1 ਰਾਜਿਆਂ 17
17
ਏਲੀਯਾਹ ਨੇ ਇੱਕ ਵੱਡੇ ਸੋਕੇ ਦੀ ਘੋਸ਼ਣਾ ਕੀਤੀ
1ਤਾਂ ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ, “ਕਿ ਜੀਉਂਦੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।”
ਏਲੀਯਾਹ ਨੂੰ ਕਾਵਾਂ ਦੁਆਰਾ ਖੁਆਇਆ ਗਿਆ
2ਤਦ ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ: 3“ਇੱਥੋ ਚੱਲ, ਪੂਰਬ ਵੱਲ ਮੁੜ ਅਤੇ ਕਰੀਥ ਦੇ ਨਾਲੇ ਵੱਲ ਜੋ ਯਰਦਨ ਦੇ ਪੂਰਬ ਵੱਲ ਹੈ ਲੁਕ ਜਾ। 4ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।”
5ਇਸ ਲਈ ਉਸਨੇ ਉਹੀ ਕੀਤਾ ਜੋ ਯਾਹਵੇਹ ਨੇ ਉਸਨੂੰ ਕਿਹਾ ਸੀ। ਉਹ ਯਰਦਨ ਦੇ ਪੂਰਬ ਵੱਲ ਕਰੀਥ ਦੇ ਨਾਲੇ ਵੱਲ ਗਿਆ ਅਤੇ ਉੱਥੇ ਠਹਿਰਿਆ। 6ਤਾਂ ਕਾਂ ਉਸ ਦੇ ਲਈ ਸਵੇਰ ਨੂੰ ਰੋਟੀ ਅਤੇ ਮਾਸ ਅਤੇ ਸ਼ਾਮ ਨੂੰ ਰੋਟੀ ਅਤੇ ਮਾਸ ਲੈ ਕੇ ਆਉਂਦੇ ਸਨ ਅਤੇ ਉਹ ਨਾਲੇ ਤੋਂ ਪਾਣੀ ਪੀ ਲੈਂਦਾ ਸੀ।
ਏਲੀਯਾਹ ਅਤੇ ਵਿਧਵਾ ਸਾਰਫਥ ਵਿੱਚ
7ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂਕਿ ਧਰਤੀ ਉੱਤੇ ਮੀਂਹ ਨਹੀਂ ਪਿਆ ਸੀ। 8ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, 9“ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾਹ ਅਤੇ ਉੱਥੇ ਜਾ ਕੇ ਠਹਿਰ। ਵੇਖ ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਭੋਜਨ ਦੇਵੇ।” 10ਤਾਂ ਉਹ ਸਾਰਫਥ ਨੂੰ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਤਾਂ ਉੱਥੇ ਇੱਕ ਵਿਧਵਾ ਲੱਕੜੀਆ ਇਕੱਠੀਆਂ ਕਰ ਰਹੀ ਸੀ। ਉਸਨੇ ਉਸਨੂੰ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਮੇਰੇ ਲਈ ਘੜੇ ਵਿੱਚ ਥੋੜ੍ਹਾ ਜਿਹਾ ਪਾਣੀ ਲਿਆਵੇਂਗੀ ਤਾਂ ਜੋ ਮੈਂ ਪੀ ਸਕਾਂ?” 11ਜਦੋਂ ਉਹ ਲਿਆਉਣ ਲਈ ਗਈ ਤਾਂ ਉਸ ਨੇ ਉੱਚੀ ਪੁਕਾਰ ਉਸਨੂੰ ਬੋਲਿਆ, “ਕਿਰਪਾ ਕਰਕੇ ਇੱਕ ਟੁਕੜਾ ਰੋਟੀ ਦਾ ਵੀ ਲਿਆਉਂਦੀ ਆਵੀਂ।”
12ਅੱਗੋਂ ਉਸਨੇ ਆਖਿਆ, “ਜਿਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਬਰਤਨ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਪੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਸ ਨੂੰ ਖਾਈਏ ਅਤੇ ਮਰ ਜਾਈਏ।”
13ਤਾਂ ਏਲੀਯਾਹ ਨੇ ਉਸ ਨੂੰ ਆਖਿਆ, “ਨਾ ਡਰ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਹੁਣੇ ਕਿਹਾ ਹੈ ਪਰ ਪਹਿਲਾਂ ਉਸ ਵਿੱਚੋਂ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਦੇ ਲਈ ਪਕਾਈਂ। 14ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ: ‘ਕਿ ਨਾ ਬਰਤਨ ਵਿੱਚੋਂ ਆਟਾ ਮੁੱਕੇਗਾ ਨਾ ਕੁੱਪੀ ਦਾ ਤੇਲ ਘਟੇਗਾ ਜਦੋਂ ਤੱਕ ਯਾਹਵੇਹ ਜ਼ਮੀਨ ਉੱਤੇ ਮੀਂਹ ਨਾ ਪਾਵੇ।’ ”
