1 ਰਾਜਿਆਂ 16
16
1ਤਦ ਯਾਹਵੇਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਕੋਲ ਬਆਸ਼ਾ ਦੇ ਵਿਖੇ ਆਇਆ: 2“ਮੈਂ ਤੈਨੂੰ ਮਿੱਟੀ ਤੋਂ ਉੱਠਾਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਠਹਿਰਾਇਆ ਪਰ ਤੂੰ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਮੇਰੀ ਪਰਜਾ ਇਸਰਾਏਲ ਤੋਂ ਪਾਪ ਕਰਵਾਇਆ ਜੋ ਉਹ ਆਪਣੇ ਪਾਪਾਂ ਨਾਲ ਮੈਨੂੰ ਕ੍ਰੋਧਵਾਨ ਕਰਨ। 3ਇਸ ਲਈ ਮੈਂ ਬਆਸ਼ਾ ਅਤੇ ਉਹ ਦੇ ਘਰਾਣੇ ਨੂੰ ਮਿਟਾਉਣ ਵਾਲਾ ਹਾਂ ਅਤੇ ਮੈਂ ਤੇਰੇ ਘਰ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਵਰਗਾ ਬਣਾਵਾਂਗਾ। 4ਕੁੱਤੇ ਬਆਸ਼ਾ ਦੇ ਲੋਕਾਂ ਨੂੰ ਖਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ, ਅਤੇ ਪੰਛੀ ਉਹਨਾਂ ਨੂੰ ਖਾਣਗੇ ਜਿਹੜੇ ਦੇਸ਼ ਵਿੱਚ ਮਰਨਗੇ।”
5ਬਆਸ਼ਾ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 6ਬਆਸ਼ਾ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਤਿਰਜ਼ਾਹ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਏਲਾਹ ਉਸ ਤੋਂ ਬਾਅਦ ਰਾਜਾ ਬਣਿਆ।
7ਇਸ ਤੋਂ ਇਲਾਵਾ, ਯਾਹਵੇਹ ਦਾ ਬਚਨ ਹਨਾਨੀ ਦੇ ਪੁੱਤਰ ਯੇਹੂ ਨਬੀ ਦੇ ਰਾਹੀਂ ਬਆਸ਼ਾ ਅਤੇ ਉਸਦੇ ਘਰਾਣੇ ਨੂੰ ਪਹੁੰਚਿਆ, ਅਤੇ ਇਸ ਦਾ ਕਾਰਨ ਉਹ ਸਭ ਬੁਰਿਆਈ ਸੀ ਜੋ ਉਸ ਨੇ ਯਾਹਵੇਹ ਦੇ ਵੇਖਣ ਵਿੱਚ ਕੀਤੀ ਜਦ ਉਸ ਨੇ ਆਪਣੇ ਹੱਥਾਂ ਦੇ ਕੰਮ ਨਾਲ ਅਤੇ ਯਾਰਾਬੁਆਮ ਦੇ ਘਰਾਣੇ ਜਿਹਾ ਹੋਣ ਨਾਲ ਉਸ ਨੂੰ ਕ੍ਰੋਧਵਾਨ ਕੀਤਾ ਅਤੇ ਇਸ ਲਈ ਵੀ ਕਿ ਉਸਨੇ ਉਸ ਨੂੰ ਮਾਰ ਸੁੱਟਿਆ।
ਇਸਰਾਏਲ ਦਾ ਰਾਜਾ ਏਲਾਹ
8ਯਹੂਦਾਹ ਦੇ ਪਾਤਸ਼ਾਹ ਆਸਾ ਦੇ ਛੱਬੀਵੇਂ ਵਰ੍ਹੇ ਬਆਸ਼ਾ ਦਾ ਪੁੱਤਰ ਏਲਾਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਤਿਰਜ਼ਾਹ ਵਿੱਚ ਦੋ ਸਾਲ ਰਾਜ ਕੀਤਾ।
