ਯੋਹਨ 21

21
ਯਿਸ਼ੂ ਸੱਤ ਚੇਲਿਆਂ ਨੂੰ ਦਰਸ਼ਨ ਦਿੰਦੇ ਹਨ
1ਇਸ ਤੋਂ ਬਾਅਦ ਤਿਬੇਰਿਯਾਸ ਝੀਲ ਦੇ ਕੰਢੇ ਤੇ ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਚੇਲਿਆਂ ਤੇ ਪ੍ਰਗਟ ਕੀਤਾ। ਇਹ ਇਸ ਤਰ੍ਹਾਂ ਹੋਇਆ: 2ਸ਼ਿਮਓਨ ਪਤਰਸ, ਥੋਮਸ, ਜਿਸ ਦਾ ਨਾਮ ਦਿਦੂਮੁਸ ਹੈ, ਗਲੀਲ ਦੇ ਕਾਨਾ ਤੋਂ ਨਾਥਾਨਇਲ, ਜ਼ਬਦੀ ਦੇ ਪੁੱਤਰ ਅਤੇ ਯਿਸ਼ੂ ਦੇ ਦੋ ਹੋਰ ਚੇਲੇ ਇਕੱਠੇ ਸਨ। 3ਸ਼ਿਮਓਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਫਿਰ ਤੋਂ ਮੱਛੀਆਂ ਫੜਨ ਦਾ ਕੰਮ ਸ਼ੁਰੂ ਕਰ ਰਿਹਾ ਹਾਂ।” ਬਾਕੀ ਸਾਰਿਆਂ ਨੇ ਕਿਹਾ, “ਚੱਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਹਾਂ।” ਫਿਰ ਉਹ ਉੱਥੋਂ ਤੁਰ ਪਏ ਅਤੇ ਕਿਸ਼ਤੀ ਵਿੱਚ ਚੜ੍ਹ ਗਏ। ਉਸ ਰਾਤ ਉਹ ਇੱਕ ਵੀ ਮੱਛੀ ਨਾ ਫੜ ਸਕੇ।
4ਸੂਰਜ ਚੜ੍ਹ ਰਿਹਾ ਸੀ ਅਤੇ ਯਿਸ਼ੂ ਝੀਲ ਦੇ ਕੰਢੇ ਤੇ ਖੜ੍ਹੇ ਸੀ, ਪਰ ਚੇਲੇ ਪਛਾਣ ਨਾ ਸਕੇ ਕਿ ਉਹ ਯਿਸ਼ੂ ਹਨ।
5ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨੌਜਵਾਨੋ, ਕੀ ਤੁਸੀਂ ਕੋਈ ਮੱਛੀ ਨਹੀਂ ਫੜੀ?”
ਚੇਲਿਆਂ ਨੇ ਜਵਾਬ ਦਿੱਤਾ, “ਨਹੀਂ।”
6ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਤੁਸੀਂ ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋਗੇ ਤਾਂ ਤੁਹਾਨੂੰ ਮੱਛੀਆਂ ਮਿਲਣਗੀਆਂ।” ਉਹਨਾਂ ਨੇ ਜਾਲ ਸੁੱਟਿਆ ਅਤੇ ਉਹਨਾਂ ਕੋਲ ਇੰਨੀਆਂ ਮੱਛੀਆਂ ਆਈਆਂ ਕਿ ਉਹ ਜਾਲ ਖਿੱਚ ਨਾ ਸਕੇ।
7ਯਿਸ਼ੂ ਦੇ ਉਸ ਪਿਆਰੇ ਚੇਲੇ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ!” ਇਹ ਸੁਣਦੇ ਹੀ ਕਿ ਉਹ ਪ੍ਰਭੂ ਹੈ, ਸ਼ਿਮਓਨ ਪਤਰਸ ਨੇ ਆਪਣਾ ਬਾਹਰੀ ਕੱਪੜਾ ਲਪੇਟਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਸ ਸਮੇਂ ਉਹ ਅੱਧੇ ਕੱਪੜਿਆਂ ਵਿੱਚ ਸੀ। 8ਪਰ ਬਾਕੀ ਚੇਲੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚ ਕੇ ਕਿਸ਼ਤੀ ਤੇ ਕਿਨਾਰੇ ਉੱਤੇ ਆਏ। ਉਹ ਧਰਤੀ ਤੋਂ ਬਹੁਤ ਜ਼ਿਆਦਾ ਨਹੀਂ ਸਿਰਫ ਸੌ ਗਜ਼ ਦੂਰ ਸਨ। 9ਕੰਢੇ ਉੱਤੇ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ ਮੱਛੀ ਪਹਿਲਾਂ ਹੀ ਕੋਲੇ ਦੀ ਅੱਗ ਤੇ ਰੱਖੀ ਹੋਈ ਸੀ ਅਤੇ ਨੇੜੇ ਹੀ ਰੋਟੀ ਵੀ ਸੀ।
10ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਇੱਥੇ ਲਿਆਓ।” 11ਸ਼ਿਮਓਨ ਪਤਰਸ ਨੇ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਕਿਨਾਰੇ ਵੱਲ ਖਿੱਚ ਲਿਆ, ਜੋ ਕੀ ਇੱਕ ਸੌ ਤਰਵੰਜਾ ਵੱਡੀਆਂ ਮੱਛੀਆਂ ਨਾਲ ਭਰੀਆਂ ਹੋਈਆਂ ਸੀ। ਬਹੁਤ ਸਾਰੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਜਾਲ ਪਾਟਿਆ ਨਹੀਂ। 12ਯਿਸ਼ੂ ਨੇ ਉਹਨਾਂ ਨੂੰ ਬੁਲਾਇਆ, “ਆਓ, ਖਾਣਾ ਖਾ ਲਓ।” ਇਸ ਗੱਲ ਦਾ ਅਹਿਸਾਸ ਹੋਣ ਦੇ ਬਾਅਦ ਵੀ ਕਿ ਉਹ ਪ੍ਰਭੂ ਹੈ, ਕਿਸੇ ਵੀ ਚੇਲੇ ਨੇ ਉਹਨਾਂ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਤੁਸੀਂ ਕੌਣ ਹੋ। 13ਯਿਸ਼ੂ ਨੇ ਅੱਗੇ ਜਾ ਕੇ ਰੋਟੀ ਚੁੱਕੀ ਅਤੇ ਉਹਨਾਂ ਨੂੰ ਦਿੱਤੀ ਅਤੇ ਫਿਰ ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਹਨਾਂ ਨੂੰ ਦਿੱਤੀ। 14ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਸਰੀ ਵਾਰ ਸੀ ਜਦੋਂ ਯਿਸ਼ੂ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਸੀ।
ਯਿਸ਼ੂ ਨੇ ਪਤਰਸ ਨੂੰ ਦੁਬਾਰਾ ਸਥਾਪਤ ਕੀਤਾ
15ਖਾਣੇ ਤੋਂ ਬਾਅਦ, ਯਿਸ਼ੂ ਨੇ ਸ਼ਿਮਓਨ ਪਤਰਸ ਨੂੰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ ਪਤਰਸ, ਕੀ ਤੂੰ ਮੈਨੂੰ ਇਨ੍ਹਾਂ ਸਾਰਿਆਂ ਤੋਂ ਵੱਧ ਪਿਆਰ ਕਰਦਾ ਹੈ?”
ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
ਯਿਸ਼ੂ ਨੇ ਉਸ ਨੂੰ ਕਿਹਾ, “ਮੇਰੇ ਮੇਮਣਿਆਂ ਨੂੰ ਚਰਾ।”
16ਯਿਸ਼ੂ ਨੇ ਦੂਸਰੀ ਵਾਰ ਉਸ ਨੂੰ ਪੁੱਛਿਆ, “ਸ਼ਿਮਓਨ ਪਤਰਸ, ਯੋਹਨ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?”
ਉਸ ਨੇ ਜਵਾਬ ਦਿੱਤਾ, “ਹਾਂ, ਪ੍ਰਭੂ ਜੀ, ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਦੇਖਭਾਲ ਕਰ।”
17ਯਿਸ਼ੂ ਨੇ ਤੀਜੀ ਵਾਰ ਪੁੱਛਿਆ, “ਯੋਹਨ ਦੇ ਪੁੱਤਰ ਸ਼ਿਮਓਨ, ਕੀ ਤੂੰ ਮੈਨੂੰ ਪਿਆਰ ਕਰਦਾ ਹੈ?”