15ਉਹ ਚਲੀ ਗਈ ਅਤੇ ਉਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਕਿਹਾ ਸੀ। ਇਸ ਲਈ ਏਲੀਯਾਹ ਅਤੇ ਔਰਤ ਅਤੇ ਉਸਦੇ ਪਰਿਵਾਰ ਲਈ ਹਰ ਰੋਜ਼ ਭੋਜਨ ਹੁੰਦਾ ਸੀ। 16ਅਤੇ ਨਾ ਬਰਤਨ ਵਿੱਚੋਂ ਆਟਾ ਮੁੱਕਾ ਨਾ ਕੁੱਪੀ ਦਾ ਤੇਲ ਘਟਿਆ। ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।
17ਤਾਂ ਐਉਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਸ ਦੀ ਬਿਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਕਿ ਉਸ ਦੇ ਵਿੱਚ ਪ੍ਰਾਣ ਨਾ ਰਹੇ 18ਤਾਂ ਉਸ ਨੇ ਏਲੀਯਾਹ ਨੂੰ ਆਖਿਆ, “ਹੇ ਪਰਮੇਸ਼ਵਰ ਦੇ ਬੰਦੇ, ਮੇਰਾ ਤੇਰੇ ਨਾਲ ਕੀ ਕੰਮ ਹੈ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ?”
19ਏਲੀਯਾਹ ਨੇ ਉੱਤਰ ਦਿੱਤਾ, “ਆਪਣਾ ਪੁੱਤਰ ਮੈਨੂੰ ਦੇ।” ਉਸਨੇ ਉਸਨੂੰ ਆਪਣੀਆਂ ਬਾਹਾਂ ਤੋਂ ਚੁੱਕ ਲਿਆ, ਉਸਨੂੰ ਉੱਪਰਲੇ ਕਮਰੇ ਵਿੱਚ ਲੈ ਗਿਆ ਜਿੱਥੇ ਉਹ ਰਹਿ ਰਿਹਾ ਸੀ, ਅਤੇ ਉਸਨੂੰ ਆਪਣੇ ਬਿਸਤਰੇ ਉੱਤੇ ਲੇਟਾਇਆ। 20ਤਦ ਏਲੀਯਾਹ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਇਸ ਵਿਧਵਾ ਉੱਤੇ ਕਿਉਂ ਮੁਸੀਬਤ ਲਿਆਈ ਹੈਂ ਜਿਸਨੇ ਆਪਣਾ ਘਰ ਮੇਰੇ ਲਈ ਖੋਲ੍ਹ ਦਿੱਤਾ ਹੈ ਅਤੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਹੈ?” 21ਤਦ ਉਸ ਨੇ ਆਪਣੇ ਆਪ ਨੂੰ ਲੜਕੇ ਉੱਤੇ ਤਿੰਨ ਵਾਰੀ ਪਸਾਰਿਆ ਅਤੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, “ਹੇ ਯਾਹਵੇਹ, ਮੇਰੇ ਪਰਮੇਸ਼ਵਰ, ਇਸ ਮੁੰਡੇ ਦੇ ਪ੍ਰਾਣ ਇਸ ਵਿੱਚ ਆ ਜਾਣ!”
22ਤਾਂ ਯਾਹਵੇਹ ਨੇ ਏਲੀਯਾਹ ਦੀ ਦੁਹਾਈ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਆ ਗਏ ਅਤੇ ਉਹ ਜਿਉਂਦਾ ਹੋ ਗਿਆ। 23ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਸ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, “ਵੇਖ, ਤੇਰਾ ਪੁੱਤਰ ਜਿਉਂਦਾ ਹੈ!”
24ਤਦ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਹੁਣ ਮੈਂ ਜਾਣਦੀ ਹਾਂ ਕਿ ਤੂੰ ਪਰਮੇਸ਼ਵਰ ਦਾ ਮਨੁੱਖ ਹੈ ਅਤੇ ਯਾਹਵੇਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ।”
Currently Selected:
1 ਰਾਜਿਆਂ 17: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.