1 ਰਾਜਿਆਂ 18
18
ਏਲੀਯਾਹ ਅਤੇ ਓਬਦਯਾਹ
1ਬਹੁਤ ਦੇਰ ਬਾਅਦ, ਤੀਜੇ ਸਾਲ ਵਿੱਚ, ਯਾਹਵੇਹ ਦਾ ਬਚਨ ਏਲੀਯਾਹ ਨੂੰ ਆਇਆ: “ਜਾ ਅਤੇ ਅਹਾਬ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰ, ਅਤੇ ਮੈਂ ਧਰਤੀ ਉੱਤੇ ਮੀਂਹ ਪਾਵਾਂਗਾ।” 2ਇਸ ਲਈ ਏਲੀਯਾਹ ਆਪਣੇ ਆਪ ਨੂੰ ਅਹਾਬ ਕੋਲ ਪੇਸ਼ ਕਰਨ ਲਈ ਗਿਆ।
ਹੁਣ ਸਾਮਰਿਯਾ ਵਿੱਚ ਸਖ਼ਤ ਕਾਲ ਸੀ, 3ਅਤੇ ਅਹਾਬ ਨੇ ਓਬਦਯਾਹ ਨੂੰ ਜੋ ਉਸਦੇ ਮਹਿਲ ਦਾ ਦੀਵਾਨ ਸੀ ਬੁਲਾਇਆ। (ਓਬਦਯਾਹ ਯਾਹਵੇਹ ਕੋਲੋ ਡਰਦਾ ਸੀ। 4ਜਦੋਂ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਮਾਰ ਰਹੀ ਸੀ, ਓਬਦਯਾਹ ਨੇ ਸੌ ਨਬੀਆਂ ਨੂੰ ਲਿਆ ਅਤੇ ਉਹਨਾਂ ਨੂੰ ਪੰਜਾਹ-ਪੰਜਾਹ ਕਰਕੇ ਦੋ ਗੁਫ਼ਾਂਵਾਂ ਵਿੱਚ ਛੁਪਾ ਦਿੱਤਾ, ਅਤੇ ਉਹਨਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਸੀ।) 5ਤਾਂ ਅਹਾਬ ਨੇ ਓਬਦਯਾਹ ਨੂੰ ਆਖਿਆ, “ਦੇਸ਼ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲਿਆਂ ਕੋਲ ਜਾਹ। ਸ਼ਾਇਦ ਸਾਨੂੰ ਘਾਹ ਲੱਭੇ ਅਤੇ ਅਸੀਂ ਘੋੜੇ ਖੱਚਰਾਂ ਨੂੰ ਜੀਉਂਦੇ ਰੱਖ ਸਕੀਏ ਅਰ ਡੰਗਰਾਂ ਨੂੰ ਨਾ ਗੁਆਈਏ। 6ਸੋ ਉਹਨਾਂ ਨੇ ਦੇਸ਼ ਦੇ ਵਿੱਚੋਂ ਲੰਘਣ ਲਈ ਉਸ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਯਾਹ ਇਕੱਲਾ ਦੂਜੇ ਰਾਹ ਗਿਆ।”
7ਜਦੋਂ ਓਬਦਯਾਹ ਰਾਹ ਵਿੱਚ ਸੀ, ਏਲੀਯਾਹ ਉਸ ਨੂੰ ਮਿਲਿਆ। ਓਬਦਯਾਹ ਨੇ ਉਸ ਨੂੰ ਪਛਾਣ ਲਿਆ, ਜ਼ਮੀਨ ਉੱਤੇ ਝੁਕਿਆ ਅਤੇ ਕਿਹਾ, “ਕੀ ਇਹ ਸੱਚਮੁੱਚ ਤੂੰ ਹੀ ਹੈ, ਮੇਰੇ ਮਹਾਰਾਜ ਏਲੀਯਾਹ?”