ਪਤਰਸ ਇਹ ਸੁਣ ਕੇ ਦੁੱਖੀ ਹੋ ਗਿਆ ਕਿ ਯਿਸ਼ੂ ਨੇ ਉਸ ਨੂੰ ਤੀਜੀ ਵਾਰ ਪੁੱਛਿਆ, “ਕੀ ਤੂੰ ਮੈਨੂੰ ਪਿਆਰ ਕਰਦਾ ਹੈ?” ਇਸ ਦੇ ਜਵਾਬ ਵਿੱਚ, ਉਸ ਨੇ ਯਿਸ਼ੂ ਨੂੰ ਕਿਹਾ, “ਹੇ ਪ੍ਰਭੂ, ਤੁਸੀਂ ਸਾਰਾ ਕੁਝ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
ਯਿਸ਼ੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਨੂੰ ਚਰਾ। 18ਮੈਂ ਤੈਨੂੰ ਸੱਚ ਦੱਸ ਰਿਹਾ ਹਾਂ: ਜਦੋਂ ਤੂੰ ਜਵਾਨ ਸੀ, ਤੂੰ ਤਿਆਰ ਹੋ ਕੇ ਆਪਣੀ ਮਰਜ਼ੀ ਅਨੁਸਾਰ ਜਿੱਥੇ ਵੀ ਜਾਣਾ ਚਾਹੁੰਦਾ ਸੀ ਉੱਥੇ ਜਾਂਦਾ ਸੀ; ਪਰ ਜਦੋਂ ਤੂੰ ਬੁੱਢਾ ਹੋਵੋਂਗੇ, ਤੂੰ ਆਪਣੇ ਹੱਥ ਅੱਗੇ ਵਧਾਵੇਗਾ ਅਤੇ ਕੋਈ ਹੋਰ ਤੈਨੂੰ ਕੱਪੜੇ ਪਹਿਨਾਵੇਗਾ ਅਤੇ ਜਿੱਥੇ ਤੂੰ ਨਹੀਂ ਜਾਣਾ ਚਾਹੁੰਦਾ ਉਹ ਤੈਨੂੰ ਉੱਥੇ ਲੈ ਜਾਵੇਗਾ।” 19ਇਸ ਕਥਨ ਦੇ ਦੁਆਰਾ ਯਿਸ਼ੂ ਨੇ ਸੰਕੇਤ ਦਿੱਤਾ ਕਿ ਪਤਰਸ ਕਿਸ ਕਿਸਮ ਦੀ ਮੌਤ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰੇਂਗਾ। ਫਿਰ ਯਿਸ਼ੂ ਨੇ ਪਤਰਸ ਨੂੰ ਕਿਹਾ, “ਮੇਰੇ ਮਗਰ ਚੱਲ।”
20ਪਤਰਸ ਨੇ ਮੁੜ ਕੇ ਵੇਖਿਆ ਕਿ ਪ੍ਰਭੂ ਯਿਸ਼ੂ ਦਾ ਪਿਆਰਾ ਚੇਲਾ ਵਾਪਸ ਆ ਰਿਹਾ ਹੈ, ਮਤਲਬ ਉਹ ਜਿਹੜਾ ਪਸਾਹ ਦੇ ਤਿਉਹਾਰ ਤੇ ਯਿਸ਼ੂ ਦੇ ਬਹੁਤ ਨੇੜੇ ਬੈਠਾ ਸੀ ਅਤੇ ਜਿਸ ਨੇ ਪ੍ਰਸ਼ਨ ਕੀਤਾ ਸੀ, “ਉਹ ਕੌਣ ਹੈ ਜੋ ਤੁਹਾਡੇ ਨਾਲ ਧੋਖਾ ਕਰ ਰਿਹਾ ਹੈ?” 21ਜਦੋਂ ਪਤਰਸ ਨੇ ਉਸ ਨੂੰ ਵੇਖਿਆ ਤਾਂ ਯਿਸ਼ੂ ਨੂੰ ਪੁੱਛਿਆ, “ਪ੍ਰਭੂ, ਇਸ ਦਾ ਕੀ ਹੋਵੇਗਾ?”
22ਯਿਸ਼ੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੈਨੂੰ ਇਸ ਨਾਲ ਕੀ? ਤੂੰ ਮੇਰੇ ਮਗਰ ਚੱਲ।” 23ਇਸ ਲਈ ਚੇਲੇ ਭਾਈਚਾਰੇ ਵਿੱਚ ਇਹ ਗੱਲ ਫੈਲ ਗਈ ਕਿ ਉਹ ਚੇਲਾ ਨਹੀਂ ਮਰੇਗਾ। ਪਰ ਮਸੀਹ ਯਿਸ਼ੂ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ। ਉਹਨਾਂ ਨੇ ਸਿਰਫ ਇਹ ਕਿਹਾ ਸੀ, “ਜੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਆਉਣ ਤੱਕ ਰਹੇ, ਤਾਂ ਤੁਹਾਨੂੰ ਇਸ ਨਾਲ ਕੀ?”
24ਇਹ ਉਹੀ ਚੇਲਾ ਹੈ ਜੋ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਗਵਾਹ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ। ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।
25ਯਿਸ਼ੂ ਨੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕੰਮ ਕੀਤੇ। ਜੇ ਹਰ ਇੱਕ ਨੂੰ ਵਿਸਤਾਰ ਵਿੱਚ ਦੱਸਿਆ ਜਾਂਦਾ, ਤਾਂ ਮੇਰੇ ਵਿਚਾਰ ਵਿੱਚ, ਸਾਰੀ ਦੁਨੀਆਂ ਵਿੱਚ ਕਿਤਾਬਾਂ ਰੱਖਣ ਲਈ ਜਗ੍ਹਾ ਨਹੀਂ ਹੋਣੀ ਸੀ।

ទើបបានជ្រើសរើសហើយ៖

ਯੋਹਨ 21: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល