ਲੂਕਸ 23
23
1ਤਦ ਸਾਰੀ ਸਭਾ ਇਕੱਠੀ ਹੋਈ ਅਤੇ ਯਿਸ਼ੂ ਨੂੰ ਪਿਲਾਤੁਸ ਦੇ ਕੋਲ ਲੈ ਗਈ। 2ਉਹਨਾਂ ਨੇ ਯਿਸ਼ੂ ਉੱਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ, “ਅਸੀਂ ਇਸ ਆਦਮੀ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਭਰਮਾਉਂਦੇ ਵੇਖਿਆ ਹੈ। ਉਹ ਕੈਸਰ ਨੂੰ ਟੈਕਸ ਅਦਾ ਕਰਨ ਦਾ ਵਿਰੋਧ ਕਰਦਾ ਹੈ ਅਤੇ ਮਸੀਹ, ਰਾਜਾ ਹੋਣ ਦਾ ਦਾਅਵਾ ਕਰਦਾ ਹੈ।”
3ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਜੋ ਤੁਸੀਂ ਕਿਹਾ ਹੈ ਸੱਚ ਉਹੀ ਹੈ।”
4ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਆਦਮੀ ਉੱਤੇ ਦੋਸ਼ ਲਾਉਣ ਦਾ ਕੋਈ ਕਾਰਨ ਨਹੀਂ ਮਿਲਿਆ।”
5ਪਰ ਉਹਨਾਂ ਨੇ ਜ਼ੋਰ ਪਾਉਂਦਿਆਂ ਕਿਹਾ, “ਉਹ ਆਪਣੀ ਸਿੱਖਿਆ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਂਦਾ ਹੈ। ਉਸ ਨੇ ਗਲੀਲ ਪ੍ਰਦੇਸ਼ ਤੋਂ ਸ਼ੁਰੂ ਕੀਤਾ ਅਤੇ ਇੱਥੇ ਤੱਕ ਪਹੁੰਚ ਗਿਆ ਹੈ।”
6ਇਹ ਸੁਣਦਿਆਂ ਹੀ ਪਿਲਾਤੁਸ ਨੇ ਪੁੱਛਿਆ ਕੀ ਇਹ ਆਦਮੀ ਗਲੀਲ ਵਾਸੀ ਹੈ? 7ਜਦੋਂ ਉਸ ਨੂੰ ਪਤਾ ਚੱਲਿਆ ਕਿ ਯਿਸ਼ੂ ਹੇਰੋਦੇਸ ਦੇ ਅਧਿਕਾਰ ਖੇਤਰ ਵਿੱਚ ਹੈ, ਉਸ ਨੇ ਯਿਸ਼ੂ ਨੂੰ ਹੇਰੋਦੇਸ ਕੋਲ ਭੇਜ ਦਿੱਤਾ, ਜੋ ਉਸ ਸਮੇਂ ਯੇਰੂਸ਼ਲੇਮ ਵਿੱਚ ਸੀ।
8ਜਦੋਂ ਹੇਰੋਦੇਸ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਲੰਬੇ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ। ਉਸ ਨੇ ਪ੍ਰਭੂ ਯਿਸ਼ੂ ਬਾਰੇ ਬਹੁਤ ਕੁਝ ਸੁਣਿਆ ਸੀ। ਉਸ ਨੂੰ ਉਮੀਦ ਸੀ ਕਿ ਉਹ ਪ੍ਰਭੂ ਯਿਸ਼ੂ ਦੁਆਰਾ ਕੀਤੇ ਗਏ ਕੁਝ ਚਮਤਕਾਰ ਨੂੰ ਦੇਖ ਸਕੇ। 9ਉਸ ਨੇ ਯਿਸ਼ੂ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ, ਪਰ ਯਿਸ਼ੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। 10ਮੁੱਖ ਜਾਜਕਾਂ ਅਤੇ ਸ਼ਾਸਤਰੀ ਉੱਥੇ ਖੜ੍ਹੇ ਸਨ, ਅਤੇ ਉਸ ਤੇ ਜ਼ੋਰ ਸ਼ੋਰ ਨਾਲ ਦੋਸ਼ ਲਗਾ ਰਹੇ ਸਨ। 