8ਉਸ ਨੇ ਉੱਤਰ ਦਿੱਤਾ, “ਹਾਂ, ਇਹ ਮੈਂ ਹੀ ਹਾਂ, ‘ਜਾ ਆਪਣੇ ਮਾਲਕ ਨੂੰ ਆਖ ਕਿ ਏਲੀਯਾਹ ਆਇਆ ਹੈ।’ ”
9ਤਾਂ ਉਸ ਨੇ ਆਖਿਆ, “ਮੈਂ ਕੀ ਪਾਪ ਕੀਤਾ, ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ? 10ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ। 11ਪਰ ਹੁਣ ਤੂੰ ਮੈਨੂੰ ਮੇਰੇ ਮਾਲਕ ਕੋਲ ਜਾਣ ਲਈ ਆਖਦਾ ਹੈ ਕਿ ਵੇਖੋ, ‘ਏਲੀਯਾਹ ਇੱਥੇ ਹੈ।’ 12ਮੈਂ ਨਹੀਂ ਜਾਣਦਾ ਕਿ ਜਦੋਂ ਮੈਂ ਤੇਰੇ ਕੋਲੋ ਚਲਿਆ ਜਾਵਾਂਗਾ ਤਾਂ ਯਾਹਵੇਹ ਦਾ ਆਤਮਾ ਤੈਨੂੰ ਕਿੱਥੇ ਲੈ ਜਾਵੇਗਾ। ਜੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਸਨੂੰ ਨਾ ਲੱਭਾ, ਤਾਂ ਉਹ ਮੈਨੂੰ ਮਾਰ ਦੇਵੇਗਾ। ਫਿਰ ਵੀ ਮੈਂ ਤੇਰਾ ਦਾਸ ਆਪਣੇ ਬਚਪਨ ਤੋਂ ਹੀ ਯਾਹਵੇਹ ਦੀ ਸੇਵਾ ਕਰਦਾ ਆ ਰਿਹਾ ਹਾਂ। 13ਭਲਾ, ਹੇ ਮੇਰੇ ਮਹਾਰਾਜ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਈਜ਼ੇਬੇਲ ਯਾਹਵੇਹ ਦੇ ਨਬੀਆਂ ਨੂੰ ਵੱਢ ਰਹੀ ਸੀ ਭਈ ਮੈਂ ਕਿੱਕਰ ਯਾਹਵੇਹ ਦੇ ਨਬੀਆਂ ਵਿੱਚੋਂ ਸੌ ਮਨੁੱਖ ਪੰਜਾਹ-ਪੰਜਾਹ ਕਰ ਕੇ ਇੱਕ ਖੁੰਧਰ ਵਿੱਚ ਲੁਕਾ ਛੱਡੇ ਸਨ ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ। 14ਹੁਣ ਤੂੰ ਕਹਿੰਦਾ ਹੈ ਜਾਹ ਆਪਣੇ ਮਾਲਕ ਨੂੰ ਆਖ, ‘ਭਈ ਵੇਖੋ ਏਲੀਯਾਹ ਆਇਆ ਹੈ।’ ਉਹ ਮੈਨੂੰ ਵੱਢ ਸੁੱਟੇਗਾ!”
15ਏਲੀਯਾਹ ਨੇ ਕਿਹਾ, “ਸੈਨਾ ਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਅੱਜ ਆਪਣੇ ਆਪ ਨੂੰ ਅਹਾਬ ਅੱਗੇ ਜ਼ਰੂਰ ਪੇਸ਼ ਕਰਾਂਗਾ।”
ਏਲੀਯਾਹ ਕਰਮਲ ਪਰਬਤ ਉੱਤੇ
16ਸੋ ਓਬਦਯਾਹ ਅਹਾਬ ਨੂੰ ਮਿਲਣ ਗਿਆ ਅਤੇ ਉਸ ਨੂੰ ਦੱਸਿਆ ਅਤੇ ਅਹਾਬ ਏਲੀਯਾਹ ਨੂੰ ਮਿਲਣ ਲਈ ਆਇਆ। 17ਜਦੋਂ ਅਹਾਬ ਨੇ ਏਲੀਯਾਹ ਨੂੰ ਵੇਖਿਆ ਤਾਂ ਉਹ ਨੂੰ ਆਖਿਆ, “ਕੀ ਤੂੰ ਹੀ ਹੈ, ਹੇ ਇਸਰਾਏਲ ਨੂੰ ਦੁਖੀ ਕਰਨ ਵਾਲੇ?”
