ਲੂਕਸ 5
5
ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ
1ਇੱਕ ਦਿਨ ਯਿਸ਼ੂ ਗੰਨਨੇਸਰਤ ਝੀਲ#5:1 ਗੰਨਨੇਸਰਤ ਝੀਲ ਅਰਥਾਤ ਗਲੀਲ ਦੀ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਤੇ ਉੱਥੇ ਇੱਕ ਵੱਡੀ ਭੀੜ ਨੇ ਉਹਨਾਂ ਨੂੰ ਪਰਮੇਸ਼ਵਰ ਦਾ ਵਚਨ ਸੁਣਨ ਲਈ ਘੇਰ ਲਿਆ। 2ਯਿਸ਼ੂ ਨੇ ਕੰਢੇ ਤੇ ਦੋ ਕਿਸ਼ਤੀਆਂ ਵੇਖੀਆਂ, ਮਛੇਰੇ ਉਹਨਾਂ ਨੂੰ ਛੱਡ ਕੇ ਚਲੇ ਗਏ ਕਿਉਂਕਿ ਉਹ ਆਪਣੇ ਜਾਲ ਧੋ ਰਹੇ ਸਨ। 3ਯਿਸ਼ੂ ਇੱਕ ਕਿਸ਼ਤੀ ਉੱਤੇ ਬੈਠ ਗਏ ਜੋ ਸ਼ਿਮਓਨ ਦੀ ਸੀ। ਉਸ ਨੇ ਸ਼ਿਮਓਨ ਨੂੰ ਕਿਹਾ, ਕਿਸ਼ਤੀ ਨੂੰ ਕੰਢੇ ਤੋਂ ਥੋੜ੍ਹੀ ਦੂਰ ਲੈ ਚੱਲ, ਅਤੇ ਉਹ ਕਿਸ਼ਤੀ ਉੱਤੇ ਬੈਠ ਗਏ ਫਿਰ ਉਹ ਕਿਸ਼ਤੀ ਉੱਤੇ ਬੈਠ ਕੇ ਲੋਕਾਂ ਨੂੰ ਵਚਨ ਸਿਖਾਉਣਾ ਲੱਗਾ।
4ਜਦੋਂ ਉਹ ਲੋਕਾਂ ਨੂੰ ਸਿਖਾ ਚੁੱਕਿਆ ਤਾਂ ਉਹ ਨੇ ਸ਼ਿਮਓਨ ਨੂੰ ਕਿਹਾ, “ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਜਾ ਅਤੇ ਫਿਰ ਜਾਲ ਸੁੱਟੀ।”
5ਸ਼ਿਮਓਨ ਨੇ ਉੱਤਰ ਦਿੱਤਾ, “ਗੁਰੂ ਜੀ! ਅਸੀਂ ਸਾਰੀ ਰਾਤ ਸਖ਼ਤ ਮਿਹਨਤ ਕੀਤੀ ਹੈ, ਪਰ ਕੁਝ ਨਾ ਫੜਿਆ, ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਜਾਲ ਪਾਉਂਦਾ ਹਾਂ।”
6ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਜਾਲ ਵਿੱਚ ਇਨ੍ਹੀ ਵੱਡੀ ਗਿਣਤੀ ਵਿੱਚ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਫੱਟਣ ਲੱਗੇ। 7ਫਿਰ ਉਹਨਾਂ ਨੇ ਆਪਣੇ ਸਾਥੀਆਂ ਨੂੰ ਜੋ ਕਿ ਦੂਜੀ ਕਿਸ਼ਤੀ ਵਿੱਚ ਸਨ ਇਸ਼ਾਰੇ ਨਾਲ ਸਹਾਇਤਾ ਵਾਸਤੇ ਬੁਲਾਇਆ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ ਸਨ ਕਿ ਭਾਰ ਦੇ ਕਾਰਨ ਕਿਸ਼ਤੀਆਂ ਡੁੱਬਣ ਲੱਗੀਆਂ।
8ਸ਼ਿਮਓਨ ਪਤਰਸ ਇਹ ਵੇਖ ਕੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਕਹਿਣ ਲੱਗਾ, “ਹੇ ਪ੍ਰਭੂ, ਮੇਰੇ ਤੋਂ ਦੂਰ ਰਹੋ, ਮੈਂ ਇੱਕ ਪਾਪੀ ਮਨੁੱਖ ਹਾਂ।” 9ਕਿਉਂਕਿ ਸ਼ਿਮਓਨ ਅਤੇ ਉਸ ਦੇ ਸਾਥੀ ਫੜੀਆਂ ਗਈਆਂ ਮੱਛੀਆਂ ਨੂੰ ਵੇਖ ਕੇ ਬਹੁਤ ਹੈਰਾਨ ਸਨ। 10ਸ਼ਿਮਓਨ ਦੇ ਦੂਜੇ ਸਾਥੀ, ਯਾਕੋਬ ਅਤੇ ਯੋਹਨ, ਜ਼ਬਦੀ ਦੇ ਦੋਵੇਂ ਪੁੱਤਰ ਵੀ ਇਹ ਦੇਖ ਕੇ ਹੈਰਾਨ ਰਹਿ ਗਏ।