11ਤਦ ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਇੱਕ ਸ਼ਾਨਦਾਰ ਚੋਲਾ ਪਹਿਨਾਇਆ ਅਤੇ ਉਹਨਾਂ ਨੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12ਉਸ ਦਿਨ ਹੇਰੋਦੇਸ ਅਤੇ ਪਿਲਾਤੁਸ ਦੋਸਤ ਬਣ ਗਏ, ਇਸ ਤੋਂ ਪਹਿਲਾਂ ਉਹ ਇੱਕ-ਦੂਜੇ ਦੇ ਵੈਰੀ ਸਨ।
13ਪਿਲਾਤੁਸ ਨੇ ਮੁੱਖ ਜਾਜਕਾਂ, ਸ਼ਾਸਕਾਂ ਅਤੇ ਲੋਕਾਂ ਨੂੰ ਇਕੱਠਾ ਕੀਤਾ, 14ਅਤੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਆਦਮੀ ਨੂੰ ਮੇਰੇ ਕੋਲ ਇਸ ਵਜੋਂ ਲਿਆਏ ਸੀ ਕਿ ਉਹ ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾ ਰਿਹਾ ਸੀ। ਮੈਂ ਤੁਹਾਡੀ ਮੌਜੂਦਗੀ ਵਿੱਚ ਉਸ ਦੀ ਜਾਂਚ ਕੀਤੀ ਹੈ ਅਤੇ ਮੈਨੂੰ ਉਸ ਵਿੱਚ ਤੁਹਾਡੇ ਦੁਆਰਾ ਲਾਏ ਗਏ ਦੋਸ਼ਾਂ ਦਾ ਕੋਈ ਕਾਰਨ ਨਹੀਂ ਲੱਭਿਆ ਹੈ। 15ਨਾ ਹੀ ਹੇਰੋਦੇਸ ਨੂੰ ਕੋਈ ਦੋਸ਼ ਲੱਭਿਆ ਹੈ, ਕਿਉਂਕਿ ਉਸ ਨੇ ਉਸ ਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ, ਉਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ। 16ਇਸ ਲਈ, ਮੈਂ ਉਸ ਨੂੰ ਸਜ਼ਾ ਦਿਆਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ। 17ਤਿਓਹਾਰ ਦੇ ਮੌਕੇ ਉੱਤੇ ਇੱਕ ਕੈਦੀ ਨੂੰ ਰਿਹਾ ਕਰਨ ਦਾ ਰਿਵਾਜ ਸੀ।”#23:17 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ।
18ਪਰ ਸਾਰੀ ਭੀੜ ਚੀਕ ਉੱਠੀ, “ਇਸ ਆਦਮੀ ਨੂੰ ਮੌਤ ਦੀ ਸਜ਼ਾ ਦਿਓ ਅਤੇ ਬਾਰ-ਅੱਬਾਸ ਨੂੰ ਸਾਡੇ ਲਈ ਛੱਡ ਦਿਓ!” 19ਬਾਰ-ਅੱਬਾਸ ਨੂੰ ਸ਼ਹਿਰ ਵਿੱਚ ਬਗਾਵਤ ਕਰਨ ਅਤੇ ਕਤਲ ਕਰਨ ਲਈ ਕੈਦ ਵਿੱਚ ਸੁੱਟ ਦਿੱਤਾ ਗਿਆ ਸੀ।
20ਪਿਲਾਤੁਸ ਯਿਸ਼ੂ ਨੂੰ ਰਿਹਾ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਉਹਨਾਂ ਨੂੰ ਦੁਬਾਰਾ ਬੇਨਤੀ ਕੀਤੀ। 21ਪਰ ਉਹ ਚੀਕਦੇ ਰਹੇ, “ਉਸ ਨੂੰ ਸਲੀਬ ਦਿਓ! ਉਸ ਨੂੰ ਸਲੀਬ ਦਿਓ!”