18ਤਾਂ ਏਲੀਯਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਪਰ ਤੂੰ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੂੰ ਯਾਹਵੇਹ ਦੇ ਹੁਕਮਾਂ ਨੂੰ ਛੱਡ ਦਿੱਤਾ ਅਤੇ ਬਆਲ ਦੇ ਮਗਰ ਚੱਲ ਪਏ। 19ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਪਰਬਤ ਕੋਲ ਸੱਦ ਕੇ ਇਕੱਠਾ ਕਰ ਨਾਲੇ ਬਆਲ ਦੇ ਸਾਢੇ ਚਾਰ ਸੌ ਨਬੀ ਅਤੇ ਅਸ਼ੇਰਾਹ ਦੇਵੀ ਦੇ ਚਾਰ ਸੌ ਨਬੀ ਜਿਹੜੇ ਈਜ਼ੇਬੇਲ ਦੇ ਲੰਗਰ ਵਿੱਚੋਂ ਖਾਂਦੇ ਹਨ।”
20ਤਾਂ ਅਹਾਬ ਨੇ ਸਾਰੇ ਇਸਰਾਏਲ ਵਿੱਚ ਸੰਦੇਸ਼ ਭੇਜਿਆ ਅਤੇ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। 21ਤਾਂ ਏਲੀਯਾਹ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ, “ਭਲਾ, ਤੁਸੀਂ ਕਦੋਂ ਤੱਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਾਹਵੇਹ ਪਰਮੇਸ਼ਵਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।”
ਪਰ ਲੋਕਾਂ ਨੇ ਕੁਝ ਵੀ ਨਹੀਂ ਕਿਹਾ।
22ਤਦ ਏਲੀਯਾਹ ਨੇ ਉਹਨਾਂ ਨੂੰ ਆਖਿਆ, “ਮੈਂ ਇਕੱਲਾ ਹੀ ਯਾਹਵੇਹ ਦਾ ਨਬੀ ਰਹਿ ਗਿਆ ਹਾਂ ਪਰ ਬਆਲ ਦੇ ਚਾਰ ਸੌ ਪੰਜਾਹ ਨਬੀ ਹਨ। 23ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਅਰ ਉਹ ਨੂੰ ਟੋਟੇ-ਟੋਟੇ ਕਰ ਕੇ ਬਾਲਣ ਦੇ ਉੱਤੇ ਰੱਖਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਸਰਾ ਬਲਦ ਤਿਆਰ ਕਰਕੇ ਉਹ ਨੂੰ ਬਾਲਣ ਉੱਤੇ ਰੱਖਾਂਗਾ, ਪਰ ਅੱਗ ਨਾ ਲਾਵਾਂਗਾ। 24ਤਦ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਾਹਵੇਹ ਦੇ ਨਾਮ ਉੱਤੇ ਪੁਕਾਰਾਂਗਾ। ਉਹ ਦੇਵਤਾ ਜੋ ਅੱਗ ਦੁਆਰਾ ਜਵਾਬ ਦੇਵੇਂ ਉਹ ਪਰਮੇਸ਼ਵਰ ਹੈ।”
ਤਦ ਸਾਰੇ ਲੋਕਾਂ ਨੇ ਕਿਹਾ, “ਜੋ ਤੁਸੀਂ ਕਹਿੰਦੇ ਹੋ ਇਹ ਚੰਗੀ ਗੱਲ ਹੈ।”
25ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਆਖਿਆ, “ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਓ ਅਤੇ ਤੁਸੀਂ ਪਹਿਲਾਂ ਉਹ ਨੂੰ ਤਿਆਰ ਕਰੋ ਕਿਉਂ ਜੋ ਤੁਸੀਂ ਬਹੁਤੇ ਹੋ ਅਰ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ।” 26ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ।
ਅਤੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਾਲ, ਸਾਡੀ ਸੁਣ। ਪਰ ਕੁਝ ਆਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ।