9ਜ਼ਿਮਰੀ, ਉਸਦੇ ਇੱਕ ਅਧਿਕਾਰੀ ਨੇ, ਜਿਸ ਕੋਲ ਉਸਦੇ ਅੱਧੇ ਰੱਥਾਂ ਦੀ ਕਮਾਨ ਸੀ, ਅਤੇ ਉਸ ਨੇ ਉਹ ਦੇ ਵਿਰੁੱਧ ਵਿਉਂਤ ਬਣਾਈ। ਏਲਾਹ ਉਸ ਸਮੇਂ ਤਿਰਜ਼ਾਹ ਵਿੱਚ ਸੀ, ਤਿਰਜ਼ਾਹ ਦੇ ਮਹਿਲ ਦੇ ਪ੍ਰਬੰਧਕ ਅਰਜ਼ਾ ਦੇ ਘਰ ਸ਼ਰਾਬ ਪੀ ਕੇ ਮਤਵਾਲਾ ਹੋ ਰਿਹਾ ਸੀ। 10ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਸਾਲ ਜ਼ਿਮਰੀ ਨੇ ਅੰਦਰ ਆ ਕੇ ਉਹ ਨੂੰ ਮਾਰਿਆ ਅਤੇ ਮਾਰ ਸੁੱਟਿਆ। ਫਿਰ ਉਹ ਉਸ ਤੋਂ ਬਾਅਦ ਰਾਜਾ ਬਣਿਆ।
11ਜਿਵੇਂ ਹੀ ਉਹ ਰਾਜ ਕਰਨ ਲੱਗਾ ਅਤੇ ਗੱਦੀ ਉੱਤੇ ਬਿਰਾਜਮਾਨ ਹੋਇਆ ਤਾਂ ਉਸ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਮਾਰ ਸੁੱਟਿਆ। ਉਸਨੇ ਇੱਕ ਵੀ ਮਰਦ ਨੂੰ ਚਾਹੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਵਿੱਚੋਂ ਨਹੀਂ ਬਖ਼ਸ਼ਿਆ। 12ਇਸ ਲਈ ਜ਼ਿਮਰੀ ਨੇ ਬਆਸ਼ਾ ਦੇ ਸਾਰੇ ਘਰਾਣੇ ਨੂੰ ਨਾਸ਼ ਕਰ ਦਿੱਤਾ, ਯਾਹਵੇਹ ਦੇ ਬਚਨ ਦੇ ਅਨੁਸਾਰ ਜੋ ਬਆਸ਼ਾ ਦੇ ਵਿਰੁੱਧ ਯੇਹੂ ਨਬੀ ਦੇ ਰਾਹੀਂ ਬੋਲਿਆ ਗਿਆ ਸੀ। 13ਉਹਨਾਂ ਸਾਰੇ ਪਾਪਾਂ ਦੇ ਕਾਰਨ ਜੋ ਬਆਸ਼ਾ ਅਤੇ ਉਸਦੇ ਪੁੱਤਰ ਏਲਾਹ ਨੇ ਕੀਤੇ ਸਨ ਅਤੇ ਇਸਰਾਏਲ ਕੋਲੋ ਵੀ ਪਾਪ ਕਰਵਾਇਆ, ਤਾਂ ਜੋ ਉਹਨਾਂ ਨੇ ਆਪਣੀਆਂ ਬੇਕਾਰ ਮੂਰਤੀਆਂ ਦੁਆਰਾ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਗੁੱਸਾ ਭੜਕਾਇਆ।
14ਏਲਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਅਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਇਸਰਾਏਲ ਦਾ ਰਾਜਾ ਜ਼ਿਮਰੀ
15ਯਹੂਦਾਹ ਦੇ ਪਾਤਸ਼ਾਹ ਆਸਾ ਦੇ ਸਤਾਈਵੇਂ ਵਰ੍ਹੇ ਜ਼ਿਮਰੀ ਨੇ ਤਿਰਜ਼ਾਹ ਵਿੱਚ ਸੱਤ ਦਿਨ ਰਾਜ ਕੀਤਾ। ਫ਼ੌਜ ਨੇ ਫ਼ਲਿਸਤੀਆਂ ਦੇ ਕਸਬੇ ਗਿਬਥੋਨ ਨੇੜੇ ਡੇਰਾ ਲਾਇਆ ਹੋਇਆ ਸੀ। 16ਜਦੋਂ ਡੇਰੇ ਵਿੱਚ ਇਸਰਾਏਲੀਆਂ ਨੇ ਸੁਣਿਆ ਕਿ ਜ਼ਿਮਰੀ ਨੇ ਰਾਜੇ ਦੇ ਵਿਰੁੱਧ ਵਿਉਂਤ ਬਣਾਈ ਹੈ ਅਤੇ ਉਸ ਦਾ ਕਤਲ ਕਰ ਦਿੱਤਾ ਹੈ, ਤਾਂ ਉਹਨਾਂ ਨੇ ਉਸੇ ਦਿਨ ਡੇਰੇ ਵਿੱਚ ਆਮਰੀ ਸੈਨਾਪਤੀ ਨੂੰ ਇਸਰਾਏਲ ਦਾ ਰਾਜਾ ਘੋਸ਼ਿਤ ਕੀਤਾ। 17ਤਦ ਆਮਰੀ ਅਤੇ ਉਸ ਦੇ ਨਾਲ ਦੇ ਸਾਰੇ ਇਸਰਾਏਲੀ ਗਿਬਥੋਨ ਤੋਂ ਹਟ ਗਏ ਅਤੇ ਤਿਰਜ਼ਾਹ ਨੂੰ ਘੇਰਾ ਪਾ ਲਿਆ। 