22ਤੀਜੀ ਵਾਰ ਪਿਲਾਤੁਸ ਨੇ ਉਹਨਾਂ ਨਾਲ ਗੱਲ ਕੀਤੀ: “ਕਿਉਂ? ਇਸ ਆਦਮੀ ਨੇ ਕਿਹੜਾ ਜੁਰਮ ਕੀਤਾ ਹੈ? ਮੈਨੂੰ ਉਸ ਵਿੱਚ ਮੌਤ ਦੀ ਸਜ਼ਾ ਦਾ ਕੋਈ ਕਾਰਨ ਨਹੀਂ ਮਿਲਿਆ ਹੈ। ਇਸ ਲਈ ਮੈਂ ਉਸ ਨੂੰ ਸਜ਼ਾ ਦੇਵਾਂਗਾ ਅਤੇ ਫਿਰ ਉਸ ਨੂੰ ਰਿਹਾ ਕਰਾਂਗਾ।”
23ਪਰ ਉੱਚੀ ਆਵਾਜ਼ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਉਸ ਨੂੰ ਸਲੀਬ ਦਿੱਤੀ ਜਾਵੇ, ਅਤੇ ਉਸ ਨੂੰ ਉਹਨਾਂ ਦੀ ਆਵਾਜ਼ ਅੱਗੇ ਝੁੱਕਣਾ ਪਿਆ। 24ਇਸ ਲਈ ਪਿਲਾਤੁਸ ਨੇ ਉਹਨਾਂ ਦੀ ਮੰਗ ਮੰਨਣ ਦਾ ਫ਼ੈਸਲਾ ਕੀਤਾ। 25ਉਸ ਨੇ ਉਸ ਆਦਮੀ ਨੂੰ ਰਿਹਾ ਕੀਤਾ ਜਿਸ ਨੂੰ ਬਗਾਵਤ ਅਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੁੱਟ ਦਿੱਤਾ ਸੀ, ਜਿਸ ਨੂੰ ਛੱਡਣ ਦੀ ਉਹਨਾਂ ਨੇ ਮੰਗ ਕੀਤੀ ਸੀ ਅਤੇ ਯਿਸ਼ੂ ਨੂੰ ਭੀੜ ਦੀ ਮਰਜ਼ੀ ਅਨੁਸਾਰ ਉਹਨਾਂ ਦੇ ਹਵਾਲੇ ਕਰ ਦਿੱਤਾ।
ਯਿਸ਼ੂ ਦੀ ਸਲੀਬੀ ਮੌਤ
26ਜਦੋਂ ਸਿਪਾਹੀ ਉਸ ਨੂੰ ਬਾਹਰ ਲੈ ਜਾ ਰਹੇ ਸਨ, ਉਹਨਾਂ ਨੇ ਕੁਰੇਨੀ ਵਾਸੀ ਸ਼ਿਮਓਨ ਨੂੰ ਫੜ ਲਿਆ, ਜੋ ਕਿ ਦੇਸ਼ ਤੋਂ ਆਪਣੇ ਰਾਹ ਵੱਲ ਜਾ ਰਿਹਾ ਸੀ ਅਤੇ ਉਹਨਾਂ ਨੇ ਸਲੀਬ ਉਸ ਉੱਤੇ ਲੱਦ ਦਿੱਤੀ ਅਤੇ ਉਸ ਨੂੰ ਯਿਸ਼ੂ ਦੇ ਪਿੱਛੇ-ਪਿੱਛੇ ਚੱਲਣ ਲਈ ਕਿਹਾ। 27ਵੱਡੀ ਗਿਣਤੀ ਵਿੱਚ ਲੋਕ ਉਸ ਦੇ ਪਿੱਛੇ ਚੱਲ ਰਹੇ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸਨ ਜੋ ਸੋਗ ਕਰਦੀਆਂ ਸਨ ਅਤੇ ਉਸ ਲਈ ਰੋਂਦੀਆਂ ਸਨ। 28ਯਿਸ਼ੂ ਨੇ ਮੁੜ ਕੇ ਉਹਨਾਂ ਨੂੰ ਕਿਹਾ, “ਯੇਰੂਸ਼ਲੇਮ ਦੀ ਧੀਓ, ਮੇਰੇ ਲਈ ਨਾ ਰੋਵੋ। ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ। 29ਉਹ ਵੇਲਾ ਆਵੇਗਾ ਜਦੋਂ ਤੁਸੀਂ ਕਹੋਗੇ, ‘ਧੰਨ ਹਨ ਬੇ-ਔਲਾਦ ਔਰਤਾਂ, ਜਿਹੜੀਆਂ ਕੁੱਖਾਂ ਨੇ ਕਦੇ ਕੌਈ ਔਲਾਦ ਨਹੀਂ ਜੰਮੀ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਕਦੇ ਦੁੱਧ ਨਹੀਂ ਪਿਲਾਇਆ!’