ਤਦ ਯਿਸ਼ੂ ਨੇ ਸ਼ਿਮਓਨ ਨੂੰ ਕਿਹਾ, “ਨਾ ਡਰ; ਹੁਣ ਤੋਂ ਤੂੰ ਮੱਛੀਆਂ ਨਹੀਂ ਪਰ ਮਨੁੱਖਾਂ ਦਾ ਮਛੇਰਾ ਹੋਵੇਗਾ।” 11ਫਿਰ ਉਹ ਆਪਣੀਆਂ ਕਿਸ਼ਤੀਆਂ ਕੰਢੇ ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਹ ਦੇ ਪਿੱਛੇ ਤੁਰ ਪਏ।
ਯਿਸ਼ੂ ਦਾ ਇੱਕ ਕੋੜ੍ਹੀ ਆਦਮੀ ਨੂੰ ਚੰਗਾ ਕਰਨਾ
12ਜਦੋਂ ਯਿਸ਼ੂ ਕਿਸੇ ਨਗਰ ਵਿੱਚ ਸਨ ਤਾਂ ਉੱਥੇ ਇੱਕ ਆਦਮੀ ਆਇਆ ਜਿਸ ਦੇ ਸਾਰੇ ਸਰੀਰ ਵਿੱਚ ਕੋੜ੍ਹ#5:12 ਕੋੜ੍ਹ ਅਰਥਾਤ ਚਮੜੀ ਦਾ ਰੋਗ ਦਾ ਰੋਗ ਸੀ। ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਧਰਤੀ ਤੇ ਡਿੱਗ ਕੇ ਉਸ ਦੇ ਅੱਗੇ ਬੇਨਤੀ ਕੀਤੀ, “ਹੇ ਪ੍ਰਭੂ! ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
13ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ!” ਅਤੇ ਉਸੇ ਸਮੇਂ ਉਸ ਦੇ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।
14ਫਿਰ ਯਿਸ਼ੂ ਨੇ ਉਸ ਨੂੰ ਆਗਿਆ ਦਿੱਤੀ, “ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ, ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।#5:14 ਲੇਵਿ 14:2-32”
15ਫਿਰ ਵੀ ਯਿਸ਼ੂ ਬਾਰੇ ਖ਼ਬਰਾਂ ਹੋਰ ਵੀ ਫੈਲਦੀਆਂ ਗਈਆਂ। ਲੋਕ ਭਾਰੀ ਗਿਣਤੀ ਵਿੱਚ ਉਹਨਾਂ ਦੀਆਂ ਗੱਲਾਂ ਸੁਣਨ ਅਤੇ ਬੀਮਾਰੀਆਂ ਤੋਂ ਚੰਗਾ ਹੋਣ ਦੀ ਇੱਛਾ ਨਾਲ ਉਹਨਾਂ ਕੋਲ ਆਉਣ ਲੱਗੇ। 16ਪਰ ਯਿਸ਼ੂ ਅਕਸਰ ਭੀੜ ਤੋਂ ਅਲੱਗ, ਇਕੱਲੇ ਜਾ ਕੇ ਪ੍ਰਾਰਥਨਾ ਕਰਦੇ ਸੀ।
ਯਿਸ਼ੂ ਦਾ ਅਧਰੰਗੀ ਆਦਮੀ ਨੂੰ ਮਾਫ਼ ਅਤੇ ਚੰਗਾ ਕਰਨਾ
17ਇੱਕ ਦਿਨ, ਜਦੋਂ ਯਿਸ਼ੂ ਸਿੱਖਿਆ ਦੇ ਰਹੇ ਸਨ, ਫ਼ਰੀਸੀ ਅਤੇ ਸ਼ਾਸਤਰੀ ਉੱਥੇ ਬੈਠੇ ਸਨ, ਜੋ ਗਲੀਲ, ਯਹੂਦਿਯਾ ਅਤੇ ਯੇਰੂਸ਼ਲੇਮ ਦੇ ਨਗਰਾਂ ਤੋਂ ਆਏ ਸਨ। ਬਿਮਾਰਾਂ ਨੂੰ ਠੀਕ ਕਰਨ ਦੀ ਪਰਮੇਸ਼ਵਰ ਦੀ ਸ਼ਕਤੀ ਪ੍ਰਭੂ ਯਿਸ਼ੂ ਦੇ ਨਾਲ ਸੀ। 18ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉੱਥੇ ਲਿਆਏ। ਇਹ ਲੋਕ ਰੋਗੀ ਨੂੰ ਯਿਸ਼ੂ ਦੇ ਸਾਹਮਣੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। 19ਜਦੋਂ ਉਹ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਕੇ ਜਾ ਨਾ ਸਕੇ, ਤਾਂ ਉਹ ਛੱਤ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਉਸ ਰੋਗੀ ਨੂੰ ਮੰਜੀ ਸਮੇਤ ਛੱਤ ਦੇ ਵਿੱਚੋਂ ਦੀ ਭੀੜ ਦੇ ਅੱਗੇ ਯਿਸ਼ੂ ਦੇ ਸਾਹਮਣੇ ਉਤਾਰ ਦਿੱਤਾ।
20ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ ਯਿਸ਼ੂ ਨੇ ਕਿਹਾ, “ਮਿੱਤਰ! ਤੇਰੇ ਪਾਪ ਮਾਫ਼ ਹੋ ਚੁੱਕੇ ਹਨ।”
21ਫ਼ਰੀਸੀ ਅਤੇ ਉਪਦੇਸ਼ਕ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ, “ਇਹ ਵਿਅਕਤੀ ਕੌਣ ਹੈ, ਜੋ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ? ਕੀ ਪਰਮੇਸ਼ਵਰ ਤੋਂ ਇਲਾਵਾ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?”
22ਯਿਸ਼ੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣ ਕੇ ਉਹਨਾਂ ਨੂੰ ਪੁੱਛਿਆ, “ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 23ਕਿਹੜੀ ਗੱਲ ਕਹਿਣੀ ਸੌਖੀ ਹੈ: ਇਹ ਆਖਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਆਖਣਾ ‘ਉੱਠ ਅਤੇ ਤੁਰ?’ 24ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਯਿਸ਼ੂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।” 25ਉਸੇ ਵੇਲੇ ਉਹ ਰੋਗੀ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਗਿਆ, ਆਪਣਾ ਵਿਛੋਣਾ ਚੁੱਕਿਆ, ਜਿਸ ਉੱਤੇ ਉਹ ਲੇਟਿਆ ਹੋਇਆ ਸੀ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਿਆਂ ਉਹ ਘਰ ਵੱਲ ਨੂੰ ਚੱਲਿਆ ਗਿਆ। 26ਇਹ ਵੇਖ ਕੇ ਸਭ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦੀ ਪ੍ਰਸੰਸਾ ਕਰਨ ਲੱਗ ਪਏ। ਉਹ ਸ਼ਰਧਾ ਨਾਲ ਭਰ ਕੇ ਇਹ ਕਹਿਣ ਲੱਗੇ, “ਅਸੀਂ ਅੱਜ ਅਨੋਖੇ ਕੰਮ ਹੁੰਦੇ ਵੇਖੇ ਹਨ।”
ਯਿਸ਼ੂ ਵੱਲੋਂ ਲੇਵੀ ਦਾ ਬੁਲਾਇਆ ਜਾਣਾ
27ਜਦੋਂ ਯਿਸ਼ੂ ਉੱਥੋਂ ਬਾਹਰ ਗਏ, ਅਤੇ ਉਸ ਨੇ ਲੇਵੀ ਨਾਮ ਦੇ ਇੱਕ ਚੁੰਗੀ ਲੈਣ ਵਾਲੇ ਨੂੰ ਵੇਖਿਆ। ਉਹ ਆਪਣੀ ਚੌਕੀ ਉੱਤੇ ਬੈਠਾ ਸੀ। ਯਿਸ਼ੂ ਨੇ ਉਸ ਨੂੰ ਆਦੇਸ਼ ਦਿੱਤਾ, “ਆ! ਮੇਰੇ ਪਿੱਛੇ ਹੋ ਤੁਰ!” 28ਲੇਵੀ ਉੱਠਿਆ ਅਤੇ ਆਪਣਾ ਸੱਭ ਕੁਝ ਉੱਥੇ ਹੀ ਛੱਡ ਕੇ ਯਿਸ਼ੂ ਦੇ ਮਗਰ ਹੋ ਤੁਰਿਆ।