18ਜਦੋਂ ਜ਼ਿਮਰੀ ਨੇ ਵੇਖਿਆ ਜੋ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਤਾਂ ਉਹ ਸ਼ਾਹੀ ਮਹਿਲ ਦੇ ਕਿਲ੍ਹੇ ਵਿੱਚ ਜਾ ਕੇ ਉਸ ਨੇ ਮਹਿਲ ਨੂੰ ਅੱਗ ਲਾ ਕੇ ਆਪਣੇ ਆਪ ਨੂੰ ਸਾੜ ਲਿਆ। ਇਸ ਲਈ ਉਹ ਮਰ ਗਿਆ, 19ਕਿਉਂਕਿ ਉਸ ਨੇ ਆਪਣੇ ਕੀਤੇ ਹੋਏ ਪਾਪਾਂ ਦੇ ਕਾਰਨ, ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਸਰਾਏਲ ਤੋਂ ਕਰਵਾਏ।
20ਜਿਥੋਂ ਤੱਕ ਜ਼ਿਮਰੀ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਬਗਾਵਤ ਉਸ ਨੇ ਕੀਤੀ ਸੀ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਇਸਰਾਏਲ ਦਾ ਰਾਜਾ ਆਮਰੀ
21ਤਦ ਇਸਰਾਏਲ ਦੇ ਲੋਕ ਦੋ ਹਿੱਸਿਆਂ ਵਿੱਚ ਵੰਡੇ ਗਏ; ਅੱਧੇ ਲੋਕ ਗਿਨਾਥ ਦੇ ਪੁੱਤਰ ਤਿਬਨੀ ਦੇ ਮਗਰ ਸਨ ਕਿ ਉਹ ਉਸ ਨੂੰ ਰਾਜਾ ਬਣਾਉਣ ਅਤੇ ਅੱਧੇ ਆਮਰੀ ਦੇ ਮਗਰ ਸਨ। 22ਪਰ ਆਮਰੀ ਦੇ ਸਾਮਰਥਨ ਗਿਨਾਥ ਦੇ ਪੁੱਤਰ ਤਿਬਨੀ ਦੇ ਸਹਿਯੋਗੀਆਂ ਨਾਲੋਂ ਵੱਧ ਬਲਵਾਨ ਸਾਬਤ ਹੋਏ। ਇਸ ਲਈ ਤਿਬਨੀ ਮਰ ਗਿਆ ਅਤੇ ਆਮਰੀ ਰਾਜਾ ਬਣ ਗਿਆ।
23ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਸਾਲ ਵਿੱਚ, ਆਮਰੀ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਬਾਰਾਂ ਸਾਲ ਰਾਜ ਕੀਤਾ, ਜਿਨ੍ਹਾਂ ਵਿੱਚੋਂ ਛੇ ਤਿਰਜ਼ਾਹ ਵਿੱਚ ਸਨ। 24ਉਸ ਨੇ ਸਾਮਰਿਯਾ ਦੀ ਪਹਾੜੀ ਨੂੰ ਸ਼ਮੇਰ ਤੋਂ ਦੋ ਤੋਲੇ ਚਾਂਦੀ ਦੇ ਕੇ ਮੁੱਲ ਲਿਆ ਅਤੇ ਪਹਾੜੀ ਉੱਤੇ ਇੱਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਮ ਸ਼ਮੇਰ ਦੇ ਨਾਮ ਉੱਤੇ, ਪਹਾੜੀ ਦੇ ਪਹਿਲੇ ਮਾਲਕ ਦੇ ਨਾਮ ਉੱਤੇ ਸਾਮਰਿਯਾ ਰੱਖਿਆ।
25ਪਰ ਆਮਰੀ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਆਪਣੇ ਤੋਂ ਪਹਿਲਾਂ ਦੇ ਸਾਰੇ ਲੋਕਾਂ ਨਾਲੋਂ ਵੱਧ ਪਾਪ ਕੀਤਾ। 26ਉਹ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਹਾਂ ਉੱਤੇ ਪੂਰੀ ਤਰ੍ਹਾਂ ਚੱਲਿਆ ਅਤੇ ਉਹੀ ਪਾਪ ਕੀਤਾ ਜੋ ਯਾਰਾਬੁਆਮ ਨੇ ਇਸਰਾਏਲ ਤੋਂ ਕਰਵਾਇਆ ਸੀ, ਤਾਂ ਜੋ ਉਹਨਾਂ ਨੇ ਆਪਣੀਆਂ ਨਿਕੰਮੀਆਂ ਮੂਰਤੀਆਂ ਦੁਆਰਾ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦਾ ਕ੍ਰੋਧ ਭੜਕਾਇਆ।
27ਆਮਰੀ ਦੇ ਰਾਜ ਦੀਆਂ ਹੋਰ ਘਟਨਾਵਾਂ ਜੋ ਉਸ ਨੇ ਕੀਤੀਆਂ ਅਤੇ ਜੋ ਕੁਝ ਉਸ ਨੇ ਕੀਤਾ ਸੀ ਅਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 28ਆਮਰੀ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਸਾਮਰਿਯਾ ਵਿੱਚ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਹਾਬ ਉਸਦੇ ਬਾਅਦ ਪਾਤਸ਼ਾਹ ਬਣਿਆ।
ਅਹਾਬ ਇਸਰਾਏਲ ਦਾ ਰਾਜਾ ਬਣਿਆ
29ਯਹੂਦਾਹ ਦੇ ਪਾਤਸ਼ਾਹ ਆਸਾ ਦੇ ਅਠੱਤੀਵੇਂ ਸਾਲ ਵਿੱਚ ਆਮਰੀ ਦਾ ਪੁੱਤਰ ਅਹਾਬ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਸਾਮਰਿਯਾ ਵਿੱਚ ਬਾਈ ਸਾਲ ਤੱਕ ਇਸਰਾਏਲ ਉੱਤੇ ਰਾਜ ਕੀਤਾ। 30ਆਮਰੀ ਦੇ ਪੁੱਤਰ ਅਹਾਬ ਨੇ ਯਾਹਵੇਹ ਦੀ ਨਿਗਾਹ ਵਿੱਚ ਆਪਣੇ ਤੋਂ ਪਹਿਲਾਂ ਦੇ ਲੋਕਾਂ ਨਾਲੋਂ ਵੱਧ ਬੁਰਾਈ ਕੀਤੀ। 31ਤਾਂ ਐਉਂ ਹੋਇਆ ਕਿ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਆਮ ਅਜਿਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ੇਬੇਲ ਨਾਲ ਵਿਆਹ ਕਰ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ। 32ਉਸ ਨੇ ਸਾਮਰਿਯਾ ਵਿੱਚ ਬਆਲ ਦੇ ਮੰਦਰ ਵਿੱਚ ਬਆਲ ਲਈ ਇੱਕ ਜਗਵੇਦੀ ਬਣਾਈ। 33ਅਹਾਬ ਨੇ ਅਸ਼ੇਰਾਹ ਦਾ ਇੱਕ ਖੰਭਾ ਵੀ ਬਣਾਇਆ ਅਤੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਉਣ ਲਈ ਉਸ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਕ੍ਰੋਧ ਚੜ੍ਹਾਇਆ।
34ਅਹਾਬ ਦੇ ਸਮੇਂ ਵਿੱਚ, ਬੈਥਲ ਨਿਵਾਸੀ ਦੇ ਹੀਲ ਨੇ ਯਰੀਹੋ ਨੂੰ ਦੁਬਾਰਾ ਬਣਾਇਆ। ਉਸਨੇ ਇਸਦੀ ਨੀਂਹ ਆਪਣੇ ਜੇਠੇ ਪੁੱਤਰ ਅਬੀਰਾਮ ਦੀ ਕੀਮਤ ਉੱਤੇ ਰੱਖੀ, ਅਤੇ ਉਸਨੇ ਨੂਨ ਦੇ ਪੁੱਤਰ ਯਹੋਸ਼ੂਆ ਦੁਆਰਾ ਕਹੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਆਪਣੇ ਸਭ ਤੋਂ ਛੋਟੇ ਪੁੱਤਰ ਸਗੂਬ ਦੀ ਕੀਮਤ ਉੱਤੇ ਇਸ ਦੇ ਦਰਵਾਜ਼ੇ ਸਥਾਪਤ ਕੀਤੇ।
Currently Selected:
1 ਰਾਜਿਆਂ 16: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.