ਲੂਕਸ 14
14
ਯਿਸ਼ੂ ਇੱਕ ਫ਼ਰੀਸੀ ਦੇ ਘਰ ਵਿੱਚ
1ਇੱਕ ਸਬਤ ਦੇ ਦਿਨ#14:1 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਜਦੋਂ ਯਿਸ਼ੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਖਾਣਾ ਖਾਣ ਗਏ, ਤਾਂ ਸਾਰੇ ਲੋਕ ਉਹਨਾਂ ਨੂੰ ਧਿਆਨ ਨਾਲ ਵੇਖ ਰਹੇ ਸਨ। 2ਉਹਨਾਂ ਦੇ ਸਾਹਮਣੇ ਇੱਕ ਆਦਮੀ ਸੀ ਜੋ ਜਲੋਧਰੀ ਦੀ ਬਿਮਾਰੀ ਨਾਲ ਪੀੜਤ ਸੀ। 3ਯਿਸ਼ੂ ਨੇ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਚੰਗਾ ਕਰਨਾ ਬਿਵਸਥਾ ਦੇ ਅਨੁਸਾਰ ਹੈ ਜਾਂ ਨਹੀਂ?” 4ਪਰ ਉਹ ਚੁੱਪ ਰਹੇ। ਤਾਂ ਯਿਸ਼ੂ ਨੇ ਉਸ ਆਦਮੀ ਨੂੰ ਫੜ ਕੇ ਉਸ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਸ ਦੇ ਰਾਹ ਭੇਜ ਦਿੱਤਾ।
5ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਜੇ ਤੁਹਾਡੇ ਵਿੱਚੋਂ ਕਿਸੇ ਦਾ ਬੱਚਾ ਜਾਂ ਬਲਦ ਸਬਤ ਦੇ ਦਿਨ ਖੂਹ ਵਿੱਚ ਡਿੱਗ ਜਾਵੇ ਤਾਂ ਕੀ ਤੁਸੀਂ ਝੱਟ ਇਸ ਨੂੰ ਬਾਹਰ ਨਹੀਂ ਕੱਢੋਗੇ?” 6ਇਸ ਸਵਾਲ ਦਾ ਉਹ ਜਵਾਬ ਨਾ ਦੇ ਸਕੇ।
7ਜਦੋਂ ਯਿਸ਼ੂ ਨੇ ਵੇਖਿਆ ਕਿ ਕਿਵੇਂ ਮਹਿਮਾਨ ਮੇਜ਼ ਤੇ ਸਨਮਾਨ ਦੀਆਂ ਥਾਵਾਂ ਨੂੰ ਚੁਣਦੇ ਹਨ ਤਾਂ ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: 8“ਜਦੋਂ ਕੋਈ ਤੁਹਾਨੂੰ ਵਿਆਹ ਦੀ ਦਾਅਵਤ ਲਈ ਬੁਲਾਉਂਦਾ ਹੈ, ਤਾਂ ਤੁਸੀਂ ਸਨਮਾਨ ਦੀ ਜਗ੍ਹਾ ਨਾ ਚੁਣੋ ਕਿਉਂਕਿ ਹੋ ਸਕਦਾ ਹੈ ਕਿ ਉਸ ਨੇ ਤੁਹਾਡੇ ਨਾਲੋਂ ਵੱਧ ਸਤਿਕਾਰਯੋਗ ਵਿਅਕਤੀ ਨੂੰ ਵੀ ਉੱਥੇ ਬੁਲਾਇਆ ਹੋਵੇ। 9ਜੇ ਅਜਿਹਾ ਹੈ ਤਾਂ ਉਹ ਵਿਅਕਤੀ ਜਿਸ ਨੇ ਤੁਹਾਨੂੰ ਦੋਵਾਂ ਨੂੰ ਬੁਲਾਇਆ ਸੀ ਉਹ ਆਵੇਗਾ ਅਤੇ ਤੁਹਾਨੂੰ ਕਹੇਗਾ, ‘ਇਸ ਵਿਅਕਤੀ ਨੂੰ ਆਪਣੀ ਜਗ੍ਹਾ ਦੇ ਦਿਓ,’ ਫਿਰ ਸ਼ਰਮਿੰਦਾ ਹੋ ਕੇ ਤੁਹਾਨੂੰ ਸਭ ਤੋਂ ਪਿਛਲੀ ਜਗ੍ਹਾ ਤੇ ਬੈਠਣਾ ਪਵੇਗਾ। 