ਲੂਕਸ 10
10
ਬਹੱਤਰ ਚੇਲਿਆਂ ਨੂੰ ਭੇਜਣਾ
1ਇਸ ਤੋਂ ਬਾਅਦ, ਪ੍ਰਭੂ ਨੇ ਦੂਸਰੇ ਬਹੱਤਰ ਲੋਕਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ-ਦੋ ਕਰਕੇ ਉਹਨਾਂ ਨਗਰਾਂ ਅਤੇ ਥਾਵਾਂ ਤੇ ਆਪਣੇ ਅੱਗੇ ਭੇਜਿਆ ਜਿੱਥੇ ਉਹ ਖੁਦ ਜਾਣ ਵਾਲੇ ਸੀ। 2ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫ਼ਸਲ ਪੱਕੀ ਹੋਈ ਤਾਂ ਬਹੁਤ ਹੈ, ਪਰ ਮਜ਼ਦੂਰ ਥੋੜ੍ਹੇ ਹਨ। ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਇਸ ਦੀ ਵਾਢੀ ਲਈ ਮਜ਼ਦੂਰਾਂ ਨੂੰ ਭੇਜੇ।” 3ਜਾਓ! ਮੈਂ ਤੁਹਾਨੂੰ ਮੇਮਣਿਆਂ ਵਾਂਗੂ ਬਘਿਆੜਾਂ ਵਿੱਚ ਭੇਜਦਾ ਹਾਂ। 4ਆਪਣੇ ਨਾਲ ਨਾ ਤਾਂ ਪੈਸਾ, ਨਾ ਝੋਲਾ ਅਤੇ ਨਾ ਹੀ ਜੁੱਤੇ ਲੈ ਕੇ ਜਾਣਾ। ਰਾਹ ਵਿੱਚ ਕਿਸੇ ਦੀ ਸੁੱਖ-ਸਾਂਦ ਪੁੱਛਣ ਤੇ ਆਪਣਾ ਸਮਾਂ ਨਾ ਬਤੀਤ ਕਰੋ।
5“ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਦਾਖਲ ਹੋਵੋ, ਤੁਹਾਡੇ ਪਹਿਲੇ ਸ਼ਬਦ ਇਹ ਹੋਣੇ ਚਾਹੀਦੇ ਹਨ, ‘ਇਸ ਘਰ ਵਿੱਚ ਸ਼ਾਂਤੀ ਬਣੀ ਰਹੇ।’ 6ਜੇ ਉਹ ਲੋਕ ਜੋ ਉੱਥੇ ਰਹਿੰਦੇ ਹਨ ਸ਼ਾਂਤੀਪੂਰਣ ਹੋਣਗੇ, ਤਾਂ ਸ਼ਾਤੀ ਉਹਨਾਂ ਤੇ ਬਣੀ ਰਹੇਗੀ, ਨਹੀਂ ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਜੇਕਰ ਪਰਿਵਾਰ ਦੇ ਸ਼ਾਂਤੀ ਨੂੰ ਚਾਉਣ ਵਾਲੇ ਹੋਣ, ਤਾਂ ਤੁਹਾਡੀ ਸ਼ਾਂਤੀ ਉਹਨਾਂ ਨਾਲ ਰਹੇਗੀ। ਜੇਕਰ ਉਹ ਚਾਉਣ ਵਾਲੇ ਨਹੀਂ ਹੈ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। 7ਅਤੇ ਉੱਥੇ ਹੀ ਠਹਿਰੋ। ਜੋ ਕੁਝ ਤੁਹਾਨੂੰ ਖਾਣ-ਪੀਣ ਲਈ ਦਿੱਤਾ ਜਾਵੇ ਉਹ ਸਵੀਕਾਰ ਕਰਨਾ ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਇੱਕ ਘਰ ਵਿੱਚੋਂ ਨਿੱਕਲ ਕੇ ਦੂਜੇ ਘਰ ਦੇ ਮਹਿਮਾਨ ਨਾ ਬਣੀਓ।
8“ਜਦੋਂ ਤੁਸੀਂ ਕਿਸੇ ਨਗਰ ਵਿੱਚ ਵੜਦੇ ਹੋ ਅਤੇ ਲੋਕ ਤੁਹਾਨੂੰ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਤਾਂ ਜੋ ਕੁਝ ਤੁਹਾਨੂੰ ਦਿੱਤਾ ਜਾਂਦਾ ਹੈ, ਉਹ ਖਾਓ। 9ਉੱਥੇ ਜਿਹੜੇ ਬਿਮਾਰ ਲੋਕ ਹਨ ਉਨ੍ਹਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਦੱਸੋ, ‘ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।’ 10ਪਰ ਜੇ ਤੁਸੀਂ ਕਿਸੇ ਨਗਰ ਵਿੱਚ ਦਾਖਲ ਹੁੰਦੇ ਹੋ ਅਤੇ ਨਗਰ ਦੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਦੇ, ਤਾਂ ਉਸ ਨਗਰ ਦੀਆਂ ਸੜਕਾਂ ਤੇ ਜਾਓ ਅਤੇ ਇਹ ਐਲਾਨ ਕਰੋ, 11‘ਤੁਹਾਡੇ ਸ਼ਹਿਰ ਦੀ ਧੂੜ, ਜੋ ਸਾਡੇ ਪੈਰਾਂ ਉੱਤੇ ਲੱਗੀ ਉਸ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਚੇਤਾਵਨੀ ਦੇ ਰੂਪ ਵਿੱਚ ਝਾੜ ਰਹੇ ਹਾਂ। ਪਰ ਜਾਣ ਲਵੋ: ਕਿ ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ।’ 12ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਦੋਮ ਸ਼ਹਿਰ ਦੀ ਸਜ਼ਾ ਉਸ ਸ਼ਹਿਰ ਲਈ ਨਿਰਧਾਰਤ ਕੀਤੀ ਗਈ ਸਜ਼ਾ ਦੇ ਮੁਕਾਬਲੇ ਸਹਿਣਯੋਗ ਹੋਵੇਗੀ।#10:12 ਉਤ 19:24-25
