13
ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹੋ
1ਹਰ ਕੋਈ ਸਰਕਾਰੀ ਅਧਿਕਾਰੀਆਂ ਦੇ ਅਧੀਨ ਹੋਵੇ, ਕਿਉਂਕਿ ਇਸ ਤੋਂ ਇਲਾਵਾ ਕੋਈ ਅਧਿਕਾਰ ਨਹੀਂ ਹੈ ਜੋ ਪਰਮੇਸ਼ਵਰ ਦੁਆਰਾ ਸਥਾਪਤ ਕੀਤਾ ਗਿਆ ਹੈ। ਜਿਹੜੇ ਅਧਿਕਾਰੀ ਮੌਜੂਦ ਹਨ ਉਹ ਪਰਮੇਸ਼ਵਰ ਦੁਆਰਾ ਸਥਾਪਤ ਕੀਤੇ ਗਏ ਹਨ।#13:1 ਤੀਤੁ 3:1 2ਨਤੀਜੇ ਵਜੋਂ, ਜਿਹੜਾ ਵੀ ਅਧਿਕਾਰੀ ਦੇ ਵਿਰੁੱਧ ਬਗਾਵਤ ਕਰਦਾ ਹੈ, ਉਹ ਉਸ ਦੀ ਬਗਾਵਤ ਕਰ ਰਿਹਾ ਹੈ ਜੋ ਪਰਮੇਸ਼ਵਰ ਨੇ ਕਾਇਮ ਕੀਤਾ ਹੈ, ਅਤੇ ਜੋ ਅਜਿਹਾ ਕਰਦੇ ਹਨ ਉਹ ਆਪਣੇ ਆਪ ਉੱਤੇ ਨਿਆਂ ਲਿਆਉਣਗੇ। 3ਕਿਉਂਕਿ ਸਰਕਾਰੀ ਅਧਿਕਾਰੀ ਸਹੀ ਕੰਮ ਕਰਨ ਵਾਲਿਆਂ ਦੇ ਡਰ ਲਈ ਨਹੀਂ ਹਨ, ਬਲਕਿ ਗਲਤ ਕਰਨ ਵਾਲਿਆਂ ਦੇ ਲਈ ਡਰ ਦੇ ਲਈ ਹਨ। ਕੀ ਤੁਸੀਂ ਅਧਿਕਾਰੀ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ? ਫਿਰ ਉਹ ਕਰੋ ਜੋ ਸਹੀ ਹੈ ਅਤੇ ਤੁਹਾਡੀ ਤਾਰੀਫ਼ ਹੋਵੇਗੀ। 4ਕਿਉਂਕਿ ਅਧਿਕਾਰੀ ਅਧਿਕਾਰ ਵਿੱਚ ਤੁਹਾਡੇ ਭਲੇ ਦੇ ਲਈ ਪਰਮੇਸ਼ਵਰ ਦੇ ਸੇਵਕ ਹਨ। ਪਰ ਜੇ ਤੁਸੀਂ ਗਲਤ ਕਰਦੇ ਹੋ, ਤਾਂ ਡਰੋ, ਕਿਉਂਕਿ ਅਧਿਕਾਰੀ ਬਿਨਾਂ ਕਾਰਨ ਤਲਵਾਰ ਨਹੀਂ ਚੁੱਕਦੇ। ਉਹ ਪਰਮੇਸ਼ਵਰ ਦੇ ਸੇਵਕ ਹਨ, ਗਲਤੀ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਕ੍ਰੋਧ ਦੇ ਮੁਖਤਾਰ ਹਨ। 5ਇਸੇ ਲਈ ਇਹ ਸਹੀ ਹੈ ਕਿ ਨਾ ਸਿਰਫ ਸਜ਼ਾ ਦੇ ਡਰ ਕਾਰਨ, ਬਲਕਿ ਜ਼ਮੀਰ ਦੇ ਹਿੱਤ ਵਿੱਚ ਵੀ ਅਧੀਨ ਹੋਣਾ ਚਾਹੀਦਾ ਹੈ।