29ਯਿਸ਼ੂ ਦੇ ਸਨਮਾਨ ਵਿੱਚ ਲੇਵੀ ਨੇ ਆਪਣੇ ਘਰ ਇੱਕ ਵੱਡੀ ਦਾਅਵਤ ਰੱਖੀ। ਵੱਡੀ ਗਿਣਤੀ ਵਿੱਚ ਚੁੰਗੀ ਲੈਣ ਵਾਲਿਆਂ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਵੀ ਉੱਥੇ ਇਕੱਠੇ ਹੋਏ ਸਨ। 30ਪਰ ਇਹ ਵੇਖ ਕੇ, ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਯਿਸ਼ੂ ਦੇ ਚੇਲਿਆਂ ਨੂੰ ਸ਼ਿਕਾਇਤ ਕਰਨ ਲੱਗੇ, “ਕਿ ਤੁਸੀਂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦੇ ਅਤੇ ਪੀਂਦੇ ਹੋ?”
31ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ; 32ਮੈਂ ਧਰਤੀ ਉੱਤੇ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ।”
ਵਰਤ ਬਾਰੇ ਵਿਚਾਰ-ਵਟਾਂਦਰਾ
33ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯਿਸ਼ੂ ਨੂੰ ਕਿਹਾ, “ਯੋਹਨ ਦੇ ਚੇਲੇ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ। ਫ਼ਰੀਸੀਆਂ ਦੇ ਚੇਲੇ ਵੀ ਇਸੇ ਤਰ੍ਹਾਂ ਕਰਦੇ ਹਨ, ਪਰ ਤੁਹਾਡੇ ਚੇਲੇ ਖਾਂਦੇ-ਪੀਂਦੇ ਰਹਿੰਦੇ ਹਨ।”
34ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਬਰਾਤੀਆਂ ਨੂੰ ਲਾੜੇ ਦੀ ਮੌਜੂਦਗੀ ਵਿੱਚ ਵਰਤ ਰੱਖਣ ਦੀ ਲੋੜ ਹੈ? 35ਪਰ ਉਹ ਸਮਾਂ ਆਵੇਗਾ ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਨ੍ਹੀਂ ਦਿਨੀਂ ਉਹ ਵਰਤ ਰੱਖਣਗੇ।”
36ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, “ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਈ ਜਾਂਦੀ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਕੱਪੜਾ ਤਾਂ ਖਰਾਬ ਹੁੰਦਾ ਹੀ ਹੈ, ਅਤੇ ਨਾਲ ਹੀ ਪੁਰਾਣੇ ਕੱਪੜੇ ਤੇ ਲੱਗੀ ਨਵੇਂ ਕੱਪੜੇ ਦੀ ਟਾਕੀ ਸੋਹਣੀ ਵੀ ਨਹੀਂ ਲੱਗਦੀ। 37ਉਸੇ ਤਰ੍ਹਾਂ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਨਹੀਂ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। 38ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ। 39ਪੁਰਾਣੇ ਦਾਖਰਸ ਨੂੰ ਪੀਣ ਤੋਂ ਬਾਅਦ ਕੋਈ ਵੀ ਨਵਾਂ ਦਾਖਰਸ ਨਹੀਂ ਪੀਣਾ ਚਾਹੁੰਦਾ ਕਿਉਂਕਿ ਉਹ ਕਹਿੰਦੇ ਹਨ, ‘ਪੁਰਾਣਾ ਦਾਖਰਸ ਹੀ ਸੱਭ ਤੋਂ ਵਧੀਆ ਹੈ।’ ”
ទើបបានជ្រើសរើសហើយ៖
ਲੂਕਸ 5: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.