13“ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ। 14ਪਰ ਸੋਰ ਅਤੇ ਸਿਦੋਨ ਦੋਨਾਂ ਸ਼ਹਿਰਾਂ ਦੀ ਸਜ਼ਾ ਦੋਹਾਂ ਸ਼ਹਿਰਾਂ ਨਾਲੋਂ ਬਿਹਤਰ ਹੋਵੇਗੀ। 15ਅਤੇ ਹੇ ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ।
16“ਜੋ ਕੋਈ ਤੁਹਾਨੂੰ ਸੁਣਦਾ ਹੈ ਉਹ ਮੈਨੂੰ ਸੁਣਦਾ ਹੈ; ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ; ਪਰ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਉਸ ਨੂੰ ਰੱਦ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।”
17ਉਹ ਬਹੱਤਰ ਜਾਣੇ ਬੜੇ ਅਨੰਦ ਨਾਲ ਵਾਪਸ ਮੁੜੇ ਅਤੇ ਬੋਲੇ, “ਹੇ ਪ੍ਰਭੂ! ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!”
18ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਸਵਰਗ ਤੋਂ ਬਿਜਲੀ ਵਾਂਗ ਡਿੱਗਦਿਆਂ ਦੇਖਿਆ। 19ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਦੁਸ਼ਮਣ ਦੀ ਸਾਰੀ ਸ਼ਕਤੀ ਨੂੰ ਨਸ਼ਟ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। 20ਫਿਰ ਵੀ, ਇਹ ਤੁਹਾਡੇ ਲਈ ਖ਼ੁਸ਼ੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਭੂਤ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਪਰ ਇਹ ਕੀ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
21ਉਸੇ ਵੇਲੇ ਯਿਸ਼ੂ ਪਵਿੱਤਰ ਆਤਮਾ ਦੀ ਖੁਸ਼ੀ ਨਾਲ ਭਰ ਕੇ ਬੋਲੇ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।
22“ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪ ਦਿੱਤਾ ਹੈ। ਪਿਤਾ ਤੋਂ ਬਿਨਾਂ ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਅਤੇ ਪੁੱਤਰ ਤੋਂ ਇਲਾਵਾ ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ ਅਤੇ ਉਹ ਜਿਨ੍ਹਾਂ ਨੂੰ ਉਹ ਪ੍ਰਗਟ ਕਰਨਾ ਚਾਹੁੰਦਾ ਹੈ।”
23ਫਿਰ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਨਿਜੀ ਤੌਰ ਤੇ ਕਿਹਾ, “ਮੁਬਾਰਕ ਹਨ ਉਹ ਅੱਖਾਂ ਜੋ ਉਹ ਵੇਖ ਰਹੀਆਂ ਹਨ, ਜੋ ਤੁਸੀਂ ਵੇਖ ਰਹੇ ਹੋ। 24ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਕਿ ਬਹੁਤ ਸਾਰੇ ਨਬੀ ਅਤੇ ਰਾਜਿਆਂ ਨੇ ਇਹ ਇੱਛਾ ਕੀਤੀ, ਕਿ ਜੋ ਕੁਝ ਤੁਸੀਂ ਵੇਖਦੇ ਹੋ ਉਹ ਵੀ ਵੇਖਣ ਪਰ ਉਹ ਨਾ ਵੇਖ ਸਕੇ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਉਹਨਾਂ ਨੇ ਨਾ ਸੁਣਿਆ।”
ਸਭ ਤੋਂ ਮਹੱਤਵਪੂਰਨ ਹੁਕਮ
25ਇੱਕ ਵਾਰ ਇੱਕ ਸ਼ਾਸਤਰੀ ਨੇ ਯਿਸ਼ੂ ਨੂੰ ਉਹਨਾਂ ਦੀ ਪਰਖ ਕਰਨ ਦੇ ਮਕਸਦ ਨਾਲ ਇਹ ਸਵਾਲ ਪੁੱਛਿਆ: “ਗੁਰੂ ਜੀ, ਮੈਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”
26ਯਿਸ਼ੂ ਨੇ ਉਸ ਨੂੰ ਪੁੱਛਿਆ, “ਬਿਵਸਥਾ ਵਿੱਚ ਜੋ ਲਿਖਿਆ ਹੋਇਆ ਹੈ, ਉਸ ਬਾਰੇ ਤੇਰਾ ਕੀ ਕਹਿਣਾ ਹੈ?”
27ਉਸ ਆਦਮੀ ਨੇ ਉੱਤਰ ਦਿੱਤਾ, “ ‘ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਤਾਕਤ ਅਤੇ ਆਪਣੀ ਸਾਰੀ ਸਮਝ ਨਾਲ ਪਿਆਰ ਕਰ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ।’#10:27 ਬਿਵ 6:5; ਲੇਵਿ 19:18”
28ਯਿਸ਼ੂ ਨੇ ਉਸ ਨੂੰ ਕਿਹਾ, “ਤੇਰਾ ਉੱਤਰ ਬਿਲਕੁਲ ਸਹੀਂ ਹੈ। ਇਹੀ ਕਰਨ ਨਾਲ ਤੂੰ ਜੀਏਂਗਾ।”
29ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਮਕਸਦ ਨਾਲ, ਉਸ ਨੇ ਯਿਸ਼ੂ ਨੂੰ ਪੁੱਛਿਆ, “ਤਾਂ ਮੈਨੂੰ ਦੱਸੋ ਕਿ ਮੇਰਾ ਗੁਆਂਢੀ ਕੌਣ ਹੈ?”
30ਯਿਸ਼ੂ ਨੇ ਜਵਾਬ ਦਿੱਤਾ, “ਯੇਰੂਸ਼ਲੇਮ ਦਾ ਇੱਕ ਵਿਅਕਤੀ ਯੇਰੀਖ਼ੋ ਸ਼ਹਿਰ ਜਾ ਰਿਹਾ ਸੀ ਜਦੋਂ ਡਾਕੂਆਂ ਨੇ ਉਸ ਨੂੰ ਘੇਰ ਲਿਆ, ਉਸ ਦੇ ਕੱਪੜੇ ਖੋਹ ਲਏ ਅਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਅਧਮੋਇਆ ਹਾਲਤ ਵਿੱਚ ਛੱਡ ਕੇ ਭੱਜ ਗਏ। 31ਇਸ ਤਰ੍ਹਾਂ ਹੋਇਆ ਕਿ ਇੱਕ ਜਾਜਕ ਉਸੇ ਰਸਤੇ ਜਾ ਰਿਹਾ ਸੀ। ਜਦੋਂ ਉਸ ਨੇ ਉਸ ਵਿਅਕਤੀ ਨੂੰ ਵੇਖਿਆ ਤਾਂ ਉਹ ਸੜਕ ਦੇ ਦੂਜੇ ਪਾਸੇ ਤੁਰਨ ਲੱਗ ਪਿਆ। 32ਇਸੇ ਤਰ੍ਹਾਂ ਇੱਕ ਲੇਵੀ ਵੀ ਉਸੇ ਜਗ੍ਹਾ ਆਇਆ, ਉਸ ਦੀ ਨਜ਼ਰ ਉਸ ਉੱਤੇ ਪੈ ਗਈ, ਤਾਂ ਉਹ ਵੀ ਦੂਜੇ ਪਾਸੇ ਤੋਂ ਲੰਘ ਗਿਆ। 33ਇੱਕ ਸਾਮਰਿਯਾ ਵਾਸੀ ਵੀ ਇਸੇ ਰਸਤੇ ਵਿੱਚੋਂ ਦੀ ਲੰਘਿਆ ਅਤੇ ਉਸ ਸਥਾਨ ਤੇ ਪਹੁੰਚ ਗਿਆ। ਜਦੋਂ ਉਸ ਦੀ ਨਜ਼ਰ ਜ਼ਖਮੀ ਵਿਅਕਤੀ ਉੱਤੇ ਪਈ ਤਾਂ ਉਹ ਤਰਸ ਨਾਲ ਭਰ ਗਿਆ। 34ਉਹ ਉਸ ਕੋਲ ਗਿਆ ਅਤੇ ਉਸ ਦੇ ਜ਼ਖਮਾਂ ਉੱਤੇ ਤੇਲ ਅਤੇ ਦਾਖਰਸ ਲਾ ਕੇ ਪੱਟੀ ਬੰਨ੍ਹ ਦਿੱਤੀ। ਫਿਰ ਉਹ ਜ਼ਖਮੀ ਵਿਅਕਤੀ ਨੂੰ ਆਪਣੇ ਗਧੇ ਤੇ ਬੈਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਸੇਵਾ ਕੀਤੀ। 35ਅਗਲੇ ਦਿਨ ਉਸ ਨੇ ਸਰਾਂ ਦੇ ਮਾਲਕ ਨੂੰ ਦੋ ਦੀਨਾਰ#10:35 ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੈ ਦਿੱਤੇ ਅਤੇ ਕਿਹਾ, ‘ਇਸ ਵਿਅਕਤੀ ਦੀ ਸੇਵਾ ਕਰਨਾ ਅਤੇ ਇਸ ਤੋਂ ਇਲਾਵਾ ਜੋ ਵੀ ਖਰਚਾ ਹੋਏਗਾ, ਵਾਪਸ ਆਉਣ ਤੇ ਮੈਂ ਇਸ ਦਾ ਭੁਗਤਾਨ ਕਰਾਂਗਾ।’