27ਦੁਪਹਿਰ ਨੂੰ ਐਉਂ ਹੋਇਆ ਕਿ ਏਲੀਯਾਹ ਨੇ ਉਹਨਾਂ ਦਾ ਮਖੌਲ ਉਡਾ ਕੇ ਆਖਿਆ, “ਉੱਚੀ ਦੇ ਕੇ ਬੁਲਾਓ! ਕਿਉਂ ਜੋ ਉਹ ਤਾਂ ਦੇਵਤਾ ਹੈ! ਕੀ ਪਤਾ ਜੋ ਉਹ ਸੋਚ ਵਿੱਚ ਹੋਵੇ ਜਾਂ ਕਿਤੇ ਗਿਆ ਹੋਵੇ ਜਾਂ ਉਹ ਸਫ਼ਰ ਵਿੱਚ ਹੋਵੇ ਜਾਂ ਸ਼ਾਇਦ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ।” 28ਸੋ ਉਹ ਉੱਚੀ-ਉੱਚੀ ਰੌਲਾ ਪਾਉਂਦੇ ਅਤੇ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਬਰਛਿਆਂ ਨਾਲ ਆਪਣੇ ਆਪ ਨੂੰ ਵੱਢਦੇ ਰਹੇ, ਜਦ ਤੱਕ ਉਹਨਾਂ ਦੇ ਸਰੀਰ ਵਿੱਚੋਂ ਲਹੂ ਨਾ ਵਹਿ ਗਿਆ। 29ਤਾਂ ਐਉਂ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸਾਂਮ ਦੀ ਭੇਟ ਚੜ੍ਹਾਉਣ ਦੇ ਵੇਲੇ ਤੱਕ ਵਾਚਦੇ ਰਹੇ ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਧਿਆਨ ਕਰਨ ਵਾਲਾ ਸੀ।
30ਤਦ ਏਲੀਯਾਹ ਨੇ ਸਾਰੇ ਲੋਕਾਂ ਨੂੰ ਆਖਿਆ, “ਇੱਥੇ ਮੇਰੇ ਨੇੜੇ ਆਓ।” ਉਹ ਉਸਦੇ ਕੋਲ ਆਏ ਅਤੇ ਉਸਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ, ਜੋ ਢਾਹ ਦਿੱਤੀ ਗਈ ਸੀ। 31ਏਲੀਯਾਹ ਨੇ ਯਾਕੋਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਾਹਵੇਹ ਦਾ ਬਚਨ ਇਸ ਤਰ੍ਹਾਂ ਆਇਆ, “ਕਿ ਤੇਰਾ ਨਾਮ ਇਸਰਾਏਲ ਹੋਵੇਗਾ ਬਾਰਾਂ ਪੱਥਰ ਲਏ।” 32ਪੱਥਰਾਂ ਨਾਲ ਉਸ ਨੇ ਯਾਹਵੇਹ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਉਸ ਦੇ ਆਲੇ-ਦੁਆਲੇ ਇੱਕ ਖਾਈ ਪੁੱਟੀ ਜਿਸ ਦੇ ਵਿੱਚ ਵੀਹ ਕੁ ਸੇਰ#18:32 ਲਗਭਗ 11 ਕਿਲੋਗ੍ਰਾਮ ਬੀਜ ਸਮਾਂ ਜਾਣ। 33ਉਸ ਨੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ-ਟੋਟੇ ਕਰ ਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ, “ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਅਰ ਬਾਲਣ ਉੱਤੇ ਡੋਹਲ ਦਿਓ।”
34ਉਸ ਨੇ ਕਿਹਾ, “ਇਸ ਨੂੰ ਦੂਸਰੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਦੂਸਰੀ ਵਾਰ ਕੀਤਾ।
ਫਿਰ ਉਸਨੇ ਹੁਕਮ ਦਿੱਤਾ, “ਇਸ ਨੂੰ ਤੀਜੀ ਵਾਰ ਕਰੋ,” ਅਤੇ ਉਹਨਾਂ ਨੇ ਇਹ ਤੀਜੀ ਵਾਰ ਕੀਤਾ। 35ਪਾਣੀ ਜਗਵੇਦੀ ਦੇ ਦੁਆਲੇ ਵਗਿਆ ਅਤੇ ਖਾਈ ਵੀ ਭਰ ਗਈ।
36ਤਾਂ ਸਾਂਮ ਦੀ ਕੁਰਬਾਨੀ ਦੇ ਸਮੇਂ, ਏਲੀਯਾਹ ਨਬੀ ਨੇ ਅੱਗੇ ਵਧ ਕੇ ਪ੍ਰਾਰਥਨਾ ਕੀਤੀ: “ਹੇ ਯਾਹਵੇਹ, ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਅੱਜ ਇਹ ਜਾਣਿਆ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ਵਰ ਹੈ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਹੁਕਮ ਦੇ ਅਨੁਸਾਰ ਕੀਤਾ ਹੈ। 37ਮੈਨੂੰ ਉੱਤਰ ਦੇ, ਹੇ ਯਾਹਵੇਹ ਮੈਨੂੰ ਉੱਤਰ ਦੇ, ਤਾਂ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ, ਅਤੇ ਤੂੰ ਉਹਨਾਂ ਦੇ ਦਿਲਾਂ ਨੂੰ ਮੋੜ ਲਿਆ।”
38ਤਦ ਯਾਹਵੇਹ ਦੀ ਅੱਗ ਆਣ ਡਿੱਗੀ ਅਤੇ ਉਸ ਨੇ ਹੋਮ ਦੀ ਬਲੀ ਅਤੇ ਲੱਕੜਾਂ ਅਤੇ ਪੱਥਰਾਂ ਅਤੇ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।
39ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤਾਂ ਉਹ ਸਭ ਮੂੰਹ ਭਾਰ ਡਿੱਗ ਪਏ ਅਤੇ ਬੋਲੇ, “ਯਾਹਵੇਹ ਉਹ ਪਰਮੇਸ਼ਵਰ ਹੈ! ਯਾਹਵੇਹ ਉਹ ਪਰਮੇਸ਼ਵਰ ਹੈ!”