10ਪਰ ਜਦੋਂ ਤੁਹਾਨੂੰ ਕਿਤੇ ਬੁਲਾਇਆ ਜਾਂਦਾ ਹੈ ਤਾਂ ਸਭ ਤੋਂ ਨੀਵੀਂ ਜਗ੍ਹਾ ਤੇ ਬੈਠੋ, ਤਾਂ ਕਿ ਜਿਸ ਨੇ ਤੁਹਾਨੂੰ ਸੱਦਾ ਦਿੱਤਾ ਹੈ ਉਹ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਕਹੇ, ‘ਮੇਰੇ ਦੋਸਤ, ਉੱਠੋ ਅਤੇ ਉਸ ਉੱਚੀ ਜਗ੍ਹਾ ਤੇ ਬੈਠ ਜਾਓ।’ ਤਾਂ ਇਸ ਤਰ੍ਹਾਂ ਤੁਹਾਨੂੰ ਸਾਰੇ ਸੱਦੇ ਗਏ ਮਹਿਮਾਨਾਂ ਦੇ ਸਾਹਮਣੇ ਸਨਮਾਨਿਤ ਕੀਤਾ ਜਾਵੇਗਾ। 11ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।”
12ਫਿਰ ਯਿਸ਼ੂ ਨੇ ਆਪਣੇ ਸੱਦਣ ਵਾਲੇ ਨੂੰ ਕਿਹਾ, “ਜਦੋਂ ਤੁਸੀਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੇ ਕਿਸੇ ਨੂੰ ਸੱਦਾ ਦਿੰਦੇ ਹੋ ਤਾਂ ਆਪਣੇ ਦੋਸਤਾਂ, ਭਰਾਵਾਂ, ਭੈਣਾਂ, ਰਿਸ਼ਤੇਦਾਰਾਂ ਜਾਂ ਆਪਣੇ ਅਮੀਰ ਗੁਆਂਢੀਆਂ ਨੂੰ ਨਾ ਬੁਲਾਓ; ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਉਹ ਵੀ ਤੁਹਾਨੂੰ ਸੱਦਾ ਦੇਣ ਅਤੇ ਤੁਹਾਨੂੰ ਉਸ ਦਾ ਬਦਲਾ ਮਿਲ ਜਾਵੇ। 13ਪਰ ਜਦੋਂ ਤੁਸੀਂ ਦਾਅਵਤ ਦਿੰਦੇ ਹੋ ਤਾਂ ਗ਼ਰੀਬਾਂ, ਅਪੰਗਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦਿਓ। 14ਅਤੇ ਫਿਰ ਤੁਹਾਨੂੰ ਅਸੀਸ ਮਿਲੇਗੀ। ਭਾਵੇਂ ਉਹ ਤੁਹਾਨੂੰ ਇਸ ਦਾ ਬਦਲਾ ਨਹੀਂ ਦੇ ਸਕਦੇ ਪਰ ਧਰਮੀ ਲੋਕਾਂ ਦੇ ਦੁਬਾਰਾ ਜੀ ਉੱਠਣ ਦੇ ਮੌਕੇ ਤੇ ਤੁਹਾਨੂੰ ਇਸ ਦਾ ਬਦਲਾ ਦਿੱਤਾ ਜਾਵੇਗਾ।”
ਮਹਾਨ ਦਾਅਵਤ ਦੀ ਦ੍ਰਿਸ਼ਟਾਂਤ
15ਇਹ ਗੱਲਾਂ ਸੁਣ ਕੇ ਉੱਥੇ ਬੁਲਾਏ ਗਏ ਲੋਕਾਂ ਵਿੱਚੋਂ ਇੱਕ ਨੇ ਯਿਸ਼ੂ ਨੂੰ ਕਿਹਾ, “ਧੰਨ ਹੋਵੇਗਾ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਦੀ ਦਾਅਵਤ ਵਿੱਚ ਸ਼ਾਮਿਲ ਹੋਵੇਗਾ।”
16ਯਿਸ਼ੂ ਨੇ ਜਵਾਬ ਦਿੱਤਾ: “ਇੱਕ ਆਦਮੀ ਇੱਕ ਵੱਡੀ ਦਾਅਵਤ ਤਿਆਰ ਕਰ ਰਿਹਾ ਸੀ ਅਤੇ ਉਸ ਨੇ ਬਹੁਤ ਸਾਰੇ ਮਹਿਮਾਨਾਂ ਨੂੰ ਸੱਦਾ ਦਿੱਤਾ। 17ਉਸ ਵੇਲੇ ਉਹ ਆਪਣੇ ਨੌਕਰ ਨੂੰ ਭੇਜੇਗਾ ਕਿ ਜਿਨ੍ਹਾਂ ਨੂੰ ਵਿਆਹ ਤੇ ਸੱਦਾ ਦਿੱਤਾ ਗਿਆ ਸੀ ਉਹਨਾਂ ਨੂੰ ਇਹ ਆਖੇ ਕਿ, ‘ਆਓ, ਸਭ ਕੁਝ ਹੁਣ ਤਿਆਰ ਹੈ।’
18“ਪਰ ਉਹ ਸਾਰੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਕਿਹਾ, ‘ਮੈਂ ਹੁਣੇ ਇੱਕ ਖੇਤ ਖਰੀਦਿਆ ਹੈ ਅਤੇ ਮੈਨੂੰ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
19“ਦੂਸਰੇ ਨੇ ਕਿਹਾ, ‘ਮੈਂ ਹੁਣੇ ਬਲਦਾਂ ਦੇ ਪੰਜ ਜੋੜੇ ਖਰੀਦੇ ਹਨ ਅਤੇ ਮੈਂ ਉਹਨਾਂ ਨੂੰ ਪਰਖਣ ਲਈ ਜਾ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ।’
20“ਇੱਕ ਹੋਰ ਆਦਮੀ ਨੇ ਕਿਹਾ, ‘ਮੇਰਾ ਹੁਣੇ ਵਿਆਹ ਹੋਇਆ ਹੈ ਇਸ ਲਈ ਮੈਂ ਨਹੀਂ ਆ ਸਕਦਾ।’
21“ਫਿਰ ਨੌਕਰ ਵਾਪਸ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਇਸ ਬਾਰੇ ਦੱਸਿਆ। ਤਦ ਘਰ ਦਾ ਮਾਲਕ ਗੁੱਸੇ ਵਿੱਚ ਆਇਆ ਅਤੇ ਉਸ ਨੇ ਆਪਣੇ ਨੌਕਰ ਨੂੰ ਆਗਿਆ ਦਿੱਤੀ, ‘ਜਲਦੀ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਜਾਓ ਅਤੇ ਗ਼ਰੀਬਾਂ, ਅਪੰਗਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਅੰਦਰ ਲਿਆਓ।’
22“ਨੌਕਰ ਨੇ ਕਿਹਾ, ਸ਼੍ਰੀਮਾਨ ਜੀ, ‘ਜਿਵੇਂ ਤੁਸੀਂ ਆਗਿਆ ਦਿੱਤੀ ਸੀ ਉਹ ਹੋ ਗਿਆ ਹੈ ਪਰ ਅਜੇ ਵੀ ਮਹਿਮਾਨਾਂ ਲਈ ਜਗ੍ਹਾ ਹੈ।’
23“ਫਿਰ ਮਾਲਕ ਨੇ ਆਪਣੇ ਨੌਕਰ ਨੂੰ ਕਿਹਾ, ‘ਸੜਕਾਂ ਅਤੇ ਦੇਸ਼ ਦੀਆਂ ਗਲੀਆਂ ਵਿੱਚ ਜਾਓ ਅਤੇ ਲੋਕਾਂ ਨੂੰ ਅੰਦਰ ਆਉਣ ਲਈ ਮਜਬੂਰ ਕਰੋ ਤਾਂ ਜੋ ਮੇਰਾ ਘਰ ਭਰਿਆ ਰਹੇ। 24ਮੈਂ ਤੁਹਾਨੂੰ ਦੱਸਦਾ ਹਾਂ, ਜਿਨ੍ਹਾਂ ਨੂੰ ਪਹਿਲਾਂ ਬੁਲਾਇਆ ਗਿਆ ਸੀ ਉਹਨਾਂ ਵਿੱਚੋਂ ਕੋਈ ਵੀ ਮੇਰੀ ਦਾਅਵਤ ਦਾ ਸੁਆਦ ਨਹੀਂ ਚੱਖੇਗਾ।’ ”
ਚੇਲੇ ਬਣਨ ਦੀ ਕੀਮਤ