36“ਹੁਣ ਮੈਨੂੰ ਇਹ ਦੱਸ ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚੋਂ ਡਾਕੂਆਂ ਦੁਆਰਾ ਜ਼ਖਮੀ ਵਿਅਕਤੀ ਦਾ ਗੁਆਂਢੀ ਕੌਣ ਹੈ?”
37ਉਸ ਸ਼ਾਸਤਰੀ ਨੇ ਉੱਤਰ ਦਿੱਤਾ, “ਉਹ ਜਿਸ ਨੇ ਉਸ ਉੱਤੇ ਤਰਸ ਖਾਧਾ।”
ਯਿਸ਼ੂ ਨੇ ਉਸ ਨੂੰ ਕਿਹਾ, “ਜਾ ਅਤੇ ਤੂੰ ਵੀ ਉਸੇ ਤਰ੍ਹਾਂ ਕਰ।”
ਯਿਸ਼ੂ ਮਾਰਥਾ ਅਤੇ ਮਰਿਯਮ ਦੇ ਘਰ ਵਿੱਚ
38ਯਿਸ਼ੂ ਅਤੇ ਉਹਨਾਂ ਦੇ ਚੇਲੇ ਇੱਕ ਪਿੰਡ ਗਏ ਸਨ, ਜਿੱਥੇ ਮਾਰਥਾ ਨਾਮ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। 39ਉਸ ਦੀ ਇੱਕ ਭੈਣ ਸੀ, ਜਿਸ ਦਾ ਨਾਮ ਮਰਿਯਮ ਸੀ। ਉਹ ਪ੍ਰਭੂ ਦੇ ਚਰਨਾਂ ਵਿੱਚ ਬੈਠ ਗਈ ਅਤੇ ਉਹ ਦੇ ਬਚਨ ਸੁਣਨ ਲੱਗੀ। 40ਪਰ ਮਾਰਥਾ ਵੱਖ-ਵੱਖ ਤਿਆਰੀਆਂ ਵਿੱਚ ਮਗਨ ਰਹੀ। ਉਹ ਯਿਸ਼ੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਹਾਨੂੰ ਇਸ ਗੱਲ ਦੀ ਪਰਵਾਹ ਨਹੀਂ, ਮੇਰੀ ਭੈਣ ਨੇ ਕੰਮ ਦਾ ਸਾਰਾ ਭਾਰ ਮੇਰੇ ਉੱਤੇ ਛੱਡ ਦਿੱਤਾ ਹੈ? ਤੁਸੀਂ ਉਸ ਨੂੰ ਮੇਰੀ ਮਦਦ ਕਰਨ ਲਈ ਕਹੋ।”
41ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤ ਸਾਰੇ ਵਿਸ਼ਿਆਂ ਬਾਰੇ ਚਿੰਤਾ ਕਰਦੀ ਅਤੇ ਘਬਰਾਉਂਦੀ ਹੈ, 42ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ, ਜੋ ਉੱਤਮ ਹੈ ਮਰਿਯਮ ਨੇ ਉਸ ਨੂੰ ਚੁਣਿਆ ਹੈ ਜੋ ਉਸ ਤੋਂ ਕਦੇ ਵੱਖ ਨਹੀਂ ਹੋਵੇਗਾ।”
ទើបបានជ្រើសរើសហើយ៖
ਲੂਕਸ 10: PCB
គំនូសចំណាំ
ចែករំលែក
ចម្លង

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.