40ਤਦ ਏਲੀਯਾਹ ਨੇ ਉਹਨਾਂ ਨੂੰ ਹੁਕਮ ਦਿੱਤਾ, “ਬਆਲ ਦੇ ਨਬੀਆਂ ਨੂੰ ਫੜੋ। ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ!” ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਯਾਹ ਨੇ ਉਹਨਾਂ ਨੂੰ ਕੀਸ਼ੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਥੇ ਉਹਨਾਂ ਨੂੰ ਵੱਢ ਸੁੱਟਿਆ।
41ਅਤੇ ਏਲੀਯਾਹ ਨੇ ਅਹਾਬ ਨੂੰ ਆਖਿਆ, “ਜਾਹ ਅਤੇ ਖਾ-ਪੀ, ਕਿਉਂ ਜੋ ਭਾਰੀ ਮੀਂਹ ਦੀ ਆਵਾਜ਼ ਹੈ।” 42ਸੋ ਅਹਾਬ ਖਾਣ-ਪੀਣ ਲਈ ਚਲਾ ਗਿਆ ਪਰ ਏਲੀਯਾਹ ਕਰਮਲ ਦੀ ਚੋਟੀ ਉੱਤੇ ਚੜ੍ਹ ਕੇ ਜ਼ਮੀਨ ਉੱਤੇ ਝੁਕਿਆ ਅਤੇ ਆਪਣਾ ਮੂੰਹ ਗੋਡਿਆਂ ਵਿਚਕਾਰ ਰੱਖਿਆ।
43ਉਸ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਕੇ ਸਮੁੰਦਰ ਵੱਲ ਵੇਖ” ਅਤੇ ਉਸ ਨੇ ਉੱਪਰ ਜਾ ਕੇ ਦੇਖਿਆ।
ਉਸਨੇ ਕਿਹਾ, “ਉੱਥੇ ਕੁਝ ਵੀ ਨਹੀਂ ਹੈ।”
ਏਲੀਯਾਹ ਨੇ ਸੱਤ ਵਾਰ ਕਿਹਾ, “ਵਾਪਸ ਜਾਹ।”
44ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਉਸ ਨੇ ਆਖਿਆ, “ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰ ਵਿੱਚੋਂ ਉੱਠ ਰਿਹਾ ਹੈ।”
ਤਾਂ ਉਸ ਨੇ ਆਖਿਆ, “ਜਾਹ ਅਹਾਬ ਨੂੰ ਆਖ, ‘ਭਈ ਰਥ ਜੋੜ ਕੇ ਹੇਠਾਂ ਜਾ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ।’ ”
45ਇਸ ਦੌਰਾਨ ਇਸ ਤਰ੍ਹਾਂ ਹੋਇਆ ਕਿ ਅਕਾਸ਼ ਘਟਾਂ ਅਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰ੍ਹਿਆ ਤਾਂ ਅਹਾਬ ਚੜ੍ਹ ਕੇ ਯਿਜ਼ਰਏਲ ਨੂੰ ਗਿਆ। 46ਯਾਹਵੇਹ ਦੀ ਸ਼ਕਤੀ ਏਲੀਯਾਹ ਉੱਤੇ ਆਈ ਅਤੇ ਆਪਣਾ ਚੋਗਾ ਆਪਣੀ ਪੇਟੀ ਵਿੱਚ ਬੰਨ੍ਹ ਕੇ ਅਹਾਬ ਤੋਂ ਅੱਗੇ ਯਿਜ਼ਰਏਲ ਤੱਕ ਭੱਜਿਆ।
Currently Selected:
1 ਰਾਜਿਆਂ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.