6ਇਹੀ ਕਾਰਨ ਹੈ ਕਿ ਤੁਸੀਂ ਟੈਕਸ ਦਿੰਦੇ ਹੋ, ਕਿਉਂਕਿ ਅਧਿਕਾਰੀ ਪਰਮੇਸ਼ਵਰ ਦੇ ਸੇਵਕ ਹੁੰਦੇ ਹਨ, ਜੋ ਸ਼ਾਸਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ। 7ਹਰ ਕਿਸੇ ਨੂੰ ਉਹ ਦਿਓ ਜੋ ਤੁਸੀਂ ਉਹਨਾਂ ਦੇ ਦੇਣਦਾਰ ਹੋ: ਜੇ ਤੁਸੀਂ ਟੈਕਸਾਂ ਦੇ ਦੇਣਦਾਰ ਹੋ, ਤਾਂ ਟੈਕਸ ਦਿਓ; ਜੇ ਆਮਦਨੀ, ਫਿਰ ਆਮਦਨੀ; ਉਨ੍ਹਾਂ ਤੋਂ ਡਰੋ ਜਿਨ੍ਹਾਂ ਤੋਂ ਡਰਨਾ ਹੈ ਅਤੇ ਉਨ੍ਹਾਂ ਦਾ ਆਦਰ ਕਰੋ ਜੋ ਆਦਰ ਦੇ ਹੱਕਦਾਰ ਹਨ।
ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ
8ਇੱਕ-ਦੂਜੇ ਨਾਲ ਪਿਆਰ ਕਰਨ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ। 9ਕਿਉਂਕਿ ਹੁਕਮ ਆਖਦੇ ਹਨ, “ਤੁਸੀਂ ਵਿਭਚਾਰ ਨਾ ਕਰਨਾ, ਤੁਸੀਂ ਕਤਲ ਨਾ ਕਰਨਾ, ਚੋਰੀ ਨਾ ਕਰਨਾ, ਤੁਸੀਂ ਲਾਲਚ ਨਾ ਕਰਨਾ,” ਅਤੇ ਹੋਰ ਵੀ ਹੁਕਮ ਹੋ ਸਕਦੇ ਹਨ। ਪਰ ਇਹਨਾਂ ਸਾਰੇ ਹੁਕਮਾਂ ਦਾ ਨਿਚੋੜ ਇੱਕ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”#13:9 ਕੂਚ 20:13-16; ਲੇਵਿ 19:18; ਬਿਵ 5:17-19; 21 10ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।
ਦਿਨ ਨੇੜੇ ਹੈ
11ਅਤੇ ਇਹ ਕਰੋ, ਵਰਤਮਾਨ ਸਮੇਂ ਨੂੰ ਸਮਝੋ: ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਹੁਣ ਉਸ ਸਮੇਂ ਦੇ ਨਾਲੋਂ ਨੇੜੇ ਹੈ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ। 12ਰਾਤ ਖ਼ਤਮ ਹੋਣ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਸਤ੍ਰ ਪਹਿਨ ਲਈਏ। 13ਸਾਡੇ ਸੁਭਾਅ ਚਾਨਣ ਦੇ ਅਨੁਸਾਰ ਹੋਣੇ ਚਾਹੀਦੇ ਹਨ, ਨਾ ਕਿ ਰੰਗ-ਰਲੀਆਂ, ਨਾ ਸ਼ਰਾਬੀ ਹੋਣ, ਨਾ ਵਿਭਚਾਰ ਅਤੇ ਨਾ ਬਦਚਲਣੀ, ਨਾ ਝਗੜੇ ਅਤੇ ਨਾ ਈਰਖਾ ਦੇ ਅਨੁਸਾਰ ਹੋਣ। 14ਪਰ ਪ੍ਰਭੂ ਯਿਸ਼ੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਨਾ ਰੱਖੋ।