30“ ‘ਫਿਰ ਉਹ ਪਹਾੜਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਜਾਓ!”
ਅਤੇ ਪਹਾੜੀਆਂ ਨੂੰ ਕਹਿਣਗੇ, “ਸਾਨੂੰ ਢੱਕ ਲਓ।” ’
31ਕਿਉਂਕਿ ਜਦੋਂ ਉਹ ਹਰੇ ਰੁੱਖ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਹੇ ਹਨ, ਤਾਂ ਸੁੱਕੇ ਰੁੱਖ ਦੀ ਕੀ ਹਾਲਤ ਹੋਵੇਗੀ?”
32ਦੋ ਹੋਰ ਆਦਮੀ, ਜਿਹੜੇ ਅਪਰਾਧੀ ਸਨ, ਉਹਨਾਂ ਨੂੰ ਵੀ ਯਿਸ਼ੂ ਦੇ ਨਾਲ ਮੌਤ ਦੀ ਸਜ਼ਾ ਲਈ ਲਜਾਇਆ ਜਾ ਰਿਹਾ ਸੀ। 33ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਖੋਪੜੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸ ਦੇ ਸੱਜੇ, ਦੂਸਰਾ ਉਸ ਦੇ ਖੱਬੇ ਪਾਸੇ। 34ਯਿਸ਼ੂ ਨੇ ਕਿਹਾ, “ਪਿਤਾ ਜੀ, ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।” ਅਤੇ ਉਹਨਾਂ ਨੇ ਪਰਚੀਆਂ ਸੁੱਟ ਕੇ ਉਸ ਦੇ ਕੱਪੜੇ ਵੰਡ ਲਏ।
35ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, “ਇਸ ਨੇ ਹੋਰਾਂ ਨੂੰ ਬਚਾਇਆ ਅਤੇ ਜੇ ਇਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।”
36ਸਿਪਾਹੀ ਵੀ ਆਏ ਅਤੇ ਉਹਨਾਂ ਨੇ ਵੀ ਉਸ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਸਿਰਕਾ ਪਿਲਾਇਆ 37ਅਤੇ ਕਿਹਾ, “ਜੇ ਤੂੰ ਯਹੂਦੀਆਂ ਦਾ ਰਾਜਾ ਹੈ, ਤਾਂ ਆਪਣੇ ਆਪ ਨੂੰ ਬਚਾ ਲੈ।”
38ਉਸ ਦੇ ਸਿਰ ਉੱਪਰ ਇੱਕ ਦੋਸ਼ ਪੱਤਰੀ ਵਿੱਚ ਲਿਖ ਕੇ ਲਗਾਈ ਗਈ, ਜਿਸ ਵਿੱਚ ਲਿਖਿਆ ਸੀ:
ਇਹ ਯਹੂਦੀਆਂ ਦਾ ਰਾਜਾ ਹੈ।
39ਇੱਕ ਅਪਰਾਧੀ ਜੋ ਉੱਥੇ ਲਟਕਾਇਆ ਗਿਆ ਸੀ, ਉਸ ਨੇ ਯਿਸ਼ੂ ਦਾ ਅਪਮਾਨ ਕੀਤਾ ਅਤੇ ਕਿਹਾ: “ਕੀ ਤੂੰ ਮਸੀਹਾ ਨਹੀਂ ਹੈ? ਆਪਣੇ ਆਪ ਨੂੰ ਅਤੇ ਸਾਨੂੰ ਬਚਾ!”
40ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਕਿਹਾ, “ਕੀ ਤੂੰ ਪਰਮੇਸ਼ਵਰ ਤੋਂ ਨਹੀਂ ਡਰਦਾ? ਕਿਉਂਕਿ ਤੈਨੂੰ ਵੀ ਉਹੀ ਸਜ਼ਾ ਦਿੱਤੀ ਜਾ ਰਹੀ ਹੈ! 41ਸਾਡੇ ਲਈ ਇਹ ਸਜ਼ਾ ਸਹੀ ਹੈ, ਕਿਉਂਕਿ ਸਾਨੂੰ ਸਾਡੇ ਬੁਰੇ ਕੰਮਾਂ ਲਈ ਸਹੀ ਸਜ਼ਾ ਮਿਲ ਰਹੀ ਹੈ ਪਰ ਇਸ ਆਦਮੀ ਨੇ ਕੁਝ ਗਲਤ ਨਹੀਂ ਕੀਤਾ।”
42ਤਦ ਉਸ ਨੇ ਕਿਹਾ, “ਯਿਸ਼ੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓਗੇ ਤਾਂ ਮੈਨੂੰ ਯਾਦ ਰੱਖਣਾ।”
43ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਦੱਸਦਾ ਹਾਂ, ਅੱਜ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਗੇ।”
ਯਿਸ਼ੂ ਦੀ ਮੌਤ
44ਇਹ ਦੁਪਹਿਰ ਦਾ ਵੇਲਾ ਸੀ ਅਤੇ ਦੁਪਹਿਰ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਉੱਤੇ ਹਨੇਰਾ ਛਾਇਆ ਰਿਹਾ। 45ਸੂਰਜ ਨੇ ਚਮਕਣਾ ਬੰਦ ਕਰ ਦਿੱਤਾ ਅਤੇ ਹੈਕਲ ਦਾ ਪਰਦਾ ਦੋ ਹਿੱਸਿਆ ਵਿੱਚ ਪਾਟ ਗਿਆ। 46ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ ਅਤੇ ਕਿਹਾ, “ਹੇ ਪਿਤਾ ਜੀ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ।” ਇਹ ਕਹਿਣ ਤੋਂ ਬਾਅਦ ਉਸ ਨੇ ਆਖਰੀ ਸਾਹ ਲਏ।
47ਸੂਬੇਦਾਰ ਨੇ ਇਹ ਵਾਪਰਿਆ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਕਿਹਾ, “ਯਕੀਨਨ ਇਹ ਇੱਕ ਧਰਮੀ ਆਦਮੀ ਸੀ।” 48ਜਦੋਂ ਸਾਰੇ ਲੋਕ ਜੋ ਇਹ ਸਭ ਵੇਖਣ ਲਈ ਇਕੱਠੇ ਹੋਏ ਸਨ ਉਹਨਾਂ ਨੇ ਵੇਖਿਆ ਕਿ ਕੀ ਵਾਪਰਿਆ ਹੈ, ਤਾਂ ਉਹਨਾਂ ਨੇ ਆਪਣੀਆਂ ਛਾਤੀਆਂ ਨੂੰ ਪਿੱਟਿਆ ਅਤੇ ਉੱਥੋਂ ਚਲੇ ਗਏ। 49ਪਰ ਉਹ ਸਾਰੇ ਲੋਕ ਜਿਹੜੇ ਉਸ ਨੂੰ ਜਾਣਦੇ ਸਨ, ਔਰਤਾਂ ਸਮੇਤ, ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ ਚੱਲ ਰਹੀਆਂ ਸਨ, ਇੱਕ ਦੂਰੀ ਤੇ ਖਲੋਤੀਆਂ ਇਹ ਸਭ ਵੇਖ ਰਹੀਆਂ ਸਨ।