25ਵੱਡੀ ਭੀੜ ਯਿਸ਼ੂ ਦੇ ਨਾਲ ਯਾਤਰਾ ਕਰ ਰਹੀ ਸੀ ਅਤੇ ਉਹਨਾਂ ਵੱਲ ਮੁੜ ਕੇ ਯਿਸ਼ੂ ਨੇ ਕਿਹਾ: 26“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ ਅਤੇ ਭੈਣ-ਭਰਾਵਾਂ ਨਾਲ ਨਫ਼ਰਤ ਨਹੀਂ ਕਰਦਾ, ਹਾਂ ਇੱਥੋਂ ਤੱਕ ਕਿ ਉਹਨਾਂ ਦੀ ਆਪਣੀ ਜਾਨ ਨੂੰ ਵੀ ਅਜਿਹਾ ਵਿਅਕਤੀ ਮੇਰਾ ਚੇਲਾ ਨਹੀਂ ਹੋ ਸਕਦਾ। 27ਅਤੇ ਜਿਹੜਾ ਆਪਣੀ ਸਲੀਬ ਨਹੀਂ ਚੁੱਕਦਾ ਅਤੇ ਮੇਰੇ ਪਿੱਛੇ ਨਹੀਂ ਚੱਲਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
28“ਮੰਨ ਲਓ ਕਿ ਤੁਹਾਡੇ ਵਿੱਚੋਂ ਕੋਈ ਇਮਾਰਤ ਬਣਾਉਣਾ ਚਾਹੁੰਦਾ ਹੈ। ਕੀ ਤੁਸੀਂ ਪਹਿਲਾਂ ਬੈਠ ਕੇ ਖਰਚੇ ਦਾ ਅੰਦਾਜ਼ਾ ਨਹੀਂ ਲਗਾਓਗੇ ਕੀ ਇਸ ਨੂੰ ਪੂਰਾ ਕਰਨ ਲਈ ਪੈਸੇ ਹਨ ਵੀ ਜਾ ਨਹੀਂ? 29ਕਿਉਂਕਿ ਜੇ ਤੁਸੀਂ ਨੀਂਹ ਰੱਖਦੇ ਹੋ ਅਤੇ ਇਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋ ਤਾਂ ਹਰ ਕੋਈ ਜੋ ਇਸ ਨੂੰ ਵੇਖਦਾ ਹੈ ਤੁਹਾਡਾ ਮਖੌਲ ਉਡਾਏਗਾ, 30ਇਹ ਕਹਿੰਦੇ ਹੋਏ, ‘ਇਸ ਵਿਅਕਤੀ ਨੇ ਉਸਾਰੀ ਸ਼ੁਰੂ ਤਾਂ ਕੀਤੀ ਪਰ ਪੂਰੀ ਨਹੀਂ ਕਰ ਸਕਿਆ।’
31“ਜਾਂ ਮੰਨ ਲਓ ਕਿ ਕੋਈ ਰਾਜਾ ਦੂਸਰੇ ਰਾਜੇ ਨਾਲ ਜੰਗ ਲਾਉਣ ਵਾਲਾ ਹੈ। ਕੀ ਉਹ ਪਹਿਲਾਂ ਬੈਠ ਕੇ ਇਹ ਵਿਚਾਰ ਨਹੀਂ ਕਰੇਂਗਾ ਕੀ ਉਹ ਦਸ ਹਜ਼ਾਰ ਬੰਦਿਆਂ ਨਾਲ ਉਸ ਦੇ ਵਿਰੁੱਧ ਵੀਹ ਹਜ਼ਾਰ ਬੰਦਿਆਂ ਦੇ ਨਾਲ ਆਉਣ ਵਾਲੇ ਦੇ ਵਿਰੁੱਧ ਲੜਨ ਦੇ ਯੋਗ ਹੈ ਜਾਂ ਨਹੀਂ? 32ਜੇ ਨਹੀਂ, ਤਾਂ ਜਦੋਂ ਦੁਸ਼ਮਣ ਦੀ ਫੌਜ ਅਜੇ ਦੂਰ ਹੈ, ਉਹ ਆਪਣੇ ਦੂਤ ਭੇਜੇਗਾ ਅਤੇ ਉਸ ਨੂੰ ਸ਼ਾਂਤੀ ਦਾ ਸੱਦਾ ਦੇਵੇਗਾ। 33ਇਸੇ ਤਰ੍ਹਾਂ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਚੇਲਾ ਨਹੀਂ ਹੋ ਸਕਦਾ ਜੇ ਉਹ ਆਪਣਾ ਸਭ ਕੁਝ ਤਿਆਗ ਨਾ ਦੇਵੇ।
34“ਨਮਕ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? 35ਇਹ ਨਾ ਤਾਂ ਧਰਤੀ ਲਈ ਅਤੇ ਨਾ ਹੀ ਖਾਦ ਲਈ ਕਿਸੇ ਕੰਮ ਦਾ ਹੈ। ਇਸ ਨੂੰ ਬਾਹਰ ਸੁੱਟਿਆ ਜਾਂਦਾ ਹੈ।
“ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।”
ទើបបានជ្រើសរើសហើយ៖
ਲੂਕਸ 14: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.