ਮੇਲ ਕੀਤਾ।
45ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਰ ਉਹ ਕਿਵੇਂ ਲੜਿਆ, ਇਹ ਯਹੂਦਾਹ ਦੇ ਰਾਜਾ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਸਨ। 46ਉਸਨੇ ਉਨ੍ਹਾਂ ਮਰਦ ਵੇਸਵਾਵਾਂ ਨੂੰ ਕੱਢ ਦਿੱਤਾ ਜੋ ਉਸਦੇ ਪਿਤਾ ਆਸਾ ਦੇ ਰਾਜ ਤੋਂ ਬਾਕੀ ਦੇਵਤਿਆਂ ਦੇ ਮੰਦਰਾਂ ਵਿੱਚ ਕੰਮ ਕਰ ਰਹੇ ਸਨ। 47ਤਦ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਸੂਬਾਈ ਗਵਰਨਰ ਨੇ ਰਾਜ ਕੀਤਾ।
48ਯਹੋਸ਼ਾਫ਼ਾਟ ਨੇ ਤਰਸ਼ੀਸ਼ ਜਹਾਜ਼ ਬਣਾਏ ਤਾਂ ਜੋ ਓਹ ਸੋਨੇ ਲਈ ਓਫੀਰ ਨੂੰ ਜਾਣ ਪਰ ਓਹ ਗਏ ਨਾ ਕਿਉਂ ਜੋ ਓਹ ਜਹਾਜ਼ ਏਸਯੋਨ ਗੇਬਰ ਕੋਲ ਟੁੱਟ ਗਏ। 49ਉਸ ਸਮੇਂ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੇਰੇ ਬੰਦਿਆਂ ਨੂੰ ਤੇਰੇ ਨਾਲ ਜਹਾਜ਼ ਵਿੱਚ ਚੜ੍ਹਨ ਦਿਓ,” ਪਰ ਯਹੋਸ਼ਾਫ਼ਾਟ ਨੇ ਇਨਕਾਰ ਕੀਤਾ।
50ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ।
ਇਸਰਾਏਲ ਦਾ ਰਾਜਾ ਅਹਜ਼ਯਾਹ
51ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਸਤਾਰਵੇਂ ਸਾਲ ਵਿੱਚ ਸਾਮਰਿਯਾ ਵਿੱਚ ਇਸਰਾਏਲ ਦਾ ਰਾਜਾ ਬਣਿਆ ਅਤੇ ਉਸਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ। 52ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਕਿਉਂ ਜੋ ਉਹ ਆਪਣੇ ਮਾਤਾ-ਪਿਤਾ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ। 53ਉਸ ਨੇ ਬਆਲ ਦੀ ਸੇਵਾ ਕੀਤੀ ਅਤੇ ਉਸ ਦੀ ਉਪਾਸਨਾ ਕੀਤੀ ਅਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਕ੍ਰੋਧ ਭੜਕਾਇਆ, ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ।
Currently Selected:
1 ਰਾਜਿਆਂ 22: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.