ਯਿਸ਼ੂ ਨੂੰ ਕਬਰ ਵਿੱਚ ਰੱਖਿਆ ਜਾਣਾ
50ਉੱਥੇ ਇੱਕ ਯੋਸੇਫ਼ ਨਾਮ ਦਾ ਆਦਮੀ ਸੀ ਜਿਹੜਾ ਸਭਾ ਦਾ ਇੱਕ ਮੈਂਬਰ ਸੀ, ਉਹ ਇੱਕ ਚੰਗਾ ਅਤੇ ਧਰਮੀ ਆਦਮੀ ਸੀ। 51ਜਿਸ ਨੇ ਯਹੂਦੀ ਆਗੂਆਂ ਦੇ ਫੈਸਲੇ ਅਤੇ ਕਾਰਵਾਈ ਨਾਲ ਆਪਣੀ ਸਹਿਮਤੀ ਨਹੀਂ ਦਿੱਤੀ ਸੀ। ਉਹ ਯਹੂਦੀਆਂ ਦੇ ਸ਼ਹਿਰ ਅਰਿਮਥਿਆ ਦਾ ਵਾਸੀ ਸੀ, ਅਤੇ ਉਹ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। 52ਪਿਲਾਤੁਸ ਕੋਲ ਜਾ ਕੇ ਉਸ ਨੇ ਯਿਸ਼ੂ ਦੀ ਲਾਸ਼ ਮੰਗੀ। 53ਤਦ ਉਸ ਨੇ ਲਾਸ਼ ਨੂੰ ਹੇਠਾਂ ਲਾਹ ਕੇ ਇੱਕ ਮਖਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਲਾਸ਼ ਨੂੰ ਇੱਕ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ, ਜਿਸ ਵਿੱਚ ਹਾਲੇ ਤੱਕ ਕੋਈ ਨਹੀਂ ਦਫਨਾਇਆ ਗਿਆ ਸੀ। 54ਇਹ ਤਿਆਰੀ ਦਾ ਦਿਨ ਸੀ, ਅਤੇ ਸਬਤ ਦਾ ਦਿਨ#23:54 ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਸ਼ੁਰੂ ਹੋਣ ਵਾਲਾ ਸੀ।#23:54 ਸ਼ੁਕਰਵਾਰ ਦੀ ਦੁਪਿਹਰ
55ਉਹ ਔਰਤਾਂ ਜਿਹੜੀਆਂ ਯਿਸ਼ੂ ਨਾਲ ਗਲੀਲ ਤੋਂ ਆਈਆਂ ਸਨ, ਯੋਸੇਫ਼ ਦਾ ਪਿੱਛਾ ਕਰ ਰਹੀਆਂ ਸਨ ਅਤੇ ਉਹਨਾਂ ਨੇ ਕਬਰ ਨੂੰ ਵੇਖਿਆ ਅਤੇ ਇਹ ਵੀ ਕੀ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਹੋਇਆ ਸੀ। 56ਫਿਰ ਉਹ ਘਰ ਗਈਆਂ ਅਤੇ ਉਹਨਾਂ ਨੇ ਸੁਗੰਧਾਂ ਅਤੇ ਅਤਰ ਤਿਆਰ ਕੀਤੇ। ਪਰ ਉਹਨਾਂ ਨੇ ਹੁਕਮ ਦੀ ਪਾਲਣਾ ਕਰਦਿਆਂ ਸਬਤ ਦੇ ਦਿਨ ਆਰਾਮ ਕੀਤਾ।#23:56 ਕੂਚ 20:10; ਬਿਵ 5:14
ទើបបានជ្រើសរើសហើយ៖
ਲੂਕਸ 23: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.