12
ਇੱਕ ਜਿਉਂਦਾ ਬਲੀਦਾਨ
1ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ। 2ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਮਸੀਹ ਦੇ ਸਰੀਰ ਵਿੱਚ ਨਿਮਰਤਾ ਅਤੇ ਪਿਆਰ ਨਾਲ ਸੇਵਾ
3ਕਿਉਂਕਿ ਮੈਨੂੰ ਦਿੱਤੀ ਗਈ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ, ਬਲਕਿ ਆਪਣੇ ਆਪ ਨੂੰ ਸਮਝੇ ਕਿ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ। 4ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, 5ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ। 6ਇਸ ਲਈ ਸਾਨੂੰ ਦਿੱਤੀ ਗਈ ਕਿਰਪਾ ਦੇ ਅਨੁਸਾਰ ਸਭ ਕੋਲ ਵੱਖੋ ਵੱਖਰੇ ਵਰਦਾਨ ਹਨ। ਜੇ ਤੁਹਾਡਾ ਵਰਦਾਨ ਅਗੰਮਵਾਕ ਕਰਨਾ ਹੈ, ਤਾਂ ਆਪਣੇ ਵਿਸ਼ਵਾਸ ਦੇ ਅਨੁਸਾਰ ਅਗੰਮਵਾਕ ਕਰੋ; 7ਜੇ ਇਹ ਸੇਵਾ ਕਰਨਾ ਹੈ, ਫਿਰ ਸੇਵਾ ਕਰੋ; ਜੇ ਸਿਖਾਉਣ ਵਾਲਾ ਹੋਵੇ, ਤਾਂ ਸਿਖਾਓ; 8ਜੇ ਇਹ ਉਤਸ਼ਾਹਿਤ ਕਰਨਾ ਹੈ, ਤਾਂ ਉਤਸ਼ਾਹਿਤ ਕਰੋ; ਜੇ ਦਾਨ ਕਰਨ ਵਾਲਾ ਹੋਵੇ, ਤਾਂ ਖੁੱਲ੍ਹ ਕੇ ਕਰੋ; ਜੇ ਇਹ ਅਗਵਾਈ ਕਰਨੀ ਹੈ, ਤਾਂ ਇਸ ਨੂੰ ਲਗਨ ਨਾਲ ਕਰੋ; ਜੇ ਇਹ ਰਹਿਮ ਕਰਨਾ ਹੈ, ਇਸ ਨੂੰ ਖ਼ੁਸ਼ੀ ਨਾਲ ਕਰੋ।
ਸੱਚੇ ਪ੍ਰੇਮ ਦਾ ਕੰਮ
9ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ। 10ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ। 11ਜੋਸ਼ ਵਿੱਚ ਕਦੀ ਵੀ ਘਾਟ ਨਾ ਹੋਵੇ, ਪਰ ਆਪਣੇ ਆਤਮਿਕ ਭਾਵਨਾ ਨੂੰ ਕਾਇਮ ਰੱਖੋ ਅਤੇ ਪ੍ਰਭੂ ਦੀ ਸੇਵਾ ਕਰੋ। 12ਉਮੀਦ ਵਿੱਚ ਖੁਸ਼ ਰਹੋ, ਕਸ਼ਟ ਵਿੱਚ ਸਬਰ ਰੱਖੋ ਅਤੇ ਪ੍ਰਾਰਥਨਾ ਵਿੱਚ ਵਫ਼ਾਦਾਰ ਬਣੋ। 13ਪ੍ਰਭੂ ਦੇ ਉਹਨਾਂ ਪਵਿੱਤਰ ਲੋਕਾਂ ਨਾਲ ਸਾਂਝਾ ਕਰੋ ਜਿਹੜੇ ਲੋੜਵੰਦ ਹਨ। ਪ੍ਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।
14ਉਹਨਾਂ ਲੋਕਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ; ਅਤੇ ਸਰਾਪ ਨਾ ਦਿਓ। 15ਜੋ ਆਨੰਦ ਹਨ ਉਹਨਾਂ ਦੇ ਨਾਲ ਆਨੰਦ ਮਨਾਉ; ਸੋਗ ਮਨਾਉਣ ਵਾਲਿਆਂ ਨਾਲ ਸੋਗ ਮਨਾਉ। 16ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।#12:16 ਕਹਾ 3:7; ਯਸ਼ਾ 5:21
17ਕਿਸੇ ਨਾਲ ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ। 18ਜੇ ਇਹ ਸੰਭਵ ਹੈ, ਜਿੱਥੋਂ ਤੱਕ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ, ਸਾਰਿਆਂ ਨਾਲ ਸ਼ਾਂਤੀ ਨਾਲ ਰਹੋ। 19ਹੇ ਮੇਰੇ ਪਿਆਰੇ ਮਿੱਤਰੋ, ਬਦਲਾ ਨਾ ਲਓ, ਪਰ ਪਰਮੇਸ਼ਵਰ ਦੇ ਕ੍ਰੋਧ ਲਈ ਜਗ੍ਹਾ ਛੱਡੋ, ਕਿਉਂਕਿ ਇਹ ਲਿਖਿਆ ਹੋਇਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਪ੍ਰਭੂ ਕਹਿੰਦਾ ਹੈ।#12:19 ਬਿਵ 32:35 20ਇਸ ਦੇ ਉਲਟ:
“ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖੁਆਓ;
ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਕੁਝ ਪੀਣ ਲਈ ਦਿਓ;
ਅਜਿਹਾ ਕਰਨ ਨਾਲ ਤੁਸੀਂ ਉਸ ਦੇ ਸਿਰ ਉੱਤੇ ਬਲਦੇ ਕੋਲਿਆਂ ਨੂੰ ਰੱਖਦੇ ਹੋ।”#12:20 ਕਹਾ 25:21-22
21ਬੁਰਿਆਈ ਨਾਲ ਨਾ ਜਿੱਤੋ, ਪਰ ਚੰਗਿਆਈ ਨਾਲ ਬੁਰਾਈ ਉੱਤੇ ਕਾਬੂ ਪਾਓ।